Share on Facebook

Main News Page

ਰਾਸ਼ਟਰਪਤੀ ਵਲੋਂ ਪ੍ਰੋ: ਭੁੱਲਰ ਦੀ ਰਹਿਮ ਦੀ ਅਪੀਲ ਰੱਦ ਕੀਤਾ ਜਾਣਾ ਦੱਸਦਾ ਹੈ ਕਿ ਹਿੰਦੂ ਬਹੁਗਿਣਤੀ ਦੇ ਇਸ ਦੇਸ਼ ਵਿੱਚ ਸਿੱਖਾਂ ਨੂੰ ਜਿਉਣ ਦਾ ਹੱਕ ਨਹੀਂ ਹੈ: ਸਿਮਰਨਜੋਤ ਸਿੰਘ

ਕਿਹਾ ਜੇ ਇਸ ਧੱਬੇ ਨੂੰ ਧੋਣ ਦਾ ਯਤਨ ਨਾ ਕੀਤਾ ਗਿਆ ਤਾਂ ਇਹ ਦੇਸ਼ ਦੀ ਅਖੰਡਤਾ ਤੇ ਏਕਤਾ ਲਈ ਸ਼ੁਭ ਸੰਕੇਤ ਨਹੀਂ ਹੋਵੇਗਾ

ਬਠਿੰਡਾ, 31 ਮਈ (ਕਿਰਪਾਲ ਸਿੰਘ): ਰਾਸ਼ਟਰਪਤੀ ਵਲੋਂ ਪ੍ਰੋ: ਭੁੱਲਰ ਦੀ ਰਹਿਮ ਦੀ ਅਪੀਲ ਰੱਦ ਕੀਤਾ ਜਾਣਾ ਦੱਸਦਾ ਹੈ ਕਿ ਹਿੰਦੂ ਬਹੁਗਿਣਤੀ ਦੇ ਇਸ ਦੇਸ਼ ਵਿੱਚ ਘੱਟ ਗਿਣਤੀਆਂ ਨੂੰ ਜਿਉਣ ਦਾ ਹੱਕ ਨਹੀਂ ਹੈ। ਇਹ ਸ਼ਬਦ ਸਾਹਿਬਜ਼ਾਦਾ ਜੁਝਾਰ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਸਿਮਰਨਜੋਤ ਸਿੰਘ ਖ਼ਾਲਸਾ ਨੇ ਕਹੇ। ਉਨ੍ਹਾਂ ਕਿਹਾ ਇਸ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 1984 ’ਚ 4 ਦਿਨ ਮੌਤ ਦਾ ਨੰਗਾ ਤਾਂਡਵਨਾਚ ਨੱਚਿਆ ਗਿਆ ਜਿਸ ਦੌਰਾਨ ਜਿਉਂਦੇ ਸਿੱਖਾਂ ਨੂੰ ਸ਼ਰੇ ਬਜ਼ਾਰ ਗਲਾਂ ਵਿੱਚ ਟਾਇਰ ਪਾ ਕੇ ਅਤੇ ਪੈਟਰੋਲ ਛਿੜਕ ਕੇ ਸਾੜਿਆ। ਪਰ 27 ਸਾਲ ਲੰਘ ਜਾਣ ਬਾਅਦ ਵੀ ਕਿਸੇ ਇੱਕ ਵੀ ਦੋਸ਼ੀ ਨੂੰ ਫਾਂਸੀ ਦੀ ਸਜਾ ਤਾਂ ਕੀ ਦੇਣੀ ਸੀ ਸਗੋਂ ਕਾਤਲ ਗੁੰਡਿਆਂ ਦੀ ਭੀੜ ਦੀ ਅਗਵਾਈ ਕਰਨ ਵਾਲਿਆਂ ਨੂੰ ਇਨਾਮ ਵਜੋਂ ਉੱਚ ਅਹੁੱਦੇ ਬਖ਼ਸ਼ੇ ਗਏ।

