Share on Facebook

Main News Page

ਪੰਥਕ ਖਬਰ-ਤਰਾਸ਼ੀ

(1) ਖਬਰ:- ਦਸਤਾਰ ਦੀ ਬੇਅਦਬੀ ਪੰਜਾਬ ਸਰਕਾਰ ਦੇ ਮੱਥੇ ਤੇ ਕਲੰਕ: ਗਿਆਨੀ ਗੁਰਬਚਨ ਸਿੰਘ
ਟਿੱਪਣੀ:- ਮੁਖ ਪੁਜਾਰੀ ਜੀ! ਮੌਜੂਦਾ ਪੰਜਾਬ ਸਰਕਾਰ ਦਾ ਮੱਥਾ ਤਾਂ ਪੰਥ ਵਿਰੁਧ ਕੀਤੇ ਐਸੇ ਅਨੇਕਾਂ ਕੰਮਾਂ ਦੇ ਕਲੰਕਾਂ ਨਾਲ ਭਰਿਆ ਪਿਆ ਹੈ। ਬਲਕਿ ਹੁਣ ਤਾਂ ਮੱਥਾ ਤਾਂ ਨਜ਼ਰ ਹੀ ਨਹੀਂ ਆਉਂਦਾ, ਕਲੰਕ ਹੀ ਕਲੰਕ ਸਾਹਮਣੇ ਦਿੱਸਦੇ ਹਨ। ਤੂਸੀਂ ਆਪ ਵੀ ਇਨ੍ਹਾਂ ਵਿਚੋਂ ਕੁਝ ਕਲੰਕਾਂ ਵਿਚ ਭਾਗੀਦਾਰ ਹੋ। ਪੰਥ ਵਿਰੋਧੀ ਕੰਮਾਂ ਦੇ ਅਨੇਕਾਂ ਦਾਗ ਤਾਂ ਆਪ ਤੁਹਾਡੇ ਦਾਮਨ ’ਤੇ ਵੀ ਹਨ। ਕਾਸ਼! ਕਦੇ ਤੂਸੀਂ ਵੀ “ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ॥6॥ (ਪੰਨਾ 1378)” ਗੁਰਵਾਕ ਤੋਂ ਸੇਧ ਲੈ ਕੇ ਮਾਨਸਿਕ ਗੁਲਾਮੀ ਦੀ ਜ਼ੰਜੀਰਾਂ ਤੋੜ ਸਕੋ।

(2) ਖਬਰ:- ਰਕਾਬ ਗੰਜ ਦੇ ਨਵੀਨੀਕਰਨ ਲਈ 335 ਕਰੋੜ ਖਰਚ ਹੋਣਗੇ: ਦਿਲੀ ਕਮੇਟੀ
ਟਿੱਪਣੀ:- ਕੌਮੀ ਦਸਵੰਦ ਦੀ ਬਰਬਾਦੀ (ਕਿਸੇ ਸੁਚੱਜੇ ਕੰਮ ’ਤੇ ਖਰਚ ਨਾ ਕਰਨ ਦੀ ਪ੍ਰਵਿਰਤੀ) ਲਈ ਤਾਂ ਗੁਰਦੁਆਰਾ ਕਮੇਟੀਆਂ ਵਿਚ ਦੌੜ ਲਗੀ ਹੋਈ ਹੈ। ਸ਼੍ਰੋਮਣੀ ਕਮੇਟੀ ਅਤੇ ਦਿਲੀ ਕਮੇਟੀ ਇਸ ਦੌੜ (ਰੇਸ) ਦੇ ਦੋ ਮੁੱਖ ‘ਐਥਲੀਟ’ ਹਨ। ਅਸਲ ਵਿਚ ਜ਼ਿਆਦਾਤਰ ਗੁਰਦਾਵਾਰਾ ਕਮੇਟੀਆਂ ਨੂੰ ਇਸ ਨੂੰ ‘ਧਰਮਸਾਲ’ (ਸੇਵਾ-ਘਰ) ਦੀ ਥਾਂ ‘ਬਿਜ਼ਨਸ ਹਾਉਸ’ ਬਣਾਇਆ ਹੋਇਆ ਹੈ। ਵਿਖਾਵੇ ਵਾਲੇ ਕੰਮਾਂ ਅਤੇ ਕਰਮਕਾਂਡਾਂ ਵਿਚ ਪੈਸਾ ਲਾ ਕੇ ਕਈਂ ਗੁਣਾਂ ਆਮਦਨੀ ਲੈਣ ਦੀ ਹੋੜ ਲਗੀ ਹੋਈ ਹੈ। ਪੰਥ ਦੇ ਲੋੜਵੰਦਾਂ ਦੀ ਸਹਾਇਤਾ ਵਾਸਤੇ ਇਨ੍ਹਾਂ ਦਾ ਬਜਟ ਖਾਲੀ ਹੋ ਜਾਂਦਾ ਹੈ, ਪਰ ਗੁਰਦਵਾਰਾ ਬਿਲਿਡਿੰਗਾਂ ਦੀ ਬੇਲੋੜੀ ਉਸਾਰੀ ਲਈ ਹੀ ਇਨ੍ਹਾਂ ਦੇ ਬਜਟ ਦਾ ਬਹੁਤਾ ਹਿੱਸਾ ਖਰਚ ਹੁੰਦਾ ਹੈ।

