Share on Facebook

Main News Page

ਅਖੰਡ ਪਾਠ ਦੀ ਭੇਟਾ ਘੱਟ ਦੇਣ ਕਰਕੇ ਸਾਧ ਨੇ ਗੁਰੂ ਗ੍ਰੰਥ ਸਾਹਿਬ ਤੋਂ ਰੁਮਾਲੇ ਲਾਹ ਕੇ ਸੁੱਟੇ

ਰੂੜੇਕੇ ਕਲਾਂ 22 ਮਈ (ਗੁਰਸੇਵਕ ਸਿੰਘ ਧੌਲਾ)- ਨੇੜਲੇ ਪਿੰਡ ਧੂਰਕੋਟ ਵਿਖੇ ਇੱਕ ਔਰਤ ਵੱਲੋਂ ਚੜ੍ਹਾਵਾ ਘੱਟ ਟੇਕੇ ਜਾਣ ਕਾਰਨ ਗੁੱਸੇ ਵਿੱਚ ਆਏ ਸਾਧ ਨੇ ਰਾਤ ਨੂੰ ਇੱਕ ਰੁਮਾਲਾ, ਚੋਲਾ ਤੇ 2100 ਰੁਪੈ ਕੰਧ ਉਂਪਰੋਂ ਦੀ ਉਸ ਔਰਤ ਦੇ ਘਰ ਸੁੱਟੇ ਜਾਣ ਦੀ ਸਮਾਚਾਰ ਪ੍ਰਾਪਤ ਹੋਇਆ ਹੈ। ਜਿਕਰਯੋਗ ਹੈ, ਕਿ ਕੋਈ ਤਿੰਨ ਸਾਲ ਪਹਿਲਾਂ ਵੀ ਇਸ ਡੇਰੇ ਦੇ ਮੁਖੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਟੂਣਾ ਟਾਮਣ ਕਰਦੇ ਹੋਏ ਏਕਨੂਰ ਖਾਲਸਾ ਫੌਜ ਦੇ ਸਿੰਘਾਂ ਨੇ ਮੌਕੇ ਤੇ ਹੀ ਫੜ ਲਿਆ ਸੀ। ਉਸ ਵੇਲੇ ਬਾਬਾ ਵਰਿਆਮ ਸਿੰਘ ਧੁਰਕੋਟ ਵਾਲੇ ਗੁਰੂ ਘਰ ਦੇ ਪ੍ਰਬੰਧਕ ਬਾਬਾ ਲਾਲ ਸਿੰਘ ਨੇ ਸਾਧ ਪ੍ਰਮੇਸ਼ਰ ਦਾਸ਼ ਪਾਲਾ ਦੀ ਜਿੰਮੇਵਾਰੀ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪਣੇ ਪ੍ਰਬੰਧ ਚਲ ਰਹੇ ਗੁਰੂ ਘਰ ਵਿਚ ਲਿਆਂਦੇ ਸਨ ਪਰ ਜਦੋਂ ਇਸ ਇਲਾਕੇ ਵਿਚ ਏਕਨੂਰ ਖਾਲਸਾ ਫੌਜ ਦਾ ਡਰ ਘਟ ਗਿਆ ਤਾਂ ਮੁੜ ਇਹ ਸਰੂਪ ਡੇਰੇ ਨੂੰ ਵਾਪਸ ਦੇ ਦਿੱਤੇ ਸਨ। ਜਿਸ ਤੋਂ ਡੇਰੇਦਾਰਾਂ ਦੀ ਆਪਸੀ ਮਿਲੀ ਭੁਗਤ ਹੋਣ ਦਾ ਖੁਲਾਸਾ ਹੁੰਦਾ ਹੈ।

ਅੱਜ ਮੌਕੇ ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਦੀ ਇੱਕ ਔਰਤ ਅਜਮੇਰ ਕੌਰ ਨੇ ਦੱਸਿਆ, ਕਿ ਕਾਫੀ ਸਮਾਂ ਪਹਿਲਾਂ ਉਸ ਦੇ ਪੁੱਤਰ ਨੂੰ ਕਿਸੇ ਕੇਸ ਵਿੱਚ ਕੈਦ ਹੋ ਗਈ ਸੀ। ਉਸ ਨੇ ਪਿੰਡ ਦੇ ਦਮੋਦਰ ਦਾਸ ਦੇ ਡੇਰੇ 'ਚ ਰਹਿੰਦੇ ਸਾਧ ਪ੍ਰਮੇਸ਼ਰ ਦਾਸ਼ਪਾਲਾ ਤੋਂ ਉਸ ਦੀ ਰਿਹਾਈ ਲਈ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਵਾਇਆ ਸੀ, ਜਿਸ ਦੇ ਉਸ ਨੇ ਪੰਜ ਹਜਾਰ ਰੁਪੈ ਮੰਗੇ ਸਨ। ਉਸ ਨੇ ਤਿੰਨ ਹਜਾਰ ਰੁਪੈ ਤਾਂ ਮੌਕੇ ਤੇ ਦੇ ਦਿੱਤੇ, ਪਰ ਦੋ ਹਜਾਰ ਉਹ ਘਰ ਦੀ ਗਰੀਬੀ ਕਾਰਨ ਦੇ ਨਹੀਂ ਸਕੀ। ਉਸ ਤੋਂ ਬਾਅਦ ਉਸ ਦੇ ਪੁੱਤਰ ਦੀ ਮੌਤ ਹੋ ਗਈ। ਹੁਣ ਉਸ ਨੇ ਕਣਕ ਦੀ ਫਸਲ ਵਿੱਚੋਂ ਬਾਬੇ ਦਾ ਉਧਾਰ ਮੌੜਨ ਲਈ ਇੱਕੀ ਸੌ ਰੁਪੈ, ਰੁਮਾਲਾ ਅਤੇ ਇੱਕ ਚੋਲਾ ਟੇਕ ਦਿੱਤੇ।