2002 ’ਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਸਿੱਖਾਂ ਵਾਂਗ ਹੀ ਮੁਸਲਮਾਨ ਭਰਾਵਾਂ ’ਤੇ ਕਹਿਰ ਵਰਤਾਏ ਗਏ ਜਿਸ ਦੇ ਇਨਾਮ ਵਜੋਂ ਮੋਦੀ ਨੂੰ ਭਾਜਪਾ ਦੇ ਕੇਂਦਰੀ ਮੁੱਖ ਆਗੂ ਵਜੋਂ ਉਭਾਰਿਆ ਜਾ ਰਿਹਾ ਹੈ ਤੇ ਅੱਜ ਤੱਕ ਕਿਸੇ ਇੱਕ ਵੀ ਦੋਸ਼ੀ ਨੂੰ ਮੌਤ ਦੀ ਸਜਾ ਨਹੀਂ ਦਿੱਤੀ ਗਈ। ਭਾਈ ਸਿਮਰਨਜੋਤ ਸਿੰਘ ਖ਼ਾਲਸਾ ਨੇ ਕਿਹਾ ਇੱਕ ਪਾਸੇ ਤਾਂ ਭਾਰਤ ਸਰਕਾਰ ਤੇ ਭਾਜਪਾ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਪਾਕਿਸਤਾਨ ਵਿੱਚ ਕੀਤੇ ਬੰਬ ਧਮਾਕਿਆਂ ਦੇ ਦੋਸ਼ ਅਧੀਨ ਫਾਂਸੀ ਦੀ ਸਜਾ ਪਾ ਚੁੱਕੇ ਸਰਬਜੀਤ ਸਿੰਘ ਨੂੰ ਸਜਾ ਮੁਆਫ ਕਰਕੇ ਰਿਹਾਅ ਕਰਨ ਦੀ ਮੰਗ ਕਰ ਰਹੀਆਂ ਹਨ ਪਰ ਬਿਲਕੁਲ ਉਸ ਨਾਲ ਮਿਲਦੇ ਜੁਲਦੇ ਦੋਸ਼ ਅਧੀਨ ਪ੍ਰੋ: ਦਵਿੰਦਰ ਸਿੰਘ ਭੁੱਲਰ ਦੀ ਰਹਿਮ ਦੀ ਅਪੀਲ ਰੱਦ ਕਰਕੇ ਫਾਂਸੀ ’ਤੇ ਲਟਕਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਭਾਜਪਾ ਅਤੇ ਹਿੰਦੂ ਜਥੇਬੰਦੀਆਂ ਦਾ ਦੋਗਲਾਪਨ ਇਸ ਗੱਲ ਤੋਂ ਵੀ ਜ਼ਾਹਰ ਹੁੰਦਾ ਹੈ ਕਿ ਪ੍ਰੋ: ਭੁੱਲਰ ਜਿਸ ਨੂੰ ਸਿਰਫ ਉਸ ਵਲੋਂ ਪੁਲਿਸ ਕੋਲ ਦਿੱਤੇ ਇਕਬਾਲੀਆ ਬਿਆਨ ਦੇ ਅਧਾਰ ’ਤੇ ਫਾਂਸੀ ਦਿੱਤੀ ਜਾ ਰਹੀ ਹੈ, ਜਦੋਂ ਕਿ ਪੜਤਾਲੀਆ ਏਜੰਸੀ ਵੱਲੋਂ ਉਸ ਵਿਰੁਧ ਪੇਸ਼ ਕੀਤੇ ਇੱਕ ਵੀ ਗਵਾਹ ਨੇ ਉਸ ਵਿਰੁਧ ਗਵਾਹੀ ਨਹੀਂ ਦਿੱਤੀ।

