Share on Facebook

Main News Page

ਦੁੱਧ ਵਿੱਚ ਪਾਣੀ ਪਾ ਕੇ ਦੇਣ ਵਾਲੇ ਨੂੰ ਤਾਂ ਹਰ ਕੋਈ ਪੁਛਦਾ ਹੈ, ਕਿ ਅਸੀਂ ਪਾਣੀ ਵਾਲਾ ਦੁੱਧ ਨਹੀਂ ਲੈਣਾ, ਪਰ ਗੁਰੂ ਨਾਨਕ ਦੀ ਬਾਣੀ ਵਿੱਚ ਜਿਤਨਾ ਕੋਈ ਵੱਧ ਪਾਣੀ ਪਾਉਂਦਾ ਹੈ, ਉਤਨੇ ਹੀ ਵੱਧ ਜੈਕਾਰੇ ਛੱਡੇ ਜਾਂਦੇ ਹਨ: ਪ੍ਰੋ. ਸਰਬਜੀਤ ਸਿੰਘ ਧੂੰਦਾ

* ਕੀ ਗੁਰਮਤਿ ਦਾ ਸਿਧਾਂਤ ਦਸਦਾ ਹੈ, ਕਿ ਸ਼ਹੀਦ ਸਿੱਧਾਂ ਵਾਂਗ ਕੁੰਦਰਾਂ ਵਿੱਚ ਬੈਠੇ ਤਪ ਕਰ ਰਹੇ ਹਨ? ਜੇ ਬੈਠੇ ਹਨ ਤਾਂ ਗੁਰੂ ਸਾਹਿਬ ਵਲੋਂ ਉਨ੍ਹਾਂ ਨੂੰ ਪ੍ਰਗਟ ਹੋਣ ਦਾ ਹੁਕਮ ਕਦੋਂ ਹੋਵੇਗਾ?

* ਕੀ ਬਾਕੀ ਦੇ ਸਿੱਖ ਜਿਨ੍ਹਾਂ ਵਿੱਚ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਭਾਈ ਸਤੀ ਦਾਸ ਜੀ, ਚਾਰ ਸਾਹਿਬਜ਼ਾਦੇ, ਨਵਾਬ ਕਪੂਰ ਸਿੰਘ, ਸ: ਜੱਸਾ ਸਿੰਘ ਆਹਲੂਵਾਲੀਆ, ਸ: ਹਰੀ ਸਿੰਘ ਨਲਵਾ ਸਮੇਤ ਸੈਂਕੜੇ ਹੋਰ ਸਿੰਘ ਜਿਨ੍ਹਾਂ ਨੇ ਧਰਮ ਹੇਤ ਸ਼ਹੀਦੀਆਂ ਦਿੱਤੀਆਂ, ਉਹ ਸੇਵਾ ਕਰਕੇ ਥੱਕ ਗਏ, ਕਿ ਉਨ੍ਹਾਂ ਹੋਰ ਸੇਵਾ ਮੰਗਣ ਦੀ ਥਾਂ ਸੁਰਗ ਵਿੱਚ ਜਾਣਾ ਪ੍ਰਵਾਨ ਕਰ ਲਿਆ?

* ਜਿਸ ਸ਼ਹੀਦ ਨੂੰ ਵੇਖ ਕੇ ਅਨੰਦਪੁਰ ਸਾਹਿਬ ਦਾ ਇੱਕ ਵਿਅਕਤੀ ਕਮਲਾ ਹੋ ਗਿਆ, ਉਸ ਸ਼ਹੀਦ ਨੂੰ ਉਸ ਪਾਸ ਕਿਉਂ ਨਹੀਂ ਲੈ ਕੇ ਜਾਂਦੇ, ਜਿਸ ਨੇ ਭੁੱਲਰ ਨੂੰ ਫਾਂਸੀ ਦੀ ਸਜਾ ਸੁਣਾਈ ਹੈ, ਜਿਹੜੇ ਭ੍ਰਿਸ਼ਟਾਚਾਰ ਕਰ ਰਹੇ ਹਨ, ਜਿਹੜੇ ਨਸ਼ੇ ਵਰਤਾ ਰਹੇ ਹਨ, ਜਿਹੜੇ ਭਰੂਣ ਹਤਿਆਵਾਂ ਕਰ ਰਹੇ ਹਨ!!!

ਬਠਿੰਡਾ, 2 ਜੂਨ (ਕਿਰਪਾਲ ਸਿੰਘ): ਦੁੱਧ ਵਿੱਚ ਪਾਣੀ ਪਾ ਕੇ ਦੇਣ ਵਾਲੇ ਨੂੰ ਤਾਂ ਹਰ ਕੋਈ ਪੁਛਦਾ ਹੈ, ਕਿ ਜਦ ਅਸੀਂ ਪੈਸੇ ਪੂਰੇ ਦਿੰਦੇ ਹਾਂ, ਤਾਂ ਦੁੱਧ ਵਿੱਚ ਪਾਣੀ ਕਿਉਂ ਪਾਇਆ ਹੈ? ਅਸੀਂ ਪਾਣੀ ਵਾਲਾ ਦੁੱਧ ਨਹੀਂ ਲੈਣਾ। ਪਰ ਹੈਰਾਨੀ ਦੀ ਗੱਲ ਹੈ ਕਿ ਗੁਰੂ ਨਾਨਕ ਦੀ ਬਾਣੀ ਵਿੱਚ ਜਿਤਨਾ ਕੋਈ ਵੱਧ ਪਾਣੀ ਪਾਉਂਦਾ ਹੈ, ਉਤਨੇ ਹੀ ਵੱਧ ਜੈਕਾਰੇ ਛੱਡੇ ਜਾਂਦੇ ਹਨ। ਇਹ ਸ਼ਬਦ ਅੱਜ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਚੱਲ ਰਹੀ ਲੜੀਵਾਰ ਕਥਾ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 494 ’ਤੇ ਰਾਗੁ ਗੁਜਰੀ ਵਿੱਚ ਚੌਥੇ ਪਾਤਸਾਹ ਗੁਰੂ ਰਾਮ ਦਾਸ ਜੀ ਦੇ ਉਚਾਰਣ ਕੀਤੇ ਸ਼ਬਦ ਦੇ ਰਹਾਉ ਦੀ ਤੁਕ ’ਭਾਈ ਰੇ, ਮੋ ਕਉ ਕੋਈ ਆਇ ਮਿਲੈ, ਹਰਿ ਨਾਮੁ ਦ੍ਰਿੜਾਵੈ ॥ ਮੇਰੇ ਪ੍ਰੀਤਮ, ਪ੍ਰਾਨ ਮਨੁ ਤਨੁ ਸਭੁ ਦੇਵਾ, ਮੇਰੇ ਹਰਿ ਪ੍ਰਭ ਕੀ ਹਰਿ ਕਥਾ ਸੁਨਾਵੈ ॥1॥ ਰਹਾਉ ॥’ ਦੀ ਕਥਾ ਕਰਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਸਰਬਜੀਤ ਸਿੰਘ ਧੂੰਦਾ ਨੇ ਕਹੇ। ਇਸ ਤੁਕ ਦੇ ਅਰਥ ਕਰਦਿਆਂ ਉਨ੍ਹਾਂ ਕਿਹਾ ਰਹਾਉ ਦੇ ਇਸ ਬੰਦ ਵਿੱਚ ਗੁਰੂ ਰਾਮ ਦਾਸ ਜੀ ਕਹਿ ਰਹੇ ਹਨ, ’ਹੇ ਮੇਰੇ ਭਰਾ! ਮੇਰਾ ਮਨ ਲੋਚਦਾ ਹੈ ਕਿ ਮੈਨੂੰ ਕੋਈ ਅਜੇਹਾ ਸੱਜਣ ਆ ਕੇ ਮਿਲੇ ਜਿਹੜਾ ਮੇਰੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਪੱਕਾ ਕਰ ਦੇਵੇ। ਜਿਹੜਾ ਮੈਨੂੰ ਪ੍ਰਮਾਤਮਾ ਦੀ ਸਿਫ਼ਤ ਸਲਾਹ ਦੀ ਕਥਾ ਸੁਣਾਉਂਦਾ ਰਹੇ, ਉਸ ਸੱਜਣ ਨੂੰ ਆਪਣੀ ਜਿੰਦ ਆਪਣਾ ਮਨ ਆਪਣਾ ਤਨ ਸਭ ਕੁਝ ਦੇ ਦਿਆਂਗਾ’।

