Share on Facebook

Main News Page

ਹੰਸ ਬਿਰਤੀ ਦਾ ਕੰਮ ਲੈਂਦੇ ਹੋਏ ਵਿਦਵਤਾ ਨੂੰ ਕੌਮ ਵਿੱਚ ਪਈ ਦੁਬਿਧਾ ਅਤੇ ਫੁੱਟ ਦੂਰ ਕਰਨ ਲਈ ਵਰਤਿਆ ਜਾਵੇ, ਨਾ ਕਿ ਦੁਬਿਧਾ ਤੇ ਫੁੱਟ ਵਧਾਉਣ ਲਈ

ਸਿਆਣਿਆਂ ਦਾ ਕਥਨ ਹੈ ਕਿ ਕੋਈ ਕੌਮ ਮਾਰਿਆਂ ਮੁਕਾਈ ਨਹੀਂ ਜਾ ਸਕਦੀ ਪਰ ਜੇ ਕਿਸੇ ਕੌਮ ਨੂੰ ਖ਼ਤਮ ਕਰਨਾ ਹੋਵੇ ਤਾਂ ਉਸ ਦੇ ਇਤਿਹਾਸ ਵਿਚ ਰਲਾਵਟ ਕਰ ਦਿਉ। ਇਸ ਰਲਾਵਟ ਸਦਕਾ ਕੌਮ ਦੇ ਅੰਦਰੂਨੀ ਵਿਵਾਦ ਪੈਦਾ ਹੋਣ ਕਾਰਣ ਫੁੱਟ ਦਾ ਸ਼ਿਕਾਰ ਹੋ ਕੇ ਆਪਸ ਵਿੱਚ ਉਲਝ ਕੇ ਆਪਣੇ ਆਪ ਹੀ ਖ਼ਤਮ ਹੋ ਜਾਵੇਗੀ। ਸਿੱਖ ਕੌਮ ’ਤੇ ਇਹ ਕਥਨ ਪੂਰੀ ਤਰ੍ਹਾਂ ਢੁਕਦਾ ਹੈ। 16ਵੀਂ 17ਵੀ ਸਦੀ ਦੌਰਾਨ ਮੁਗਲ ਸਾਮਰਾਜ ਨੇ ਪੰਚਮ ਪਾਤਸ਼ਾਹ ਗੁਰੂ ਅਰਜੁਨ ਸਾਹਿਬ ਜੀ, ਨੌਵੇਂ ਪਤਾਸ਼ਾਹ ਗੁਰੂ ਤੇਗਬਹਾਦੁਰ ਸਾਹਿਬ ਜੀ, ਚਾਰੇ ਸਹਿਬਜ਼ਾਦੇ, ਬੱਚਿਆਂ ਅਤੇ ਬਜ਼ੁਰਗਾਂ ਸਮੇਤ ਅਨੇਕਾਂ ਸਿੰਘਾਂ ਸਿੰਘਣੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਰ ਸਿਖ ਕੌਮ ਨੂੰ ਖ਼ਤਮ ਕਰਨ ਦੇ ਆਪਣੇ ਨਾਪਾਕ ਇਰਾਦੇ ਪੂਰੇ ਨਾ ਕਰ ਸਕੇ। ਧੰਨ ਉਨ੍ਹਾਂ ਗੁਰਸਿੱਖਾਂ ਦਾ ਜਿਗਰਾ ਕਿ ਇੱਕੇ ਦਿਨ 35000 ਸਿੱਖ ਸ਼ਹੀਦ ਕਰਵਾਉਣ ਪਿਛੋਂ ਵੀ ਉਨ੍ਹਾਂ ਚੜ੍ਹਦੀਕਲਾ ਦਾ ਸਬੂਤ ਦਿੰਦਿਆਂ ਰਹਿਰਾਸ ਦੀ ਅਰਦਾਸ ਦੌਰਾਨ ਰੱਬ ਦਾ ਸ਼ੁਕਰ ਕਰਦਿਆਂ, ਕਿਹਾ ’ਆਪ ਜੀ ਦੀ ਕ੍ਰਿਪਾ ਸਦਕਾ ਜੋ ਖੋਟ ਸੀ ਉਹ ਨਿਕਲ ਗਿਆ ਤੇ ਪਿੱਛੇ ਜੋ ਤੱਤ ਖ਼ਾਲਸਾ ਬਚਿਆ ਇਸ ਨੂੰ ਚੜ੍ਹਦੀ ਕਲਾ ਵਿਚ ਰਖਦਿਆਂ ਸ਼ਹੀਦੀ ਲਈ ਚਾਉ ਪੈਦਾ ਕਰਨਾ ਜੀ’। ਸਿਰਫ ਪੁਰਤਾਨ ਇਤਿਹਾਸ ਹੀ ਨਹੀਂ ਵੀਹਵੀਂ ਸਦੀ ਦੇ ਪਿਛਲੇ ਦਹਾਕਿਆਂ ਦਾ ਵਰਤਾਰਾ ਅਸੀਂ ਪ੍ਰਤੱਖ ਰੂਪ ਵਿੱਚ ਆਪਣੇ ਅੱਖੀਂ ਵੇਖ ਲਿਆ ਹੈ ਕਿ 1978 ਤੋਂ 1993 ਤੱਕ ਸਿੱਖ ਕੌਮ ’ਤੇ ਅਨੇਕਾਂ ਝੱਖੜ ਝੁਲੇ। ਅਨੇਕਾਂ ਸਿੰਘਾਂ ਨੂੰ ਘਰੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਿਲਆਂ ਵਿੱਚ ਸ਼ਹੀਦ ਕੀਤਾ ਗਿਆ, ਥਾਣਿਆਂ ਵਿੱਚ ਅਕਹਿ ਤੇ ਅਸਹਿ ਅਣਮਨੁਖੀ ਤਸੀਹੇ ਦਿੱਤੇ ਗਏ। 1984 ਦੇ ਇੱਕੇ ਸਾਲ ਵਿੱਚ ਨਸਲਕੁਸ਼ੀ ਦੇ ਦੋ ਘੱਲੂਘਾਰੇ ਵਰਤਾਏ ਗਏ, ਜਿਸ ਦੌਰਾਨ ਜਿਉਂਦੇ ਸਿੰਘਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਪੈਟਰੋਲ ਛਿੜਕ ਕੇ ਅੱਗ ਲਾ ਕੇ ਸਾੜੇ ਗਏ ਪਰ ਸਿੱਖੀ ਜਾਹੋ ਜਲਾਲ ਦਿਨੋ ਦਿਨ ਵਧ ਰਿਹਾ ਸੀ। ਲੰਬੇ ਸਮੇਂ ਤੋਂ ਪਤਿਤ ਜਿੰਦਗੀ ਜਿਉਣ ਵਾਲੇ ਨੌਜਵਾਨ ਇਨ੍ਹਾਂ ਦਿਨਾਂ ਵਿੱਚ ਸਿੱਖੀ ਸਰੂਪ ਧਾਰ ਕੇ ਸਿੰਘ ਸਜੇ।

