Share on Facebook

Main News Page

ਕੀ ਸਿੱਖ ਹੁੱਕਾ ਪੀ ਸਕਦਾ ਹੈ?
ਜੋਗਿੰਦਰ ਸਿੰਘ ਸਪੋਕਸਮੈਨ ਵਲੋਂ ਨੌਵੇਂ ਪਾਤਸ਼ਾਹ ਵੇਲੇ ਤੱਕ ਦੇ ਸਿੱਖਾਂ ਬਾਰੇ ਹੁੱਕਾ ਪੀਣ ਦੀ ਟਿੱਪਣੀ ਜਾਇਜ਼ ਨਹੀਂ

7 ਅਪ੍ਰੈਲ 2011 ਦੇ ਰੋਜ਼ਾਨਾ ਸਪੋਕਸਮੈਨ ਵਿਚ ਵਿਸ਼ਵ ਤੰਬਾਕੂ ਦਿਵਸ ਦੇ ਮੌਕੇ ’ਤੇ ਇਕ ਸੰਪਾਦਕੀ ਪ੍ਰਕਾਸ਼ਿਤ ਹੋਇਆ। ਇਸ ਵਿਚ ਸੰਪਾਦਕ ਜੋਗਿੰਦਰ ਸਿੰਘ ਜੀ ਨੇ ਵਿਸ਼ਵ ਵਿਚ ਫੈਲੀ ਤੰਬਾਕੂਨੋਸ਼ੀ ਦੀ ਮਹਾਂਮਾਰੀ ਦੇ ਵਿਸ਼ੇ ’ਤੇ ਵਿਚਾਰ ਦਿੱਤੇ। ਇਸ ਵਿਸ਼ੇ ਨੂੰ ਇਕ ਹੱਦ ਤੱਕ ਬਹੁਤ ਖੂਬਸੁਰਤੀ ਨਾਲ ਨਿਭਾਉਂਦਿਆ, ਵਿਦਵਾਨ ਸੰਪਾਦਕ ਵਲੋਂ ਸਿੱਖ ਇਤਿਹਾਸ ਦੀ ਇਕ ਮਿਸਾਲ ਨੂੰ ਗਲਤ ਹਵਾਲੇ ਵਜੋਂ ਵਰਤਿਆ ਗਿਆ, ਜਿਸ ਅਨੁਸਾਰ ਇਹ ਦਰਸਾਇਆ ਗਿਆ ਕਿ ਨੌਵੇਂ ਪਾਤਸ਼ਾਹ ਜੀ ਦੇ ਵੇਲੇ ਤੱਕ ਕਈਂ ਸਿੱਖ ਹੁੱਕਾ (ਤੰਬਾਕੂਨੋਸ਼ੀ ਦਾ ਇਕ ਰੂਪ) ਪੀਂਦੇ ਸਨ।

ਜੋਗਿੰਦਰ ਸਿੰਘ ਜੀ ਨੇ ਆਪਣੀ ਸੰਪਾਦਕੀ ਵਿਚ ਲਿਖਿਆ ਹੈ:

ਜਦੋਂ ਗੁਰੂ ਤੇਗ ਬਹਾਦੁਰ ਸਾਹਿਬ ਨੇ ਪਹਿਲੀ ਵਾਰ ਸਿੱਖਾਂ ਨੂੰ ਪ੍ਰੇਰਿਆ ਕਿ ਉਹ ਤਮਾਕੂ ਜਾਂ ਹੁੱਕਾ ਨਾ ਪੀਣ ਤਾਂ ਸਿੱਖਾਂ ਨੇ ਵੀ ਇਸ ਹੁਕਮ ਨੂੰ ਅੱਧ ਪਚੱਧੇ ਮਮਨ ਨਾਲ ਹੀ ਮੰਨਿਆ। ਪੁਰਾਣੇ ਇਤਿਹਾਸਿਕ ਹਵਾਲਿਆਂ ਵਿਚ ਲਿਖਿਆ ਮਿਲਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਹਦ ਅਚਾਨਕ ਕਿਸੇ ਪਿੰਡ ਪਹੁੰਚ ਜਾਂਦੇ ਤਾਂ ਹੁੱਕਾ ਪੀ ਰਹੇ ਸਿੱਖ, ਦੂਰੋਂ ਉਨ੍ਹਾਂ ਨੂੰ ਆਉਂਦਿਆਂ ਵੇਖ ਕੇ, ਹੁੱਕੇ ਮੰਜਿਆਂ ਹੇਠ ਸੁੱਟ ਦੇਨਦੇ ਤੇ ਮੰਜੇ ਉੱਪਰ ਖੇਸ ਵਿਛਾ ਕੇ, ਗੁਰੂ ਜੀ ਨੂੰ ਬਿਰਾਜਣ ਲਈ ਕਹਿੰਦੇ”।