(3) ਖਬਰ:- ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਵਾਪਿਸ ਲੈਣ ਦੀ ਕਨਸੋਆਂ
ਟਿੱਪਣੀ:- ਹਾਕਮਾਂ ਦੇ ਗੁਲਾਮ ਇਨ੍ਹਾਂ ਪੁਜਾਰੀਆਂ ਦਾ ਹਰ ਕਦਮ ਉਨ੍ਹਾਂ ਦੇ ਲਾਭ-ਹਾਨੀ ਨੂੰ ਵੇਖ ਕੇ ਚੁੱਕਿਆ ਜਾਂਦਾ ਹੈ। ਪਹਿਲਾਂ ਇਨ੍ਹਾਂ ਨੂੰ ਨਾਨਕਸ਼ਾਹੀ ਕੈਲੰਡਰ ਦਾ ਬ੍ਰਾਹਮਣੀਕਰਨ ਦਾ ਕੰਮ ਲਾਭਕਾਰੀ ਜਾਪਿਆ ਹੋਣੈ, ਸੋ ਸੋਧ ਦਿਤਾ। ਹੁਣ ਸੋਧਾਂ ਵਾਪਿਸ ਲੈਣ ਵਿਚ ਹੋਰ ਕੋਈ ਵੱਡਾ ਸਵਾਰਥ ਪੂਰਾ ਹੁੰਦਾ ਜਾਪ ਰਿਹਾ ਹੋਵੇਗਾ, ਤਾਂ ਹੀ ਐਸੀਆਂ ਕਨਸੋਆਂ ਆ ਰਹੀਆਂ ਹਨ। ਜੇ ਹਾਕਮ ਹੁਕਮ ਕਰਨ ਤਾਂ ਇਹ ਪੁਜਾਰੀ ਸ਼ਾਇਦ ਧੋਤੀ ਤੇ ਜਨੇਊ ਪਾਉਣ ਨੂੰ ਵੀ ਤਿਆਰ ਹੋ ਜਾਣਗੇ, ਸੋਧਾਂ ਕਰਨਾ ਜਾਂ ਵਪਿਸ ਲੈਣਾ ਤਾਂ ਇਨ੍ਹਾਂ ਲਈ ਮਾਮੂਲੀ ਗੱਲ ਹੈ।

(4) ਖਬਰ:- ਹੰਸਪਾਲ ਨੂੰ ਅਕਾਲ ਤਖਤ ਤੇ ਬੁਲਾਉਣ ਦੀ ਤਿਆਰੀਆਂ
ਟਿੱਪਣੀ:- ਪੁਜਾਰੀਉ! ਬਣਾਈ ਚਲੋ ਅਕਾਲ ਤਖਤ ਦਾ ਮਜ਼ਾਕ। ਇਹ ਕਾਨੂੰਨ ਦਾ ਮਾਮਲਾ ਹੈ, ਕਾਨੂੰਨ ਨੂੰ ਹੀ ਨਿਪਟਾਉਣ ਦਿਉ, ਤੂਸੀ ਕਿਉਂ ਜ਼ਬਰਦਸਤੀ ਅਪਣੀ ਟੰਗ ਅੜਾਉਂਦੇ ਜੇ? ਮੰਨ ਲਵੋ ਇਕ ਸ਼ਾਤਿਰ ਰਾਜਨੇਤਾ ਵਾਂਗੂ ‘ਹੰਸਪਾਲ’ ਤੁਹਾਡੀ ਕਚਹਿਰੀ ਵਿਚ ਦੋ ਮਿਨਟ ਲਈ ਮਾਫੀ ਮੰਗ ਲਵੇ ਤਾਂ ਕਿ ਉਹ ਗਵਾਹਾਂ ਤੇ ਦਬਾਅ ਪਾਉਣ ਦੇ ਇਲਜ਼ਾਮਾਂ ਤੋਂ ਬਰੀ ਮੰਨਿਆ ਜਾਣਾ ਚਾਹੀਦਾ ਹੈ? ਤਰਸ ਆਉਂਦਾ ਹੈ ਸਿੱਖ ਕੌਮ ਤੇ, ਗੁਰਮਤਿ ਦੀ ਪੈਰੋਕਾਰ ਦਾ ਦਾਅਵਾ ਕਰਨ ਦੇ ਬਾਵਜੂਦ 21ਵੀਂ ਸਦੀ ਵਿਚ ਵੀ ਪੁਜਾਰੀਆਂ ਨੂੰ ਅਪਣੇ ਮੋਢਿਆਂ ’ਤੇ ਚੁੱਕੀ ਫਿਰ ਰਹੀ ਹੈ।