ਸਮੇਂ ਦੇ ਹਾਲਾਤਾਂ ਕਾਰਣ ਸਿੱਖਾਂ ਨੂੰ ਲੰਬਾ ਸਮਾ ਜੰਗਲਾਂ ਵਿੱਚ ਰਹਿਣਾ ਪਿਆ ਜਿਸ ਕਾਰਣ ਉਹ ਆਪਣਾ ਇਤਿਹਾਸ ਆਪ ਲਿਖ ਤੇ ਸੰਭਾਲ ਨਾ ਸਕੇ। ਸਿੱਖ ਧਰਮ ਦੇ ਸਿਧਾਂਤਕ ਪੱਖ ਤੋਂ ਕੱਟੜ ਵਿਰੋਧੀ ਸ਼ੁਰੂ ਤੋਂ ਹੀ ਸਿੱਖ ਕੌਮ ਨੂੰ ਮੁੱਢੋਂ ਖ਼ਤਮ ਕਰਨ ਦੀ ਸਾਜਿਸ਼ ਅਧੀਨ ਸਿੱਖ ਇਤਿਹਾਸ ਅਤੇ ਸਿਧਾਂਤ ਵਿੱਚ ਰਲਾਵਟ ਕਰਨ ’ਚ ਰੁੱਝੇ ਹੋਏ ਹਨ। ਸਿੱਟੇ ਵਜੋਂ ਸਿੱਖਾਂ ਕੋਲ ਇਸ ਸਮੇ ਕੋਈ ਐਸਾ ਇਤਿਹਾਸਕ ਸਰੋਤ ਨਹੀਂ, ਜਿਸ ਨੂੰ ਪੂੁਰੀ ਤਰ੍ਹਾਂ ਪ੍ਰਮਾਣਿਤ ਮੰਨਿਆਂ ਜਾ ਸਕੇ। ਗੁਰਬਾਣੀ ਦੀ ਕਸਵੱਟੀ ’ਤੇ ਪਰਖ ਕੇ ਇਸ ਰਲਾਵਟ ਨੂੰ ਜਦੋਂ ਹੀ ਦੂਰ ਕਰਨ ਦੀ ਕੋਸ਼ਿਸ ਅਰੰਭੀ ਗਈ ਤਾਂ ਕੁਝ ਸੰਪਰਦਾਵਾਂ ਇਸ ਰਲਾਵਟ ਨੂੰ ਹੀ ਸਿਖ ਧਰਮ ਦਾ ਸ਼ੁਧ ਇਤਿਹਾਸ ਤੇ ਸਿਧਾਂਤ ਮੰਨ ਕੇ ਇਸ ਦੇ ਪੱਖ ਵਿੱਚ ਡਟ ਗਈਆਂ ਅਤੇ ਕੁਝ ਕੁ ਆਪਣੇ ਆਪ ਨੂੰ ਜਾਗਰੂਕ ਕਹਾਉਣ ਵਾਲੇ ਵਿਦਵਾਨ ਇਸ ਨੂੰ ਪੂਰਨ ਤੌਰ ’ਤੇ ਰੱਦ ਕਰ ਕੇ ਇਸ ਦੇ ਵਿਰੋਧ ਵਿੱਚ ਖੜ੍ਹ ਜਾਂਦੇ ਹਨ। ਇਸ ਤਰ੍ਹਾਂ ਕੌਮ ਪੂਰੀ ਤਰ੍ਹਾਂ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ। ਸਿੱਖ ਧਰਮ ਵਿੱਚ ਇਸ ਸਮੇਂ ਵਿਵਾਦ ਤੇ ਫੁੱਟ ਪੂਰੇ ਜੋਬਨ ’ਤੇ ਹੈ। ਜਿੱਥੇ ਜਾਗਰੂਕ ਕਹਾਉਣ ਵਾਲੇ ਸਿੱਖ, ਸਿੱਖ ਇਤਿਹਾਸਕ ਸੋਮਿਆਂ ਨੂੰ ਗੁਰਬਾਣੀ ਦੀ ਕਸਵੱਟੀ ’ਤੇ ਪਰਖ ਕੇ ਸੋਧ ਦੇ ਵਿਰੋਧ ਵਿੱਚ ਖੜ੍ਹੇ ਸੰਪ੍ਰਦਾਈਆਂ ਨੂੰ ਆਰਐੱਸਐੱਸ ਦੇ ਏਜੰਟ ਗਰਦਾਨ ਰਹੇ ਹਨ, ਉੱਥੇ ਸੰਪ੍ਰਦਾਈ ਤੇ ਪੁਜਾਰੀ ਜਮਾਤ ਜਾਗਰੂਕ ਸਿੱਖਾਂ ਨੂੰ ਨਾਸਤਕ ਤੇ ਧਰਮ ਵਿਰੋਧੀ ਦੱਸ ਕੇ ਉਨ੍ਹਾਂ ’ਤੇ ਦੋਸ਼ ਲਾ ਰਹੇ ਹਨ ਕਿ ਇਹ ਸਿੱਖ ਧਰਮ ਦੀ ਹਰ ਮਾਣਤਾ ਨੂੰ ਰੱਦ ਕਰਕੇ ਧਰਮ ਨੂੰ ਤਹਿਸ਼ ਨਹਿਸ਼ ਕਰਨ ’ਤੇ ਤੁਲੇ ਹੋਏ ਹਨ। ਬੇਸ਼ੱਕ ਮੈਂ ਇਨ੍ਹਾਂ ਸੰਪ੍ਰਦਾਈ ਭਰਾਵਾਂ ਦੇ ਇਸ ਦੋਸ਼ ਨਾਲ ਸਹਿਮਤ ਨਹੀਂ ਹਾਂ ਪਰ ਜਾਗਰੂਕ ਸਿੱਖਾਂ ਵਿੱਚ ਕੁਝ ਐਸੇ ਵਿਅਕਤੀ ਸ਼ਾਮਲ ਹੋ ਰਹੇ ਹਨ ਜਿਹੜੇ ਕਿ ਆਪਣੀਆਂ ਹੀ ਲਿਖਤਾਂ ਨਾਲ ਸੰਪ੍ਰਦਾਈਆਂ ਦੇ ਇਨ੍ਹਾਂ ਦੋਸ਼ਾਂ ਨੂੰ ਸਹੀ ਸਿੱਧ ਕਰ ਰਹੇ ਹਨ।