ਹਰ ਸੁਚੇਤ ਸਿੱਖ ਜਾਣਦਾ ਹੈ ਕਿ ਪੰਥ ਵਿਰੋਧੀ ਤਾਕਤਾਂ ਨੇ ਸਿੱਖ ਸਮਾਜ ਦੀ ਜੀਵਨ ਜਾਚ ਨੂੰ ਮਿਲਗੋਭਾ ਬਣਾਉਣ ਦੇ ਮਕਸਦ ਨਾਲ ਸਿੱਖ ਇਤਿਹਾਸ ਵਿਚ ਐਸੀਆਂ ਅਨੇਕਾਂ ਕਾਲਪਨਿਕ ਗੱਲਾਂ ਵਾੜ ਦਿੱਤੀਆਂ, ਜੋ ਨਾਨਕ ਸਰੂਪਾਂ ਅਤੇ ਉਨ੍ਹਾਂ ਦੇ ਸਿੱਖਾਂ ਨੂੰ ਗੁਰਮਤਿ ਸਿਧਾਂਤਾਂ ਤੋਂ ਉਲਟ ਵਰਤਾਰਾ ਕਰਦੇ ਦਰਸਾਉਂਦੀਆਂ ਸਨ। ਜਨਮਸਾਖੀਆਂ, ਗੁਰਬਿਲਾਸ ਆਦਿ ਕੁਝ ਐਸੇ ਹੀ ਸ੍ਰੋਤ ਹਨ। ਇਕ ਜਨਮਸਾਖੀ ਦੇ ਹਥਲਿਖਤ ਸਰੂਪ ਵਿਚਲੀ ਇਕ ਸਾਖੀ ਵਿਚ ਤਾਂ ਬਾਬਾ ਨਾਨਕ ਜੀ ਨੂੰ ਅਪਣੇ ਇਕ ਸ਼ਰਧਾਲੂ ਦੀ ਧੀ ਨਾਲ ਮੰਦਕਰਮ ਕਰਦੇ ਵੀ ਦਸਿਆ ਗਿਆ ਹੈ, ਪਰ ਛਾਪੇਖਾਨੇ ਵਿਚ ਆਉਣ ਵੇਲੇ ਇਸ ਸਾਖੀ ਨੂੰ ਹਟਾ ਦਿੱਤਾ ਗਿਆ (ਹਵਾਲਾ ਪੁਸਤਕ ‘ਤੇ ਸਿੱਖ ਵੀ ਨਿਗਲਿਆ ਗਿਆ’ ਲੇਖਕ ਮਰਹੂਮ ਕੁਲਬੀਰ ਸਿੰਘ ਕੌੜਾ)।

