Share on Facebook

Main News Page

ਜੇ ਮੈਂ ਦੁਸ਼ਮਣੀ ਕੱਢਣੀ ਹੁੰਦੀ ਤਾਂ ਉਹ ਵੀਡੀਓ ਇੰਟਨੈੱਟ’ਤੇ ਪਾ ਦੇਣੀ ਸੀ ਜਿਸ ਵਿਚ ਹਰੀ ਸਿੰਘ ਰੰਧਾਵੇ ਵਾਲਾ. ਸੰਤ ਗੁਰਬਚਨ ਸਿੰਘ ਦਾ ਪੋਤਰਾ ਸੰਤ ਅਵਤਾਰ ਸਿੰਘ ਸਾਰੇ ਹੀ ਲਪੇਟੇ ਜਾਣੇ ਸਨ: ਦਲਜੀਤ ਸਿੰਘ ਨਿਰਮਲਾ

* ਬਲਵੀਰ ਸਿੰਘ ਟਕਸਾਲੀ ਨੇ ਆਪਣੇ ਕੁਕਰਮ ਢਕਣ ਲਈ, ਮੇਰੀ ਹਵਨ ਕਰਦੇ ਦੀ ਵੀਡੀਓ ਇੰਟਰਨੈੱਟ’ਤੇ ਪਾਈ: ਦਲਜੀਤ ਸਿੰਘ ਨਿਰਮਲਾ
* ਜੇ ਕੋਈ ਹਵਨ ਕਰਵਾਉਂਦਾ ਹੈ ਤਾਂ ਕਿਸੇ ਧਰਮ ਪ੍ਰਚਾਰਕ ਨੂੰ ਇਹ ਕੋਈ ਹੱਕ ਨਹੀਂ ਮਿਲ ਜਾਂਦਾ ਕਿ ਉਹ ਹਵਨ ਕਰਵਾਉਣ ਵਾਲੇ ਵਿਅਕਤੀ ਦੀਆਂ ਧੀਆਂ ਭੇੈਣਾ ਦੀ ਬੇਪਤੀ ਕਰ ਸਕੇ: ਦਲਜੀਤ ਸਿੰਘ ਨਿਰਮਲਾ
* ਅੱਜ ਦੀ ਗੱਲਬਾਤ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਟਕਸਾਲੀ ਸਿੱਖੀ ਦਾ ਕੋਈ ਪਰਚਾਰ ਨਹੀਂ ਸਗੋਂ ਨੁਕਸਾਨ ਕਰ ਰਹੇ ਹਨ: ਜਤਿੰਦਰ ਸਿੰਘ
* ਸਿੱਖੀ ਭੇਖ ਵਾਲੇ ਇਹ ਲੋਕ ਸਿੱਖੀ ਨਾਲ ਦੁਸ਼ਮਣੀ ਕੱਢ ਰਹੇ ਹਨ: ਦਲਜੀਤ ਸਿੰਘ ਇੰਡੀਆਨਾ
* ਇਹ ਨਿਰਮਲਾ ਸਿੱਖਾਂ ਅਤੇ ਖ਼ਾਲਿਸਤਾਨੀਆਂ ਨੂੰ ਬਦਨਾਮ ਕਰਨ ਰਿਹਾ ਹੈ ਇਸ ਨੇ ਪੁਲਿਸ ਪਾਸ ਰੀਪੋਰਟ ਦਰਜ਼ ਕਿਉਂ ਨਹੀਂ ਕਰਵਾਈ: ਤਰਲੋਚਨ ਸਿੰਘ ਟਰਾਂਟੋ

ਬਠਿੰਡਾ, 21 ਮਈ (ਕਿਰਪਾਲ ਸਿੰਘ): ਪਿਛਲੇ ਐਤਵਾਰ ਸ਼ੇਰੇ ਪੰਜਾਬ ਰੇਡੀਓ ਕਨੇਡਾ ’ਤੇ ਦਿਲਾਂ ਦੀ ਸਾਂਝ ਪ੍ਰੋਗਰਾਮ ਵਿੱਚ ਹੋਈ ਲਾਈਵ ਟਾਕ ਸ਼ੋ ਦੌਰਾਨ ਦਲਜੀਤ ਸਿੰਘ ਨਿਰਮਲਾ ਨੇ ਮੰਨਿਆ ਕਿ ਪਾਈ ਗਈ ਵੀਡੀਓ ਉਸ ਦੇ ਘਰ ਵਿੱਚ ਹੋਏ ਪ੍ਰੋਗਾਮ ਦੌਰਨ ਕੀਤੇ ਗਏ ਹਵਨ ਦੀ ਹੈ ਜਿਹੜਾ ਕਿ ਸਿੱਖ ਧਰਮ ਦੇ ਸਿਧਾਂਤ ਦੇ ਵਿਰੁੱਧ ਹੈ।ਉਨ੍ਹਾਂ ਸਨਸ਼ਨੀਖੇਜ਼ ਖ਼ੁਲਾਸਾ ਕਰਦਿਆਂ ਇਹ ਭੇਦ ਖੋਲ੍ਹਿਆ ਕਿ ਇਹ ਵੀਡੀਓ ਬਲਵੀਰ ਸਿੰਘ ਟਕਾਸਲੀ ਨੇ ਆਪਣੇ ਕੁਕਰਮ ਢਕਣ ਲਈ ਮੈਨੂੰ ਇਹ ਦੱਸ ਕੇ ਪਾਈ ਹੈ, ਕਿ ਉਸ ਵਿਰੁਧ ਅਦਾਲਤ ਵਿੱਚ ਚੱਲ ਰਿਹਾ ਕੇਸ ਵਾਪਸ ਲਵਾਂ ਨਹੀਂ ਤਾਂ ਇਹ ਵੀਡੀਓ ਪਾ ਕੇ ਤੁਹਾਨੂੰ ਬਦਨਾਮ ਕੀਤਾ ਜਾਵੇਗਾ।