ਪਰ ਦੂਸਰੇ ਪਾਸੇ ਅਜਮੇਰ ਸ਼ਰੀਫ਼ ਵਿਖੇ ਹੋਏ ਬੰਬ ਧਮਾਕਿਆਂ ਵਿੱਚ ਇਕਬਾਲੀਆ ਬਿਆਨ ਦੇਣ ਵਾਲੇ ਅਸੀਮਾਨੰਦ ਦੇ ਸਮਰੱਥਨ ਵਿੱਚ ਕਿਹਾ ਜਾ ਰਿਹਾ ਹੈ ਕਿ ਹਿੰਦੂ ਮਹਾਤਮਾਂ ਨੂੰ ਬਦਨਾਮ ਕਰਨ ਲਈ ਸੀਬੀਆਈ ਨੇ ਉਸ ਤੋਂ ਤਸ਼ੱਸ਼ਦ ਅਧੀਨ ਬਿਆਨ ਲਿਆ ਗਿਆ ਹੈ। ਭਾਈ ਸਿਮਰਨਜੋਤ ਸਿੰਘ ਨੇ ਕਿਹਾ ਕਿ ਹਿੰਦੂ ਜਥੇਬੰਦੀਆਂ ਵਲੋਂ ਤਾਂ ਦੂਹਰਾ ਮਾਪਦੰਡ ਅਪਨਾਇਆ ਹੀ ਜਾ ਰਿਹਾ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇਨਸਾਫ਼ ਦੀ ਕੁਰਸੀ ’ਤੇ ਬੈਠੇ ਜੱਜ ਅਤੇ ਸੀਬੀਆਈ ਅਤੇ ਸੰਵਿਧਾਨਕ ਮੁਖੀ ਰਾਸ਼ਟਰਪਤੀ ਵੀ ਇਸ ਦੋਸ਼ ਤੋਂ ਮੁਕਤ ਹੋਣ ਦਾ ਕੋਈ ਯਤਨ ਨਹੀਂ ਕਰ ਰਹੀ। ਸਿੱਖਾਂ ਦੀ ਨਸਲਕੁਸ਼ੀ ਦੇ ਮੁੱਖ ਜਿੰਮੇਵਾਰ ਜਗਦੀਸ਼ ਟਾਈਟਲਰ ਵਿਰੁਧ ਦਰਜ਼ ਕੇਸ ਤਾਂ ਇਸ ਅਧਾਰ ’ਤੇ ਵਾਪਿਸ ਲੈ ਲਿਆ ਜਾਂਦਾ ਹੈ ਕਿ ਉਸ ਵਿਰੁਧ ਗਵਾਹ ਭਰੋਸੇਯੋਗ ਨਹੀਂ ਹਨ ਪਰ ਜਿਸ ਪ੍ਰੋ: ਭੱਲਰ ਵਿਰੁੱਧ ਸੀਬੀਆਈ ਵਲੋਂ 130 ਤੋਂ ਉਪਰ ਤਿਆਰ ਕੀਤੀ ਗਵਾਹਾਂ ਦੀ ਸੂਚੀ ਵਿੱਚੋਂ ਇੱਕ ਵੀ ਗਵਾਹ ਭੁਗਤਾ ਨਹੀਂ ਸਕੇ ਪਰ ਫਿਰ ਵੀ ਉਸ ਨੂੰ ਫਾਂਸੀ ਦੀ ਸਜਾ ਦਿੱਤੀ ਜਾ ਰਹੀ ਹੈ। ਭਾਈ ਸਿਮਰਨਜੋਤ ਸਿੰਘ ਨੇ ਕਿਹਾ ਕਿ ਜੇ ਕਰ ਜਗਦੀਸ਼ ਟਾਈਟਲਰ ਅਤੇ ਪ੍ਰੋ: ਭੁੱਲਰ ਦੇ ਕੇਸ ਨੂੰ ਇੱਕ ਦੂਜੇ ਦੇ ਸਾਹਮਣੇ ਰੱਖ ਕੇ ਪਰਖੇ ਜਾਣ ਤਾਂ ਸਾਫ ਵਿਖਾਈ ਦਿੰਦਾ ਹੈ ਕਿ ਸੀਬੀਆਈ ਤੇ ਮਾਨਯੋਗ ਜੱਜ ਸਾਹਿਬਾਨਾਂ ਸਮੇਤ ਰਾਸ਼ਟਰਪਤੀ ਉੱਪਰ ਵੀ ਨਿਰਪੱਖਤਾ ਪੱਖੋਂ ਧੱਬਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਜੇ ਇਸ ਧੱਬੇ ਨੂੰ ਧੋਣ ਦਾ ਯਤਨ ਨਾ ਕੀਤਾ ਗਿਆ ਤਾਂ ਇਹ ਦੇਸ਼ ਦੀ ਅਖੰਡਤਾ ਤੇ ਏਕਤਾ ਲਈ ਸ਼ੁਭ ਸੰਕੇਤ ਨਹੀਂ ਹੋਵੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top