ਐਸੀ ਸਥਿਤੀ ਵਿਚ ਸੁਚੇਤ ਵਿਦਵਾਨਾਂ ਦਾ ਫਰਜ਼ ਬਣਦਾ ਹੈ ਕਿ ਕਿਸੇ ਵੀ ਇਤਿਹਾਸਕ ਮਿਸਾਲ ਨੂੰ ਹਵਾਲੇ ਵਜੋਂ ਵਰਤਣ ਵੇਲੇ ਬਹੁਤ ਧਿਆਨ ਰੱਖਣ। ਜੋਗਿੰਦਰ ਸਿੰਘ ਜੀ ਨੇ ਆਪਣੀ ਇਸ ਟਿੱਪਣੀ ਵਿਚ ਵਰਤੇ ਹਵਾਲੇ ਦਾ ਸ੍ਰੋਤ ਨਹੀਂ ਦੱਸਿਆ। ਐਸਾ ਸੰਭਵ ਹੈ ਕਿ ਕਿਸੇ ਪੁਰਾਤਨ ਇਤਿਹਾਸਕ ਸ੍ਰੋਤ ਵਿਚ ਐਸਾ ਲਿਖਿਆ ਹੋਵੇ ਪਰ ਕੀ ਗਰੰਟੀ ਹੈ ਕਿ ਇਹ ਸ੍ਰੋਤ ਪ੍ਰਮਾਣਿਕ ਹੈ ? ਐਸੇ ਨਾਂਹ-ਪੱਖੀ ਹਵਾਲੇ ਨੂੰ ਸੱਚ ਮੰਨ ਕੇ ਹਵਾਲੇ ਵਜੋਂ ਇਸ ਦੀ ਵਰਤੋਂ ਕਿਵੇਂ ਜ਼ਾਇਜ ਹੈ? ਸਿੱਖ ਇਤਿਹਾਸ ਦੇ ਸੋਮੇ ਕਹੇ ਜਾਂਦੇ ਕਈਂ ਗ੍ਰੰਥਾਂ ਵਿਚ ਨਾਨਕ ਸਰੂਪਾਂ ਦੇ ਨਿੱਜੀ ਜੀਵਨ ਬਾਰੇ ਗੁਰਮਤਿ ਵਿਰੋਧੀ ਗੱਲ਼ਾਂ ਲਿਖੀਆਂ ਮਿਲਦੀਆਂ ਹਨ। ਮਿਸਾਲ ਲਈ ਕਈਂ ਸੋਮਿਆਂ ਵਿਚ ਕੁਝ ਨਾਨਕ ਸਰੂਪਾਂ ਨੂੰ ਬਹੁ-ਪਤਨੀ ਪ੍ਰਥਾ ਦੇ ਧਾਰਨੀ ਦੱਸਿਆ ਗਿਆ ਹੈ। ਇਕ ਜਨਮਸਾਖੀ ਦੇ ਹੱਥ ਲਿਖਤ ਸਰੂਪ ਵਿਚ ਬਾਬਾ ਨਾਨਕ ਜੀ ਵਲੋਂ ਅਪਣੇ ਸ਼ਰਧਾਲੂ ਦੀ ਜਵਾਨ ਧੀ ਨਾਲ (ਅੱਜ ਕਲ ਦੇ ਅਖੌਤੀ ਬਾਬਿਆਂ ਵਾਂਗੂ) ਦੁਸ਼ਕਰਮ ਕਰਨ ਦੀ ਸਾਖੀ ਵੀ ਦਰਜ ਸੀ, ਜੋ ਉਸ ਜਨਮਸਾਖੀ ਦੇ ਛਾਪੇਖਾਨੇ ਵਾਲੇ ਸਰੂਪ ਵਿਚੋਂ ਹਟਾ ਦਿਤੀ ਗਈ (ਹਵਾਲਾ ਪੁਸਤਕ ‘ਤੇ ਸਿੱਖ ਵੀ ਨਿਗਲਿਆ ਗਿਆ’ ਲੇਖਕ ਮਰਹੂਮ ਕੁਲਬੀਰ ਸਿੰਘ ਕੌੜਾ)।