ਮਿਸਾਲ ਦੇ ਤੌਰ ’ਤੇ ਇੱਕ ਅਖ਼ਬਾਰ ਦੇ ਸੌਦਾ ਸੰਪਾਦਕ ਜਿਹੜਾ ਕਿ ਆਪਣੇ ਆਪ ਨੂੰ ਜਾਗਰੂਕ ਲਹਿਰ ਦਾ ਬਾਬਾ ਬੋਹੜ ਸਮਝ ਬੈਠਾ ਹੈ, ਨੇ ਬਿਨਾਂ ਕਿਸੇ ਇਤਿਹਾਸਕ ਤੱਥਾਂ ਦੇ ਆਪਣੀਆਂ ਲਿਖਤਾਂ ਵਿੱਚ ਅਜਿਹੀਆਂ ਟਿੱਪਣੀਆਂ ਕਰ ਦਿੱਤੀਆਂ ’ਕਿ ਬਾਬੇ ਨਾਨਕ ਨੇ ਬਾਬੇ ਲਹਿਣੇ ਨੂੰ ਕੋਈ ਗੁਰਗੱਦੀ ਦਿੱਤੀ ਹੀ ਨਹੀਂ, ਉਹ ਪਤਾ ਨਹੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਗੁਰੂ ਕਹਾਉਣ ਵਿੱਚ ਸਫ਼ਲ ਹੋ ਗਏ। ਬਾਬੇ ਨਾਨਕ ਦੀ ਬਾਣੀ ਤੋਂ ਬਿਨਾਂ ਗੁਰੂ ਗੰ੍ਰਥ ਸਾਹਿਬ ਜੀ ਵਿੱਚ ਦਰਜ਼ ਸਾਰੀ ਬਾਣੀ ਆਪਾ ਵਿਰੋਧੀ ਹੋਣ ਕਰਕੇ ਸਿੱਧ ਕਰਦੀ ਹੈ ਕਿ ਇਸ ਵਿੱਚ ਵੱਡੇ ਪੱਧਰ ’ਤੇ ਰਲਾਵਟ ਹੋਈ ਹੈ’। ਅੱਗੇ ਜਾ ਕੇ ਤਾਂ ਉਸ ਨੇ ਹੱਦ ਹੀ ਕਰ ਦਿੱਤੀ ਜਦੋਂ ਉਸ ਨੇ ਇਹ ਦਾਅਵਾ ਕਰ ਦਿੱਤਾ ਕਿ ਬਾਬੇ ਨਾਨਕ ਦੀ ਬਾਣੀ (ਜਿਸ ਨੂੰ ਉਹ ਅਸਲੀ ਮੰਨਦਾ ਸੀ ਉਸ) ਨੂੰ ਸ੍ਰੀ ਚੰਦੀਆਂ ਨੇ ਸਾੜ ਦਿੱਤਾ ਹੈ ਤੇ ਇਸ ਤਰ੍ਹਾਂ ਸਾਡੇ ਪਾਸ ਹੁਣ ਕੁਝ ਵੀ ਐਸਾ ਨਹੀਂ ਬਚਿਆ ਜਿਸ ਨੂੰ ਅਸੀਂ ਅਸਲੀ ਕਹਿ ਸਕੀਏ।

ਬੇਸ਼ੱਕ ਅਕਾਲ ਤਖ਼ਤ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੋਣ ਕਰਕੇ ਅਤੇ ਆਪਣੇ ਸਿਆਸੀ ਮਾਲਕਾਂ ਤੋਂ ਹਦਾਇਤਾਂ ਲੈ ਕੇ ਫੈਸਲੇ ਕਰਨ ਦੀ ਵਜ੍ਹਾ ਕਾਰਣ ਉਨ੍ਹਾਂ ਦੀ ਕਾਰਗੁਜ਼ਾਰੀ’ਤੇ ਭਾਰੀ ਕਿੰਤੂ ਪ੍ਰੰਤੂ ਉਠ ਰਹੇ ਹਨ (ਜਿਹੜੇ ਕਿ ਜਾਇਜ਼ ਵੀ ਹਨ) ਪਰ ਹਾਲੀ ਤੱਕ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਉਸਾਰੇ ਅਕਾਲ ਤਖ਼ਤ ਦੀ ਹੋਂਦ ਤੇ ਸੰਸਥਾ ਤੋ ਕੋਈ ਵੀ ਵਿਦਵਾਨ ਮੁਨਕਰ ਨਹੀਂ ਸੀ। ਪਰ ਇੱਕ ਵਿਦਵਾਨ ਡਾ: ਇਕਬਾਲ ਸਿੰਘ ਢਿੱਲੋਂ ਨੇ ਮਾਰਚ ਮਹੀਨੇ ਵਿੱਚ ਲਿਖੇ ਆਪਣੇ ਲੇਖ ਵਿੱਚ ਨਿਮਨਲਿਖਤ ਟਿੱਪਣੀਆਂ ਦਰਜ਼ ਕਰਕੇ ਇਸ ਨੁੰ ਵੀ ਵਿਵਾਦ ਦੇ ਘੇਰੇ ਵਿੱਚ ਲੈ ਆਏ ਹਨ। ਉਹ ਲਿਖਦੇ ਹਨ:-

ਚੌਪਈ॥ ਤਾ ਤੇ ਇਹ ਠਾ ਤਖ਼ਤ ਸਵਾਰੋ। ਮੇਰੋ ਨਾਮ ਤਾਹਿ ਮੈ ਧਾਰੋ। ਤਖਤ ਅਕਾਲ ਨਾਮੁ ਤਿਹ ਕੀਜੈ।ਤਾਹਿ ਬੈਠਿ ਪਿਤ ਬਦਲਾ ਲੀਜੈ॥358॥ ਮੀਰੀ ਪੀਰੀ ਦੋਊ ਧਾਰੋ। ਧਰਾ ਭਾਰ ਸਭੁ ਦੂਰਿ ਨਿਵਾਰੋ। ਅਸ ਕਹਿ ਪ੍ਰਭ ਭਏ ਅੰਤ੍ਰ ਧਯਾਨਾ। ਤਬ ਸਭ ਮਨ ਮੈ ਬਿਸਮੈ ਠਾਨਾ॥359॥ (ਪੰਨਾ 205)