ਦਲਜੀਤ ਸਿੰਘ ਨੇ ਦੱਸਿਆ ਕਿ ਉਹ (ਨਿਰਮਲਾ) ਜਲੰਧਰ ਜਿਲ੍ਹੇ ਦੇ ਪਿੰਡ ਬੁੰਡਾਲਾ ਦਾ ਜੰਮਪਲ ਹੈ ਜਿਹੜਾ ਕਿ ਕਾਮਰੇਡ ਹਰਿਕ੍ਰਿਸ਼ਨ ਸਿੰਘ ਸੁਰਜੀਤ ਦਾ ਪਿੰਡ ਹੋਣ ਕਾਰਣ ਤਕਰੀਬਨ ਸਾਰਾ ਇਲਾਕਾ ਹੀ ਕਮਿਉਨਿਸਟ ਵੀਚਾਰਧਾਰਾ ਦਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਇਕ ਨਿਰਮਲੇ ਸੰਤ ਦਲੇਲ ਸਿੰਘ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਿਆ ਕਰਦੇ ਸਨ ਜਿਸ ਤੋਂ ਪ੍ਰਭਾਵਤ ਹੋ ਕੇ ਉਹ ਉਨ੍ਹਾਂ ਦਾ ਸੇਵਕ ਬਣ ਗਿਆ। 1984 ਦੀਆਂ ਘਟਨਾਵਾਂ ਦਾ ਆਮ ਸਿਖਾਂ ਸਮੇਤ ਉਨ੍ਹਾਂ ਦੇ ਮਨ ’ਤੇ ਵੀ ਗਹਿਰਾ ਪ੍ਰਭਾਵ ਪਿਆ ਤੇ ਉਨ੍ਹਾਂ ਦਮਦਮੀ ਟਕਾਸਲ ਤੋਂ ਅੰਮ੍ਰਿਤ ਛਕ ਲਿਆ ਤੇ 1988 ਵਿੱਚ ਇੰਗਲੈਂਡ ਆ ਗਿਆ। 1984 ਦੀਆਂ ਘਟਨਾਵਾਂ ਕਾਰਣ ਸਾਰੇ ਸਿਖਾਂ ਦੀਆਂ ਭਾਵਨਾਵਾਂ ਸੰਤ ਜਰਨੈਲ ਸਿੰਘ ਤੇ ਦਮਦਮੀ ਟਕਸਾਲ ਨਾਲ ਜੁੜੀਆਂ ਸਨ। ਬਾਬਾ ਠਾਕੁਰ ਸਿੰਘ ਸਮੇਤ ਟਕਸਾਲ ਦੇ ਸਾਰੇ ਹੀ ਮਹਾਂਪੁਰਸ਼ ਤੇ ਸਿੱਖ ਪ੍ਰਚਾਰਕ ਇੰਗਲੈਂਡ ਦੀ ਫੇਰੀ ਦੌਰਨ ਉਨ੍ਹਾਂ (ਨਿਰਮਲੇ) ਦੇ ਘਰ ਹੀ ਠਹਿਰਿਆ ਕਰਦੇ ਸਨ। ਬਲਵੀਰ ਸਿੰਘ ਪਹਿਲੀ ਵਾਰ 2001 ਵਿੱਚ ਇੰਗਲੈਂਡ ਆਇਆ ਸੀ ਤੇ ਬਾਬਾ ਠਕੁਰ ਸਿੰਘ ਨੇ ਹੀ ਉਨ੍ਹਾਂ ਨਾਲ ਜਾਣ ਪਚਾਣ ਕਰਵਾਈ ਸੀ ਕਿ ਇਹ ਟਕਸਾਲ ਦਾ ਪ੍ਰਚਾਰਕ ਹੈ। ਇਸ ਕਾਰਣ ਉਸ ਦੀ ਸੇਵਾ ਤੇ ਸਤਿਕਾਰ ਕਰਦੇ ਸਨ ਤੇ ਉਨ੍ਹਾਂ ਨੂੰ ਗੁਰੂ ਹਰਿਗੋਬਿੰਦ ਗੁਰਦੁਆਰੇ ਵਿੱਚ ਗੰ੍ਰਥੀ ਰਖਵਾਇਆ। ਉਸ ਦਾ ਸਾਡੇ ਘਰ ਵਿੱਚ ਕਾਫੀ ਆਉਣਾ ਜਾਣਾ ਸੀ ਤੇ ਮੈਂ ਕੰਮ ਕਾਜੀ ਕ੍ਰਿਤੀ ਹੋਣ ਕਰਕੇ ਫੈਕਟਰੀ ਵਿੱਚ ਆਪਣੇ ਕੰਮ’ਤੇ ਚਲਾ ਜਾਂਦਾ ਸੀ ਇਸ ਲਈ ਪਿੱਛੋਂ ਉਹ ਮੇਰੀ ਪਤਨੀ ਜਿਹੜੀ ਕਿ ਉਮਰ ਪੱਖੋਂ ਉਸ ਦੀਆਂ ਧੀਆਂ ਸਮਾਨ ਸੀ ’ਤੇ ਬੁਰੀ ਨਜ਼ਰ ਰੱਖਣ ਲੱਗ ਪਿਆ, ਤੇ ਇੱਕ ਵਾਰੀ ਉਸ ਦੀ ਇੱਜ਼ਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਿਸ ਦਾ ਮੇਰੀ ਪਤਨੀ ਨੇ ਵਿਰੋਧ ਕੀਤਾ।