ਜੇ ਜੋਗਿੰਦਰ ਸਿੰਘ ਜੀ ਦੇ ਸੰਪਾਦਕੀ ਵਿਚਲੀ ਇਸ ਟਿੱਪਣੀ ਤੇ ਗੌਰ ਕਈਏ ਤਾਂ ਇਹ ਕਿਸੇ ਐਸੇ ਹੀ ਪੰਥ-ਵਿਰੋਧੀ ਗੈਰ-ਪ੍ਰਮਾਣਿਕ ਸ੍ਰੋਤ ਦਾ ਅੰਸ਼ ਜਾਪਦੀ ਹੈ। ਸੁਚੇਤ ਵਿਦਵਾਨ ਹੋਣ ਨਾਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਸਿੱਖ ਇਤਿਹਾਸ ਨੂੰ ਕਲੰਕਿਤ ਕਰਕੇ ਪੇਸ਼ ਕਰਨ ਦੀ ਸਾਜਿਸ਼ ਹੇਠ ਲਿਖੀਆਂ ਐਸੀ ਸਾਖੀਆਂ ਨੂੰ ਰੱਦ ਕੀਤਾ ਜਾਵੇ, ਨਾ ਕਿ ਉਨ੍ਹਾਂ ਨੂੰ ਪ੍ਰਮਾਣਿਕ ਮੰਨਦੇ ਹੋਏ ‘ਹਾਂ-ਪੱਖੀ’ ਹਵਾਲੇ ਵਜੋਂ ਵਰਤਿਆ ਜਾਵੇ।

ਜੋਗਿੰਦਰ ਸਿੰਘ ਜੀ ਦੀ ਟਿੱਪਣੀ ਇਹ ਇਸ਼ਾਰਾ ਕਰਦੀ ਹੈ ਕਿ ਨੌਵੇਂ ਪਾਤਸ਼ਾਹ ਜੀ ਦੇ ਵੇਲੇ ਤੱਕ ਸਿੱਖਾਂ ਵਿਚ ਤੰਬਾਕੂਨੋਸ਼ੀ ਆਮ ਸੀ। ਕੀ ਇਹ ਸਿੱਖ ਇਤਿਹਾਸ ਨੂੰ ਕਲ਼ੰਕਿਤ ਕਰਕੇ ਪੇਸ਼ ਕਰਨ ਦੇ ਯਤਨ ਦਾ ਹਿੱਸਾ ਨਹੀਂ ਹੈ? ਇਹ ਪਹਿਲੀ ਵਾਰ ਨਹੀਂ ਹੈ ਕਿ ਜੋਗਿੰਦਰ ਸਿੰਘ ਜੀ ਨੇ ਪਹਿਲੀ ਵਾਰ ਪੰਥ ਵਿਰੋਧੀਆਂ ਵਲੋਂ ਲਿਖੇ ਸੰਦੇਹਪੂਰਨ ਹਵਾਲਿਆਂ ਨੂੰ ਪ੍ਰਮਾਣਿਕ ਮੰਨ ਕੇ ਵਰਤਿਆ ਹੈ। ਮਕਲਾਉਡ ਗਰੁੱਪ ਦੀਆਂ ਪੰਥ ਵਿਰੋਧੀ ਲਿਖਤਾਂ ਨੂੰ ਅਸਿੱਧੇ ਤਰੀਕੇ ਪ੍ਰਮਾਣਿਕ ਮੰਨ ਕੇ, ਉਨ੍ਹਾਂ ਦੇ ਆਧਾਰ ’ਤੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਮੌਜੂਦਾ ਸਰੂਪ ਵਿਚਲੀਆਂ ਪ੍ਰਮਾਣਿਕ ਬਾਣੀਆਂ ਬਾਰੇ ਆਧਾਰ ਰਹਿਤ ਅਤੇ ਨਾਂਹ-ਪੱਖੀ ਟਿੱਪਣੀਆਂ ਪਿਛਲੇ ਸਮੇਂ ਵਿਚ ਸਪੋਕਸਮੈਨ ਦਾ ਹਿੱਸਾ ਰਹੀਆਂ ਹਨ, ਜਿਸ ਬਾਰੇ ‘ਤੱਤ ਗੁਰਮਤਿ ਪਰਿਵਾਰ’ ਸਣੇ ਕੁਝ ਹੋਰ ਧਿਰਾਂ ਕਾਫੀ ਕੁਝ ਲਿੱਖ ਚੁੱਕੀਆਂ ਹਨ।

