Share on Facebook

Main News Page

ਦੂਰਦਰਸ਼ਨ ਕੇਂਦਰ ਜਲੰਧਰ ਸਿੱਖ ਵਿਰੋਧੀਆਂ ਨੂੰ ਮੰਚ ਪ੍ਰਦਾਨ ਕਰ ਰਿਹੈ: ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ, (1 ਜੂਨ,ਪੀ.ਐਸ.ਐਨ)- ਦੂਰਦਰਸ਼ਨ ਕੇਂਦਰ ਜਲੰਧਰ ਵਲੋਂ ਸਵੇਰ ਦੀਆਂ ਖ਼ਬਰਾਂ ਤੋਂ ਬਾਅਦ ਅਖ਼ਬਾਰੀ ਖ਼ਬਰਾਂ 'ਤੇ ਚਰਚਾ ਦੇ ਪ੍ਰੋਗਰਾਮ ‘ਖਾਸ ਖ਼ਬਰ ਇਕ ਨਜ਼ਰ' ਵਿੱਚ ਬੁਲਾਏ ਜਾਣ ਵਾਲੇ ਮਹਿਮਾਨਾਂ ਵਿੱਚੋਂ ਕੁਝ ਕੁ ਵਲੋਂ ‘ਸਿੱਖ ਅਤੇ ਪੰਜਾਬ ਵਿਰੋਧੀ ਮਾਨਸਿਕਤਾ' ਦੇ ਲਗਾਤਾਰ ਕੀਤੇ ਜਾਂਦੇ ਪ੍ਰਗਟਾਵੇ ਦੀ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਨਿੰਦਾ ਕਰਦਿਆਂ ਕਿਹਾ ਕਿ ਅੱਜ ਵੀ ਇੱਕ ਪਾਸੜ ਸੋਚ ਤੇ ਹਿੰਦੂ ਮਿਲਗੋਭਾ ਪੱਤਰਕਾਰੀ ਅਪਣਾ ਸਿੱਖ ਅਤੇ ਪੰਜਾਬ ਵਿਰੋਧੀ ਰੁਝਾਨ ਨਹੀਂ ਛੱਡ ਰਹੀ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕੀਤੇ ਜਾਂਦੇ ਅਨੁਰਾਗ ਸੂਦ, ਜਤਿੰਦਰ ਪੰਨੂ, ਚੰਦਰ ਮੋਹਨ ਤੇ ਰਾਜੀਵ ਭਾਸਕਰ ਇਸ ਮੰਚ ਨੂੰ ਅਪਣੀ ਪਾਲਿਸੀ ਅਨਸਾਰ ਵਰਤ ਰਹੇ ਹਨ। ਉਨਾਂ ਦੋਸ਼ ਲਗਾਇਆ ਕਿ ਖ਼ਬਰ ਭਾਵੇਂ ਕੌਮਾਂਤਰੀ ਘਟਨਾਵਾਂ ਨਾਲ ਸਬੰਧਿਤ ਹੋਵੇ ਭਾਵੇਂ ਦੇਸ਼ ਦੇ ਕਿਸੇ ਵੀ ਹਿੱਸੇ ਦੀ ਹਿੰਸਾ ਨਾਲ, ਉਕਤ ਵਿਅਕਤੀ ਅੱਤਵਾਦੀ ਵਰਗੇ ਲਫ਼ਜ਼ਾਂ ਦੀ ਸਿੱਖ ਵਿਰੋਧੀ ਪ੍ਰਸੰਗ ਵਿੱਚ ਵਰਤੋਂ ਕਰਦੇ ਹਨ ਅਤੇ ਇਸੇ ਦੁਰ ਭਾਵਨਾ ਨਾਲ ਇਨ੍ਹਾਂ ਵਲੋਂ ਕੌਮਾਂਤਰੀ ‘ਅੱਤਵਾਦ' ਬਾਰੇ ਚਲਦੀ ਚਰਚਾ ਨੂੰ ਵੀ ਪੰਜਾਬ ਵੱਲ ਮੋੜ ਦਿੱਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਇਕ ਖ਼ਾਸ ਸੋਚ ਦੀ ਭਾਰਤੀ ਪੱਤਰਕਾਰੀ ਲਾਬੀ ਸਿੱਖਾਂ ਅਤੇ ਪੰਜਾਬ ਦੀਆ ਹੱਕੀ ਮੰਗਾਂ ਨੂੰ ‘ਅੱਤਵਾਦ ਤੇ ਵੱਖਵਾਦ' ਦੇ ਹਾਊਏ ਰਾਹੀਂ ਦਬਾ ਕੇ ਰੱਖਣ ਦੀ ਪਾਲਿਸੀ 'ਤੇ ਚੱਲ ਰਹੀ ਹੈ। ਪੱਤਰਕਾਰ ਦਾ ਫ਼ਰਜ਼ ਬਣਦਾ ਹੈ ਕਿ ਦੇਸ਼ ਵਿੱਚ ਪੈਦਾ ਹੋਈਆ ਸਮੱਸਿਆਵਾਂ ਦੇ ਨਿਰਪੱਖ ਰਹਿ ਕੇ ਕਾਰਨ ਲੱਭੇ ਅਤੇ ਇਨ੍ਹਾਂ ਦੇ ਹੱਲ ਲਈ ਅਪਣਾ ਯੋਗਦਾਨ ਪਾਵੇ।ਕਿਸੇ ਪੱਤਰਕਾਰ ਨੂੰ ਕਿਸੇ ਖਾਸ ਧੜੇ ਜਾਂ ਫ਼ਿਰਕੇ ਨਾਲ ਜੁੜਕੇ ਨਹੀਂ ਚੱਲਣਾ ਚਾਹੀਦਾ ਇਸੇ ਸੋਚ ਨੇ ਪੰਜਾਬ ਦਾ ਹੁਣ ਤੱਕ ਨੁਕਸਾਨ ਕੀਤਾ ਹੈ। ਇਹੀ ਸੋਚ ਸਿੱਖਾਂ ਨੂੰ ਸਰਕਾਰੀ ਅਤੇ ਬਹੁ-ਗਿਣਤੀ ਕੱਟੜਵਾਦ ਦਾ ਨਿਸ਼ਾਨਾ ਬਣਾਏ ਜਾਣ ਲਈ ਜਿੰਮੇਵਾਰ ਰਹੀ ਹੈ। ਉਨ੍ਹਾਂ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਦੀ ਧਰਤੀ 'ਤੇ ਹੋਰ ਵੀ ਬਹੁਤ ਸਾਰੇ ਸ਼ੰਜੀਦਾ ਸੋਚ ਵਾਲੇ ਤੇ ਜਿੰਮੇਵਾਰ ਪੱਤਰਕਾਰ ਮੌਜ਼ੂਦ ਹਨ, ਉਨ੍ਹਾਂ ਨੂੰ ਅਜਿਹੇ ਪ੍ਰੋਗਰਾਮਾਂ ਵਿੱਚ ਤਰਜੀਹ ਕਿਉਂ ਨਹੀਂ ਦਿੱਤੀ ਜਾਂਦੀ? ਉਨ੍ਹਾਂ ਕਿਹਾ ਕਿ ਲਗਦਾ ਹੈ ਕਿ ਦੂਰਦਰਸ਼ਨ ਨੇ ਪੰਜਾਬ ਅਤੇ ਸਿੱਖ ਘੱਟਗਿਣਤੀ ਨੂੰ ਅੱਗ 'ਚ ਝੋਕਣ ਵਿੱਚ ਮਸਰੂਫ਼ ਲੋਕਾਂ ਲਈ ਇਹ ਮੰਚ ਖੁੱਲ੍ਹਾ ਰੱਖਿਆ ਹੋਇਆ ਹੈ ਜੋ ਇਸ ਸਰਕਾਰੀ ਸ੍ਰੋਤ ਨੂੰ ਵਰਤ ਕੇ ਸਿੱਖਾਂ ਦਾ ਅਕਸ ਵਿਗਾੜ ਰਹੇ ਹਨ। ਉਨ੍ਹਾਂ ਕਿਹਾ ਘੱਟੋ-ਘੱਟ ਅੱਜ ਦੇ ਸਮੇਂ ਤਾਂ ਇਸ ਚੈਨਲ ਨੂੰ ਅਪਣੀ ਸੋਚ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੂਰਦਰਸ਼ਨ ਜਿਸ ਨੀਤੀ 'ਤੇ ਚਲ ਰਿਹੈ ਉਸ ਨਾਲ ਭਾਰਤ ਦਾ ਕਦੇ ਵੀ ਭਲਾ ਨਹੀਂ ਹੋ ਸਕਦਾ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top