Share on Facebook

Main News Page

ਰਾਮਦਾਸ ਸਰਾਂ ਦੀਆਂ ਸੇਵਾਦਾਰਨੀਆਂ ਨੇ ਕੁੜੀ ਨੂੰ ਬਣਾ ਦਿੱਤਾ ਪੁਲਸੀਏ ਦਾ ਸ਼ਿਕਾਰ

ਜਲੰਧਰ (ਜਸਵੀਰ ਸਿੰਘ ਜੌਹਲ): ਬੀਤੇ ਦਿਨੀਂ ਗੁਰੂ ਰਾਮਦਾਸ ਸਰਾਂ ਦੀਆਂ ਦੋ ਸੇਵਾਦਾਰਨੀਆਂ ਦੀ ਮਿਲੀਭੁਗਤ ਨਾਲ ਕਮਰਾ ਨੰਬਰ 83 'ਚ ਡੱਕੀ ਜਵਾਨ ਕੁੜੀ ਦੀ ਇੱਜ਼ਤ ਤਾਰ-ਤਾਰ ਹੋਣੋਂ ਉਸ ਵੇਲੇ ਬਚ ਗਈ, ਜਦੋਂ ਇਸ ਦੀ ਭਿਣਕ ਪੱਤਰਕਾਰ ਭਾਈਚਾਰੇ ਨੂੰ ਪੈ ਗਈ। ਜਾਣਕਾਰੀ ਮੁਤਾਬਕ ਸੰਦੀਪ ਕੌਰ ਪੁੱਤਰੀ ਰਣਜੀਤ ਸਿੰਘ ਨਿਵਾਸੀ ਲੁਧਿਆਣਾ ਦੇ ਮਾਪੇ ਉਸ ਦਾ ਵਿਆਹ ਉਸ ਦੀ ਮਰਜ਼ੀ ਤੋਂ ਬਗ਼ੈਰ ਕਰਨਾ ਚਾਹੁੰਦੇ ਸਨ। ਇਸ ਲਈ ਵੀਹਾਂ ਵਰਿਆਂ ਦੀ ਸੰਦੀਪ ਕੌਰ ਦੀ ਨਾਸਮਝੀ ਨੇ ਉਸ ਨੂੰ ਘਰੋਂ ਭੱਜਣ ਵਾਸਤੇ ਮਜਬੂਰ ਕਰ ਦਿੱਤਾ। ਲੁਧਿਆਣਾ ਤੋਂ ਘਰ ਛੱਡ ਕੇ ਦੌੜੀ ਸੰਦੀਪ ਨੂੰ ਇਸ ਸੰਸਾਰ ਵਿੱਚ ਸਭ ਤੋਂ ਸੁਰੱਖਿਅਤ ਜਗਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਿਨਾਂ ਹੋਰ ਕੋਈ ਨਜ਼ਰ ਨਾ ਪਈ। ਦਰਬਾਰ ਸਾਹਿਬ 'ਚ ਸਿਜਦਾ ਕਰਨ ਤੋਂ ਬਾਅਦ ਜਦੋਂ ਸੰਦੀਪ ਬਾਹਰ ਆਈ, ਤਾਂ ਕੁਝ ਹਵਸੀ ਦਰਿੰਦਿਆਂ ਨੇ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਉਕਤ ਬਦਮਾਸ਼ਾਂ ਤੋਂ ਬਚਣ ਵਾਸਤੇ ਸੰਦੀਪ ਨੇ ਦਰਬਾਰ ਸਾਹਿਬ ਦੇ ਗਲਿਆਰੇ ਵਿੱਚ ਪੁਲੀਸ ਕੋਲ ਪਨਾਹ ਲੈਣ ਅਤੇ ਬਦਮਾਸ਼ਾਂ ਵਿਰੁੱਧ ਲਿਖਤੀ ਸ਼ਿਕਾਇਤ ਕਰਨ ਦੇ ਇਰਾਦੇ ਨਾਲ ਪਹੁੰਚੀ। ਥਾਣਾ ਗਲਿਆਰਾ ਦੇ ਮੁਣਸ਼ੀ ਨਿਰਮਲ ਸਿੰਘ ਨੇ ਸੰਦੀਪ ਦੀ ਹੱਡ-ਬੀਤੀ ਸੁਣ ਕੇ ਉਸ ਦੇ ਅੰਦਰਲਾ ਜਾਨਵਰ ਜਾਗ ਉੱਠਿਆ।

ਗਲਿਆਰਾ ਦੇ ਮੁਣਸ਼ੀ ਨਿਰਮਲ ਨੇ ਸੰਦੀਪ ਦੀ ਕਹਾਣੀ ਸੁਣਨ ਤੋਂ ਬਾਅਦ ਉਸ ਨੂੰ ਥਾਣੇ ਲੈ ਕੇ ਜਾਣ ਅਤੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਔਰਤਾਂ ਨਾਲ ਛੇੜਛਾੜ ਕਰਨ ਵਾਲੇ ਬਦਮਾਸ਼ਾਂ ਵਿਰੁੱਧ ਬਣਦੀ ਕਾਰਵਾਈ ਕਰਨ ਦੀ ਬਜਾਏ ਉਹ ਵੀਹ ਵਰਿਆਂ ਦੀ ਸੰਦੀਪ ਨੂੰ ਗੁਰੂ ਰਾਮਦਾਸ ਸਰਾਂ ਦੇ ਕਮਰਾ ਨੰਬਰ 83 ਵਿੱਚ ਲੈ ਗਿਆ। ਜਿਸ ਦੇ ਮੋਹਰੇ ਦੋ ਸੇਵਾਦਾਰਨੀਆਂ ਬਲਵਿੰਦਰ ਕੌਰ ਅਤੇ ਬਲਵੀਰ ਕੌਰ ਨੇ ਵੀ ਸਿੱਖ ਧਰਮ ਦੀਆਂ ਰਵਾਇਤਾਂ ਮੁਤਾਬਕ ਅਤੇ ਇੱਕ ਔਰਤ ਹੋਣ ਦੇ ਨਾਤੇ ਸੰਦੀਪ ਕੌਰ ਦੀ ਮਦਦ ਕਰਨ ਦੀ ਬਜਾਏ ਪੁਲਸੀਏ ਨਿਰਮਲ ਦੀਆਂ ਸਾਥੀ ਬਣ ਗਈਆਂ। ਮੁਣਸ਼ੀ ਨਿਰਮਲ ਨੇ ਜਦੋਂ ਸੰਦੀਪ ਉਸ ਦੇ ਵੱਸ 'ਚ ਨਾ ਆਈ, ਤਾਂ ਉਸ ਨੇ ਉਸ ਦੀ ਜਮ ਕੇ ਕੁੱਟ-ਮਾਰ ਕੀਤੀ। ਕੁੱਟ-ਮਾਰ ਕਰਨ ਉਪਰੰਤ ਦੋਹਾਂ ਸੇਵਾਦਾਰਨੀਆਂ ਬਲਵਿੰਦਰ ਕੌਰ ਅਤੇ ਬਲਵੀਰ ਕੌਰ ਦੇ ਹਵਾਲੇ ਕਰਕੇ ਆਪ ਬਾਹਰ ਆ ਗਿਆ। ਦੋਹਾਂ ਸੇਵਾਦਾਰਨੀਆਂ ਨੇ ਸੰਦੀਪ ਨੂੰ ਕਮਰੇ 'ਚ ਡੱਕ ਕੇ ਬਾਹਰੋਂ ਤਾਲਾ ਲਗਾ ਦਿੱਤਾ। ਤਾਲੇ ਅੰਦਰ ਬੰਦ ਹੋਣ ਦੇ ਬਾਵਜੂਦ ਸੰਦੀਪ ਕੌਰ ਆਪਣੇ ਨਾਲ ਬੀਤੀ ਉਕਤ ਸਾਰੀ ਕਹਾਣੀ ਕਿਸੇ ਨਾ ਕਿਸੇ ਤਰੀਕੇ ਜਲੰਧਰ ਰਹਿੰਦੀ ਆਪਣੀ ਸਹੇਲੀ ਨੂੰ ਸੁਣਾਉਣ ਵਿੱਚ ਕਾਮਯਾਬ ਹੋ ਗਈ। ਜਿਸ 'ਤੇ ਸੰਦੀਪ ਦੀ ਉਸ ਸਹੇਲੀ ਨੇ ਕਿਸੇ ਪੱਤਰਕਾਰ ਨੂੰ ਦੱਸਿਆ ਤੇ ਉਸ ਪੱਤਰਕਾਰ ਦੀ ਨਿਸ਼ਾਨਦੇਹੀ 'ਤੇ ਜਦੋਂ ਪੱਤਰਕਾਰ ਗੁਰਵਿੰਦਰ ਸਿੰਘ ਕਮਰਾ ਨੰਬਰ 83 ਦੇ ਬਾਹਰ ਪੁੱਜਾ, ਤਾਂ ਕਮਰੇ ਨੂੰ ਬਾਹਰੋਂ ਤਾਲਾ ਲੱਗਾ ਦੇਖ ਕੇ ਪੱਤਰਕਾਰ ਨੇ ਸੇਵਾਦਾਰਨੀਆਂ ਨੂੰ ਇਸ ਤਾਲੇ ਸੰਬੰਧੀ ਪੁੱਛਿਆ, ਤਾਂ ਉਨਾਂ ਸੇਵਾਦਾਰਨੀਆਂ ਨੇ ਕਿਹਾ ਕਿ ਸ਼ਰਧਾਲੂਆਂ ਦੇ ਕਮਰਾ ਖਾਲੀ ਕਰਨ ਤੋਂ ਬਾਅਦ ਕਮਰੇ ਨੂੰ ਤਾਲਾ ਲਗਾ ਕੇ ਰੱਖੀਦਾ ਹੈ। ਪੱਤਰਕਾਰ ਨੇ ਜਦੋਂ ਕਿਸੇ ਤਰੀਕੇ ਨਾਲ ਕਮਰੇ ਦੇ ਅੰਦਰ ਝਾਤੀ ਮਾਰੀ, ਤਾਂ ਕਮਰੇ ਦੇ ਅੰਦਰ ਜਵਾਨ ਕੁੜੀ ਰੋਂਦੀ ਹੋਈ ਦਿਖਾਈ ਦਿੱਤੀ। ਜਦੋਂ ਪੱਤਰਕਾਰ ਨੇ ਧੱਕੇ ਨਾਲ ਕਮਰੇ ਦਾ ਦਰਵਾਜ਼ਾ ਖੁਲਵਾਇਆ, ਤਾਂ ਸੰਦੀਪ ਬਾਹਰ ਆਉਂਦੇ ਸਾਰ ਹੀ ਉਸ ਪੱਤਰਕਾਰ ਦੇ ਸਾਹਮਣੇ ਭੁੱਬਾਂ ਮਾਰ ਕੇ ਰੋਣ ਲੱਗ ਪਈ।ਪੰਜਾਬ ਸਪੈਕਟ੍ਰਮ ਤੋਂ ਕਾਪੀ ਕਰਨ ਸਮੇਂ ਪੰਜਾਬ ਸਪੈਕਟ੍ਰਮ ਦਾ ਨਾਮ ਲਿਖਣਾ ਜ਼ਰੂਰੀ ਹੈ।

ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਦੋਹਾਂ ਸੇਵਾਦਾਰਨੀਆਂ ਨੇ ਆਪਣੇ ਸਾਥੀ ਪੁਲਸੀਏ ਨਿਰਮਲ ਨੂੰ ਉੱਥੇ ਬੁਲਾ ਲਿਆ। ਮੁਣਸ਼ੀ ਨਿਰਮਲ ਨੇ ਪਹੁੰਚਦਿਆਂ ਹੀ ਪੱਤਰਕਾਰ ਗੁਰਵਿੰਦਰ ਉਰਫ ਕਿੰਗ ਨੂੰ ਲਾਲਚ ਆਦਿ ਦੇ ਕੇ ਭਰਮਾਉਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਪੱਤਰਕਾਰ ਆਪਣੀ ਸੱਚਾਈ 'ਤੇ ਅਡੋਲ ਖੜਾ ਰਿਹਾ, ਤਾਂ ਉਹੀ ਪੁਲਸੀਆ ਆਪਣੀ ਅਸਲੀ ਔਕਾਤ 'ਤੇ ਆ ਗਿਆ। ਉਕਤ ਰੌਲਾ ਸੁਣ ਕੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿਸ ਵਿੱਚ ਕੁਝ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੀ ਆ ਧਮਕੇ। ਮੁਲਾਜ਼ਮਾਂ ਦੀ ਦਖ਼ਲਅੰਦਾਜ਼ੀ ਨਾਲ ਮੌਕੇ ਨੂੰ ਟਾਲਦੇ ਹੋਏ ਮੁਣਸ਼ੀ ਨਿਰਮਲ ਸੱਟਾਂ ਨਾਲ ਭੰਨੀ ਹੋਈ ਸੰਦੀਪ ਨੂੰ ਥਾਣੇ ਲੈ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਐੱਸ. ਪੀ. ਸਤਪਾਲ ਮੌਕੇ 'ਤੇ ਪਹੁੰਚੇ। ਉਨਾਂ ਮੁਣਸ਼ੀ ਨਿਰਮਲ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਅਤੇ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ। ਦੋਸ਼ੀਆਂ ਖ਼ਿਲਾਫ਼ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਐੱਸ. ਐਚ. ਓ. ਮੁਖਤਿਆਰ ਸਿੰਘ ਨੇ ਸਾਰੀ ਘਟਨਾ ਦੀ ਪੁਸ਼ਟੀ ਕਰ ਦਿੱਤੀ। ਸਰਾਵਾਂ ਦੇ ਮੈਨੇਜਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਬਲਵੀਰ ਕੌਰ ਤੇ ਬਲਵਿੰਦਰ ਕੌਰ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।

ਇੱਥੇ ਇਹ ਵਰਣਨਯੋਗ ਹੈ ਕਿ ਅੱਜ ਤੋਂ ਦੋ ਢਾਈ ਸਾਲ ਪਹਿਲਾਂ ਨਵਾਂ ਜ਼ਮਾਨਾ ਦੇ ਹਵਾਲੇ ਮੁਤਾਬਕ ਦਰਬਾਰ ਸਾਹਿਬ ਦੀ ਪਰਿਕਰਮਾ 'ਚੋਂ ਕੁੜੀਆਂ ਦੇ ਅਗਵਾ ਹੋਣ ਬਾਰੇ ਰਿਪੋਰਟ ਛਪੀ ਸੀ, ਜਿਸ ਵਿੱਚ ਇੱਕ ਜਿਸਮਫਰੋਸ਼ੀ ਦੇ ਅੱਡੇ ਤੋਂ ਗ੍ਰਿਫ਼ਤਾਰ ਹੋਈ ਕੁੜੀ ਨੇ ਪੁਲੀਸ ਨੂੰ ਬਿਆਨ ਦਿੱਤਾ ਸੀ ਕਿ ਉਸ ਨੂੰ ਮਨਜੀਤ ਕੌਰ ਨਾਮੀ ਔਰਤ ਨੇ ਬਚਪਨ 'ਚ ਹੀ ਦਰਬਾਰ ਸਾਹਿਬ ਦੀ ਪਰਿਕਰਮਾ 'ਚੋਂ ਅਗਵਾ ਕਰ ਲਿਆ ਸੀ। ਉਸ ਲੜਕੀ ਦਾ ਬਾਪ ਆਪਣੀ ਧੀ ਦਾ ਵਿਛੋੜਾ ਨਾ ਸਹਾਰਦਾ ਹੋਇਆ ਇਸ ਸੰਸਾਰ ਤੋਂ ਵਿਦਾ ਹੋ ਗਿਆ ਸੀ। ਉਸ ਸਮੇਂ ਥਾਣਾ ਕੋਤਵਾਲੀ ਦੀ ਪੁਲੀਸ ਨੇ ਮਨਜੀਤ ਕੌਰ ਦੇ ਵਿਰੁੱਧ ਮੁਕੱਦਮਾ ਦਰਜ ਕਰ ਕੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਸਨ। ਪੁਲੀਸ ਨੇ ਇਹ ਗੱਲ ਉਸ ਸਮੇਂ ਵੀ ਕਹੀ ਸੀ। ਇਸ ਕਾਰੇ ਪਿੱਛੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਉਸ ਜਾਂਚ ਦਾ ਕੀ ਬਣਿਆ? ਅੱਜ ਵੀ ਉਸ ਸਵਾਲ ਦਾ ਜਿਉਂ ਦਾ ਤਿਉਂ ਹੀ ਖੜਾ ਹੈ? ਜਦੋਂ ਉਕਤ ਸੰਦੀਪ ਕੌਰ ਨਾਲ ਵਾਪਰੀ ਘਟਨਾ ਅਤੇ ਸ਼੍ਰੋਮਣੀ ਕਮੇਟੀ ਦੀਆਂ ਦੋ ਮੁਲਾਜ਼ਮ ਔਰਤਾਂ ਦੀ ਸ਼ਮੂਲੀਅਤ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇਸ ਪਵਿੱਤਰ ਜਗਾ 'ਤੇ ਪਤਾ ਨਹੀਂ ਕਿੰਨੇ ਹੋਰ ਮੱਸੇ ਰੰਘੜ ਪਨਾਹ ਲੈ ਕੇ ਬੈਠੇ ਹਨ। ਜੋ ਵਕਤ ਆਉਣ 'ਤੇ ਆਪਣੀਆਂ ਘਿਨਾਉਣੀਆਂ ਕਾਰਵਾਈਆਂ ਕਰਨ ਤੋਂ ਬਾਜ਼ ਨਹੀਂ ਆਉਣਗੇ। ਉਕਤ ਰਿਪੋਰਟ ਵਿੱਚ ਇਹ ਵੀ ਸਪੱਸ਼ਟ ਲਿਖਿਆ ਸੀ ਕਿ ਘਰੋਂ ਰੁੱਸ ਕੇ ਆਈਆਂ ਔਰਤਾਂ ਅਤੇ ਖ਼ੂਬਸੂਰਤ ਕੁੜੀਆਂ ਦੀ ਭਾਲ ਇੱਥੇ ਬੈਠੇ ਸ਼ਿਕਾਰੀ ਕਰਦੇ ਹਨ ਅਤੇ ਜੇਕਰ ਸੰਦੀਪ ਕੌਰ ਵਰਗਾ ਸ਼ਿਕਾਰ ਮਿਲ ਜਾਵੇ, ਤਾਂ ਪਹਿਲਾਂ ਉਸ ਨੂੰ ਬਹਿਲਾ-ਫੁਸਲਾ ਕੇ, ਜੇ ਫਿਰ ਵੀ ਨਾ ਮੰਨੇ, ਫਿਰ ਉਸ 'ਤੇ ਜਬਰ ਢਾਹ ਕੇ ਉਸ ਨੂੰ ਗਲਤ ਰਾਹਾਂ 'ਤੇ ਤੋਰਿਆ ਜਾਂਦਾ ਹੈ। ਵਰਤਮਾਨ ਸਮੇਂ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਪੁਲਸ ਦਾ ਡਰ ਹੋਣ ਕਾਰਨ ਅੱਯਾਸ਼ ਲੋਕ ਧਾਰਮਿਕ ਅਸਥਾਨਾਂ ਦੀਆਂ ਸਰਾਵਾਂ ਦੀ ਵਰਤੋਂ ਆਪਣੀ ਅੱਯਾਸ਼ੀ ਵਾਸਤੇ ਕਰਨ ਲੱਗ ਪਏ ਹਨ, ਕਿਉਂਕਿ ਧਾਰਮਿਕ ਅਸਥਾਨ ਦੀਆਂ ਸਰਾਵਾਂ ਵਿੱਚ ਕਿਸੇ ਦੀ ਵੀ ਜੇਬ ਗਰਮ ਕਰ ਕੇ ਸਾਧਾਰਨ ਕਮਰੇ ਤੋਂ ਲੈ ਕੇ ਏ. ਸੀ. ਕਮਰੇ ਤੱਕ ਬੜੇ ਆਸਾਨੀ ਨਾਲ ਮਿਲ ਜਾਂਦੇ ਹਨ ।