‘ਪਰਿਵਾਰ’ ਇਸ ਪਹੁੰਚ ਨੂੰ ਵੀ ਸਹੀ ਨਹੀਂ ਮੰਨਦਾ ਕਿ ਪੰਥ ਵਿਰੋਧੀ ਲਿਖਤਾਂ ਅਤੇ ਕਿੰਤੂ-ਪ੍ਰੰਤੂ ਵਿਰੁਧ ਸਿਰਫ ਜ਼ਜ਼ਬਾਤੀ ਹੋ ਕੇ ਫੌਕੀ ਫਤਵੇਬਾਜ਼ੀ ਹੀ ਕੀਤੀ ਜਾਵੇ, ਬਲਕਿ ਸਾਡੀ ਸੋਚ ਹੈ ਕਿ ਕਿਸੇ ਵਲੋਂ ਵੀ ਸਾਹਮਣੇ ਆਈ ਕਿਸੇ ਅਸਿਹਮਤੀ ਦਾ ਦਲੀਲ ਪੂਰਵਕ ਤਸੱਲੀ ਬਖਸ਼ ਜਵਾਬ ਦੇਂਦਿਆਂ ਸਪਸ਼ਟ ਅਤੇ ਨਿਰ-ਉੱਤਰ ਕੀਤਾ ਜਾਵੇ। ਗੁੱਸੇ ਅਤੇ ਜਜ਼ਬਾਤਾਂ ਹੇਠ ਕੀਤੀ ਨਿਰੀ ਫਤਵੇਬਾਜ਼ੀ ਨੂੰ ਅਸੀਂ ਸਹੀ ਨਹੀਂ ਮੰਨਦੇ। ਨਾ ਹੀ ਅਸੀਂ ਇਨ੍ਹਾਂ ਪੰਥ ਵਿਰੋਧੀ ਲਿਖਤਾਂ ਨੂੰ ਸਹੀ ਮੰਨ ਲੈਣ ਦੀ ਪ੍ਰੋਢਤਾ ਕਰਦੇ ਹਾਂ।

ਜੋਗਿੰਦਰ ਸਿੰਘ ਜੀ ਨੂੰ ਵੀ ਬੇਨਤੀ ਹੈ ਕਿ ਪੰਥ ਵਿਰੋਧੀ ਲਿਖਤਾਂ ਨੂੰ ਪ੍ਰਮਾਣਿਕ ਮੰਨ ਕੇ ਉਨ੍ਹਾਂ ਦਾ ਹਵਾਲਾ ਦੇਣ ਦੀ ਥਾਂ ਦਲੀਲ ਅਤੇ ਗੁਰਮਤਿ ਦੀ ਰੌਸ਼ਨੀ ਵਿਚ ਉਨ੍ਹਾਂ ਨੂੰ ਰੱਦ ਕਰਦੇ ਹੋਏ ਇਨ੍ਹਾਂ ਲਿਖਤਾਂ ਪਿੱਛੇ ਛੁਪੀ ਮੰਦਭਾਵਨਾ ਨੂੰ ਨੰਗਿਆਂ ਕਰਨ ਦਾ ਉਪਰਾਲਾ ਕਰਿਆ ਕਰਨ।