ਭਗਤ ਸਿੰਘ ਇਮ ਪ੍ਰਸ਼ਨ ਅਲਾਯੋ। ਅਕਾਲ ਤਖਤ ਗੁਰ ਕੈਸ ਬਨਾਯੋ॥3॥ (ਪੰਨਾ 207)

ਦੋਹਰਾ॥ ਕਹਿ ਭਗਵੰਤ ਨਿਜ ਮੋਹਿ ਮੈ ਭੇਦ ਕਛੂ ਨਹਿ ਚੀਨ। ਅਕਾਲ ਤਖ਼ਤ ਯਹ ਨਾਮੁ ਧਰਿ। ਤੋਹਿ ਨਾਮੁ ਨਹਿ ਕੀਨ॥50॥ (ਪੰਨਾ 212)

ਚੌਪਈ॥ ਅਕਾਲ ਤਖਤ ਇਹ ਜਗ ਮੈ ਭਯੋ। ਹੋਇ ਅਖੈ ਜੋ ਇਹ ਠਾਂ ਦਯੋ। ਤਾ ਤੇ ਐਸ ਠਹਰਾਵੋਂ ਰੀਤਾ। ਗੁਰ ਅਰਜਨ ਹਿਤਿ ਦੇਉਂ ਸ-ਪ੍ਰੀਤਾ॥97॥ ... ਦੋਹਰਾ॥ ਪ੍ਰਿਥਮੈ ਪੂਜ ਚੜ੍ਹਾਈਐ ਇਹ ਠਾਂ ਤਖਤ ਅਕਾਲ। ਪਾਛੇ ਸ੍ਰੀ ਦਰਬਾਰ ਜੀ ਰਹੈ ਰੀਤਿ ਤਿਨਿ ਕਾਲ॥99॥ (ਪੰਨਾ 216)

ਦੋਹਰੳ॥ ਸ਼ਾਤਿ ਰੂਪ ਹਵੈ ਮੈ ਰਹੋਂ ਹਰਿਮੰਦਰ ਕੈ ਮਾਹਿ। ਰਜੋ ਰੂਪ ਇਹ ਠਾਂ ਰਹੋਂ ਅਕਾਲ ਤਖਤ ਸੁਖ ਪਾਇ ॥103॥ (ਪੰਨਾ 217)

ਸੋ ਇਨ੍ਹਾਂ ਉਦਾਹਰਣਾਂ ਨੇ ਉਸ ਦਾ ਦੂਸਰਾ ਦਾਅਵਾ ਵੀ ਠੁਸ ਕਰ ਦਿੱਤਾ ਹੈ। 50 ਦਿਨਾਂ ਤੋਂ ਵੱਧ ਚੱਲੀ ਵੀਚਾਰ ਚਰਚਾ ਦੌਰਾਨ ਵਾਰ ਵਾਰ ਮੰਗ ਕੀਤੇ ਜਾਣ ਦੇ ਬਾਵਯੂਦ ਵਿਦਵਾਨ ਡਾਕਟਰ ਢਿੱਲੋਂ ਉਹ ਤੱਥ ਪੇਸ਼ ਨਹੀਂ ਕਰ ਸਕੇ ਜਿਨਾਂ ਦੇ ਅਧਾਰ ’ਤੇ ਉਨ੍ਹਾਂ ਨੇ ਅਕਾਲ ਤਖ਼ਤ ਸਬੰਧੀ ਆਪਣਾ ਉਕਤ ਨਤੀਜਾ ਕੱਢਿਆ ਹੈ।