ਪ੍ਰੋ: ਧੂੰਦਾ ਨੇ ਕਿਹਾ ਕਿ ਕਥਾ ਸੁਣਾਉਣ ਵਾਲੇ ਤਾਂ ਬਹੁਤ ਹਨ, ਪਰ ਉਸ ਅਕੱਥ ਪ੍ਰਭੂ ਦੀ ਕਥਾ ਸੁਣਾਉਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ, ਬੇਸ਼ੱਕ ਆਪਣੇ ਮਹਾਂਪੁਰਸ਼ਾਂ ਦੀਆਂ ਕਥਾਵਾਂ ਸੁਣਾਉਣ ਵਾਲੇ ਬਹੁਤ ਹਨ। ਇਹ ਤੁਕ ਪੜ੍ਹ ਕੇ ਮਤਾਂ ਕੋਈ ਕਥਕਾਰ ਸੋਚੇ ਕਿ ਇਹ ਤੁਕ ਗੁਰੂ ਸਾਹਿਬ ਜੀ ਨੇ ਮੇਰੇ ਲਈ ਹੀ ਉਚਾਰਣ ਕੀਤੀ ਹੈ, ਮੇਰੇ ਵਲੋਂ ਕੀਤੀ ਕਥਾ ਸੁਣ ਕੇ ਹੀ ਗੁਰੂ ਸਾਹਿਬ ਮੈਨੂੰ ਆਪਣੀ ਜਿੰਦ ਆਪਣਾ ਮਨ ਆਪਣਾ ਤਨ ਸਭ ਕੁਝ ਦੇਣ ਲਈ ਤਿਆਰ ਹੈ। ਬਿਨਾਂ ਨਾਮ ਲਿਆਂ ਖ਼ਾਲਸਾ ਨਿਊਜ਼ ’ਤੇ ਪਈ ਇੱਕ ਸੀਡੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ, ਕਿ ਮੈਂ ਉਸ ਵਿੱਚ ਕੀਤੀ ਕਥਾ ਤੁਹਾਨੂੰ ਸੁਣਾਉਂਦਾ ਹਾਂ, ਤੁਸੀਂ ਇਸ ਨੂੰ ਸੁਣ ਕੇ ਖ਼ੁਦ ਅੰਦਾਜ਼ਾ ਲਗਾਓ ਕਿ ਇਸ ਵਿੱਚ ਪ੍ਰਮਾਤਮਾ ਦੀ ਕਥਾ ਕਿਤਨੀ ਹੈ, ਤੇ ਇਸ ਵਿੱਚ ਪਾਣੀ ਕਿਤਨਾ ਹੈ ਭਾਵ ਅਖੌਤੀ ਮਹਾਂਪੁਰਸ਼ ਦੀ ਕਥਾ ਕਿਤਨੀ ਹੈ। ਉਨ੍ਹਾਂ ਕਿਹਾ ਕਿ ਕਥਾਕਾਰ ਅਨੁਸਾਰ ਉਨ੍ਹਾਂ ਦੇ ਮਹਾਂਪੁਰਸ਼ ਇੱਕ ਦਿਨ ਕੀਰਤਪੁਰ ਦੀਆਂ ਪਹਾੜੀਆਂ ਦੀ ਸੁੰਰਗ ਵਿਚ ਚਲੇ ਗਏ, ਉਹ ਅੱਗੇ ਹੀ ਅੱਗੇ ਚਲਦੇ ਗਏ ਤਾਂ ਅੱਗੇ ਜਾ ਕੇ ਉਨ੍ਹਾਂ ਕੀ ਵੇਖਿਆ ਕਿ ਹਥਿਆਰ ਦਰਖ਼ਤਾਂ ਨਾਲ ਲਟਕ ਰਹੇ ਹਨ, ਉਨ੍ਹਾਂ ਦੇ ਥੱਲੇ ਕੁਝ ਰੂਹਾਂ ਬੈਠੀਆਂ ਹਨ, ਜਿਨ੍ਹਾਂ ਦੇ ਤੇੜ ਕਛਿਹਰੇ ਤੇ ਸਿਰ ’ਤੇ ਦਸਤਾਰ ਹੈ ਪਰ ਬਾਕੀ ਸਾਰਾ ਸਰੀਰ ਨੰਗਾ ਹੈ। ਉਹ ਕਹਿਣ ਲੱਗੇ ਗਿਆਨੀ ........ ਸਿਆਂ ਲੋਕਾਂ ਨੂੰ ਕਥਾ ਸੁਣਾਉਂਦੇ ਹੋ ਅੱਜ ਸਾਨੂੰ ਵੀ ਕਥਾ ਸੁਣਾਓ। ਮਹਾਂ ਪੁਰਸ਼ ਨੇ ਕਿਹਾ ਤੁਹਾਨੂੰ ਕਥਾ ਦੀ ਪਈ ਹੈ, ਪਹਿਲਾਂ ਆਪਣੀ ਜਾਣ ਪਛਾਣ ਤਾ ਕਰਾਓ ਤੁਸੀਂ ਹੈਂ ਕੌਣ? ਤੁਸੀਂ ਤਾਂ ਮੈਨੂੰ ਜਾਣਦੇ ਹੋ ਪਰ ਮੈਂ ਤਾਂ ਤੁਹਾਨੂੰ ਨਹੀਂ ਜਾਣਦਾ। ਉਨ੍ਹਾਂ ਵਿੱਚੋਂ ਇੱਕ ਮੁਖੀ ਸਿੱਖ ਕਹਿਣ ਲਗਾ- ਵਾਹ ਜੀ ਵਾਹ! ਤੁਸੀਂ ਆਪਣਿਆਂ ਨੂੰ ਹੀ ਭੁੱਲ ਗਏ ਹੋ! ਇਹ ਦੋ ਤਾਂ ਤੁਹਾਡੀ ਹੀ ਟਕਸਾਲ ਦੇ ਹਨ। ਇਹ ਹੈ ਬਾਬਾ ਦੀਪ ਸਿੰਘ, ਆਹ ਹੈ ਭਾਈ ਮਨੀ ਸਿੰਘ, ਔਹ ਹੈ ਭਾਈ ਤਾਰੂ ਸਿੰਘ ਅਤੇ ਮੈਂ ਹਾਂ ਬਾਬਾ ਬੰਦਾ ਸਿੰਘ ਬਹਾਦਰ।

ਮਹਾਂ ਪੁਰਸ਼ਾਂ ਨੇ ਸੋਚਿਆ ਕਿ ਮੈ ਕਦੀ ਸੁਪਨਾ ਤਾਂ ਨਹੀਂ ਵੇਖ ਰਿਹਾ? ਉਨ੍ਹਾਂ ਆਪਣੇ ਆਪ ਨੂੰ ਚੂੰਢੀ ਵੱਢ ਕੇ ਵੇਖੀ ਤਾਂ ਸਮਝ ਆਈ ਕਿ ਹੈ ਤਾਂ ਮੈਂ ਜਾਗਦਾ ਹੀ ਹਾਂ। ਫਿਰ ਉਨ੍ਹਾਂ ਰੂਹਾਂ ਨੂੰ ਪੁੱਛਿਆ ਕਿ ਤੁਸੀਂ ਤਾਂ ਬਹੁਤ ਸਾਲਾਂ ਦੇ ਸ਼ਹੀਦ ਹੋ ਚੁੱਕੇ ਹੋ, ਏਥੇ ਕਿਸ ਤਰ੍ਹਾਂ ਆ ਗਏ? ਉਨ੍ਹਾਂ ਰੂਹਾਂ ਨੇ ਕਿਹਾ ਕਿ ਸਾਨੂੰ ਸ਼ਹੀਦ ਕਰਨ ਵਾਲਾ ਕੌਣ ਹੈ? ਫਿਰ ਉਨ੍ਹਾਂ ਦੱਸਣਾ ਸ਼ੁਰੂ ਕੀਤਾ ਕਿ ਮਰਨ ਉਪ੍ਰੰਤ ਜਿਸ ਨੇ ਨਰਕ ਵਿਚ ਜਾਣਾ ਹੋਵੇ ਉਸ ਨੂੰ ਜਮ ਲੈਣ ਆਉਂਦੇ ਹਨ, ਜਿਸ ਨੇ ਸੁਰਗ ਵਿੱਚ ਜਾਣਾ ਹੋਵੇ ਉਸ ਨੂੰ ਦੇਵਤੇ ਲੈਣ ਆਉਂਦੇ ਹਨ ਅਤੇ ਜਿਸ ਨੇ ਨਾ ਨਰਕ ਵਿੱਚ ਜਾਣਾ ਹੋਵੇ ਨਾ ਸੁਰਗ ਵਿੱਚ ਜਾਣਾ ਹੋਵੇ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਨਾਲ ਪੰਜ ਪਿਆਰੇ ਲੈਣ ਆਉਂਦੇ ਹਨ। ਜਦੋਂ ਪੰਜ ਪਿਆਰੇ ਸੁਰਗਾਂ ਅਤੇ ਨਰਕਾਂ ਦੇ ਗੇਟ ਕੋਲ ਲੈ ਆਉਂਦੇ ਹਨ ਤਾਂ ਉਹ ਪੁਛਦੇ ਹਨ ਕਿ ਤੁਹਾਡੇ ਵਲੋਂ ਕੀਤੇ ਸੇਵਾ ਸਿਮਰਨ ਸਦਕਾ ਤੁਸੀਂ ਸੁਰਗ ਵਿੱਚ ਜਾਣ ਦੇ ਅਧਿਕਾਰੀ ਹੋ, ਦੱਸੋ ਹੁਣ ਤੁਸੀਂ ਸੁਰਗ ਵਿੱਚ ਜਾਣਾ ਚਾਹੁੰਦੇ ਹੋ ਜਾਂ ਹੋਰ ਸੇਵਾ ਸਿਮਰਨ ਕਰਨਾ ਚਾਹੁੰਦੇ ਹੋ? ਜਦੋਂ ਸਾਡੀ ਵਾਰੀ ਆਈ ਤਾਂ ਅਸੀਂ ਕਿਹਾ ਕਿ ਅਸੀਂ ਸੁਰਗ ਵਿੱਚ ਨਹੀਂ ਜਾਣਾ ਚਾਹੁੰਦੇ ਹੋਰ ਸੇਵਾ ਸਿਮਰਨ ਕਰਨਾ ਚਾਹੁੰਦੇ ਹਾਂ। ਇਸ ਲਈ ਉਹ ਸਾਨੂੰ ਇਸ ਸੁੰਰਗ ਵਿੱਚ ਛੱਡ ਗਏ। ਅਸੀਂ ਇੱਥੇ ਸਿਮਰਨ ਕਰ ਰਹੇ ਹਾਂ, ਅਸੀਂ ਦੁਬਾਰਾ ਕਿਸੇ ਮਾਤਾ ਦੇ ਪੇਟ ਵਿੱਚੋਂ ਜਨਮ ਨਹੀਂ ਲੈਣਾ, ਜਦੋਂ ਗੁਰੂ ਸਾਹਿਬ ਜੀ ਦਾ ਹੁਕਮ ਹੋਇਆ ਇੱਥੋਂ ਹੀ ਪ੍ਰਗਟ ਹੋ ਕੇ ਜੈਕਾਰੇ ਗੁਜਾਉਂਦੇ ਹੋਏ ਖ਼ਾਲਸਾ ਰਾਜ ਸਥਾਪਤ ਕਰ ਦੇਣਾ ਹੈ।