(5) ਖਬਰ:- ਕਾਨਫਰਾਂਸ ਵਿਚ ਅਕਾਲੀ ਦਲ ਬਾਦਲ ਦੇ ਨੋਜਵਾਨ ਵਰਕਰਾਂ ਨੇ ਕੀਤਾ ਬਜ਼ੁਰਗਾਂ ’ਤੇ ਹੱਥ ਸਾਫ
ਟਿੱਪਣੀ:- ਅਕਾਲੀ ਦਲ ਬਾਦਲ ਕੋਲੋਂ ਵੈਸੇ ਵੀ ਕਿਸੇ ਚੰਗੇ ਦੀ ਆਸ ਨਹੀਂ ਕੀਤੀ ਜਾ ਸਕਦੀ, ਖਾਸ ਕਰ ਸਿੱਖਾਂ ਦੇ ਭਲੇ ਦੀ ਗੱਲ। ‘ਗੁੰਡਾਗਰਦੀ’ ਵਿਚ ਤਾਂ ਇਸ ਪਾਰਟੀ ਦੇ ਵਰਕਰਾਂ ਦੀ ਪੁਰਾਣੀ ਮੁਹਾਰਤ ਹੈ।ਅਕਾਲੀ ਦਲ ਅੰਮਿਤ੍ਰਸਰ ਦੇ ਵਰਕਰਾਂ ਦੇ ਵਿਰੁਧ, ਇਕ ਧਾਰਮਿਕ ਸਮਾਗਮ ਵਿਚ, ਗੁੰਡਾਗਰਦੀ ਕਰਦੇ ਹੋਏ, ਉਨ੍ਹਾਂ ਦੀਆਂ ਪੱਗਾਂ ਲਹਾਉਣ ਅਤੇ ਖਿੱਚ ਧੁਹ ਦੀ ਘਟਨਾ ਤਾਂ ਜਿਵੇਂ ਕਲ ਦੀ ਗੱਲ ਹੈ। ਜੈਸੇ ਇਸ ਪਾਰਟੀ ਦੇ ਬਜ਼ੁਰਗ, ਵੈਸੇ ਹੀ ਨੋਜਵਾਨ। ਜੈਸੀ ਕੋਕੋ, ਵੈਸੇ ਕੋਕੋ ਦੇ ਬੱਚੇ।

(6) ਖਬਰ:- ਸ਼੍ਰੋਮਣੀ ਕਮੇਟੀ ਨੇ ਕੀਤਾ ਵਿਦਿਅਕ ਅਦਾਰਿਆਂ ਦਾ ਮਾੜਾ ਹਾਲ: ਹਰਿਆਣਾ ਕਮੇਟੀ
ਟਿੱਪਣੀ:- ਬਾਈ ਜੀ! ਤੂਸੀ ਵਿਦਿਅਕ ਅਦਾਰਿਆਂ ਦੀ ਗੱਲ ਕਰਦੇ ਜੇ, ਇਸ ਕਮੇਟੀ ਨੇ ਤਾਂ ਹਰ ਇਕ ਚੀਜ਼ ਦਾ ਨਾਸ ਮਾਰ ਕੇ ਰੱਖਿਆ ਹੋਇਆ। ਪਿਛਲੇ ਸਮੇਂ ਵਿਚ ਇਸ ਕਮੇਟੀ ਵਲੋਂ ਕੀਤਾ ਕੋਈ ਇਕ ਚੰਗਾ ਕੰਮ ਗਿਣਾ ਦੇਵੋ। ਜੇ ਬਾਹਰੀ ਤੌਰ ’ਤੇ ਕੋਈ ਕੰਮ ਚੰਗਾ ਵੀ ਲਗਦਾ ਹੋਵੇਗਾ ਤਾਂ ਉਸ ਦੀ ਤਹਿ ਵਿਚ ਭ੍ਰਿਸ਼ਟਾਚਾਰ ਦੇ ਆਸਾਰ ਹੀ ਹੋਣਗੇ।

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top