ਇਹ ਗੱਲ 100% ਮੰਨਣ ਯੋਗ ਹੈ ਕਿ ਗੁਰ ਬਿਲਾਸ ਪਾਤਸ਼ਾਹੀ 6 ਸਮੇਤ ਸਿਖ ਇਤਿਹਾਸ ਦਾ ਕੋਈ ਵੀ ਸੋਮਾ ਦੋਸ਼ ਮੁਕਤ ਨਹੀਂ ਹੈ ਪਰ ਅਸੀਂ ਇਸ ਦੇ ਅਧਾਰ ’ਤੇ ਸਿੱਖ ਧਰਮ ਦੀਆਂ ਗੁਰੂ ਗੰ੍ਰਥ ਸਾਹਿਬ ਸਮੇਤ ਸਮੁੱਚੀਆਂ ਮਾਨਤਾਵਾਂ ਤੇ ਸੰਸਥਾਵਾਂ ਨੂੰ ਰੱਦ ਨਹੀਂ ਕਰਨਾ ਬਲਕਿ ਹੰਸ ਬ੍ਰਿਤੀ ਅਪਣਾ ਕੇ ਵਿਰੋਧੀਆਂ ਵਲੋਂ ਸਾਜਿਸ਼ੀ ਢੰਗ ਨਾਲ ਪਾਏ ਗਏ ਖੋਟ ਨੂੰ ਪਛਾਣ ਕੇ ਬਾਹਰ ਸੁੱਟਣਾ ਹੈ। ਪਰ ਮੌਜੂਦਾ ਦੌਰ ਵਿੱਚ ਜੋ ਢੰਗ ਅਪਣਾਇਆ ਜਾ ਰਿਹਾ ਹੈ ਕਿ ਆਪਣੇ ਧੜੇ ਨਾਲ ਸਬੰਧਤ ਵਿਅਕਤੀ ਨੂੰ ਸਮਝਾਉਣ ਦੀ ਥਾਂ ਉਸ ਦਾ ਪੱਖ ਪੂਰਨ ਤੱਕ ਜਾਂਦੇ ਹਾਂ, ਇਹ ਸਾਬਤ ਕਰ ਰਿਹਾ ਹੈ ਕਿ ਨਵੇਂ ਤੋਂ ਨਵੇਂ ਵਿਵਾਦ ਖੜ੍ਹੇ ਕਰਕੇ ਸਿੱਖ ਧਰਮ ਵਿੱਚ ਵੰਡੀਆਂ ਪਾ ਕੇ ਇਸ ਨੂੰ ਕਮਜੋਰ ਕਰਨ ਲਈ ਅਸੀਂ ਵਿਰੋਧੀਆਂ ਦੀ ਸਾਜਿਸ਼ ਨੂੰ ਸਫਲ ਬਣਾਉਣ ਵਿੱਚ ਪੂਰੀ ਤਰ੍ਹਾਂ ਸਹਾਈ ਹੋ ਰਹੇ ਹਾਂ। ਸਾਨੂੰ ਸਾਰਿਆ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਗੰ੍ਰਥ ਸਾਹਿਬ ਜੀ ਸਾਡੇ ਲਈ ਸਰਬੋਤਮ ਹੈ। ਇਸ ਦੀ ਪ੍ਰਮਾਣਿਕਤਾ ਨੂੰ ਬੇਮਤਲਬ ਹੀ ਵਿਵਾਦ ਦੇ ਘੇਰੇ ਵਿੱਚ ਲਿਆਉਣ ਵਾਲੇ ਜਾਗਰੂਕਤਾ ਨਹੀਂ ਬਲਕਿ ਸਿੱਖੀ ਦਾ ਨੁਕਸਾਨ ਕਰ ਰਹੇ ਹਨ। ਦਰਬਾਰ ਸਾਹਿਬ ਅੰਮ੍ਰਿਤਸਰ ਗੁਰੂ ਗੰ੍ਰਥ ਸਾਹਿਬ ਜੀ ਦੀ ਵੀਚਾਰਧਾਰਾ ਦਾ ਪ੍ਰਚਾਰ ਕਰਨ ਲਈ ਮੁੱਖ ਕੇਂਦਰ ਹੈ ਅਤੇ ਅਕਾਲ ਤਖ਼ਤ ਸਾਹਿਬ ਇਸ ਵੀਚਾਰਧਾਰਾ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਲਈ ਸਿੱਖ ਕੌਮ ਵਲੋਂ ਕੋਈ ਸਾਂਝੀ ਵੀਚਾਰਧਾਰਾ ਕਾਇਮ ਕਰਨ ਲਈ ਕੇਂਦਰੀ ਸਥਾਨ ਹੈ, ਜਿਥੇ ਸਮੁੱਚੀਆਂ ਵੀਚਾਰਧਾਰਕ ਵਖਰੇਵੇਂ ਵਾਲੀਆਂ ਧਿਰਾਂ ਕੌਮੀ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਨਿੱਜੀ ਵਖਰੇਵਿਆਂ ਨੂੰ ਪਾਸੇ ਰੱਖ ਕੇ ਲੋੜ ਅਨੁਸਾਰ ਇਕੱਤਰ ਹੋ ਕੇ ਗੁਰਬਾਣੀ ਅਧਾਰਤ ਸਰਬ ਪ੍ਰਵਾਨਤ ਨੀਤੀ ਘੜਨ ਵਿੱਚ ਸਹਾਇਕ ਹੋ ਸਕਦੇ ਹਨ।

