Share on Facebook

Main News Page

ਬੀਬੀਆਂ ਦੇ ਕੇਸ ਕਤਲ ਕਰਨ ਵਾਲੇ ਬਿਊਟੀ ਪਾਰਲਰ ਦੇ, ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨ ਦੀ ਗ੍ਰੰਥੀ ਸਿੰਘ ਨੇ ਕੀਤੀ ਅਰਦਾਸ

* ਬਿਊਟੀ ਪਾਰਲਰ ਦੇ ਉਦਘਾਟਨ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਤੇ ਉਸ ਦੇ ਹਜ਼ੂਰ ਅਰਦਾਸ ਕਰਨੀ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਤੇ ਗੰਥੀ ਦੀ ਬੱਜਰ ਗਲਤੀ: ਗਿਆਨੀ ਤਰਲੋਚਨ ਸਿੰਘ

ਬਠਿੰਡਾ, 21 ਮਈ (ਕਿਰਪਾਲ ਸਿੰਘ): ਸਿੱਖ ਧਰਮ ’ਚ ਕੇਸਾਂ ਦੀ ਵਿਸ਼ੇਸ਼ ਮਹੱਤਤਾ ਹੈ, ਤੇ ਕੇਸਾਂ ਨੂੰ ਗੁਰੂ ਦੀ ਮੋਹਰ ਜਾਣ ਕੇ ਸਿੱਖ ਕੇਸਾਂ ਨੂੰ ਜਾਨ ਨਾਲੋਂ ਵੱਧ ਪਿਆਰ ਕਰਦਾ ਹੈ। ਭਾਈ ਤਾਰੂ ਸਿੰਘ ਦੀ ਮਿਸਾਲ ਦੁਨੀਆਂ ਦੇ ਸਾਹਮਣੇ ਹੈ ਜਿਨ੍ਹਾਂ ਨੇ ਰੰਬੀ ਨਾਲ ਖੋਪਰੀ ਤਾਂ ਉਤਰਵਾ ਲਈ, ਪਰ ਕੇਸ ਕੱਟਣ ਦੀ ਇਜ਼ਾਜ਼ਤ ਨਾ ਦਿੱਤੀ। ਪਰ ਅੱਜ ਸਿੱਖ ਧਰਮ ਦੀ ਪ੍ਰਚਾਰਕ ਸ਼ਰੇਣੀ ਵਿੱਚ ਗਿਣੇ ਜਾਣ ਵਾਲੇ ਗ੍ਰੰਥੀਆਂ ਵਿੱਚ ਕੇਸਾਂ ਤੇ ਸਿਖੀ ਪ੍ਰਤੀ ਪਿਆਰ ’ਚ ਇੱਥੋਂ ਤੱਕ ਨਿਘਾਰ ਆ ਗਿਆ ਹੈ, ਕਿ ਉਹ ਪੂਜਾ ਦੇ ਚੰਦ ਦਮੜਿਆਂ ਕਾਰਣ ਕੇਸਾਂ ਦੀ ਬੇਅਦਬੀ ਕਰਨ ਵਾਲੀਆਂ ਦੁਕਾਨਾਂ ਦੇ ਉਦਘਾਟਨ ਕਰਨ ਅਤੇ ਉਸ ਦੇ ਕਾਰੋਬਾਰ ਲਈ ਅਰਦਾਸਾਂ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ।

ਇੱਥੋਂ ਤਕਰੀਬਨ 60 ਕਿਲੋਮੀਟਰ ਦੀ ਦੂਰੀ ’ਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਗੇਟ ਨੰਬਰ 4 ਕੋਲ ਅਕਾਸ਼ ਬਿਊਟੀ ਪਾਰਲਰ ਦਾ ਉਦਘਾਟਨ ਕੀਤਾ ਗਿਆ ਜਿਸਦੇ ਉਦਘਾਟਨ ਲਈ ਸ੍ਰੀ ਗੁਰੂ ਗਰੰਥ ਸਾਹਿਬ ਦਾ ਸਰੂਪ ਲਿਆਂਦਾ ਗਿਆ। ਗੁਰਦੁਆਰਾ ਅਕਾਲ ਬੁੰਗਾ ਦੇ ਗ੍ਰੰਥੀ ਕ੍ਰਿਪਾਲ ਸਿੰਘ ਨੇ ਪਵਿੱਤਰ ਗੁਰਬਾਣੀ ਦੇ ਪਾਠ ਕੀਤੇ । ਗ੍ਰੰਥੀ ਸਿੰਘ ਨੇ ਸਿੱਖ ਰਹਿਤ ਮਰਿਆਦਾ ਦੇ ਉਲਟ ਬੀਬੀਆਂ ਦੇ ਕੇਸ ਕਤਲ ਕਰਨ ਵਾਲੇ ਇਸ ਬਿਊਟੀ ਪਾਰਲਰ ਦੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨ ਦੀ ਅਰਦਾਸ ਕੀਤੀ।

ਇਸ ਮਾਮਲੇ ਨੂੰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥਦੇਦਾਰ ਗਿਆਨੀ ਤਰਲੋਚਨ ਸਿੰਘ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਕਰਨ ਲਈ ਗੰ੍ਰਥੀ ਦੀ ਬੱਜਰ ਗਲਤੀ ਮੰਨਦਿਆਂ ਕਿਹਾ ਕਿ ਦੋਸ਼ੀ ਗ੍ਰੰਥੀ ਵਿਰੁਧ ਕਾਰਵਾਈ ਕਰਨ ਲਈ ਉਹ ਇਸ ਮਾਮਲੇ ਨੂੰ ਅਕਾਲ ਤਖ਼ਤ ਦੇ ਜਥੇਦਾਰ ਦੇ ਧਿਆਨ ਵਿੱਚ ਲੈ ਕੇ ਆਉਣਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top