ਸ. ਜੋਗਿੰਦਰ ਸਿੰਘ ਜੀ ਨੂੰ ਇਹ ਸੱਚਾਈ ਚੇਤੇ ਰੱਖਣੀ ਚਾਹੀਦੀ ਹੈ ਕਿ ਭਾਈ ਦਿਆਲਾ, ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਵਰਗੇ ਸਿੱਖਾਂ ਦੇ ਸਮਕਾਲੀ ਸਿੱਖ ਅੱਜ ਦੇ ‘ਸਿੱਖਾਂ’ ਕੋਲੋਂ ਕਈ ਗੁਣਾ ਵੱਧ ਗੁਰਮਤਿ ਸਿਧਾਂਤਾਂ ਵਿਚ ਪ੍ਰਪੱਕ ਸਨ। ਕੋਈ ਮਨੁੱਖ ਸਿੱਖ ਕਹਿਲਾਉਂਦਾ ਉਦੋਂ ਹੈ ਜਦੋਂ ਗੁਰਮਤਿ ਨੂੰ ਅਪਨਾ ਲੈਂਦਾ ਹੈ। ਨੌਵੇਂ ਪਾਤਸ਼ਾਹ ਜੀ ਦੀ ਯੋਗ ਅਗਵਾਈ ਵਿਚ ਗੁਰਮਤਿ ਧਾਰਨ ਕਰ ਚੁੱਕਿਆ ਕੋਈ ਵੀ ਮਨੁੱਖ (ਸਿੱਖ) ਹੁੱਕਾ ਕੀ, ਕਿਸੇ ਵੀ ਨਸ਼ੇ ਦਾ ਆਦੀ ਨਹੀਂ ਹੋ ਸਕਦਾ। ਹਾਂ, ਨੌਵੇਂ ਪਾਤਸ਼ਾਹ ਜੀ ਵੱਖਰੇ-ਵੱਖਰੇ ਇਲਾਕਿਆਂ ਵਿਚ ਵਿਚਰਦੇ ਆਮ ਲੋਕਾਂ ਵਿਚ ਪ੍ਰਚਾਰ ਕਰਦੇ ਸਨ, ਜਿਨ੍ਹਾਂ ਵਿਚ ਬਹੁਤ ਸਾਰੇ ਲੋਕ ਹੁੱਕੇ ਅਤੇ ਤਮਾਕੂ-ਨੋਸ਼ੀ ਵਰਗੀ ਲਾਹਨਤ ਵਿਚ ਵੀ ਗ੍ਰਸੇ ਹੋਏ ਸਨ ਪਰ ਨੌਵੇਂ ਪਾਤਸ਼ਾਹ ਜੀ ਦੀ ਗੁਰਮਤਿ ਸੋਚ ਮੁਤਾਬਿਕ ਨਸ਼ਿਆਂ ਅਤੇ ਤਮਾਕੂਨੋਸ਼ੀ ਗੁਰੂ ਘਰ ਦੇ ਵਿਰੋਧ ਅਤੇ ਨਫਰਤ ਤੋਂ ਉਹ ਲੋਕ ਭਲੀ-ਭਾਂਤ ਜਾਣੂ ਸਨ। ਜਿਸ ਕਾਰਨ ਨੌਵੇਂ ਪਾਤਸ਼ਾਹ ਜੀ ਦੀ ਉਨ੍ਹਾਂ ਦੇ ਪਿੰਡਾਂ ਵਿਚ ਆਮਦ ’ਤੇ ਉਹ ਹੁੱਕੇ ਛੁਪਾ ਲੈਂਦੇ ਹੋਣਗੇ। ਜਿਸ ਤਰ੍ਹਾਂ ਅੱਜ ਵੀ ਕੋਈ ਗੈਰ-ਸਿੱਖ ਕਿਸੇ ਸਿੱਖ ਭਾਈ ਜਾਂ ਮਿੱਤਰ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਬੀੜੀ/ਸਿਗਰਟ ਛੁਪਾ ਲੈਂਦਾ/ਸੁੱਟ ਦੇਂਦਾ ਹੈ ਜਾਂ ਸਾਹਮਣੇ ਪੀਣ ਤੋਂ ਪਰਹੇਜ਼ ਕਰਦਾ ਹੈ। ਜੋ ਇਹ ਸਾਰੀਆਂ ਅਲਾਮਤਾਂ ਛੱਡ ਕੇ ਹੀ ਸਿੱਖ ਬਣਿਆ ਹੈ, ਉਹ ਹੁੱਕਾ ਕਿਵੇਂ ਪੀ ਸਕਦਾ ਹੈ? ਸੋ, ਸਪਸ਼ਟ ਹੈ, ਜੋ ਸਿੱਖ ਹੈ, ਉਹ ਹੁੱਕਾ ਨਹੀਂ ਪੀ ਸਕਦਾ।

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top