ਅਕਾਲ ਤਖ਼ਤ ਦੇ ਬਿਲਕੁਲ ਸਾਹਮਣੇ ਝੂਲ ਰਹੇ ਦੋ ਕੇਸਰੀ ਨਿਸ਼ਾਨ ਸਾਹਿਬ ਮੀਰੀ ਪੀਰੀ ਦੀਆਂ ਸ਼ਕਤੀਆਂ ਦੇ ਪ੍ਰਤੀਕ ਹਨ, ਜਿਨ੍ਹਾਂ ਦਾ ਭਾਵ ਹੈ ਕਿ ਇਹ ਦੋਵੇਂ ਸ਼ਕਤੀਆਂ ਕਿਸੇ ਦੇ ਅਧੀਨ ਨਹੀਂ ਹਨ ਬਲਕਿ ਸਵੈ-ਸੁਤੰਤਰ ਹਨ। ਸਿੱਖਾਂ ਦੇ ਮੰਨੇ ਪ੍ਰਮੰਨੇ ਵਿਦਵਾਨ ਇਤਿਹਾਸਕਾਰ ਕਵੀ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ, ਪ੍ਰੋ: ਗੰਡਾ ਸਿੰਘ, ਪਿੰ੍ਰ: ਯੋਧ ਸਿੰਘ, ਪ੍ਰੋ: ਤੇਜਾ ਸਿੰਘ, ਭਾਈ ਵੀਰ ਸਿੰਘ,ਭਾਈ ਕਾਹਨ ਸਿੰਘ ਨਾਭਾ, ਪ੍ਰੋ: ਸਾਹਿਬ ਸਿੰਘ ਡੀ.ਲਿਟ. ਪ੍ਰੋ: ਸੁਖਦਿਆਲ ਸਿੰਘ ਆਦਿ ਸਾਰਿਆਂ ਨੇ ਹੀ ਅਕਾਲ ਤਖ਼ਤ ਦੀ ਸੰਸਥਾ ਨੂੰ ਪ੍ਰਵਾਨ ਕੀਤਾ ਹੈ। ਡਾ: ਹਰਜਿੰਦਰ ਸਿੰਘ ਦਿਲਗੀਰ ਨੇ ਵੀ ਅਕਾਲ ਤਖ਼ਤ, ਇਸ ਦੀ ਸੰਸਥਾ ਜਾਂ ਸਿਧਾਂਤ ’ਤੇ ਕੋਈ ਕਿੰਤੂ ਨਹੀਂ ਕੀਤਾ, ਉਨ੍ਹਾਂ ਸਿਰਫ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁੱਦੇ ਅਤੇ ਇਸ ਦੇ ਮੌਜੂਦਾ ਕੰਮਕਾਰ ਦੇ ਢੰਗ ’ਤੇ ਇਤਰਾਜ ਕੀਤਾ ਹੈ ਜੋ ਮੰਨਣਯੋਗ ਵੀ ਹੈ ਪਰ ਇਸ ਨੂੰ ਮਨਮੱਤ ਦੇ ਅੱਡੇ ਦੱਸ ਕੇ ਇਸ ਨੂੰ ਮੁੱਢੋਂ ਰੱਦ ਕਰਨਾ ਸਿੱਖ ਪੰਥ ਦੇ ਹਿੱਤ ਵਿੱਚ ਨਹੀਂ ਹੈ। ਡਾ: ਇਕਬਾਲ ਸਿੰਘ ਆਪਣੇ ਇੱਕ ਲੇਖ ਵਿੱਚ ਖ਼ੁਦ ਵੀ ਮੰਨ ਚੁੱਕੇ ਹਨ ਕਿ ਇਹ ਗੁਰੂ ਅਰਜਨ ਸਹਿਬ ਜੀ ਵਲੋਂ ਚਿਤਵਿਆ ਸੰਕਲਪ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਉਸਾਰਿਆ ਤਖ਼ਤਨੁਮਾ ਥੜ੍ਹਾ ਸੀ। ਇਸ ਦੇ ਬਾਵਯੂਦ ਉਨ੍ਹਾਂ ਵਲੋਂ ਇਹ ਲਿਖਣਾ ਕਿ ’-ਕਈ ਸ਼ੰਕੇ ਖੜ੍ਹੇ ਕਰਦਾ ਹੈ।