ਬਲਵੀਰ ਸਿੰਘ ਟਕਸਾਲੀ ਨੇ ਉਸ ਨੂੰ ਡਰਾਵਾ ਦਿੱਤਾ ਕਿ ਜੇ ਉਸ ਨੇ ਰੌਲਾ ਪਾਇਆ ਤਾਂ ਉਹ ਉਸ ਦਾ ਤਲਾਕ ਕਰਵਾ ਦੇਵੇਗਾ ਤੇ ਇੱਥੇ ਰਹਿਣ ਜੋਗੀ ਨਹੀਂ ਛੱਡੇਗਾ। ਇੱਕ ਘਰੇਲੂ ਔਰਤ ਹੋਣ ਕਰਕੇ ਉਹ ਡਰ ਗਈ ਤੇ ਸਾਰੀ ਗੱਲ ਆਪਣੀ ਸੱਸ (ਯਾਨੀ ਕਿ ਮੇਰੀ ਮਾਤਾ) ਨੂੰ ਦੱਸੀ। ਜਿਸ ਤਰ੍ਹਾਂ ਬਜੁਰਗ ਔਰਤਾਂ ਦੀ ਆਦਤ ਹੁੰਦੀ ਹੈ ਕਿ ਜੇ ਰੌਲਾ ਪਾਇਆ ਤਾਂ ਲੋਕਾਂ ਨੇ ਸਾਨੂੰ ਹੀ ਕਹਿਣਾ ਹੈ ਕਿ ਜੇ ਅਸੀਂ ਹੀ ਉਸ ਨੂੰ ਘਰ ਆਉਣ ਦੀ ਖੁਲ੍ਹ ਦਿੱਤੀ ਤਾਂ ਹੀ ਉਸ ਨੂੰ ਮੌਕਾ ਮਿਲਿਆ, ਇਸ ਲਈ ਆਪਣੇ ਪ੍ਰੀਵਾਰ ਦੀ ਇੱਜਤ ਦਾ ਖ਼ਿਆਲ ਰੱਖਦੇ ਹੋਏ ਉਹ ਚੁੱਪ ਰਹੀ। ਪਰ ਬਲਵੀਰ ਸਿੰਘ ਫਿਰ ਵੀ ਬਾਜ਼ ਨਾ ਆਇਆ ਤਾਂ ਮੇਰੀ ਮਾਤਾ ਨੇ ਇਹ ਗੱਲ ਮੇਰੇ ਧਿਆਨ ਵਿੱਚ ਲਿਆਂਦੀ। ਜਦ ਮੈਂ ਬਲਵੀਰ ਸਿੰਘ ਨੂੰ ਪੁੱਛਿਆ ਤਾਂ ਉਸ ਨੇ ਸ਼ਰਮ ਨਾਲ ਗੋਡਿਆਂ ਵਿੱਚ ਸਿਰ ਦੇ ਲਿਆ ਤੇ ਕਹਿਣ ਲੱਗਾ ਮੈਂ ਬਾਅਦ ਵਿੱਚ ਗੱਲ ਕਰਾਂਗਾ। 2006 ਵਿੱਚ ਜਦੋਂ ਇਹ ਪੱਕਾ ਹੋ ਗਿਆ ਤਾਂ ਇੱਕ ਦਿਨ ਜਦੋਂ ਮੈਂ ਆਪਣੀ ਪਤਨੀ ਨਾਲ ਸੜਕ ’ਤੇ ਬਾਹਰ ਜਾ ਰਹੇ ਸੀ ਤਾਂ ਇਸ ਨੇ ਸਾਨੂੰ ਡਰਾ ਕੇ ਚੁੱਪ ਕਰਵਾਉਣ ਲਈ ਸਾਡੇ ’ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਮੇਰੀ ਪਤਨੀ ਜਖ਼ਮੀ ਹੋ ਗਈ। ਅਸੀਂ ਉਸ ਦੀ ਰੀਪੋਰਟ ਥਾਣੇ ਵਿੱਚ ਦਰਜ਼ ਕਰਵਾਈ ਜਿਸ ਦੀਆਂ ਖ਼ਬਰਾਂ ਇੰਟਰਨੈੱਟ ਤੇ ਪਈਆਂ। ਦਲਜੀਤ ਸਿੰਘ ਨਿਰਮਲਾ ਨੇ ਦੱਸਿਆ ਕਿ ਉਸ ਨੇ ਇਹ ਸਾਰੀ ਗੱਲ ਕੁਝ ਖ਼ਾਲਸਥਾਨੀਆਂ ਦੇ ਧਿਆਨ ਵਿੱਚ ਲਿਆਂਦੀ ਪਰ ਕਿਸੇ ਨੇ ਵੀ ਮੇਰੀ ਮੱਦਦ ਨਹੀਂ ਕੀਤੀ ਬਲਕਿ ਅੰਦਰਖਾਤੇ ਬਲਵੀਰ ਸਿੰਘ ਦੀ ਮੱਦਦ ਕਰਦੇ ਰਹੇ।

