Share on Facebook

Main News Page

ਅਖੌਤੀ ਦਸਮ ਗ੍ਰੰਥ ਦੇ ਪੰਨਾ 1210 ਵਿੱਚ ਸਪਸ਼ਟ ਦਰਜ਼ ਹੈ, ਕਿ ਮਹਾਂਕਾਲ ਦਾ ਸਿੱਖ ਬਣਨ ਲਈ ਮਦਿਰਾ ਤੇ ਭੰਗ ਪੀਣੀ ਜ਼ਰੂਰੀ ਹੈ: ਸ. ਉਪਕਾਰ ਸਿੰਘ ਫਰੀਦਾਬਾਦ

(ਫ਼ਰੀਦਾਬਾਦ : 13 ਮਈ 2011, ਸਤਨਾਮ ਕੌਰ)
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਹਰ ਮਹੀਨੇਂ ਦੀ 13 ਨੂੰ ਕਾਲਾ ਦਿਵਸ ਮਨਾਉਂਦਿਆਂ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਇਸ ਮੌਕੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਦੀ ਰਚਨਾ ਜਿਸ ਦਾ ਰਚਨਹਾਰ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਬਤ ਕਰਣ ਲਈ ਸਾਡੇ ਅਖੌਤੀ ਜੱਥੇਦਾਰਾਂ ਦੀ ਟੋਲੀ ਅਤੇ ਸੰਤ ਸਮਾਜ ਅੜੀ ਚੋਟੀ ਦਾ ਜ਼ੋਰ ਲਾ ਰਹੇ ਹਨ ਇਸ ਗ੍ਰੰਥ ਵਿਚ ਦਰਜ਼ ਅਵਤਾਰ ਗੁਰੂ ਗ੍ਰੰਥ ਸਾਹਿਬ ਜੀ ਦੇ ੴ ਵਾਲੇ ਸਰੂਪ ਨੂੰ ਚੈਲੰਜ ਕਰਦੇ ਹਨ।

ਉਨ੍ਹਾਂ ਕਿਹਾ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਸ਼ਰਥ ਦੇ ਪੁੱਤਰ ਰਾਮਚੰਦਰ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ ਉਥੇ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ 24 ਅਵਤਾਰ ਦੇ ਰਾਮ ਅਵਤਾਰ ਪ੍ਰਸੰਗ ਵਿਚ ਰਾਮਚੰਦਰ ਦੀ ਕਥਾ ਨੂੰ ਜੁਗੋ ਜੁਗ ਅਟਲ ਦਸਦਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨੂੰ ਚੁਨੌਤੀ ਦਿੰਦਾ ਹੈ। ਉਨ੍ਹਾਂ ਦਸਿਆ ਕਿ ਬੜੀ ਚਲਾਕੀ ਨਾਲ ਜਿੱਥੇ ਇਕ ਪਾਸੇ ਕਵੀ ਰਾਮ ਦੀ ਕਥਾ ਨੂੰ ਜੁਗੋ ਜੁਗ ਅਟਲ ਅਤੇ ਇਸ ਨੂੰ ਸੁਣਨ ਅਤੇ ਗਾਉਣ ਵਾਲੇ ਦੇ ਨੇੜੇ ਦੁਖ ਅਤੇ ਪਾਪ ਨਾ ਆਉਣ ਦੀ ਗੱਲ’ਤੇ ਜ਼ੋਰ ਦਿੰਦਾ ਹੈ ਉਥੇ ਅਗਲੇ ਹੀ ਪਲ ਅਪਣੀ ਗੱਲ ਨੂੰ ਕੱਟ ਕੇ ਰਾਮ ਰਹੀਮ ਅਤੇ ਪੁਰਾਨ ਦੀਆਂ ਗੱਲਾਂ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦਾ ਹੈ ਉਨ੍ਹਾਂ ਕਿਹਾ ਕਿ ਜਦ ਬਚਿੱਤਰ ਨਾਟਕ ਦਾ ਲਿਖਾਰੀ ਰਾਮਚੰਦਰ ਦੀ ਗੱਲ ਨੂੰ ਮੰਨ ਹੀ ਨਹੀਂ ਰਿਹਾ ਤਾਂ ਫਿਰ ਉਸ ਦੀ ਉਸਤਤਿ ਵਿਚ ਇੰਨੇ ਵਰਕੇ ਕਾਲੇ ਕਰ ਕੇ ਉਸ ਦੀ ਕਥਾ ਨੂੰ ਜੁਗੋ ਜੁਗ ਅਟਲ ਕਹਿਣ ਦੀ ਕੀ ਲੋੜ ਸੀ ? ਅਤੇ ਅਜਿਹੀ ਵਿਅਰਥ ਰਚਨਾਵਾਂ ਤੋਂ ਸਾਨੂੰ ਕਿਹੜਾ ਗੁਰਮਤਿ ਸੰਦੇਸ਼ ਪ੍ਰਾਪਤ ਹੋ ਰਿਹਾ ਹੈ ?