ਕਈ ਵਿਸ਼ਿਆਂ ’ਤੇ ਵੀਚਾਰਧਾਰਕ ਤੌਰ ’ਤੇ ਬੇਸ਼ੱਕ ਭਾਈ ਗੁਰਪ੍ਰੀਤ ਸਿੰਘ ਕੈਲੇਫ਼ੋਰਨੀਆਂ ਨਾਲ ਮੇਰੇ ਭਾਰੀ ਮੱਤਭੇਦ ਹਨ ਪਰ ਮੈਂ ਉਨ੍ਹਾਂ ਦੀ ਇਸ ਗੱਲੋਂ ਕਦਰ ਕਰਦਾ ਹਾਂ ਕਿ ਜਿਸ ਸਮੇਂ ਗੁਰੂ ਗੰ੍ਰਥ ਸਾਹਿਬ ਜੀ ਦੀ ਪ੍ਰਮਾਣਿਕਤਾ ਦੀ ਗੱਲ ਆਈ ਤਾ ਉਨ੍ਹਾਂ ਆਪਣੇ ਵਿਦਿਆਦਾਤਾ ਧਰਮ ਸਿੰਘ ਨਿਹੰਗ ਨਾਲੋਂ ਨਾਤਾ ਤੋੜਨ ਵਿੱਚ ਕੋਈ ਢਿੱਲ ਨਹੀਂ ਕੀਤੀ। ਇਸੇ ਤਰ੍ਹਾਂ ਬਾਕੀਆਂ ਨੂੰ ਵੀ ਕੁਝ ਯਾਰਡਸਟਿੱਕ ਤਹਿ ਕਰ ਲੈਣੀ ਚਾਹੀਦੀ ਹੈ ਕਿ ਜੇ ਕੋਈ ਗੁਰੂ ਗੰ੍ਰਥ ਸਾਹਿਬ ਜੀ, ਦੀ ਸਰਬਉੱਚਤਾ ਤੇ ਪ੍ਰਮਾਣਿਕਤਾ ਨੂੰ ਸ਼ੱਕੀ ਬਣਾਉਂਦਾ ਹੈ, ਗੁਰੂ ਸਾਹਿਬ ਵਲੋਂ ਆਪਣੇ ਹੱਥੀਂ ਉਸਾਰੇ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਬੰਧੀ ਅਣਲੋੜੀਂਦੇ ਵਿਵਾਦ ਖੜ੍ਹੇ ਕਰਦਾ ਹੈ, ਤਾਂ ਉਸ ਦਾ ਧੜੇਬਾਜ਼ੀ ਤੋਂ ਉੱਪਰ ਉੱਠ ਕੇ ਮਿਲ ਕੇ ਵਿਰੋਧ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਏਕਤਾ ਲਈ ਸਭ ਤੋਂ ਵੱਡੀ ਸ਼ਰਤ ਇਹ ਹੋਣੀ ਚਾਹੀਦੀ ਹੈ ਕਿ ਗੁਰੂ ਪਦ ਦੇ ਅਧਿਕਾਰੀ ਕੇਵਲ ਤੇ ਕੇਵਲ ਗੁਰੂ ਗੰ੍ਰਥ ਸਾਹਿਬ ਜੀ ਹਨ ਸੋ ਇਸ ਦੇ ਬਰਾਬਰ ਕਿਸੇ ਵੀ ਹੋਰ ਗੰ੍ਰਥ ਬੇਸ਼ੱਕ ਉਹ ਦਸਮ ਗੰ੍ਰਥ ਹੀ ਕਿਉਂ ਨਾ ਹੋਵੇ, ਉਸ ਦਾ ਵਿਰੋਧ ਹੋਣਾ ਚਾਹੀਦਾ ਹੈ। ਅਕਾਲ ਤਖ਼ਤ ਦੇ ਜਥੇਦਾਰਾਂ ਦੀ ਕਾਰਜ਼ਸ਼ੈਲੀ, ਨਿਯੁਕਤੀ,ਬਰਖਾਸਤਗੀ, ਕਾਰਜ਼ ਖੇਤਰ ਤਹਿ ਕਰਨ ਦੀ ਵੀ ਭਾਰੀ ਲੋੜ ਹੈ। ਪਿਛਲੇ ਕੁਝ ਦਹਾਕਿਆਂ ਤੋਂ ਜਥੇਦਾਰਾਂ ਵਲੋਂ ਅਣਅਧਿਕਾਰਤ ਤੌਰ’ਤੇ ਨਿਭਾਈ ਜਾ ਰਹੀ ਭੁਮਿਕਾ ਹੀ ਅਕਾਲ ਤਖ਼ਤ ਵਿਰੁਧ ਉਠ ਰਹੀਆਂ ਵਿਰੋਧੀ ਸੁਰਾਂ ਲਈ ਮੁਖ ਜਿੰਮੇਵਾਰ ਹੈ। ਇਸ ਲਈ ਇਹ ਫੌਰੀ ਤੌਰ ’ਤੇ ਧਿਆਨ ਦੀ ਮੰਗ ਕਰਦੇ ਹਨ। ਬਾਕੀ ਦੇ ਮਸਲੇ ਅਕਾਲ ਤਖ਼ਤ ’ਤੇ ਮਿਲ ਬੈਠ ਕੇ ਗੁਰੂ ਗੰ੍ਰਥ ਸਾਹਿਬ ਜੀ ਤੋਂ ਅਗਵਾਈ ਲੈ ਕੇ ਹੱਲ ਕਰਨ ਲਈ ਯਤਨ ਕਰਨੇ ਚਾਹੀਦੇ ਹਨ।ਵਿਦਵਤਾ ਤੋਂ ਹੰਸ ਵਿਰਤੀ ਦਾ ਕੰਮ ਲੈਂਦੇ ਹੋਏ ਇਸ ਨੂੰ ਕੌਮ ਵਿੱਚ ਪਈ ਦੁਬਿਧਾ ਅਤੇ ਫੁੱਟ ਦੂਰ ਕਰਨ ਲਈ ਵਰਤਿਆ ਜਾਵੇ ਨਾ ਕਿ ਆਪਣੀ ਵਿਦਵਤਾ ਦਾ ਝੰਡਾ ਲਹਿਰਾਉਂਦੇ ਹੋਏ ਹਰ ਮਾਣਤਾ ਨੂੰ ਰੱਦ ਕਰਦੀਆਂ ਟਿੱਪਣੀਆਂ ਕਰਕੇ ਦੁਬਿਧਾ ਤੇ ਫੁੱਟ ਵਧਾਉਣ ਲਈ।

ਕਿਰਪਾਲ ਸਿੰਘ ਬਠਿੰਡਾ
98554 80797


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top