ਇਸੇ ਤਰ੍ਹਾਂ ਟਕਸਾਲ ਦੇ ਇੱਕ ਹੋਰ ਕਥਾਕਾਰ ਨੇ ਗੱਪ ਸੁਣਾਇਆ ਕਿ 20 ਫੁੱਟ ਲੰਬੇ ਸ਼ਹੀਦ ਦੇ ਜਦ ਅਨੰਦਪੁਰ ਸਾਹਿਬ ਦੇ ਇੱਕ ਵਿਅਕਤੀ ਨੇ ਦਰਸ਼ਨ ਕੀਤੇ ਤਾਂ ਉਹ ਪਾਗਲ ਹੋ ਗਿਆ। ਪ੍ਰੋ: ਧੂੰਦਾ ਨੇ ਬੇਸ਼ੱਕ ਉਕਤ ਕਥਾਕਾਰਾਂ ਦੇ ਨਾਮ ਨਹੀਂ ਦੱਸੇ ਪਰ ਇੰਟਰਨੈੱਟ ’ਤੇ ਵੇਖਣ ਉਪ੍ਰੰਤ ਪਤਾ ਲਗਾ ਕਿ ਪਹਿਲਾ ਕਥਾਕਾਰ ’ਸੰਤ ਬਾਬਾ’ ਹਰੀ ਸਿੰਘ ਸਿੰਘ ਰੰਧਾਵੇ ਵਾਲਾ ਹੈ, ਜਿਸ ਵਿੱਚ ਉਹ ਦੱਸ ਰਿਹਾ ਹੈ- ’’ਸੱਚ ਖੰਡ ਵਾਸੀ ਵਿਦਿਆ ਮਾਰਤੰਡ ਮਹਾਂ ਪੁਰਸ਼ ਬ੍ਰਹਮਗਿਆਨੀ ਸੰਤ’’ ਗੁਰਬਚਨ ਸਿੰਘ ਭਿੰਡਰਾਂਵਾਲੇ ਇੱਕ ਦਿਨ ਆਪਣੇ ਰੰਗ ਵਿੱਚ ਆਏ ਉਹ ਕੁਝ ਸੁਣਾ ਗਏ ਜਿਹੜਾ ਕਿ ਕਾਫੀ ਸਮੇਂ ਤੋਂ ਉਹ ਸੁਣਾਉਣਾ ਨਹੀਂ ਸੀ ਚਾਹੁੰਦੇ। ਜਦੋਂ ਮਹਾਂਪੁਰਸ਼ ਉਕਤ ਕਥਾ ਸੁਣਾ ਰਹੇ ਸਨ ਤਾਂ ਸੰਤ ਗਿਆਨੀ ਮੋਹਨ ਸਿੰਘ ਨਾਲੋ ਨਾਲ ਲਿਖਦੇ ਗਏ।