ਸਿੱਖ ਧਰਮ 'ਤੇ ਹੋਇਆ ਮੱਸੇ ਰੰਗੜਾਂ ਦਾ ਕਬਜ਼ਾ-ਸਿਮਰਨਜੀਤ ਸਿੰਘ ਮਾਨ
ਜਲੰਧਰ-ਬੀਤੇ ਦਿਨੀਂ ਰੂਹਾਨੀਅਤ ਦੇ ਕੇਂਦਰ ਦਰਬਾਰ ਸਾਹਿਬ ਵਿਖੇ ਪਨਾਹ ਲੈਣ ਆਈ ਸੰਦੀਪ ਕੌਰ ਨਾਲ ਵਾਪਰੇ ਦੁਖਾਂਤ ਸੰਬੰਧੀ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਅਕਾਲੀ ਦਲ ਅੰਮ੍ਰਿਤਸਰ ਨੇ ਕਿਹਾ ਕਿ ਇਹ ਘਟਨਾ ਕੋਈ ਪਹਿਲੀ ਨਹੀਂ ਹੈ, ਉਨਾਂ ਕਿਹਾ ਕਿ ਅਜਿਹੇ ਘਟੀਆ ਘਿਨੌਣੇ ਕਾਰੇ ਜਦੋਂ ਆਗੂ ਕਰਦੇ ਹੋਣ, ਤਾਂ ਫੇਰ ਮੁਲਾਜ਼ਮਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ। ਉਨਾਂ ਕਿਹਾ ਕਿ ਜਦ ਬਲਿਊ ਫ਼ਿਲਮਾਂ ਬਣਾਉਣ ਵਾਲਾ ਅਤੇ ਸਿਰੇ ਦਾ ਹਵਸੀ ਦਲਜੀਤ ਸਿੰਘ ਬੇਦੀ ਨੂੰ ਸੁਪਰੀਮ ਕੋਰਟ ਰਾਹੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੱਕੜ ਨੇ ਬਹਾਲ ਕਰਵਾ ਲਿਆ ਹੈ ਤਾਂ ਦਰਬਾਰ ਸਾਹਿਬ 'ਚ ਇਹੋ ਜਿਹੇ ਕਾਰੇ ਹੋਣੇ ਤਾਂ ਨਿਸ਼ਚਿਤ ਹਨ। ਉਨਾਂ ਕਿਹਾ ਕਿ ਇਹ ਖ਼ਬਰਾਂ ਦਬਾਈਆਂ ਜਾ ਰਹੀਆਂ ਹਨ, ਕਿਉਂਕਿ ਸਿੱਖ ਕੌਮ ਸੁੱਤੀ ਹੋਈ ਹੈ ਤੇ ਇਸ ਬਾਰੇ ਕੋਈ ਪ੍ਰਤੀਕਰਮ ਨਹੀਂ ਪ੍ਰਗਟਾ ਰਹੀ। ਇਹ ਇੱਕ ਘਟਨਾ ਨਹੀਂ, ਇਹੋ ਜਿਹੀਆਂ ਕਈ ਘਟਨਾਵਾਂ ਇਸ ਪਵਿੱਤਰ ਅਸਥਾਨ 'ਤੇ ਵਾਪਰ ਰਹੀਆਂ ਹਨ। ਸ. ਮਾਨ ਨੇ ਕਿਹਾ ਕਿ ਸਿੱਖ ਅਹਿਮਦ ਸ਼ਾਹ ਅਬਦਾਲੀ ਵਰਗੇ ਜਾਬਰਾਂ ਨਾਲ ਟੱਕਰ ਲੈ ਕੇ ਧੀਆਂ-ਭੈਣਾਂ ਦੀ ਇੱਜ਼ਤਾਂ ਦੀ ਰਾਖੀ ਕਰਦੇ ਸਨ। ਅੱਜ ਫਿਰ ਅਹਿਮਦ ਸ਼ਾਹ ਅਬਦਾਲੀ ਅਤੇ ਮੱਸੇ ਰੰਗੜਾਂ ਨੇ ਸਾਡੇ ਧਾਰਮਿਕ ਅਸਥਾਨਾਂ 'ਤੇ ਕਬਜ਼ਾ ਕਰ ਲਿਆ ਹੈ। ਮਾਨ ਨੇ ਕਿਹਾ ਕਿ ਹੁਣ ਵੀ ਸੰਦੀਪ ਕੌਰ ਦੇ ਮਾਮਲੇ ਨੂੰ ਵੀ ਇਸੇ ਤਰਾਂ ਹੀ ਸੱਤਾ ਦੇ ਜ਼ੋਰ 'ਤੇ ਦਬਾ ਦਿੱਤਾ ਜਾਵੇਗਾ।

ਸੇਵਾ ਸਿੰਘ ਸੇਖਵਾਂ ਸਿੱਖਿਆ ਮੰਤਰੀ ਪੰਜਾਬ ਦੀ ਰਿਸ਼ਤੇਦਾਰ ਕਹਾਉਂਦੀ ਹੈ ਬਲਵਿੰਦਰ ਕੌਰ