ਉਸ ਨੇ ਕਿਹਾ ਕਿ ਮੈਂ ਹਵਨ 2006-07 ਵਿੱਚ ਕਰਵਾਇਆ ਸੀ। ਜੇ ਇਨ੍ਹਾਂ ਨੂੰ ਮੇਰੇ ਹਵਨ ਕਰਨ ਅਤੇ ਆਰਐੱਸਐੱਸ ਨਾਲ ਸਬੰਧਤ ਹੋਣ ’ਤੇ ਇਤਰਾਜ ਸੀ ਤਾਂ ਇਹ ਵੀਡੀਓ ਉਸ ਸਮੇਂ ਹੀ ਇੰਟਰਨੈੱਟ ਤੇ ਪਾਉਂਦੇ, 4 ਸਾਲਾਂ ਪਿੱਛੋਂ ਹੁਣ ਪਾਉਣ ਦਾ ਕਾਰਣ ਇਹੀ ਹੈ ਕਿ ਉਹ ਮੈਨੂੰ ਬਲੈਕਮੇਲ ਕਰ ਰਿਹਾ ਸੀ ਕਿ ਜੇ ਮੈਂ ਉਸ ਵਿਰੁੱਧ ਚੱਲ ਰਿਹਾ ਕੇਸ ਵਾਪਸ ਨਾ ਲਿਆ ਤਾਂ ਉਸ ਦੀ ਇਹ ਵੀਡੀਓ ਨੈੱਟ ’ਤੇ ਪਾ ਕੇ ਮੈਨੂੰ ਬਦਨਾਮ ਕਰ ਦੇਵੇਗਾ। ਦਲਜੀਤ ਸਿੰਘ ਨਿਰਮਲੇ ਨੇ ਕਿਹਾ ਮੈਂ ਮੰਨਦਾ ਹਾਂ ਕਿ ਇੱਕ ਅੰਮ੍ਰਿਤਧਾਰੀ ਸਿੱਖ ਲਈ ਹਵਨ ਕਰਨਾ ਗਲਤ ਹੈ ਪਰ ਜੇ ਕੋਈ ਹਵਨ ਕਰਦਾ ਜਾਂ ਕਰਵਾਉਂਦਾ ਹੈ ਤਾਂ ਕਿਸੇ ਪ੍ਰਚਾਰਕ ਨੂੰ ਇਹ ਹੱਕ ਨਹੀਂ ਮਿਲ ਜਾਂਦਾ ਕਿ ਉਸ ਵਿਅਕਤੀ ਦੀਆਂ ਧੀਆਂ ਭੈਣਾ ਦੀ ਇੱਜਤ ਨੂੰ ਹੱਥ ਪਾਏ। ਇਸ ਲਈ ਇਸ ਵੀਡੀਓ ਦਾ ਉਸ ਕੇਸ ਨਾਲ ਕੋਈ ਸਬੰਧ ਨਹੀਂ ਹੈ ਇਹ ਸਿਰਫ ਉਸ ਨੇ ਆਪਣੇ ਕੁਕਰਮ ਢਕਣ ਲਈ ਪਾਈ ਹੈ।

ਲੰਡਨ ਤੋਂ ਇੱਕ ਕਾਲਰ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਘਟਨਾਕ੍ਰਮ ਨੇ ਸਿੱਧ ਕਰ ਦਿੱਤਾ ਹੈ ਕਿ ਦਮਦਮੀ ਟਕਸਾਲ ਸਿੱਖੀ ਦਾ ਪ੍ਰਚਾਰ ਨਹੀਂ ਕਰ ਰਹੀ ਬਲਕਿ ਸਿੱਖੀ ਭੇਸ ਵਿੱਚ ਸਿੱਖੀ ਦਾ ਨੁਕਸਾਨ ਕਰ ਰਹੀ ਹੈ। ਉਸ ਨੇ ਇਕ ਪੁਰਾਣੀ ਘਟਨਾ ਦਾ ਹਵਾਲਾ ਦਿੱਤਾ ਕਿ ਇਨ੍ਹਾਂ ਦਾ ਇੱਕ ਪ੍ਰਚਾਰਕ ਕੰਵਲਜੀਤ ਸਿੰਘ ਗੁਰਮਤਿ ਦਾ ਕੈਂਪ ਲਾਉਂਦਾ ਸੀ। ਉੱਥੇ ਉਸ ਨੇ ਬੱਚਿਆਂ ਨੂੰ ਪੁਠੀਆਂ ਹੀ ਮੱਤਾਂ ਦੇ ਕੇ ਸਭ ਉਲਟਾ ਪੁਲਟਾ ਹੀ ਕਰ ਦਿੱਤਾ। ਜਿਹੜੇ ਬੱਚੇ 10-10 ਸਾਲ ਤੋਂ ਆਪਣੇ ਪਿਉ ਦਾਦਿਆਂ ਨਾਲ ਰਹਿ ਕੇ ਸਿੱਖੀ ਸਰੂਪ ਵਿੱਚ ਕਾਇਮ ਸਨ ਉਹ ਘਰ ਆ ਕੇ ਕਹਿਣ ਲੱਗੇ ਕਿ ਤੁਸੀਂ ਹੁਣ ਤੱਕ ਸਾਨੂੰ ਸਿੱਖੀ ਬਾਰੇ ਉਲਟਾ ਹੀ ਦੱਸਦੇ ਰਹੇ। ਸਾਨੂੰ ਕੈਂਪ ਵਿੱਚ ਪ੍ਰਚਾਰਕ ਨੇ ਦੱਸਿਆ ਹੈ ਕਿ ਸਿੱਖੀ ਵਿੱਚ ਸ਼ਰਾਬ ਪੀਣ ਦੀ ਕੋਈ ਮਨਾਹੀ ਨਹੀਂ ਹੈ, ਕੇਸ ਕਟਵਾਉਣ ਦੀ ਕੋਈ ਮਨਾਹੀ ਨਹੀਂ ਹੈ।

