Share on Facebook

Main News Page

ਅਕਾਲ ਦੇ ਪੁਜਾਰੀ ਸਿੱਖਾਂ ਨੂੰ ਅਕਾਲ ਤਖ਼ਤ ’ਤੇ ਬੈਠੇ ਗ੍ਰੰਥੀ ਬਣਾ ਰਹੇ ਹਨ ਸ਼ਸ਼ਤ੍ਰਾਂ ਦੇ ਪੁਜਾਰੀ: ਪ੍ਰਿੰਸੀਪਲ ਗੁਰਬਚਨ ਸਿੰਘ

* ਸ਼ਸ਼ਤਰ ਜੇ ਧਰਮੀ ਸੂਰਮੇ ਦੇ ਹੱਥ ਵਿੱਚ ਹਨ ਤਾਂ ਇਹ ਗਰੀਬ ਮਜ਼ਲੂਮ ਦੀ ਰੱਖਿਆ ਅਤੇ ਜ਼ਾਲਮ ਦੀ ਭੱਖਿਆ ਲਈ ਵਰਤੇ ਜਾ ਸਕਦੇ ਹਨ ਅਤੇ ਜੇ ਇਹੀ ਸ਼ਸ਼ਤਰ ਕਿਸੇ ਜ਼ਾਲਮ ਦੇ ਹੱਥ ਵਿਚ ਹੋਣਗੇ ਤਾਂ ਇਹ ਉਸ ਦੇ ਸਹਾਇਕ ਵਜੋਂ ਕੰਮ ਆਉਣਗੇ, ਸੋ ਸ਼ਸ਼ਤਰਾਂ ਨੂੰ ਪੀਰ ਮੰਨਣਾ ਗੁਰਮਤਿ ਵਿਰੋਧੀ ਹੈ: ਪ੍ਰਿੰਸੀਪਲ ਗੁਰਬਚਨ ਸਿੰਘ

ਬਠਿੰਡਾ, 21 ਮਈ (ਕਿਰਪਾਲ ਸਿੰਘ): ਸਿੱਖ ਨੂੰ ਗੁਰੂ ਦਾ ਹੁਕਮ ਹੈ: ’ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦੀਦਾਰ ਖ਼ਾਲਸੇ ਦਾ’ ਭਾਵ ਪੂਜਾ ਸਿਰਫ ਅਕਾਲ ਪੁਰਖ਼ ਦੀ ਕਰਨੀ ਹੈ, ਵੀਚਾਰ ਗੁਰ ਸ਼ਬਦ ਦੀ ਦਰਸ਼ਨ ਦੀਦਾਰੇ ਖ਼ਾਲਸੇ ਦੇ ਕਰਨੇ ਹਨ। ਅਕਾਲ ਪੁਰਖ਼ ਦੀ ਪੂਜਾ ਸਬੰਧੀ ਗੁਰਬਾਣੀ ਵਿੱਚ ਵੀ ਫ਼ੁਰਮਾਨ ਹੈ: ’ਜਾ ਕੀ ਸੇਵਾ ਸਰਬ ਨਿਧਾਨੁ ॥ ਪ੍ਰਭ ਕੀ ਪੂਜਾ ਪਾਈਐ ਮਾਨੁ ॥’ (ਪੰਨਾ 184), ’ਏਕ ਨਾਮ ਕੋ ਥੀਓ ਪੂਜਾਰੀ ਮੋ ਕਉ ਅਚਰਜੁ ਗੁਰਹਿ ਦਿਖਾਇਓ ॥1॥’ (ਪੰਨਾ 209)। ਨਿਰੰਕਾਰ ਪ੍ਰਭੂ ਨੂੰ ਛੱਡ ਕੇ ਹੋਰ ਦਿਸਦੀਆਂ ਸਾਕਾਰ ਵਸਤੂਆਂ ਦੀ ਪੂਜਾ ਕਰਨ ਤੋਂ ਸਖ਼ਤੀ ਨਾਲ ਰੋਕਿਆ ਗਿਆ ਹੈ। ਗੁਰਫ਼ੁਰਮਾਨ ਹੈ: ’ਗੁਰਿ ਕਹਿਆ ਅਵਰੁ ਨਹੀ ਦੂਜਾ ॥ ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥7॥ (ਪੰਨਾ 224) ਬਿਨੁ ਨਾਵੈ ਹੋਰ ਪੂਜ ਨ ਹੋਵੀ ਭਰਮਿ ਭੁਲੀ ਲੋਕਾਈ ॥7॥ (ਪੰਨਾ 910) ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਧਰੇ ਇੱਕ ਥਾਂ ਵੀ ਸ਼ਸ਼ਤਰਾਂ ਦੀ ਪੂਜਾ ਦਾ ਸੰਕੇਤ ਨਹੀਂ ਹੈ ਪਰ ਸਿੱਖ ਧਰਮ ਦੇ ਦੋਖ਼ੀ ਹਮੇਸ਼ਾਂ ਹੀ ਸਿੱਖ ਨੂੰ ਨਿਰੰਕਾਰ ਪ੍ਰਭੂ ਅਤੇ ਸ਼ਬਦ ਗੁਰੂ ਨਾਲੋਂ ਤੋੜਨ ਲਈ ਅਖੌਤੀ ਦਸਮ ਗ੍ਰੰਥ ਦਾ ਹਵਾਲਾ ਦੇ ਕੇ ਸਿੱਖਾਂ ਨੂੰ ਸ਼ਸ਼ਤਰਾਂ ਦੇ ਪੁਜਾਰੀ ਬਣਾਉਣ ਦੇ ਯਤਨਾਂ ਵਿੱਚ ਰਹਿੰਦੇ ਹਨ। ਇਸ ਹਾਲਤ ਵਿੱਚ ਜੇ ਅਕਾਲ ਤਖ਼ਤ ਦੇ ਹੈੱਡ ਗ੍ਰੰਥ ਵੀ ਸ਼ਸ਼ਤਰਾਂ ਦੀ ਪੂਜਾ ਨੂੰ ਸਹੀ ਠਹਿਰਉਣ ਦਾ ਯਤਨ ਕਰਨ ਤਾਂ ਉਨ੍ਹਾਂ ਨੂੰ ਸਿੱਖ ਧਰਮ ਦੇ ਦੋਖ਼ੀਆਂ ਦੇ ਏਜੰਟ ਕਹਿਣਾ ਹੀ ਵਾਜ਼ਬ ਹੋ ਸਕਦਾ ਹੈ।

ਤਾਜ਼ਾ ਮਿਸਾਲ ’ਚ ਇੱਕ ਗੁਰਸਿੱਖ ਸ੍ਰ: ਅਮਨਦੀਪ ਸਿੰਘ ਨੇ ਅਕਾਲ ਤਖ਼ਤ ਦੇ ਸਕੱਤ੍ਰੇਤ ਨੂੰ ਈ ਮੇਲ ਰਾਹੀਂ ਸਵਾਲ ਪੁੱਛਿਆ ਕਿ ਕੀ ਨਿਸ਼ਾਨ ਸਾਹਿਬ ਨੂੰ ਵਾਰ ਵਾਰ ਪ੍ਰਕਰਮਾ ਕਰਕੇ ਮੱਥਾ ਟੇਕਣਾ ਗੁਰਮਤਿ ਹੈ ਜਾਂ ਮਨਮਤਿ? ਸਕੱਤ੍ਰੇਤ ਵਲੋਂ ਇਹ ਈਮੇਲ ਅਕਾਲ ਤਖ਼ਤ ਦੇ ਹੈਡ ਗ੍ਰੰਥੀ ਗੁਰਮੁਖ ਸਿੰਘ ਖ਼ਾਲਸਾ ਨੂੰ ਫਾਰਵਰਡ ਕਰਕੇ ਇਸ ਸਵਾਲ ਦਾ ਜਵਾਬ ਦੇਣ ਲਈ ਕਿਹਾ ਗਿਆ। ਹੈੱਡ ਗ੍ਰੰਥੀ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਉਚਿਤ ਪ੍ਰਮਾਣ ਦੇ ਕੇ ਸਿੱਖ ਸੰਗਤਾਂ ਨੂੰ ਇਹ ਮਨਮੱਤ ਕਰਨ ਤੋਂ ਵਰਜਣ ਲਈ ਪ੍ਰੇਰਣਾ ਦਿੰਦਾ ਪਰ ਉਸ ਨੇ ਅਖੌਤੀ ਦਸਮ ਗ੍ਰੰਥ ਵਿੱਚੋਂ ਪ੍ਰਮਾਣ ਦੇ ਕੇ ਇਸ ਨੂੰ ਜਾਇਜ਼ ਠਹਿਰਾ ਕੇ ਸਿੱਖ ਸੰਗਤਾਂ ਵਿੱਚ ਦੁਬਿਧਾ ਪੈਦਾ ਕਰਨ ਦਾ ਯਤਨ ਹੀ ਕੀਤਾ। ਉਸ ਨੇ ਲਿਖਿਆ ਹੈ ਕਿ ’ਗੁਰੂ ਘਰਾਂ ਵਿੱਚ ਲੱਗੇ ਨਿਸ਼ਾਨ ਸਾਹਿਬ ਜਿਥੇ ਸਿੱਖ ਸਾਮਰਾਜ ਦਾ ਪ੍ਰਤੀਕ ਹੈ ਉੱਥੇ ਧਿਆਨ ਨਾਲ ਤੱਕੀਏ ਤਾਂ ਨਿਸ਼ਾਨ ਸਾਹਿਬ ਹੇਠਾਂ ਤੋਂ ਲੈ ਕੇ ਉੱਪਰ ਖੰਡੇ, ਭਾਲੇ ਤੱਕ ਸ਼ਸ਼ਤਰ ਦੀ ਬਣਤਰ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸ਼ਤਰਾਂ ਨੂੰ ਆਪਣੇ ਪੀਰ ਮੰਨਿਆਂ। ਸ਼ਸ਼ਤਰਾਂ ਦੀ ਪੂਜਾ ਤੇ ਸੇਵਾ ਸੰਭਾਲ ਆਪ ਕੀਤੀ ਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਵੀ ਕਰਨ, ਮੰਨਣ ਦਾ ਹੁਕਮ ਕੀਤਾ ਹੋਇਆ ਹੈ। ਆਪਣੇ ਕਥਨ ਦੀ ਪ੍ਰੋੜਤਾ ਲਈ ਉਸ ਨੇ ਦਸਮ ਗ੍ਰੰਥ ’ਚੋਂ ਹਵਾਲੇ ਦਿੱਤੇ: ’ਜਿਤੇ ਸ਼ਸ਼ਤਰ ਨਾਮੰ॥ ਨਮਸ਼ਕਾਰ ਤਾਮੰ॥’ ਅਤੇ ’ਅਸ ਕ੍ਰਿਪਾਨ ਖੰਡੋ ਖੜਗ, ਤੁਪਕ ਤਬਰ ਅਰੁ ਤੀਰ॥ ਸੈਫ਼ ਸਰੋਹੀ ਸੈਹਥੀ ਯਹੈ ਹਮਾਰੇ ਪੀਰ॥’ ਇਸ ਲਈ ਨਿਸ਼ਾਨ ਸਾਹਿਬ ਜੀ ਨੂੰ ਨਮਸ਼ਕਾਰ ਕਰਨੀ ਮਨਮੱਤ ਨਹੀਂ। ਵਾਰ ਵਾਰ ਪ੍ਰਕਰਮਾ ਕਰੋ ਅਤੇ ਨਮਸ਼ਕਾਰ ਕਰੋ।’ ਹੈੱਡ ਗ੍ਰੰਥੀ ਵੱਲੋਂ ਦਿੱਤਾ ਗਿਆ ਇਹ ਉੱਤਰ ਅਕਾਲ ਤਖ਼ਤ ਦੇ ਸਕੱਤ੍ਰੇਤ ਵਲੋਂ ਆਪਣੇ ਪੱਤਰ ਨੰ: 22113/11/3094 ਮਿਤੀ 17.5.2011 ਨਾਲ ਨੱਥੀ ਕਰਕੇ ਸ: ਅਮਨਦੀਪ ਸਿੰਘ ਨੂੰ ਭੇਜ ਦਿੱਤਾ ਗਿਆ।