ਜਲੰਧਰ-ਬੀਤੇ ਦਿਨੀਂ ਗੁਰੂ ਰਾਮਦਾਸ ਸਰਾਂ ਵਿੱਚ ਮੁਣਸ਼ੀ ਨਿਰਮਲ ਸਿੰਘ ਦੀ ਸ਼ੈਅ 'ਤੇ ਲੁਧਿਆਣਾ ਤੋਂ ਘਰੋਂ ਰੁੱਸ ਕੇ ਆਈ ਸੰਦੀਪ ਕੌਰ ਨੂੰ ਕਮਰਾ ਨੰਬਰ 83 'ਚ ਡੱਕਣ ਵਾਲੀ ਇੱਕ ਬੀਬੀ ਬਲਵਿੰਦਰ ਕੌਰ ਆਪਣੇ ਆਪ ਨੂੰ ਸੇਵਾ ਸਿੰਘ ਸੇਖਵਾਂ ਸਿੱਖਿਆ ਮੰਤਰੀ ਪੰਜਾਬ ਦੀ ਰਿਸ਼ਤੇਦਾਰ ਕਹਾਉਂਦੀ ਹੈ ਅਤੇ ਦੂਸਰੀ ਬਲਬੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਜੋਗਿੰਦਰ ਸਿੰਘ ਨੇ ਨੌਕਰੀ 'ਤੇ ਲਗਵਾਇਆ ਸੀ। ਸ਼੍ਰੋਮਣੀ ਕਮੇਟੀ ਦੇ ਕਈ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਨਾਂ ਬੀਬੀਆਂ ਦੀਆਂ ਪਹਿਲਾਂ ਵੀ ਕਈ ਸ਼ਿਕਾਇਤਾਂ ਆ ਚੁੱਕੀਆਂ ਹਨ, ਪਰ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਨੇ ਇਨਾਂ ਦੋਹਾਂ ਬੀਬੀਆਂ ਖ਼ਿਲਾਫ਼ ਕਦੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਭਵਿੱਖ ਵਿੱਚ ਵੀ ਇਨਾਂ ਵਿਰੁੱਧ ਕਿਸੇ ਕਾਰਵਾਈ ਹੋਣ ਦੇ ਆਸਾਰ ਘੱਟ ਹੀ ਨਜ਼ਰ ਆਉਂਦੇ ਹਨ। ਉਕਤ ਦੋਹਾਂ ਬੀਬੀਆਂ ਨੇ ਆਪਣੇ ਬਿਆਨਾਂ ਵਿੱਚ ਦਰਜ ਕਰਵਾਇਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਇੱਕ ਸਾਬਕਾ ਅਧਿਕਾਰੀ ਨੇ ਉਨਾਂ ਨੂੰ ਪੱਕੇ ਹੀ ਹੁਕਮ ਦੇ ਰੱਖੇ ਸਨ ਕਿ ਉਹ ਅਜਿਹੀਆਂ ਲਾਵਾਰਸ ਆਉਣ ਵਾਲੀਆਂ ਕੁੜੀਆਂ ਨੂੰ ਆਪਣੇ ਪੱਧਰ 'ਤੇ ਹੀ ਗੁਰੂ ਰਾਮ ਦਾਸ ਸਰਾਂ ਵਿੱਚ ਬੰਦ ਕਰ ਕੇ ਉਨਾਂ ਕੋਲੋਂ ਪੁੱਛ ਪੜਤਾਲ ਕਰ ਸਕਦੀਆਂ ਹਨ। ਜੇਕਰ ਪੁਲੀਸ ਵਾਲੇ ਕਿਸੇ ਔਰਤ ਨੂੰ ਲੈ ਕੇ ਆਉਂਦੇ ਹਨ, ਉਨਾਂ ਨੂੰ ਵੀ ਉਹੀ ਸੰਭਾਲਣ। ਉਨਾਂ ਜੋ ਕੁਝ ਵੀ ਕੀਤਾ ਹੈ, ਉਹ ਪੁਰਾਣੇ ਹੁਕਮਾਂ ਅਨੁਸਾਰ ਹੀ ਕੀਤਾ ਹੈ। ਭਵਿੱਖ ਵਿੱਚ ਜਦੋਂ ਨਵੇਂ ਹੁਕਮ ਮਿਲਣਗੇ, ਉਨਾਂ ਦੀ ਤਾਮੀਲ ਵੀ ਬਾਖ਼ੂਬੀ ਕੀਤੀ ਜਾਵੇਗੀ। ਇਨਾਂ ਬੀਬੀਆਂ ਨੂੰ ਹੁਕਮ ਦੇਣ ਵਾਲੇ ਅਧਿਕਾਰੀ ਬਾਰੇ ਵੀ ਕਈ ਪ੍ਰਕਾਰ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਦੇ ਹਵਲਦਾਰ ਨਿਰਮਲ ਸਿੰਘ ਨੂੰ ਸੰਦੀਪ ਕੌਰ ਨਾਜਾਇਜ਼ ਹਿਰਾਸਤ ਵਿੱਚ ਰੱਖਣ ਅਤੇ ਉਸ ਦੀ ਬੇਰਹਿਮੀ ਨਾਲ ਕੁੱਟ-ਮਾਰ ਕਰਨ ਦੇ ਦੋਸ਼ ਵਿੱਚ ਪਹਿਲਾਂ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਅੱਜ ਉਸ ਨੂੰ ਲਾਈਨ ਹਾਜ਼ਰ ਵੀ ਕਰ ਦਿੱਤਾ ਗਿਆ। ਦਰਬਾਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਪ੍ਰਤਾਪ ਸਿੰਘ ਨੇ ਜਾਂਚ ਮੁਕੰਮਲ ਕਰ ਲਈ ਹੈ। ਦਫ਼ਤਰ ਵਿੱਚ ਛੁੱਟੀ ਹੋਣ ਕਾਰਨ ਉਹ ਰਿਪੋਰਟ ਉੱਚ ਅਧਿਕਾਰੀਆਂ ਨੂੰ ਨਹੀਂ ਦੇ ਸਕੇ।

ਪ੍ਰਧਾਨ ਜੀ ਹੀ ਕਰਨਗੇ ਬਣਦੀ ਕਾਰਵਾਈ-ਗਿ. ਗੁਰਬਚਨ ਸਿੰਘ
ਜਲੰਧਰ-ਸੰਦੀਪ ਕੌਰ ਨਾਲ ਵਾਪਰੇ ਦੁਖਾਂਤ ਸੰਬੰਧੀ ਜੱਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਸ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਬਹੁਤ ਥੋੜੀ ਹੈ। ਉਨਾਂ ਕਿਹਾ ਕਿ ਦੋਸ਼ੀ ਬੀਬੀਆਂ ਬਲਵਿੰਦਰ ਕੌਰ ਅਤੇ ਬਲਵੀਰ ਕੌਰ ਵਿਰੁੱਧ ਬਣਦੀ ਕਾਰਵਾਈ ਕਰਨ ਦਾ ਹੱਕ ਸ. ਅਵਤਾਰ ਸਿੰਘ ਮੱਕੜ ਪ੍ਰਧਾਨ ਐੱਸ. ਜੀ. ਪੀ. ਸੀ. ਕੋਲ ਹੈ ਤੇ ਉਹ ਖੁਦ ਹੀ ਸੰਦੀਪ ਨਾਲ ਵਾਪਰੇ ਦੁਖਾਂਤ ਸੰਬੰਧੀ ਜੱਥੇਦਾਰ ਮੱਕੜ ਨਾਲ ਗੱਲ ਕਰਨਗੇ ਅਤੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਲਈ ਕਹਿਣਗੇ। ਪਰ ਜਦੋਂ ਜੱਥੇਦਾਰ ਜੀ ਤੋਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਗਈ ਕਿ ਆਪ ਇਸ ਮਾਮਲੇ 'ਤੇ ਕੀ ਐਕਸ਼ਨ ਲਓਗੇ, ਤਾਂ ਉਨਾਂ ਕਿਹਾ ਕਿ ਇਹ ਕੰਮ ਸ਼੍ਰੋਮਣੀ ਕਮੇਟੀ ਦਾ ਹੈ ਅਤੇ ਇਸ ਦੀ ਜ਼ਿੰਮੇਵਾਰੀ ਐਸ ਜੀ ਪੀ ਸੀ ਦੇ ਪ੍ਰਧਾਨ ਦੀ ਬਣਦੀ ਹੈ। ਉਨਾਂ ਇਹ ਵੀ ਕਿਹਾ ਕਿ ਜਵਾਨ ਕੁੜੀਆਂ ਨੂੰ ਘਰੋਂ ਰੁੱਸ ਕੇ ਬਾਹਰ ਨਹੀਂ ਨਿਕਲਣਾ ਚਾਹੀਦਾ।

ਸੰਦੀਪ ਕੌਰ ਦੇ ਕਾਂਡ ਨੂੰ ਮੀਡੀਆ ਦੇ ਰਿਹਾ ਹੈ ਗ਼ਲਤ ਰੰਗਤ-ਕਿਰਨਜੋਤ ਕੌਰ