ਇੰਡੀਆਨਾ ਤੋਂ ਦਲਜੀਤ ਸਿੰਘ ਨੇ ਕਿਹਾ ਕਿ ਇਸ ਨਿਰਮਲੇ ਨੇ 84 ’ਚ ਅੰਮ੍ਰਿਤ ਛਕਿਆ 2007 'ਚ ਹਵਨ ਕਰਵਾ ਰਿਹਾ ਹੈ, ਇਸ ਲਈ ਇਹ ਸਿੱਖੀ ਦੇ ਪ੍ਰਚਾਰਕ ਨਹੀਂ ਸਿੱਖੀ ਭੇਸ ਵਿੱਚ ਸਿੱਖੀ ਨਾਲ ਦੁਸ਼ਮਨੀ ਕੱਢ ਰਹੇ ਹਨ। ਦਲਜੀਤ ਸਿੰਘ ਨਿਰਮਲੇ ਨੇ ਕਿਹਾ ਜੇ ਮੈਂ ਨਿੱਜੀ ਦੁਸ਼ਮਨੀ ਹੀ ਕੱਢਣੀ ਹੁੰਦੀ ਤਾਂ ਮੈ ਉਹ ਸੀਡੀ ਇੰਟਰਨੈੱਟ’ਤੇ ਪਾ ਦੇਣੀ ਸੀ ਜਿਸ ਵਿੱਚ ਸੰਤ ਹਰੀ ਸਿੰਘ ਰੰਧਾਵਾ ਅਤੇ ਸੰਤ ਗੁਰਬਚਨ ਸਿੰਘ ਦਾ ਪੋਤਰਾ ਸੰਤ ਅਵਤਾਰ ਸਿੰਘ ਆਦਿ ਸਾਰੇ ਹੀ ਲਪੇਟੇ ਜਾਣੇ ਸਨ। ਉਨ੍ਹਾਂ ਇੱਕ ਹੋਰ ਸ਼ਨਸ਼ਨੀਖੇਜ਼ ਪ੍ਰਗਟਾਵਾ ਕੀਤਾ ਕਿ ਮੈ ਉਸ ਸਿੰਘ ਦਾ ਇਥੇ ਨਾਮ ਨਹੀਂ ਲੈਣਾ ਚਾਹੁੰਦਾ, ਇਸ ਬਲਵੀਰ ਸਿੰਘ ਨੇ ਉਸ ਸਿੰਘ ਦੀ ਪਤਨੀ’ਤੇ ਕਬਜ਼ਾ ਕਰ ਲਿਆ। ਸਿੱਖ ਪ੍ਰਚਾਰਕ ਦੀਆਂ ਇਨ੍ਹਾਂ ਮੰਦ ਕਰਤੂਤਾਂ ਦੇ ਰੋਸ ਵਜੋਂ ਉਸ ਸਿੰਘ ਨੇ ਆਪਣੇ ਕੇਸ ਕਤਲ ਕਰਵਾ ਕੇ ਸਿਖੀ ਸਰੂਪ ਨੂੰ ਤਿਲਾਂਜਲੀ ਦੇ ਦਿੱਤੀ। ਇਸੇ ਤਰ੍ਹਾਂ ਪੰਜ ਬਾਣੀਆਂ ਦੀ ਨਿਤਨੇਮੀ ਮੇਰੀ ਪਤਨੀ ਅਤੇ ਮੇਰੀ ਲੜਕੀ ਜਿਸ ਨੇ 5 ਸਾਲ ਦੀ ਉਮਰ ਵਿੱਚ ਜਪੁਜੀ ਸਾਹਿਬ ਦਾ ਪਾਠ ਜੁਬਾਨੀ ਯਾਦ ਕਰ ਲਿਆ ਸੀ ਤੇ ਹੁਣ 13 ਸਾਲ ਦੀ ਉਮਰ ਵਿੱਚ ਬੇਅੰਤ ਬਾਣੀਆਂ ਕੰਠ ਕਰ ਚੁਕੀ ਹੈ, ਇਨ੍ਹਾਂ ਪ੍ਰਚਾਰਕਾਂ ਦੀਆਂ ਕਰਤੂਤਾਂ ਨੂੰ ਵੇਖ ਕੇ ਸਿੱਖੀ ਵਲੋਂ ਮੂੰਹ ਮੋੜ ਰਹੀਆਂ ਹਨ। ਖ਼ਾਲਸਥਾਨੀਆਂ ਜਿਨ੍ਹਾਂ ਦੇ ਧਿਆਨ ਵਿੱਚ ਇਹ ਸਭ ਕੁਝ ਸੀ, ਉਸ ਵੇਲੇ ਕਿਉਂ ਨਹੀਂ ਕੁਝ ਕੀਤਾ?। ਇਹ ਇੰਗਲੈਂਡ ਤੋਂ ਕਥਾ ਕਰਨ ਤੋਂ ਹਟਿਆ ਤਾ ਮਾਲਟਨ ਆ ਗਿਆ ਤੇ ਹੁਣ ਨਿਊਯਾਰਕ ਅਤੇ ਕਦੀ ਇਟਲੀ ਚਲਾ ਗਿਆ।

ਤਰਲੋਚਨ ਸਿੰਘ ਟਰਾਂਟੋ ਨੇ ਕਿਹਾ ਆਰ.ਐੱਸ.ਐੱਸ ਦੇ ਇਨ੍ਹਾਂ ਏਜੰਟਾਂ ਵਲੋਂ ਸਿੱਖੀ ਸਰੂਪ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਲੋਕ ਸਭਾ ਮੈਂਬਰ ਨਵਜੋਤ ਸਿੱਧੂ ਅੰਮ੍ਰਿਤਸਰ ਵਿੱਚ ਹਵਨ ਕਰਵਾ ਰਿਹਾ ਹੈ ਤੇ ਇਹ ਭਾਈ ਸਾਹਿਬ ਇੱਥੇ ਕਰਵਾ ਰਹੇ ਹਨ। ਉਧਰ ਟਕਸਾਲ ਦਾ ਮੌਜੂਦਾ ਮੁਖੀ ਹਰਨਾਮ ਸਿੰਘ ਧੁੰਮਾ ਚਾਲੀਸੇ ਕੱਟ ਰਿਹਾ ਹੈ।

