Share on Facebook

Main News Page

ਸਿੱਖ ਲਈ ਗੁਰੂ ਗਿਆਨ ਜਰੂਰੀ ਹੈ, ਜਾਂ ਤੀਰਥ ਇਸ਼ਨਾਨ?: ਸ੍ਰ: ਗੁਰਸੇਵਕ ਸਿੰਘ ‘ਮਦਰੱਸਾ’

28 ਮਈ 2011 ਸਤਨਾਮ ਕੋਰ (ਫ਼ਰੀਦਾਬਾਦ, ਲੁਧਿਆਣਾ)

ਨੌਜਵਾਨ ਵੀਰਾਂ ਵੱਲੋਂ ਸ਼ਹਿਰ ਦੇ ਕੇਂਦਰੀ ਅਸਥਾਨ ਗੁ: ਕਲਗੀਧਰ ਸਿੰਘ ਸਭਾ ਲੁਧਿਆਣਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸਦੀ ਆਰੰਭਤਾ ਸ਼ਬਦ ਕੀਰਤਨ ਦੁਆਰਾ ਕੀਤੀ ਗਈ। ਇਸ ਮੌਕੇ ਗੁਰਸਿੱਖ ਫ਼ੈਮਲੀ ਕਲੱਬ ਰਜਿ. ਲੁਧਿ:, ਗੁਰਮਤਿ ਪ੍ਰਚਾਰ ਕੌਸਲ (ਲੁਧਿ:) ਦੇ ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਨਿਸ਼ਕਾਮ ਤੇ ਕਿਰਤੀ ਵੀਰ ਸ੍ਰ: ਗੁਰਸੇਵਕ ਸਿੰਘ ‘ਮਦਰੱਸਾ’ ਨੇ ਵਿਸ਼ੇਸ ਤੌਰ ਤੇ ਪਹੁੰਚ ਕੇ ਮਲਟੀਮੀਡੀਆ ਤਕਨੀਕ ਰਾਹੀਂ ਗੁਰਮਤਿ ਵੀਚਾਰ ਕਰਦਿਆਂ ਹੋਇਆਂ ਆਖਿਆ, ਕਿ ਮਨੁੱਖ ਨੇ ਗੁਰਬਾਣੀ ਗਿਆਨ ਦੁਆਰਾ ਚੰਗਾ ਜੀਵਨ ਜਿਊਣਾ ਹੈ, ਨਾ ਕਿ ਧਰਮ ਦੇ ਨਾਮ ਤੇ ਤੀਰਥ ਯਾਤਰਾ ਕਰਦਿਆਂ ਧੂੜ, ਧੁੱਪ, ਧੱਕੇ ਖਾਣੇ ਹਨ। ਗੁਰਬਾਣੀ ਹਵਾਲਿਆ ਰਾਹੀਂ ਦੱਸਿਆਂ ਕਿ ਅਸਲ ਤੀਰਥ ਗੁਰਬਾਣੀ ਹੈ, ਜਿਸਨੂੰ ਹਿਰਦੇ ਵਿਚ ਵਸਾ ਕੇ ਕਰਮਕਾਡਾਂ ਅਤੇ ਵਿਕਾਰਾਂ ਦੀ ਮੈਲ ਨੂੰ ਧੋਤਾ ਜਾ ਸਕਦਾ ਹੈ।