ਉਨ੍ਹਾਂ ਕਿਹਾ ਕਿ ਬਚਿੱਤਰ ਨਾਟਕ ਦਾ ਲਿਖਾਰੀ ਇਸ ਗ੍ਰੰਥ ਦੀ ਰਚਨਾ ਰਾਮਅਵਤਾਰ ਦੀ ਤਰ੍ਹਾਂ ਇਹੀ ਪਲਟੀ ਕ੍ਰਿਸ਼ਨ ਅਵਤਾਰ ਵਿਚ ਵੀ ਜਾ ਮਾਰਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਗਣੇਸ਼, ਕਿਸ਼ਨ, ਬਿਸ਼ਨ ਨੂੰ ਪਹਿਲੀ ਮਹਤੱਤਾ ਨਹੀਂ ਦਿੰਦਾ ਕਿਉਂਕਿ ਮੇਰੀ ਲਿਵ ਤਾਂ ਚੰਡੀ ਦੇਵੀ ਅਤੇ ਉਸ ਦੇ ਪਤੀ ਮਹਾਂਕਾਲ ਨਾਲ ਜੁੜੀ ਹੋਈ ਹੈ ਉਹ ਮਹਾਂਕਾਲ ਹੀ ਮੇਰਾ ਰਖਵਾਰਾ ਹੈ।ਸ. ਉਪਕਾਰ ਸਿੰਘ ਨੇ ਦਸਿਆ ਕਿ ਬੜੀ ਚਲਾਕੀ ਨਾਲ ਉਹ ਮਹਾਂਕਾਲ ਦੇ ਉਪਰ ਆਪਣਾ ਨਿਸ਼ਚਾ ਪ੍ਰਗਟ ਕਰ ਦਿੰਦਾ ਹੈ ਪਰ ਇਸ ਮਹਾਂਕਾਲ ਦੀ ਅਸਲੀਅਤ ਬਚਿੱਤਰ ਨਾਟਕ ਗ੍ਰੰਥ ਵਿਚੋਂ ਹੀ ਜ਼ਾਹਰ ਹੋ ਜਾਂਦੀ ਹੈ ਜਦ ਜੁੱਧ ਵਿਚ ਦੈਂਤ ਲੰਮੇ ਲੰਮੇ ਦੰਦ ਕੱਢ ਕੇ ਮਹਾਂਕਾਲ ਨੂੰ ਮਾਰਨ ਦੌੜਦੇ ਹਨ, ਇਸ ਮਹਾਂਕਾਲ ਨੂੰ ਪਸੀਨਾ ਵੀ ਆਉਂਦਾ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਮਹਾਂਕਾਲ ਸ਼ਰੀਰਧਾਰੀ ਹੈ ਨਾ ਕਿ ਅਕਾਲਪੁਰਖ ਦਾ ਰੂਪ ।ਹੋਰ ਤਾਂ ਹੋਰ ਅਖੌਤੀ ਦਸਮ ਗ੍ਰੰਥ ਦੇ ਪੰਨਾ 1210 ਵਿਚ ਸਪਸ਼ਟ ਦਰਜ਼ ਹੈ ਕਿ ਮਹਾਂਕਾਲ ਦਾ ਸਿਖ ਬਣਨ ਲਈ ਮਦਿਰਾ ਤੇ ਭੰਗ ਪੀਣੀ ਜ਼ਰੂਰੀ ਹੈ।

ਉਨ੍ਹਾਂ ਅਫਸੋਸ ਜਤਾਉਂਦਿਆਂ ਕਿਹਾ ਕਿ ਗੁਰਦੁਆਰਿਆਂ ਵਿਚ ਇਸੇ ਮਹਾਂਕਾਲ ਨੂੰ ਅਕਾਲਪੁਰਖ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਇਸ ਨੂੰ ਸਭ ਰਾਜਨ ਕੇ ਰਾਜਾ ਤਕ ਕਹਿ ਕੇ ਜਿਥੇ ੴ ਦੇ ਸਰੂਪ ਨੂੰ ਚੈਲੰਜ ਕੀਤਾ ਜਾਂਦਾ ਹੈ ਉਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਿਧਾਂਤਵਿਹੁਣੀ ਰਚਨਾ ਗਾਇਨ ਕਰ ਕੇ ਸ਼ਬਦ ਗੁਰੂ ਦੀ ਘੋਰ ਨਿਰਾਦਰੀ ਕੀਤੀ ਜਾ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪਤ ਜੱਥੇਬੰਦੀ ਦਸ਼ਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਨਟਰਨੈਸ਼ਨਲ ਦੇ ਕੋਆਡੀਨੇਟਰ ਸ੍ਰ. ਸੁਰਿੰਦਰ ਸਿੰਘ ਨੇ ਕਿਹਾ ਕਿ ਪੁਰਾਤਨ ਸਮੇਂ ਵਿਚ ਲੋਕਾਂ ਦੇ ਮਨਾਂ ਵਿਚ ਜਿਵੇਂ ਸੂਰਜ, ਚੰਦ ਅਤੇ ਜਨਵਰਾਂ ਨੂੰ ਅਲੌਕਿਕ ਸ਼ਕਤੀ ਮੰਨ ਕੇ ਇੰਨ੍ਹਾਂ ਦੇ ਖੌਫ ਤੋਂ ਬਚੱਣ ਲਈ ਇੰਨ੍ਹਾਂ ਨੂੰ ਪੁਜਣਜੋਗ ਬਣਾ ਦਿੱਤਾ ਗਿਆ ਉਵੇਂ ਹੀ ਅਖੌਤੀ ਦਸਮ ਗ੍ਰੰਥ ਰਾਹੀਂ ਕਛੂਆ ਅਵਤਾਰ, ਮਗਰਮੱਛ ਅਵਤਾਰ, ਗੰਦਗੀ ਖਾਣ ਵਾਲਾ ਸੂਰ (ਵਰਾਹ) ਅਵਤਾਰ, ਚੰਦ, ਸੂਰਜ, ਰਾਮ, ਕ੍ਰਿਸ਼ਨ ਆਦਿ ਨੂੰ ਰੱਬ ਦਾ ਰੂਪ ਪੇਸ਼ ਕਰਕੇ ਇਕ ਅਕਾਲਪੁਰਖ ਦੀ ਹੋਂਦ ਨੂੰ ਮਿਟਾਉਣ ਵਾਲਾ ਕੋਝਾ ਕੰਮ ਸਿੱਖੀ ਦੇ ਵੇੜੇ ਵਿਚ ਸਿੱਖ ਵਿਰੋਧੀਆਂ ਨੇ ਕੀਤਾ ਹੈ ਤਾਂ ਜੁ ਸਿੱਖ ਮੁੜ ਬ੍ਰਾਹਮਣਵਾਦ ਦੀ ਜਕੜਨ ਵਿਚ ਫਸ ਸਕਣ ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਅਤੇ ਉਦੋਂ ਤਕ ਇਸ ਅਖੌਤੀ ਦਸਮ ਗ੍ਰੰਥ ਬਚਿੱਤਰ ਨਾਟਕ ਵਿਰੁੱਧ ਹੋਕਾ ਦਿੰਦਿਆ ਸੰਗਤਾਂ ਨੂੰ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ ਜਿੰਨ੍ਹਾਂ ਚਿਰ ਇਸ ਗੰਦ ਨੂੰ ਸਿੱਖੀ ਦੇ ਵੇੜੇ ਵਿਚੋਂ ਸਾਫ ਨਾ ਕਰ ਦਿੱਤਾ ਜਾਵੇ।

ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਉਹ ਵੀਰ ਭੈਣਾਂ ਅਤੇ ਜੱਥੇਬੰਦੀਆਂ ਵਧਾਈ ਦੇ ਪਾਤਰ ਹਨ ਜੋ ਅਖੌਤੀ ਦਸਮ ਗ੍ਰੰਥ ਦੀ ਅਸਲੀਅਤ ਨੂੰ ਇੰਟਰਨੈਟ ਰਾਹੀਂ ਆਮ ਸੰਗਤਾਂ ਤਕ ਪੁਜਾ ਕੇ ਇਕ ਲੋਕ ਲਹਿਰ ਕਾਇਮ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਗੁਰੁ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਕਰਨ ਵਾਲੇ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਨੂੰ ਪੰਜਾਬ ਤੋਂ ਬਾਹਰਲੇ ਤਖ਼ਤਾਂ ’ਚੌਂ ਵੀ ਜਾਗਰੂਕ ਸਿੱਖ ਸੰਗਤਾਂ ਨੇ ਹਟਾ ਦੇਣਾ ਹੈ। ਇਸ ਮੌਕੇ ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ ਵੱਲੋਂ ਅਖੌਤੀ ਦਸਮ ਗ੍ਰੰਥ ਦੀ ਸਚਾਈ ਨੂੰ ਉਜਾਗਰ ਕਰਦਾ ਹਰ ਮਹੀਨੇ ਛੱਪਣ ਵਾਲਾ ਇਸ਼ਤਿਹਾਰ ਵੀ ਸੰਗਤਾਂ ਵਿਚ ਵੰਡਿਆ ਗਿਆ। ਇਸ ਵੇਲੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪਤ ਜੱਥੇਬੰਦੀ ਦਸ਼ਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਨਟਰਨੈਸ਼ਨਲ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਖਾਲਸਾ ਨਾਰੀ ਮੰਚ ਫ਼ਰੀਦਾਬਾਦ, ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ, ਦੁਰਮਤਿ ਸੋਧਕ ਗੁਰਮਤਿ ਲਹਿਰ, ਯੰਗ ਸਿੱਖ ਐਸੋਸਿਏਸ਼ਨ ਆਦਿ ਜੱਥੇਬੰਦੀਆਂ ਦੇ ਨੁੰਮਾਇੰਦੇ ਵੀ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top