ਟਕਸਾਲੀ ਬਲਵੀਰ ਸਿੰਘ ਦੀਆਂ ਕਰਤੂਤਾਂ ਦੱਸ ਕੇ ਉਸ ਨੂੰ ਨੰਗਾ ਕਰਨ ਲਈ ਦਲਜੀਤ ਸਿੰਘ ਨਿਰਮਲੇ ਦਾ ਧੰਨਵਾਦ ਕਰਦਿਆਂ ਸਰਬਜੀਤ ਸਿੰਘ ਸੈਕਰਾਮੈਂਟੋ ਨੇ ਕਿਹਾ ਕਿ ਦਲਜੀਤ ਸਿੰਘ ਇਹ ਦੱਸੇ ਕਿ ਹਰੀ ਸਿੰਘ ਰੰਧਾਵਾ ਤੇ ਅਵਤਾਰ ਸਿੰਘ ਇਸ ਦੇ ਕੀ ਲਗਦੇ ਹਨ ਜਿਸ ਕਾਰਣ ਉਨ੍ਹਾਂ ਦੇ ਪਰਦੇ ਢਕੇ ਜਾ ਰਹੇ ਹਨ। ਜੇ ਉਨ੍ਹਾਂ ਦਾ ਕਿਰਦਾਰ ਵੀ ਬਲਵੀਰ ਸਿੰਘ ਵਰਗਾ ਹੀ ਹੈ ਤੇ ਦਲਜੀਤ ਸਿੰਘ ਪਾਸ ਉਨ੍ਹਾਂ ਦਾ ਪਰਦਾਫ਼ਾਸ਼ ਕਰਨ ਵਾਲੀ ਸੀਡੀ ਹੈ ਤਾਂ ਉਹ ਨੈੱਟ ’ਤੇ ਕਿਉਂ ਨਹੀਂ ਪਾਈ ਜਾਂਦੀ? ਜੇ ਉਸ ਨਾਲ ਹਰੀ ਸਿੰਘ ਰੰਧਾਵਾ ਤੇ ਅਵਤਾਰ ਸਿੰਘ ਰਗੜੇ ਜਾਂਦੇ ਹਨ ਤਾਂ ਰਗੜੇ ਜਾਣ ਉਹ ਸਾਡੇ ਕੀ ਲਗਦੇ ਹਨ? ਦਲਜੀਤ ਨੇ ਕਿਹਾ ਕਿ ਇੱਕ ਹਫਤੇ ਦੇ ਵਿੱਚ ਵਿੱਚ ਉਹ ਸੀਡੀ ਨੈੱਟ’ਤੇ ਪਾ ਦਿੱਤੀ ਜਾਵੇਗੀ।

ਨਿਊਯਾਰਕ ਤੋਂ ਦਲਜੀਤ ਸਿੰਘ ਵਲੋਂ ਆਪਣੀ ਗਲਤੀ ਮੰਨੇ ਜਾਣ ਤੇ ਬਲਵੀਰ ਸਿੰਘ ਦਾ ਪਰਦਾਫ਼ਾਸ਼ ਕਰਨ ’ਤੇ ਉਸ ਨੂੰ ਵਧਾਈ ਦਿੰਦਿਆਂ ਕਿਹਾ, ਕਿ ਜੇ ਇਨ੍ਹਾਂ ਪਾਸ ਹਰੀ ਸਿੰਘ ਰੰਧਾਵਾ, ਅਵਤਾਰ ਸਿੰਘ, ਹਰਨਾਮ ਸਿੰਘ ਧੁੰਮਾ ਜਾਂ ਕਿਸੇ ਹੋਰ ਅਖੌਤੀ ਪ੍ਰਚਾਰਕ ਦੀ ਅਜਿਹੀ ਸੀਡੀ ਹੈ ਜਿਸ ਦਾ ਇਹ ਦਾਅਵਾ ਕਰ ਰਹੇ ਹਨ. ਤਾਂ ਇਨ੍ਹਾਂ ਨੂੰ ਫੌਰਨ ਇੰਟਰਨੈੱਟ’ਤੇ ਪਾ ਦੇਣੀ ਚਾਹੀਦੀ ਹੈ। ਜੇ ਕਿਸੇ ਕਾਰਣ ਇਹ ਨਹੀਂ ਪਾ ਸਕਦੇ ਤਾਂ ਇਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਸੀਡੀ ਸ਼ੇਰੇ ਪੰਜਾਬ ਰੇਡੀਓ ਜਾਂ ਜਾਗੋਖ਼ਾਲਸਾ ਨੂੰ ਦੇ ਦੇਣ, ਅਸੀਂ ਉਸ ਨੂੰ ਬਿਨਾਂ ਇਨ੍ਹਾਂ ਦਾ ਨਾਮ ਦੱਸਿਆਂ ਇੰਟਰਨੈੱਟ ’ਤੇ ਪਾ ਕੇ ਸਿੱਖਾਂ ਸੰਗਤਾਂ ਨੂੰ ਇਨ੍ਹਾਂ ਤੋਂ ਸੁਚੇਤ ਰਹਿਣ ਲਈ ਅਗਾਹ ਕਰ ਦੇਵਾਂਗੇ। ਪਰ ਜੇ ਇਹ ਇਨ੍ਹਾਂ ਦੋਵਾਂ ਵਿੱਚੋਂ ਕੋਈ ਕੰਮ ਨਹੀਂ ਕਰਦੇ ਤਾਂ ਇਹ ਸਮਝਿਆ ਜਾਵੇਗਾ ਕਿ ਇਹ ਆਪਣੇ ਆਪ ਨੂੰ ਸੱਚਾ ਸਿੱਧ ਕਰਨ ਲਈ ਦੂਸਰਿਆਂ ਨੂੰ ਬਦਨਾਮ ਕਰ ਰਿਹਾ ਹੈ।