ਹਰੀ ਸਿੰਘ ਰੰਧਾਵਾ ਵਲੋਂ ਕੀਤੀ ਕਥਾ

ਠਾਕੁਰ ਸਿੰਘ ਟਕਸਾਲੀ ਵਲੋਂ ਕੀਤੀ ਕਥਾ

ਇਹ ਕਥਾਵਾਂ ਸੁਣਾਉਣ ਉਪ੍ਰੰਤ ਪ੍ਰੋ: ਧੂੰਦਾ ਨੇ ਕਿਹਾ ਕਿ ਹੁਣ ਤੁਸੀਂ ਖ਼ੁਦ ਅੰਦਾਜ਼ਾ ਲਗਾਓ, ਕਿ ਇਸ ਵਿੱਚ ਪ੍ਰਮਾਤਮਾ ਦੀ ਕਥਾ ਕਿੰਨੀ ਹੈ ਤੇ ਆਪਣੇ ਅਖੌਤੀ ਮਹਾਂਪੁਰਸ਼ਾਂ ਦੇ ਗੱਪਾਂ ਦੀ ਕਥਾ ਕਿੰਨੀ ਹੈ, ਭਾਵ ਗੁਰਬਾਣੀ ਕਿੰਨੀ ਹੈ ਅਤੇ ਪਾਣੀ ਕਿੰਨਾ ਹੈ?

ਪਰ ਹੈਰਾਨੀ ਦੀ ਗੱਲ ਹੈ ਕਿ ਹਰ ਤਰ੍ਹਾਂ ਦਾ ਕਪੜਾ, ਸੌਦਾ, ਦੁੱਧ ਆਦਿ ਬੜਾ ਪਰਖ ਪਰਖ ਕੇ ਲੈਂਦੇ ਹਾਂ ਕਿ ਇਸ ਵਿੱਚ ਕੋਈ ਮਿਲਾਵਟ ਤਾਂ ਨਹੀਂ। ਡਾਕਟਰ ਤੋਂ ਇਲਾਜ਼ ਕਰਵਾਉਣਾ ਹੋਵੇ, ਬੱਚਾ ਸਕੂਲ ਵਿੱਚ ਪੜ੍ਹਨੇ ਪਾਉਣਾ ਹੋਵੇ ਤਾਂ ਬੜੀ ਪਰਖ਼ ਪੜਚੋਲ ਕਰਦੇ ਹਾਂ ਕਿ ਇਹ ਡਾਕਟਰ ਇਲਾਜ਼ ਕਰਨ ਦੇ ਯੋਗ ਵੀ ਹੈ ਜਾਂ ਨਹੀਂ, ਇਸ ਸਕੂਲ਼ ਵਿੱਚ ਪੜ੍ਹਾਈ ਠੀਕ ਵੀ ਹੋਵੇਗੀ ਜਾਂ ਨਹੀਂ? ਪਰ ਇੱਕੋ ਇੱਕ ਧਰਮ ਦਾ ਖੇਤਰ ਹੈ ਜਿਥੇ ਪ੍ਰਚਾਰਕ ਦੀ ਕੋਈ ਯੋਗਤਾ ਨਹੀਂ ਵੇਖੀ ਜਾਂਦੀ ਕਿ ਇਹ ਸ਼ੁਧ ਗੁਰਬਾਣੀ ਦਾ ਉਪਦੇਸ਼ ਹੀ ਸੁਣਾ ਰਿਹਾ ਹੈ ਜਾਂ ਇਸ ਵਿੱਚ ਮਿਲਾਵਟ ਕਰ ਰਿਹਾ ਹੈ। ਜਿੰਨਾਂ ਕੋਈ ਪ੍ਰਚਾਰਕ ਗੁਰਬਾਣੀ ਵਿੱਚ ਵੱਧ ਪਾਣੀ ਪਾਉਂਦਾ ਹੈ ਭਾਵ ਵੱਧ ਮਿਲਾਵਟ ਕਰਦਾ ਹੈ ਉਤਨੇ ਹੀ ਵੱਧ ਜੈਕਾਰੇ ਛੱਡੇ ਜਾਂਦੇ ਹਨ।

