Share on Facebook

Main News Page

ਸੌਦਾ ਸਾਧ ਵਿਰੁਧ 2007 ਵਿੱਚ ਦਰਜ਼ ਹੋਏ ਕੇਸ ’ਤੇ ਕਾਰਵਾਈ ਸ਼ੁਰੂ ਕਰਵਾਉਣ ਲਈ ਅਦਾਲਤ ਵਿੱਚ ਪਾਇਆ ਇਸਤਗਾਸਾ ਕੇਸ

* ਸਿਰਸਾ ਡੇਰਾ ਦੇ ਪ੍ਰਭਾਵ ਹੇਠ ਵੱਡਾ ਵੋਟ ਬੈਂਕ ਹੋਣ ਕਰਕੇ ਸੂਬਾ ਸਰਕਾਰ ਉਸ ਵਿਰੁੱਧ ਨਹੀਂ ਕਰ ਰਹੀ ਕੋਈ ਕਾਰਵਾਈ

* ਜੇ ਅਦਾਲਤ ਵੀ ਆਪਣਾ ਸਹੀ ਰੋਲ ਨਹੀਂ ਨਿਭਾਉਂਦੀ ਤਾਂ ਘੱਟ ਗਿਣਤੀ ਕੌਮਾਂ ਨੂੰ ਕਦੀ ਵੀ ਇਨਸਾਫ਼ ਮਿਲਣ ਦੀ ਕੋਈ ਸੰਭਾਵਨਾ ਨਹੀਂ ਰਹੇਗੀ ਜਿਸ ਨਾਲ ਦੇਸ਼ ਅੰਦਰ ਲਾ-ਕਾਨੂਨੀ ਦੀ ਹਾਲਤ ਬਣੀ ਰਹੇਗੀ ਜਿਹੜੀ ਕਿ ਦੇਸ਼ ਦੇ ਹਿੱਤਾਂ ਵਿੱਚ ਨਹੀਂ ਹੈ: ਨਵਕਿਰਨ ਸਿੰਘ

ਬਠਿੰਡਾ,28 ਮਈ (ਕਿਰਪਾਲ ਸਿੰਘ/ਬੂਟਾ ਸਿੰਘ): ਸਿਰਸਾ ਡੇਰਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ 2007 ਵਿੱਚ ਦਰਜ਼ ਹੋਏ ਕੇਸ ’ਤੇ ਕਾਰਵਾਈ ਕਰਵਾਉਣ ਲਈ ਅੱਜ ਇੱਥੋਂ ਦੇ ਮਾਨਯੋਗ ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਇੱਕ ਹੋਰ ਇਸਤਗਾਸਾ ਕੇਸ ਪਾਇਆ ਗਿਆ। ਇਥੇ ਇਹ ਦੱਸਣ ਯੋਗ ਹੈ ਕਿ ਸਿਰਸਾ ਡੇਰਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਨਕਲ ਕਰਦਿਆਂ ਉਨ੍ਹਾਂ ਵਰਗਾ ਲਿਬਾਸ ਪਹਿਨ ਕੇ ਅੰਮ੍ਰਿਤ ਛਕਾਉਣ ਦੀ ਤਰਜ਼ ’ਤੇ ਆਪਣੇ ਸ਼ਰਧਾਲੂਆਂ ਨੂੰ ਜਾਮ-ਏ-ਇੰਨਸਾਂ ਪਿਲਾਉਣ ਦੀ ਘਟਨਾ ਰਾਹੀਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਲੱਗੀ ਭਾਰੀ ਠੇਸ ਕਾਰਣ ਚੀਫ਼ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬਠਿੰਡਾ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਨੇ ਉਨ੍ਹਾਂ ਵਿਰੁਧ ਥਾਣਾ ਕੌਤਵਾਲੀ ਬਠਿੰਡਾ ਵਿਖੇ ਧਾਰਾ 295ਏ/153ਏ/298ਏ ਆਈਪੀਸੀ ਅਧੀਨ ਐੱਫਆਈਆਰ ਨੰ: 262 ਮਿਤੀ 20-5-2007 ਰਾਹੀਂ ਕੇਸ ਦਰਜ਼ ਕਰਵਾਇਆ ਸੀ ਪਰ ਚਾਰ ਸਾਲ ਦਾ ਲੰਬਾ ਸਮਾ ਲੰਘ ਜਾਣ ਦੇ ਬਾਵਯੂਦ ਅੱਜ ਤੱਕ ਬਠਿੰਡਾ ਪੁਲਿਸ ਵਲੋਂ ਉਸ ਵਿਰੁੱਧ ਅਦਾਲਤ ਵਿੱਚ ਕੋਈ ਚਲਾਨ ਹੀ ਨਹੀਂ ਪੇਸ਼ ਕੀਤਾ ਗਿਆ। ਨਿਯਮਾਂ ਅਧੀਨ ਜੇ ਕਰ ਅਜੇਹੇ ਕੇਸਾਂ ਵਿੱਚ ਤਿੰਨ ਸਾਲ ਦੇ ਅੰਦਰ ਅੰਦਰ ਪੁਲਿਸ ਕਥਿਤ ਮੁਲਜ਼ਮ ਵਿਰੁਧ ਅਦਾਲਤ ਵਿੱਚ ਚਲਾਨ ਪੇਸ਼ ਨਹੀ ਕਰਦੀ ਤਾ ਉਸ ਵਿਰੁਧ ਦਰਜ਼ ਹੋਇਆ ਕੇਸ ਖਾਰਜ ਹੋ ਸਕਦਾ ਹੈ।

ਵਕੀਲ ਨਵਕਿਰਨ ਸਿੰਘ, ਪੰਚ ਪ੍ਰਧਾਨੀ ਦੇ ਆਗੂਆਂ ਨਾਲ, ਬਠਿੰਡਾ ਵਿਖੇ ਪੱਤਰਕਾਰਾਂ ਨੂੰ ਸੌਦਾ ਸਾਧ ਸਬੰਧੀ ਕੇਸ ਦੀ ਜਾਣਕਾਰੀ ਦਿੰਦੇ ਹੋਏ।


ਇਸ ਸੰਭਾਵਨਾ ਨੂੰ ਮੱਦੇਨਜ਼ਰ ਰੱਖਦਿਆਂ ਜਸਪਾਲ ਸਿੰਘ ਮੰਝਪੁਰ ਅਤੇ ਬਾਬਾ ਹਰਦੀਪ ਸਿੰਘ ਗੁਰੂ ਸਰ ਮਹਿਰਾਜ ਵਾਲਿਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਨਵਕਿਰਨ ਸਿੰਘ ਐਡਵੋਕੇਟ, ਜਤਿੰਦਰ ਰਾਏ ਖੱਟਰ ਐਡਵੋਕੇਟ, ਗੁਰਸਿਮਰਨ ਸਿੰਘ ਐਡਵੋਕੇਟ ਅਤੇ ਹਰਪ੍ਰੀਤ ਕੌਰ ਐੇਡਵੋਕੇਟ ਰਾਹੀਂ, ਅੱਜ ਇੱਥੋਂ ਦੇ ਮਾਨਯੋਗ ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਨਵਾਂ ਇਸਤਗਾਸਾ ਕੇਸ ਪਾ ਕੇ ਮੰਗ ਕੀਤੀ ਹੈ ਕਿ ਮੁਲਜ਼ਮ ਵਿਰੁਧ ਕਾਰਵਾਈ ਜਾਰੀ ਰੱਖੀ ਜਾਵੇ ਤੇ ਉਸ ਵਿਰੁੱਧ ਦਰਜ਼ ਹੋਈ ਐਫਆਈਆਰ ਖ਼ਾਰਜ਼ ਨਾ ਕੀਤੀ ਜਾਵੇ।
 