ਜਰਮਨ ਤੋਂ ਤਰਸੇਮ ਸਿੰਘ ਨੇ ਕਿਹਾ ਜਿਹੋ ਜਿਹਾ ਇਹ ਗ੍ਰੰਥ ਇਹ ਪੜ੍ਹਦੇ ਹਨ, ਉਹੋ ਜਿਹੇ ਕੰਮ ਹੀ ਇਨ੍ਹਾਂ ਨੇ ਕਰਨੇ ਹਨ। ਉਨ੍ਹਾਂ ਇਨ੍ਹਾਂ ਨੂੰ ਅਪੀਲ ਕੀਤੀ ਕਿ ਦੋਗਲਾਪਨ ਤਿਆਗ ਕੇ ਸਿੱਖਾਂ ਨੂੰ ਗੁਮਰਾਹ ਅਤੇ ਬਦਨਾਮ ਕਰਨ ਦੀ ਥਾਂ ਇੱਕ ਧਰਮ ਕਬੂਲ ਕਰਨ-ਜਾਂ ਤਾਂ ਸਿੱਖੀ ਸਰੂਪ ਤਿਆਗ ਕੇ ਹਿੰਦੂ ਧਰਮ ਅਪਣਾ ਲੈਣ ਤੇ ਹਵਨ ਕਰਵਾ ਲੈਣ ਜਾਂ ਸਿੱਖ ਧਰਮ ਅਪਣਾ ਕੇ ਸਿੱਖੀ ਸਿਧਾਂਤਾਂ ’ਤੇ ਦ੍ਰਿੜਤਾ ਨਾਲ ਪਹਿਰਾ ਦੇਣ।
ਕੈਲੇਫੋਰਨੀਆਂ ਤੋਂ ਇੱਕ ਹੋਰ ਕਾਲਰ ਨੇ ਕਿਹਾ ਹਵਨ ਕਰਵਾਉਣ ਦੇ ਨਾਮ ’ਤੇ ਸਾਰੇ ਦਲਜੀਤ ਸਿੰਘ ਨੂੰ ਹੀ ਦੋਸ਼ੀ ਠਹਿਰਾ ਰਹੇ ਹਨ ਪਰ ਉਸ ਨਾਲ ਹੋਏ ਧੱਕੇ ਕਾਰਣ ਉਸ ਦੇ ਹੱਕ ਵਿੱਚ ਕੋਈ ਨਹੀਂ ਬੋਲ ਰਿਹਾ। ਉਨ੍ਹਾਂ ਕਿਹਾ ਕਿ ਕੀ ਕਿਸੇ ਦੀ ਧੀ ਭੈਣ ਜਾਂ ਪਤਨੀ ਦੀ ਇੱਜਤ ਨੂੰ ਹੱਥ ਪਾਉਣ ਦਾ ਦੋਸ਼ ਹਵਨ ਕਰਵਾਉਣ ਨਾਲੋਂ ਘੱਟ ਹੈ? ਰੇਡੀਓ ਮੇਜ਼ਬਾਨ ਸ: ਕੁਲਦੀਪ ਸਿੰਘ ਨੇ ਕਿਹਾ ਕਿ ਜੋ ਚੀਜ ਗਲਤ ਹੈ ਉਸ ਨੂੰ ਗਲਤ ਹੀ ਕਿਹਾ ਜਾ ਰਿਹਾ ਹੈ ਤੁਸੀਂ ਧਿਆਨ ਨਾਲ ਸੁਣੋ ਸਰਬਜੀਤ ਸਿੰਘ, ਕੁਲਦੀਪ ਸਿੰਘ ਆਦਿ ਨੇ ਸਾਫ ਲਫਜਾਂ ਵਿੱਚ ਬਲਵੀਰ ਸਿੰਘ ਨੂੰ ਗਲਤ ਕਿਹਾ ਹੈ।ਤਰਲੋਚਨ ਸਿੰਘ ਟਰਾਂਟੋ ਨੇ ਦੁਬਾਰਾ ਕਾਲ ਕਰ ਕੇ ਕਿਹਾ ਕਿ ਦਲਜੀਤ ਸਿੰਘ ਨਿਰਮਲਾ ਖ਼ਾਲਸਥਾਨੀਆਂ ਨੂੰ ਬਦਨਾਮ ਕਰ ਰਿਹਾ ਹੈ। ਇਹ ਪੁਲਿਸ ਕੇਸ ਬਣਦਾ ਹੈ ਤੇ ਇੰਗਲੈਂਡ ਵਿੱਚ ਔਰਤਾਂ ਦੇ ਖ਼ਾਸ ਅਧਿਕਾਰ ਹਨ ਤਾਂ ਇਨ੍ਹਾਂ ਨੇ ਉਸ ਵੇਲੇ ਪੁਲਿਸ ਨੂੰ ਰੀਪੋਰਟ ਕਿਉਂ ਨਹੀਂ ਕੀਤੀ? ਦਲਜੀਤ ਸਿੰਘ ਨਿਰਮਲੇ ਨੇ ਕਿਹਾ ਉਨ੍ਹਾਂ ਨੇ ਉਸ ਵੇਲੇ ਪੁਲਸ ਨੂੰ ਰੀਪੋਰਟ ਕੀਤੀ ਹੈ, ਜੇ ਉਹ ਚਾਹੁਣ ਤਾਂ ੳਨ੍ਹਾਂ ਨੂੰ ਫੈਕਸ ਰਾਹੀਂ ਇਸ ਦੀ ਕਾਪੀ ਭੇਜ ਦਿੱਤੀ ਜਾਵੇਗੀ। ਰੇਡੀਓ ਮੇਜ਼ਬਾਨ ਸ: ਕੁਲਦੀਪ ਸਿੰਘ ਨੇ ਕਿਹਾ ਕੋਈ ਇੱਕ ਵਿਅਕਤੀ ਖ਼ਾਲਸਥਾਨ ਲਹਿਰ ਨੂੰ ਬਦਨਾਮ ਨਹੀਂ ਕਰ ਸਕਦਾ। ਲਹਿਰ ਬਦਨਾਮ ਸਿਰਫ ਉਸ ਸਮੇਂ ਹੀ ਹੋਵੇਗੀ ਜਿਸ ਸਮੇਂ ਲਹਿਰ ਦੇ ਆਗੂ ਖ਼ੁਦ ਗਲਤ ਹਰਕਤਾਂ ਕਰਨਗੇ।