ਉਕਤ ਸਾਧ ਵੱਲੋਂ ਸਾਰਾ ਕੁੱਝ ਰਾਤ ਨੂੰ ਚੁੱਕ ਕੇ ਉਸ ਔਰਤ ਦੇ ਘਰ ਕੰਧ ਉਪਰੋਂ ਦੀ ਸੁੱਟ ਦਿੱਤਾ। ਉਸ ਔਰਤ ਨੇ ਫਿਰ ਉਹੀ ਸਾਰਾ ਕੁੱਝ ਦੁਬਾਰਾ ਜਾ ਟੇਕਿਆ ਪਰ ਸਾਧ ਨੇ ਦੂਜੀ ਰਾਤ ਫਿਰ ਕੰਧ ਉਂਪਰ ਦੀ ਸਾਰਾ ਸਮਾਨ ਉਸ ਦੇ ਘਰ ਸੁੱਟ ਦਿੱਤਾ, ਕਿ ਐਨੇ ਚਿਰ ਬਾਅਦ ਹੁਣ ਮੈਂ ਪੂਰੇ ਪੈਸੇ ਨਹੀਂ ਲੈਣੇ ਹੋਰ ਵੱਧ ਦਿਉ। ਮਾਮਲਾ ਪੰਚਾਇਤ ਕੋਲ ਚਲਾ ਗਿਆ, ਤੇ ਮੌਕੇ ਤੇ ਪੱਤਰਕਾਰ ਵੀ ਪਹੁੰਚ ਗਏ। ਜਦ ਉਕਤ ਡੇਰੇ ਵਿੱਚ ਜਾ ਕੇ ਦੇਖਿਆ, ਤਾਂ ਇੱਕ ਨਿੱਕੀ ਜਿਹੀ ਕੋਠੜੀ ਵਿੱਚ ਇੱਕ ਮੰਜਾ ਪਿਆ ਸੀ, ਜਿਸ ਉਂਪਰ ਇੱਕ ਸਾਧ ਦਾ ਆਸਣ ਬਣਾਇਆ ਹੋਇਆ ਸੀ, ਤੇ ਨਾਲ ਹੀ ਹੇਠਾਂ ਜਮੀਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਏ ਸਨ। ਉਸ ਕੋਠੜੀ ਦੇ ਸਾਹਮਣੇ ਇੱਕ ਧੂਣਾਂ ਵੀ ਲਗਾਇਆ ਹੋਇਆ ਸੀ, ਤੇ ਨਾਲ ਹੀ ਇੱਕ ਬਾਥਰੂਮ ਵਰਗੇ ਧਰਤੀ ਤੋਂ ਪੰਜ ਫੁੱਟ ਨੀਵੇਂ ਕਮਰੇ ਵਿੱਚ ਹਿੰਦੂ ਦੇਵੀ ਦੇਵਤਿਆਂ ਜੜੀਆਂ ਹੋਈਆਂ ਸਨ।

ਜਦ ਉਸ ਸਾਧ ਨਾਲ ਸਰਪੰਚ ਜਨਕ ਸਿੰਘ ਤੇ ਪੱਤਰਕਾਰਾਂ ਨੇ ਉਕਤ ਘਟਨਾਂ ਸੰਬੰਧੀ ਗੱਲਬਾਤ ਕੀਤੀ, ਤਾਂ ਉਸ ਨੇ ਕਿਹਾ ਕਿ ਇਹ ਔਰਤ ਢਾਲਾ ਲਾਹ ਕੇ ਆਪਣੇ ਘਰ ਦਾ ਗ੍ਰਹਿ ਇੱਥੇ ਟੇਕ ਕੇ ਗਈ ਹੈ, ਮੈਂ ਉਸ ਦਿਨ ਤੋਂ ਬਿਮਾਰ ਪਿਆ ਹਾਂ, ਇਸ ਕਰਕੇ ਮੈਂ ਇਹ ਰੱਖਣਾਂ ਨਹੀਂ ਚਾਹੁੰਦਾਂ ਅਤੇ ਤਾਂ ਹੀ ਮੈਂ ਇਸ ਨੂੰ ਕੰਧ ਉਂਪਰੋਂ ਵਾਰ ਵਾਰ ਸੁੱਟ ਰਿਹਾਂ ਹਾਂ। ਜਦ ਉਸ ਦਾ ਧਿਆਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਪਾਸੇ ਦਿਵਾਇਆ, ਤਾਂ ਉਸ ਨੇ ਲਾਪਰਵਾਹੀ ਵਾਲੇ ਲਹਿਜੇ ਵਿੱਚ ਕਿਹਾ, ਕਿ ਮਹੀਨੇ ਕੁ ਤੱਕ ਉਹ ਇਸ ਨੂੰ ਗੁਰੂ ਘਰ ਪਹੁੰਚਦਾ ਕਰ ਦੇਣਗੇ। ਇਸ ਘਟਨਾ ਸੰਬੰਧੀ ਇਲਾਕੇ ਦੀਆਂ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਅਤੇ ਮੰਗ ਕੀਤੀ ਜਾ ਰਹੀ ਹੈ, ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਇਸ ਸਾਧ ਉੱਪਰ ਧਾਰਾ 295 ਏ ਲਾ ਕੇ ਪਰਚਾ ਦਰਜ ਕੀਤਾ ਜਾਵੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top