ਪ੍ਰੋ: ਧੂੰਦਾ ਨੇ ਕਿਹਾ ਕਿ ਇਹ ਦੋਵੇਂ ਕਥਾਕਾਰ ਜਿਉਂਦੇ ਹਨ, ਉਨ੍ਹਾਂ ਤੋਂ ਪੁੱਛੋ ਕਿ ਜਿਹੜੀ ਕਥਾ ਤੁਸੀਂ ਸੁਣਾ ਰਹੇ ਹੋ ਇਹ ਗੁਰਬਾਣੀ ਵਿੱਚ ਕਿਥੇ ਦਰਜ਼ ਹੈ? ਕੀ ਗੁਰਮਤਿ ਦਾ ਸਿਧਾਂਤ ਦਸਦਾ ਹੈ ਕਿ ਸ਼ਹੀਦ ਸਿੱਧਾਂ ਵਾਂਗ ਕੁੰਦਰਾਂ ਵਿੱਚ ਬੈਠੇ ਤਪ ਕਰ ਰਹੇ ਹਨ? ਜੇ ਬੈਠੇ ਹਨ ਤਾਂ ਗੁਰੂ ਸਾਹਿਬ ਵਲੋਂ ਉਨ੍ਹਾਂ ਨੂ ਪ੍ਰਗਟ ਹੋਣ ਦਾ ਹੁਕਮ ਕਦੋਂ ਹੋਵੇਗਾ? ਪੰਜਾਬ ਵਿੱਚ ਨਸ਼ਿਆਂ ਦੇ ਦਰਿਆ ਚੱਲ ਰਹੇ ਹਨ, ਪਤਿਤਪੁਣਾ ਸਿਖਰ ’ਤੇ ਪਹੁੰਚ ਗਿਆ ਹੈ, ਭਰੂਣ ਹਤਿਆਵਾਂ ਹੋ ਰਹੀਆਂ ਹਨ, ਨਿਰਦੋਸ਼ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ’ਤੇ ਚੜ੍ਹਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਇਹ ਸ਼ਹੀਦ ਉਥੇ ਬੈਠੇ ਕਿਸ ਦਾ ਹੁਕਮ ਉਡੀਕ ਰਹੇ ਹਨ?

ਪ੍ਰੋ: ਧੂੰਦਾ ਨੇ ਇਹ ਵੀ ਪੁੱਛਿਆ ਕਿ ਉਸ ਕਥਾਕਾਰ ਅਨੁਸਾਰ ਉਸ ਮਹਾਂਪੁਰਸ਼ ਨੂੰ ਸਿਰਫ 4 ਹੀ ਸ਼ਹੀਦ ਮਿਲੇ। ਕੀ ਬਾਕੀ ਦੇ ਸਿੱਖ ਜਿਨ੍ਹਾਂ ਵਿੱਚ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਭਾਈ ਸਤੀ ਦਾਸ ਜੀ, ਚਾਰ ਸਾਹਿਬਜ਼ਾਦੇ, ਨਵਾਬ ਕਪੂਰ ਸਿੰਘ, ਸ: ਜੱਸਾ ਸਿੰਘ ਆਹਲੂਵਾਲੀਆ, ਸ: ਹਰੀ ਸਿੰਘ ਨਲਵਾ ਸਮੇਤ ਸੈਂਕੜੇ ਹੋਰ ਸਿੰਘ ਜਿਨ੍ਹਾਂ ਨੇ ਧਰਮ ਹੇਤ ਸ਼ਹੀਦੀਆਂ ਦਿੱਤੀਆਂ ਉਹ ਸੇਵਾ ਕਰਕੇ ਥੱਕ ਗਏ ਕਿ ਉਨ੍ਹਾਂ ਹੋਰ ਸੇਵਾ ਮੰਗਣ ਦੀ ਥਾਂ ਸੁਰਗ ਵਿੱਚ ਜਾਣਾ ਪ੍ਰਵਾਨ ਕਰ ਲਿਆ। ਜੇ ਇਨ੍ਹਾਂ ਸ਼ਹੀਦਾਂ ਨੂੰ ਲੈਣ ਵਾਸਤੇ ਪੰਜ ਪਿਆਰੇ ਆਉਂਦੇ ਹਨ ਤਾਂ ਗੁਰੂ ਹਰਿਗੋਬੰਦ ਸਾਹਿਬ ਜੀ ਦੇ ਸਮੇਂ ਜਿਨ੍ਹਾਂ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤਾਂ ਉਨ੍ਹਾਂ ਨੂੰ ਲੈਣ ਵਾਸਤੇ ਕੌਣ ਆਇਆ ਸੀ, ਕਿਉਂਕਿ ਉਸ ਸਮੇਂ ਪੰਜ ਪਿਆਰੇ ਤਾਂ ਹਾਲੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਜੇ ਹੀ ਨਹੀਂ ਸਨ। ਜਿਸ ਸ਼ਹੀਦ ਨੂੰ ਵੇਖ ਕੇ ਅਨੰਦਪੁਰ ਸਾਹਿਬ ਦਾ ਇੱਕ ਵਿਅਕਤੀ ਕਮਲਾ ਹੋ ਗਿਆ, ਉਸ ਸ਼ਹੀਦ ਨੂੰ ਉਸ ਪਾਸ ਕਿਉਂ ਨਹੀਂ ਲੈ ਕੇ ਜਾਂਦੇ ਜਿਸ ਨੇ ਭੁੱਲਰ ਨੂੰ ਫਾਂਸੀ ਦੀ ਸਜਾ ਸੁਣਾਈ ਹੈ, ਜਿਹੜੇ ਭ੍ਰਿਸ਼ਟਾਚਾਰ ਕਰ ਰਹੇ ਹਨ, ਜਿਹੜੇ ਨਸ਼ੇ ਵਰਤਾ ਰਹੇ ਹਨ, ਜਿਹੜੇ ਭਰੂਣ ਹਤਿਆਵਾਂ ਕਰ ਰਹੇ ਹਨ? ਹਰੀ ਦੀ ਕਥਾ ਦੇ ਨਾਮ ’ਤੇ ਇਨ੍ਹਾਂ ਗੱਪਾਂ ਸੁਣਾਉਣ ਵਾਲਿਆਂ ਨੂੰ ਕੋਈ ਨਹੀਂ ਪੁਛਦਾ ਕਿ 20-20 ਫੁੱਟ ਲੰਬੇ ਸ਼ਹੀਦ ਕਿਹੜੇ ਮੰਜੇ ’ਤੇ ਸੌਂਦੇ ਹਨ ਕਿਹੜੇ ਕਮਰੇ ਵਿੱਚ ਰਹਿੰਦੇ ਹਨ?