ਇੱਕ ਹੋਰ ਕਾਲਰ ਨੇ ਕਿਹਾ ਕਿ ਬਲਵੀਰ ਸਿੰਘ ਦੀ ਹਰਕਤ ਗਲਤ ਹੈ, ਪਰ ਹਵਨ ਕਰਵਾਉਣ ਵਾਲਿਆਂ ਵਿੱਚ ਕੀ ਦਲਜੀਤ ਸਿੰਘ ਦਾ ਪ੍ਰੀਵਾਰ ਸੁਰੱਖਿਅਤ ਰਹੇਗਾ? ਕੀ ਹਵਨ ਕਰਨ ਵਾਲਿਆਂ ਵਿੱਚ ਕਈ ਬੰਦਾ ਬਲਵੀਰ ਸਿੰਘ ਵਰਗੀ ਗਲਤ ਹਰਕਤ ਨਹੀਂ ਕਰ ਸਕਦਾ? ਫਿਰ ਇੱਕ ਵਿਅਕਤੀ ਦੀ ਗਲਤੀ ਨੂੰ ਵੇਖ ਕੇ ਆਪਣਾ ਧਰਮ ਤਬਦੀਲ ਕਰਨਾ ਕਿਵੇਂ ਜਾਇਜ਼ ਹੈ? ਦਲਜੀਤ ਸਿੰਘ ਨਿਰਮਲੇ ਨੇ ਮੰਨਿਆ ਕਿ ਸਾਰੇ ਧਰਮਾਂ ਵਿੱਚ ਗਲਤ ਆਦਮੀ ਹੋ ਸਕਦੇ ਹਨ ਪਰ ਜਿਸ ਪ੍ਰੀਵਾਰ ਦੇ ਬੱਚੇ ਕਿਸੇ ਧਰਮ ਵਿੱਚ ਡੂੰਘੀ ਦਿਲਚਸਪੀ ਲੈ ਰਹੇ ਹੋਣ, ਉਸ ਧਰਮ ਦੇ ਪ੍ਰਚਾਰਕਾਂ ਦੀ ਸੇਵਾ ਸਤਿਕਾਰ ਕਰਦੇ ਹੋਣ, ਪਰ ਜਿਹੜਾ ਪ੍ਰਚਾਰਕ ਉਸ ਦੀ ਸੇਵਾ ਕਰਨ ਵਾਲੀ ਆਪਣੀ ਧੀਆਂ ਸਮਾਨ ਔਰਤ ਜਿਸ ਨੂੰ ਉਹ ਭੈਣ ਕਹਿ ਕੇ ਬੁਲਾਉਂਦਾ ਹੋਵੇ ਉਸੇ ਦੀ ਇੱਜਤ ਨੂੰ ਹੱਥ ਪਾਵੇ ਤਾਂ ਉਸ ਪ੍ਰੀਵਾਰ ਦੇ ਬੱਚਿਆਂ ਦਾ ਉਸ ਧਰਮ ਤੋਂ ਯਕੀਨ ਉਠਣਾ ਯਕੀਨੀ ਹੈ ਇਸ ਲਈ ਉਸ ਦਾ ਕਹਿਣਾ ਸਿਰਫ ਇਹ ਹੀ ਹੈ ਕਿ ਪ੍ਰਚਾਰਕਾਂ ਦਾ ਆਚਰਣ ਤੇ ਕਿਰਦਾਰ ਉੱਚਾ ਸੁੱਚਾ ਹੋਣ ਚਾਹੀਦਾ ਹੈ।

ਇਹ ਦੱਸਣ ਯੋਗ ਹੈ ਕਿ ਕੁਝ ਦਿਨ ਪਹਲਿਾਂ ਇਕ ਸੀਡੀ ਇੰਟਰਨੈੱਟ ’ਤੇ ਪਾਈ ਗਈ ਸੀ ਜਿਹੜੀ ਕਿ ਖ਼ਾਲਸਾਨਿਊਜ਼ਡਾਟਓਆਰਜੀ ’ਤੇ ’ਵੇਖੋ ਦਸਮਗੰ੍ਰਥੀ ਦਲਜੀਤ ਸਿੰਘ ਨਿਰਮਲਾ ਦੀ ਅਸਲੀ ਔਕਾਤ-ਯੂ.ਕੇ. ਦੇ ਬਾਬਾ ਸੰਗ ਗੁਰਦੁਆਰਾ ਸਮੈਥਵਿਕ ਦਾ ਪ੍ਰਧਾਨ ਦਲਜੀਤ ਸਿੰਘ ਨਿਰਮਲਾ ਆਰਐੱਸਐੱਸ ਦਾ ਏਜੰਟ’ ਸਿਰਲੇਖ ਹੇਠ ਲੱਗੀ ਖ਼ਬਰ ਵਿੱਚ ਲਿੰਕ http://www.khalsanews.org/newspics/2011/05May2011/21%20May%2011/21%20May%2011%20Daljit%20S%20Nirmala.htm ’ਤੇ ਵੇਖੀ ਜਾ ਸਕਦੀ ਹੈ ਜਿਸ ਵਿੱਚ ਦਲਜੀਤ ਸਿੰਘ ਨਿਰਮਲਾ ਹਵਨ ਕਰਨ ਤੋਂ ਇਲਾਵਾ ਆਰ.ਐੱਸ.ਐੱਸ ਦੀ ਕੱਟੜ ਜਾਨੂੰਨੀ ਹਿੰਦੂ ਮਹਿਲਾ ਆਗੂ ਰੀਤੰਭਰਾ ਦੇ ਪੈਰੀਂ ਹੱਥ ਲਾਉਂਦਾ ਹੋਇਆ ਵੇਖਿਆ ਜਾ ਸਕਦਾ ਹੈ। ਉਕਤ ਲਾਈਵ ਟਾਕ ਸ਼ੋ ਦੀ ਰੀਕਾਰਡਿੰਗ ਇਥੇ ਕਲਿੱਕ ਕਰਕੇ ਸੁਣੀ ਜਾ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top