ਅਕਾਲ ਤਖ਼ਤ ਵਲੋਂ ਭੇਜੇ ਗਏ ਇਸ ਗੁਰਮਤਿ ਵਿਰੋਧੀ ਜਵਾਬ ’ਤੇ ਗੁਰਮਤਿ ਅਨੁਸਾਰ ਟਿਪਣੀ ਕਰਨ ਲਈ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਅਕਾਲ ਤਖ਼ਤ ਦਾ ਜਵਾਬ ਨਹੀਂ ਇੱਕ ਬੰਦੇ ਦੀ ਆਪਣੀ ਨਿੱਜੀ ਸੋਚ ਹੈ। ਉਨ੍ਹਾਂ ਕਿਹਾ ਕਿ ਸੱਚ ਪੁੱਛੋ ਤਾਂ ਅੱਜ ਤੋਂ 15-20 ਸਾਲ ਪਹਿਲਾਂ ਸਾਡੀ ਵੀ ਇਹੀ ਸੋਚ ਸੀ, 30 ਸਾਲ ਪਹਿਲਾਂ ਕਬਰਾਂ ਨੂੰ ਮੱਥੇ ਵੀ ਟੇਕ ਆਉਂਦੇ ਸੀ ਅਤੇ 40 ਸਾਲ ਪਹਿਲਾਂ ਕਬਰਾਂ ’ਤੇ ਮਿੱਠੇ ਚੌਲ ਵੀ ਚੜ੍ਹਾ ਆਉਂਦੇ ਸੀ ਪਰ ਅਸੀਂ ਆਪਣੇ ਦਿਮਾਗ ਨੂੰ ਤਾਲਾ ਨਹੀਂ ਲਾਇਆ, ਗੁਰਬਾਣੀ ਪੜ੍ਹ ਕੇ ਸਮਝਣ ਦਾ ਯਤਨ ਕੀਤਾ ਤਾਂ ਸਮਝ ਆਈ ਕਿ ਇਹ ਸਭ ਫੋਕਟ ਕਰਮ ਹਨ। ਪਰ ਇਹ ਲੋਕ ਆਪਣੇ ਦਿਮਾਗ ਨੂੰ ਤਾਲਾ ਲਾ ਕੇ ਬੈਠੇ ਹੋਏ ਹਨ ਤੇ ਗੁਰਬਾਣੀ ਸਮਝਣ ਦੀ ਥਾਂ ਇਨ੍ਹਾਂ ਫੋਕਟ ਕਰਮਾਂ ਵਿੱਚ ਆਪ ਉਲਝੇ ਪਏ ਹਨ ਤੇ ਸਿੱਖ ਸੰਗਤਾਂ ਨੂੰ ਉਲਝਾ ਰਹੇ ਹਨ। ਉਨ੍ਹਾਂ ਕਿਹਾ ਕਿ ਉਕਤ ਹਵਾਲੇ ਦੇਣ ਵਾਲੇ ਗ੍ਰੰਥੀ ਨੂੰ ਇਹ ਨਹੀਂ ਪਤਾ ਕਿ ਇਹ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਨਹੀਂ ਬਲਕਿ ਬਚਿੱਤਰ ਨਾਟਕ ਵਿੱਚ ਸ਼ਸ਼ਤਰਨਾਮਾ ਸਿਰਲੇਖ ਹੇਠ ਦਰਜ਼ ਰਚਨਾ ਵਿਚੋਂ ਹਨ ਜਿਸ ਨੂੰ ਬੇਸਮਝੀ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪੀਰ ਕੇਵਲ ਅਕਾਲ ਪੁਰਖ਼ ਹੈ ਨਾ ਕਿ ਸ਼ਸ਼ਤਰ। ਸ਼ਸ਼ਤਰ ਜੇ ਧਰਮੀ ਸੂਰਮੇ ਦੇ ਹੱਥ ਵਿੱਚ ਹਨ ਤਾਂ ਇਹ ਗਰੀਬ ਮਜ਼ਲੂਮ ਦੀ ਰੱਖਿਆ ਅਤੇ ਜ਼ਾਲਮ ਦੀ ਭੱਖਿਆ ਲਈ ਵਰਤੇ ਜਾ ਸਕਦੇ ਹਨ ਅਤੇ ਜੇ ਇਹੀ ਸ਼ਸ਼ਤਰ ਕਿਸੇ ਜ਼ਾਲਮ ਦੇ ਹੱਥ ਵਿਚ ਹੋਣਗੇ ਤਾਂ ਇਹ ਉਸ ਦੇ ਸਹਾਇਕ ਵਜੋਂ ਕੰਮ ਆਉਣਗੇ ਸੋ ਸ਼ਸ਼ਤਰਾਂ ਨੂੰ ਪੀਰ ਮੰਨਣਾ ਗੁਰਮਤਿ ਵਿਰੋਧੀ ਹੈ।

ਪ੍ਰਿੰਸੀਪਲ ਗੁਰਬਚਨ ਸਿੰਘ ਕਿਹਾ ਜੇ ਸਾਡੇ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਦਾ, ਤੇ ਆਮ ਸਿੱਖਾਂ ਕੀ ਹਾਲ ਹੋਵੇਗਾ, ਇਸਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।  ਪ੍ਰਿੰਸੀਪਲ ਗੁਰਬਚਨ ਸਿੰਘ ਨੇ ਕਿਹਾ ਸਿੱਖ ਲਈ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹੈ, ਜਿਸ ਨੂੰ ਸਿੱਖ ਨੇ ਨਮਸਕਾਰ ਹੀ ਨਹੀਂ ਕਰਨੀ ਹੈ, ਬਲਕਿ ਉਸ ਵਿੱਚ ਦਿੱਤੇ ਗਿਆਨ ਨੂੰ ਅਪਨਾਉਣਾ ਵੀ ਹੈ।

ਅਸੀਂ ਹਰ ਇਕ ਵਸਤੂ ਨੂੰ "ਸਾਹਿਬ" ਲਗਾ ਕੇ ਇੰਨਾਂ ਭਰਮਾ ਦਿੱਤਾ ਹੈ, ਕਿ ਭੋਲਾ (ਮੂਰਖ) ਸਿੱਖ, ਹਰ ਇਕ ਉਸ ਵਸਤੂ ਜਿਸ ਪਿਛੇ "ਸਾਹਿਬ" ਲਗਾ ਹੈ, ਉਸਨੂੰ ਮੱਥੇ ਟੇਕੀ ਜਾ ਰਿਹਾ ਹੈ, ਜਿਵੇਂ ਨਿਸ਼ਾਨ ਸਾਹਿਬ, ਪੀੜ੍ਹਾ ਸਾਹਿਬ, ਚੌਰ ਸਾਹਿਬ, ਭੋਰਾ ਸਾਹਿਬ, ਪਲੰਘ ਸਾਹਿਬ... ਹੋਰ ਤੇ ਹੋਰ ਅਖੌਤੀ ਜਥੇਦਾਰਾਂ ਨੂੰ "ਸਿੰਘ ਸਾਹਿਬ" ਆਦਿ ਕਹਿ ਕਹਿ ਕੇ ਸਿੱਖ  ਕੌਮ ਗੁਰੂ ਵਲੋਂ ਦਰਸਾਏ "ਸਾਹਿਬ ਮੇਰਾ ਏਕੋ ਹੈ", ਦੇ ਸਿਧਾਂਤ ਨੂੰ ਭੁੱਲ ਚੁੱਕੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top