ਜੰਡਿਆਲਾ ਮੰਝਕੀ-ਸੰਦੀਪ ਕੌਰ ਨਾਲ ਵਾਪਰੀ ਘਟਨਾ ਸੰਬੰਧੀ ਜਦੋਂ ਕਿਰਨਜੋਤ ਕੌਰ ਮੈਂਬਰ ਐਸ ਜੀ ਪੀ ਸੀ ਤੋਂ ਜਾਣਨਾ ਚਾਹਿਆ, ਤਾਂ ਉਨਾਂ ਕਿਹਾ ਕਿ ਕੁੜੀਆਂ ਅਕਸਰ ਘਰਾਂ ਤੋਂ ਰੁੱਸ ਕੇ ਦਰਬਾਰ ਸਾਹਿਬ ਪਹੁੰਚ ਜਾਂਦੀਆਂ ਹਨ ਅਤੇ ਛੇੜਛਾੜ ਕਰਨ ਵਾਲੇ ਲੋਕ, ਜੋ ਮਾਪਿਆਂ ਦੇ ਨਾਲ ਆਈਆਂ ਧੀਆਂ ਨੂੰ ਵੀ ਤੰਗ ਕਰਦੇ ਹਨ, ਉਹ ਇਕੱਲੀ ਕੁੜੀ ਨੂੰ ਕਿਵੇਂ ਬਖ਼ਸ਼ ਦੇਣਗੇ? ਕਿਰਨਜੋਤ ਕੌਰ ਨੇ ਕਿਹਾ ਕਿ ਸੰਦੀਪ ਕੌਰ ਇਕੱਲੀ ਨਹੀਂ ਸੀ, ਉਸ ਦੇ ਨਾਲ ਇੱਕ ਹੋਰ ਲੜਕੀ ਵੀ ਸੀ, ਜਿਸ ਨੂੰ ਉਸ ਦੇ ਵਾਰਸ ਆ ਕੇ ਲੈ ਗਏ ਸਨ ਅਤੇ ਸੰਦੀਪ ਕੌਰ ਦੇ ਮਾਪੇ ਮੌਕੇ 'ਤੇ ਨਾ ਪਹੁੰਚਣ ਕਾਰਨ ਉਸ ਨੂੰ ਸਰਾਂ ਵਿੱਚ ਰੱਖਿਆ ਗਿਆ ਸੀ। ਦੋਹਾਂ ਸੇਵਾਦਾਰਨੀਆਂ ਬਲਵਿੰਦਰ ਕੌਰ ਅਤੇ ਬਲਵੀਰ ਕੌਰ ਨੂੰ ਦੋਸ਼ੀ ਠਹਿਰਾਏ ਜਾਣ ਦੇ ਸੰਬੰਧ ਵਿੱਚ ਪੁੱਛਿਆ ਤਾਂ ਉਨਾਂ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਪਰ ਮੀਡੀਆ ਇਸ ਖ਼ਬਰ ਨੂੰ ਗ਼ਲਤ ਰੰਗਤ ਦੇ ਰਿਹਾ ਹੈ।

ਮੱਕੜ ਅਤੇ ਭੌਰ ਨੇ ਨਾ ਚੁੱਕੇ ਫ਼ੋਨ
ਜੰਡਿਆਲਾ ਮੰਝਕੀ-ਇਸ ਘਟਨਾ ਸੰਬੰਧੀ ਜਦੋਂ ਅਵਤਾਰ ਸਿੰਘ ਮੱਕੜ ਪ੍ਰਧਾਨ ਐਸ ਜੀ ਪੀ ਸੀ ਤੋਂ ਉਸ ਦੇ ਫ਼ੋਨ 'ਤੇ ਜਾਨਣਾ ਚਾਹਿਆ, ਤਾਂ ਉਨਾਂ ਨੇ ਫ਼ੋਨ ਨਹੀਂ ਚੁੱਕਿਆ। ਪ੍ਰਧਾਨ ਤੋਂ ਬਾਅਦ ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਤੋਂ ਸੰਦੀਪ ਕੌਰ ਨਾਲ ਵਾਪਰੇ ਕਾਂਡ ਅਤੇ ਦੋਸ਼ੀ ਸੇਵਾਦਾਰਨੀਆਂ ਵਿਰੁੱਧ ਕੀਤੀ ਜਾਣ ਵਾਲੀ ਕਾਰਵਾਈ ਸੰਬੰਧੀ ਮੋਬਾਈਲ 'ਤੇ ਸੰਪਰਕ ਕੀਤਾ, ਤਾਂ ਉਨਾਂ ਨੇ ਵੀ ਪੰਜਾਬ ਟਾਈਮਜ਼ ਦਾ ਫ਼ੋਨ ਅਟੈਂਡ ਕਰਨਾ ਮੁਨਾਸਿਬ ਨਹੀਂ ਸਮਝਿਆ। ਹਾਲਾਂ ਕਿ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਇਹ ਕਿਹਾ ਸੀ ਕਿ ਇਸ ਦਾ ਜਵਾਬ ਜੱਥੇਦਾਰ ਅਵਤਾਰ ਸਿੰਘ ਮੱਕੜ ਹੀ ਦੇ ਸਕਦੇ ਹਨ। ਉਕਤ ਦੋਹਾਂ ਆਗੂਆਂ ਨੇ ਫ਼ੋਨ ਕਿਉਂ ਨਹੀਂ ਅਟੈਂਡ ਕੀਤਾ, ਇਸ ਦਾ ਕਾਰਨ ਉਹੀ ਜਾਣਦੇ ਹੋਣਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top