ਉਨ੍ਹਾਂ ਦਲੀਲਾਂ ਰਾਹੀਂ ਸੰਗਤਾਂ ਨੂੰ ਦੱਸਿਆ, ਕਿ ਇਤਿਹਾਸ ਦੇ ਨਾਮ ਤੇ ਸੁਣੀ ਪੜੀ ਜਾਣ ਵਾਲੀ ਹਰ ਗੱਲ ਅਤੇ ਸਾਖੀ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਬੋਲਦਿਆਂ ਹੋਇਆ ਆਖਿਆ ਕਿ ਸਿੱਖਾਂ ਦਾ ਪਿਛਲਾ 150 ਤੋਂ 200 ਸਾਲ ਦੇ ਲਗਭਗ ਜੰਗਾਂ-ਯੁੱਧਾਂ ਜੰਗਲਾਂ ਵਿਚ ਅਤੇ ਘੋੜਿਆਂ ਦੀਆਂ ਕਾਠੀਆਂ ਤੇ ਬਤੀਤ ਹੋਣ ਕਾਰਨ, ਉਹ ਆਪਣਾ ਅਣਮੁੱਲਾ ਤੇ ਗੌਰਵਮਈ ਇਤਿਹਾਸ ਨਾ ਸੰਭਾਲ ਸਕੇ। ਸਿੱਖ ਧਰਮ ਦੇ ਦੋਖੀਆਂ ਨੇ ਇਸ ਸਮੇਂ ਦਾ ਪੂਰਾ ਫਾਇਦਾ ਉਠਾਉਦਿਆਂ ਹੋਇਆਂ, ਸਿੱਖ ਧਰਮ ਦੇ ਨਾਮ ਹੇਠ ਬਹੁਤ ਸਾਰਾ ਮਨਘੜਤ ਇਤਿਹਾਸ ਅਤੇ ਸਾਖੀਆਂ ਲਿੱਖ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਪ੍ਰਚਾਰਿਆ ਗਿਆ। ਜਿੰਨਾਂ ਨੂੰ ਅੱਜ ਦੇ ਪ੍ਰਚਾਰਕ, ਰਾਗੀ, ਢਾਡੀ, ਅਖੌਤੀ ਵਿਦਵਾਨ ਗੁਰਬਾਣੀ ਦੀ ਰੋਸ਼ਨੀ ਤੋਂ ਬਿਨਾ ਅੱਖਾਂ ਬੰਦ ਕਰਕੇ, ਪੰਥ ਦੋਖੀਆਂ ਵੱਲੋਂ ਲਿਖੇ ਝੂਠੇ ਮਨਘੜਤ ਇਤਿਹਾਸ ਨੂੰ ਜੋਰਾਂ-ਸ਼ੋਰਾਂ ਨਾਲ ਪ੍ਰਚਾਰ ਰਹੇ ਹਨ। ਇੰਨ੍ਹਾ ਦੀਆਂ ਗੱਲਾਂ ਵਿਚ ਆਕੇ ਸੰਗਤ ਅਤੇ ਨੌਜਵਾਨ ਵੀਰ ਹਰ ਸਾਲ ਲੱਖਾਂ ਰੁਪਏ ਅਖੌਤੀ ਧਾਰਮਿਕ ਯਾਤਰਾ ਤੇ ਖਰਚ ਦਿੰਦੇ ਹਨ।

ਉਨ੍ਹਾਂ ਨੇ ਅੰਤ ਵਿੱਚ ਆਖਿਆ ਕਿ ਇਤਿਹਾਸ ਵਿਅਕਤੀ ਵਿਦਵਾਨਾਂ ਦੁਆਰਾ ਗੁਰੂਆਂ ਅਤੇ ਭਗਤਾਂ ਦੇ ਜੀਵਨ ਕਾਲ ਤੋਂ ਕਾਫੀ ਸਮਾਂ ਬਾਅਦ ਵਿਚ ਲਿਖਿਆ ਗਿਆ ਹੈ। ਪਰ ਗੁਰਬਾਣੀ ਭਗਤਾਂ ਗੁਰੂ-ਸਾਹਿਬਾਨਾਂ ਨੇ ਆਪਣੇ ਹੱਥਾਂ ਨਾਲ ਲਿਖੀ ਹੈ। ਇਸ ਕਰਕੇ ਇਤਿਹਾਸ ਗਲਤ ਵੀ ਹੋ ਸਕਦਾ ਹੈ, ਗੁਰਬਾਣੀ ਗਲਤ ਨਹੀਂ ਹੋ ਸਕਦੀ। ਸਾਨੂੰ ਇਤਿਹਾਸ ਗੁਰਬਾਣੀ ਦੀ ਕਸਵੱਟੀ ਤੇ ਪਰਖ ਲੈਣਾ ਚਾਹੀਦਾ ਹੈ। ਉਪਰੰਤ ਵੀਰਾਂ ਵਲੋਂ ਸ੍ਰ. ਗੁਰਸੇਵਕ ਸਿੰਘ ਜੀ ਨੂੰ ਸਨਮਾਨਤ ਵੀ ਕੀਤਾ ਗਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top