ਇਹ ਦੱਸਣਯੋਗ ਹੈ ਕਿ ਗਿਆਨੀ ਠਾਕੁਰ ਸਿੰਘ ਦੇ ਝੂਠ ਦਾ ਪਰਦਾ ਪੰਜਾਬ ਸਪੈਕਟ੍ਰਮ ਦੇ ਐਡੀਟਰ-ਇਨ-ਚੀਫ਼ ਸੁਖਪ੍ਰੀਤ ਸਿੰਘ ਉਦੋਕੇ ਨੇ ਆਪਣੀ ਸਾਈਟ ਅਤੇ ਸਪਾਇਸ ਰੇਡੀਓ ਨਿਊਜੀਲੈਂਡ ’ਤੇ ਹੋਈ ਟਾਕ ਸ਼ੋ ਦੌਰਾਨ ਕੀਤਾ ਤਾਂ ਅਗਲੇ ਹੀ ਦਿਨ ਉਸ ਨੂੰ ਸ਼ਿਵ ਸ਼ੈਨਾ ਦੇ ਲੈੱਟਰ ਪੈਡ ’ਤੇ ਵਿਨਾਇਕ ਰਾਜਵੜੇ ਦੇ ਦਸਤਖ਼ਤਾਂ ਹੇਠ ਧਮਕੀ ਪੱਤਰ ਪਹੁੰਚ ਗਿਆ ਜਿਸ ਵਿੱਚ ਉਨ੍ਹਾਂ ਲਿਖਿਆ ਹੈ, ’ਅਸੀˆ ਭਾਰਤੀ ਸੰਸਕ੍ਰਿਤੀ ਦੇ ਸਮਾਜਿਕ ਦਾਇਰੇ ਵਿਚ ਰਹਿੰਦੇ ਹੋਏ ਤੁਹਾਨੂੰ ਚਿਤਾਵਨੀ ਦਿੰਦੇ ਹਾˆ ਕਿ ਜੇ ਤੁਸੀˆ ਹਿੰਦੂ ਧਰਮ, ਸੰਸਕ੍ਰਿਤੀ ਅਤੇ ਸਾਡੇ ਸਤਿਕਾਰਯੋਗ ਸੰਤ ਜਨ੍ਹਾˆ ਦੇ ਬਾਰੇ ਇਹ ਕੂੜ ਪ੍ਰਚਾਰ ਬੰਦ ਨਾ ਕੀਤਾ ਤਾਂ ਬਦਲੇ ਦੀ ਅੱਗ ਦੇ ਜਿਹੜੇ ਨਤੀਜੇ ਤੁਹਾਨੂੰ ਭੁਗਤਣੇ ਪੈਣਗੇ ਤੁਸੀˆ ਖੁਦ ਜਿੰਮੇਵਾਰ ਹੋਵੋਗੇ।’ ਇਸ ਧਮਕੀ ਪੱਤਰ ਤੋਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਇਹ ਟਕਸਾਲੀ ਆਰ.ਐੱਸ.ਐੱਸ ਦੇ ਹੀ ਕਰਿੰਦੇ ਹਨ, ਤੇ ਇਨ੍ਹਾਂ ਦੇ ਝੂਠ ਦੇ ਪਰਦੇ ਫ਼ਾਸ਼ ਹੁੰਦੇ ਆਰ.ਐੱਸ.ਐੱਸ ਦਾ ਫੌਜੀ ਵਿੰਗ ਸ਼ਿਵ ਸੈਨਿਕ ਬਿਲਕੁਲ ਸਹਿਣ ਨਹੀਂ ਕਰ ਸਕਦੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top