ਕੇਸ ਦਰਜ਼ ਕਰਵਾਉਣ ਉਪ੍ਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਨਵਕਿਰਨ ਸਿੰਘ ਐਡਵੋਕੇਟ ਨੇ ਦੱਸਿਆ ਕਿ ਗੁਰਮੀਤ ਰਾਮ ਰਹੀਮ ਨੇ ਸਿਰਫ ਲਿਬਾਸ ਹੀ ਗੁਰੂ ਗੋਬਿੰਦ ਸਿੰਘ ਜੀ ਵਾਲਾ ਨਹੀਂ ਸੀ ਪਹਿਨਿਆਂ ਸਗੋਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਵਾਂਗ ਸੱਚਾ ਪਾਤਸ਼ਾਹ, ਆਪਣੇ ਪੁੱਤਰਾਂ ਨੂੰ ਸਾਹਿਬਜ਼ਾਦੇ ਆਪਣੀ ਪਤਨੀ ਨੂੰ ਮਾਤਾ ਜੀ ਵੀ ਕਹਿਲਾਉਣਾ ਸ਼ੁਰੂ ਕਰ ਦਿੱਤਾ ਹੈ। ਜਾਮ-ਏ-ਇੰਨਸਾਂ ਪਿਲਾਉਣ ਦਾ ਸਮਾਂ ਵੀ ਅੰਮ੍ਰਿਤ ਛਕਾਉਣ ਦੀ ਘਟਨਾ ਵੈਸਾਖੀ ਵਾਲਾ ਦਿਨ ਹੀ ਚੁਣਿਆ ਗਿਆ। ਇਹ ਸਾਰੀਆਂ ਗੱਲਾਂ ਸਿੱਧ ਕਰਦੀਆਂ ਹਨ ਕਿ ਉਹ ਆਪਣੇ ਆਪ ਨੂੰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਵਜੋਂ ਪੇਸ਼ ਕਰ ਰਿਹਾ ਹੈ ਜਿਹੜਾ ਕਿ ਸਿੱਖ ਧਰਮ ਵਿੱਚ ਕਿਸੇ ਵੀ ਹਾਲਤ ਵਿੱਚ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਗੁਰਮੀਤ ਰਾਮ ਰਹੀਮ ਦੀਆਂ ਇਨ੍ਹਾਂ ਹਰਕਤਾਂ ਕਾਰਨ ਉਸ ਦੇ ਸ਼ਰਧਾਲੂਆਂ ਅਤੇ ਸਿੱਖਾਂ ਵਿੱਚ ਭਾਰੀ ਤਨਾਉ ਬਣਿਆ ਹੋਇਆ ਹੈ ਜਿਸ ਦੇ ਸਿੱਟੇ ਵਜੋਂ ਹੁਣ ਤੱਕ ਤਿੰਨ ਸਿੰਘ ਸ਼ਹੀਦ ਹੋਣ ਤੋਂ ਇਲਵਾ ਦੋਵਾਂ ਪਾਸਿਆਂ ਤੋਂ ਕਾਫੀ ਵਿਅਕਤੀ ਜਖ਼ਮੀ ਤੇ ਜਾਇਦਾਦ ਨੂੰ ਭਾਰੀ ਨੁਕਸਾਨ ਪੁੱਜ ਚੁੱਕਾ ਹੈ, ਤੇ ਹਾਲਾਤ ਹਾਲੀ ਵੀ ਜਿਉਂ ਦੇ ਤਿਉਂ ਬਣੇ ਹੋਏ ਹਨ। ਨਵਕਿਰਨ ਸਿੰਘ ਨੇ ਦੱਸਿਆ ਕਿ ਜਿਸ ਸਮੇਂ ਦਾ ਇਹ ਕੇਸ ਹੈ ਉਸ ਸਮੇਂ ਧਾਰਾ 295ਏ ਅਧੀਨ ਦਰਜ਼ ਹੋਏ ਕੇਸ ਵਿੱਚ ਤਿੰਨ ਸਾਲ ਦੀ ਸਜਾ ਹੋ ਸਕਦੀ ਹੈ। ਬੇਸ਼ੱਕ ਪੰਜਾਬ ਸਰਕਾਰ ਵਲੋਂ ਤਾਜਾ ਕੀਤੀ ਸੋਧ ਅਨੁਸਾਰ ਸਜਾ 10 ਸਾਲ ਤੱਕ ਹੋ ਸਕਦੀ ਹੈ ਤੇ ਦੋਸ਼ੀ ਨੂੰ ਕੋਈ ਜਮਾਨਤ ਵੀ ਨਹੀਂ ਮਿਲ ਸਕਦੀ। ਪਰ ਇਹ ਕੇਸ ਪੁਰਾਣਾ ਹੋਣ ਕਰਕੇ ਇਸ ਕੇਸ ਵਿੱਚ ਸਜਾ ਤਿੰਨ ਸਾਲ ਦੀ ਹੀ ਹੋਵੇਗੀ। ਧਾਰਾ 173 ਸੀਆਰਪੀਸੀ ਅਧੀਨ ਪੁਲਿਸ ਅਦਾਲਤ ’ਚ ਤਿੰਨ ਸਾਲ ਦੇ ਵਿੱਚ ਵਿੱਚ ਦੋਸ਼ੀ ਵਿਰੁਧ ਚਾਰਜ਼ ਸ਼ੀਟ ਦਾਖ਼ਲ ਕਰਨ ਦੀ ਪਾਬੰਦ ਹੈ। ਪਰ ਜੇ ਤਿੰਨ ਸਾਲ ਤੱਕ ਪੁਲਿਸ ਮੁਲਜ਼ਮ ਵਿਰੁੱਧ ਚਲਾਨ ਪੇਸ਼ ਹੀ ਨਹੀਂ ਕਰਦੀ ਤਾਂ ਅਦਾਲਤ ਉਸ ਕੇਸ ਨੂੰ ਖ਼ਾਰਜ਼ ਕਰਨ ਦਾ ਅਧਿਕਾਰ ਰੱਖਦੀ ਹੈ। ਇਸ ਲਈ ਇਹ ਨਵਾਂ ਇਸਤਗਾਸਾ ਕੇਸ ਪਾ ਕੇ ਮਾਨਯੋਗ ਅਦਾਲਤ ਤੋਂ ਮੰਗ ਕੀਤੀ ਹੈ ਕਿ ਧਾਰਾ 473 ਸੀਆਰਪੀਸੀ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਸ ਸਮੇ ਵਿੱਚ ਵਾਧਾ ਕੀਤਾ ਜਾਵੇ ਤੇ ਦੋਸ਼ੀ ਵਿਰੁੱਧ ਕਾਰਵਾਈ ਜਾਰੀ ਰੱਖੀ ਜਾਵੇ।

ਚਾਰ ਸਾਲ ਦੇ ਲੰਬੇ ਸਮੇਂ ਤੱਕ ਬਠਿੰਡਾ ਪੁਲਿਸ ਵਲੋਂ ਦੋਸ਼ੀ ਵਿਰੁੱਧ ਕੋਈ ਕਾਰਵਾਈ ਨਾ ਕੀਤੇ ਜਾਣ ਦਾ ਕਾਰਣ ਦੱਸਦਿਆਂ ਐਡਵੋਕੇਟ ਨਵਕਿਰਨ ਸਿੰਘ ਨੇ ਦੱਸਿਆ ਕਿ ਪੰਜਾਬ ’ਚ ਵੋਟਰਾਂ ਦੇ ਵੱਡੇ ਹਿੱਸੇ ’ਤੇ ਸਿਰਸਾ ਡੇਰਾ ਦਾ ਮੁਖੀ ਆਪਣਾ ਪ੍ਰਭਾਵ ਰੱਖਦਾ ਹੈ ਜਿਸ ਕਾਰਣ ਕੋਈ ਵੀ ਸਿਆਸੀ ਪਾਰਟੀ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਉਸ ਨੂੰ ਨਾਰਾਜ਼ ਨਹੀਂ ਕਰ ਸਕਦੀ। ਇਸੇ ਕਾਰਨ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਨੂੰਹ ਹਰਸਿਮਰਤ ਕੌਰ ਨੂੰ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਜਿਤਾੳਣ ਲਈ ਗੁਰਮੀਤ ਰਾਮ ਰਹੀਮ ਨਾਲ ਅੰਦਰ ਖਾਤੇ ਸਮਝੌਤਾ ਕਰ ਲਿਆ ਕਿ ਉਹ ਆਪਣੇ ਸ਼ਰਧਾਲੂਆਂ ਦੀਆਂ ਵੋਟਾਂ ਹਰਸਿਮਰਤ ਕੌਰ ਨੂੰ ਪਵਾ ਦੇਵੇ ਤਾਂ ਪੁਲਿਸ ਉਸ ਵਿਰੁੱਧ ਦਰਜ਼ ਹੋਏ ਕੇਸ ਦੀ ਕਾਰਵਾਈ ਠੱਪ ਕਰਕੇ ਉਸ ਨੂੰ ਲਾਭ ਪਹੁੰਚਾ ਦੇਵੇਗੀ। ਨਵਕਿਰਨ ਸਿੰਘ ਨੇ ਕਿਹਾ ਕਿ ਜਿਸ ਪੂਰੇ ਮਾਲਵੇ ਵਿੱਚੋਂ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਬਾਦਲ ਬੁਰੀ ਤਰ੍ਹਾਂ ਹਾਰ ਗਿਆ ਸੀ, ਉਸ ਦੇ ਬਠਿੰਡਾ ਹਲਕੇ ਤੋਂ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਦਾ ਵੋਟਾਂ ਦੀ ਵੱਡੀ ਗਿਣਤੀ ਦੇ ਫਰਕ ਨਾਲ ਜਿੱਤ ਜਾਣਾ ਅਤੇ ਚਾਰ ਸਾਲ ਦੇ ਲੰਬੇ ਸਮੇਂ ਤੱਕ ਵੀ ਪੁਲਿਸ ਵਲੋਂ ਗੁਰਮੀਤ ਰਾਮ ਰਹੀਮ ਵਿਰੁਧ ਚਲਾਨ ਪੇਸ਼ ਨਾ ਕਰਨਾ ਸਾਬਤ ਕਰਦਾ ਹੈ ਕਿ ਉਨ੍ਹਾਂ ਵਿਚਕਾਰ ਅੰਦਰਖਾਤੇ ਹੋਏ ਸਮਝੌਤੇ ਦਾ ਲਾਇਆ ਗਿਆ ਦੋਸ਼ ਸਹੀ ਹੈ। ਉਨ੍ਹਾਂ ਕਿਹਾ ਕਿ ਜੇ ਅਦਾਲਤ ਵੀ ਆਪਣਾ ਸਹੀ ਰੋਲ ਨਹੀਂ ਨਿਭਾਉਂਦੀ ਤਾਂ ਘੱਟ ਗਿਣਤੀ ਕੌਮਾਂ ਨੂੰ ਕਦੀ ਵੀ ਇਨਸਾਫ਼ ਮਿਲਣ ਦੀ ਕੋਈ ਸੰਭਾਵਨਾ ਨਹੀਂ ਰਹੇਗੀ ਜਿਸ ਨਾਲ ਦੇਸ਼ ਅੰਦਰ ਲਾ-ਕਾਨੂਨੀ ਦੀ ਹਾਲਤ ਬਣੀ ਰਹੇਗੀ ਜਿਹੜੀ ਕਿ ਦੇਸ਼ ਦੇ ਹਿੱਤਾਂ ਵਿੱਚ ਨਹੀਂ ਹੈ। ਇਸ ਲਈ ਆਪਣੇ ਇਸਤਗਾਸੇ ਵਿੱਚ ਉਨ੍ਹਾਂ ਅਦਾਲਤ ਤੋਂ ਮੰਗ ਕੀਤੀ ਹੈ ਕਿ ਸਿਰਸਾ ਡੇਰਾ ਮੁਖੀ ਵਿਰੁਧ ਦਰਜ਼ ਹੋਇਆ ਕੇਸ ਉਸ ਦੀ ਮੰਗ ਅਨੁਸਾਰ ਖ਼ਾਰਜ਼ ਨਾ ਕੀਤਾ ਜਾਵੇ ਸਗੋਂ ਕਾਰਵਾਈ ਜਾਰੀ ਰੱਖਦਿਆਂ ਸਰਕਾਰ ਅਤੇ ਬਠਿੰਡਾ ਪੁਲਿਸ ਤੋਂ ਪੁੱਛਿਆ ਜਾਵੇ ਕਿ ਇੰਨੇ ਲੰਬੇ ਸਮੇਂ ਦੌਰਨ ਕੋਈ ਕਾਰਵਾਈ ਨਾ ਕਰਕੇ ਕੇਸ ਨੂੰ ਅਣਅਧਿਕਾਰਤ ਤੌਰ ’ਤੇ ਠੱਪ ਕਿਉਂ ਕੀਤਾ ਹੋਇਆ ਹੈ? ਇਹ ਵੀ ਦੱਸਣ ਯੋਗ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਇਸ ਕੇਸ ਵਿੱਚ ਜਮਾਨਤ ਮਿਲ ਜਾਣ ਉਪ੍ਰੰਤ ਉਸ ਨੇ ਪਹਿਲਾਂ ਹੀ ਮਾਨਯੋਗ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਉਸ ਵਿਰੁਧ ਦਰਜ਼ ਕੀਤਾ ਕੇਸ ਖ਼ਾਰਜ਼ ਕੀਤਾ ਜਾਵੇ ਜਿਹੜਾ ਕਿ ਅਦਾਲਤ ਵਲੋਂ 26.9.2008 ਨੂੰ ਡਿਸਮਿਸ ਕਰ ਦਿੱਤਾ ਗਿਆ ਸੀ।

ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਦੀ ਗੈਰ ਹਾਜ਼ਰੀ ਦੌਰਾਨ ਸ਼ਿਕਾਇਤ ਕਰਤਾ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਉਪ੍ਰੰਤ ਡਿਊਟੀ ਮੈਜਿਸਟ੍ਰੇਟ ਨੇ ਕੇਸ ਦੀ ਅਗਲੀ ਸੁਣਵਾਈ ਲਈ 4 ਜੂਨ ਦੀ ਤਰੀਖ ਨਿਸਚਿਤ ਕਰ ਦਿੱਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਨਵਕਿਰਨ ਸਿੰਘ ਐਡਵੋਕੇਟ ਦੇ ਨਾਲ ਸਿਕਾਇਤ ਕਰਤਾ ਜਸਪਾਲ ਸਿੰਘ ਮੰਝਪੁਰ ਜੋ ਖ਼ੁਦ ਵੀ ਕਿੱਤੇ ਵਜੋਂ ਵਕੀਲ ਹਨ ਅਤੇ ਬਾਬਾ ਹਰਦੀਪ ਸਿੰਘ ਗੁਰੂ ਸਰ ਮਹਿਰਾਜ ਵਾਲੇ ਤੋਂ ਇਲਾਵਾ ਸ਼ੋਰਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਰਕਿੰਗ ਕਮਟੀ ਮੈਂਬਰ ਦਰਸ਼ਨ ਸਿੰਘ ਜਗਾ ਰਾਮ ਤੀਰਥ ਅਤੇ ਸੁਰਿੰਦਰ ਸਿੰਘ ਨਥਾਨਾ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top