Share on Facebook

Main News Page

ਧਰਮ, ਸ਼ਰਧਾ ਦੇ ਸਿਰ ’ਤੇ ਨਹੀਂ ਗਿਆਨ ਦੇ ਆਧਾਰ ’ਤੇ ਕਮਾਇਆ ਜਾ ਸਕਦਾ ਹੈ: ਗਿਆਨੀ ਸ਼ਿਵਤੇਗ ਸਿੰਘ

ਬਠਿੰਡਾ, 12 ਮਈ (ਕਿਰਪਾਲ ਸਿੰਘ): ਧਰਮ, ਸ਼ਰਧਾ ਦੇ ਸਿਰ ’ਤੇ ਨਹੀਂ ਗਿਆਨ ਦੇ ਆਧਾਰ ’ਤੇ ਕਮਾਇਆ ਜਾ ਸਕਦਾ ਹੈ, ਇਹ ਸ਼ਬਦ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਨ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ।

ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 488 ’ਤੇ ਆਸਾ ਰਾਗ ਵਿੱਚ ਦਰਜ਼ ਭਗਤ ਸੇਖ਼ ਫ਼ਰੀਦ ਜੀ ਦੇ ਸ਼ਬਦ ’ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ ॥ ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ ॥1॥’ ਦੀ ਵਿਆਖਿਆ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਜਿਸ ਸਮੇਂ 10 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਉਣ ਤੋਂ ਨਾਂਹ ਕਰਨੀ ਅਤੇ ਹਰਿਦੁਆਰ ਵਿਖੇ ਪਾਣੀ ਚੜ੍ਹਦੇ ਪਾਸੇ ਦੀ ਵਜਾਏ ਲਹਿੰਦੇ ਪਾਸੇ ਸੁੱਟਣ ਨਾਲ ਲੋਕਾਂ ਦੀ ਸ਼ਰਧਾ ਤਾਂ ਟੁਟੀ ਹੀ ਸੀ ਪਰ ਇਹ ਸਭ ਕੁਝ ਉਨ੍ਹਾਂ ਧਰਮ ਦੀ ਜਾਚ ਸਿਖਾਉਣ ਲਈ ਕੀਤਾ ਸੀ ਕਿ ਜੋ ਕੁਝ ਸ਼ਰਧਾ ਅਧੀਨ ਕੀਤਾ ਜਾ ਰਿਹਾ ਹੈ ਇਹ ਧਰਮ ਨਹੀਂ ਹੈ। ਉਨ੍ਹਾਂ ਕਿਹਾ ਜੇ ਅਸੀਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਕਿ ਜੇ ਸ਼ਰਧਾ ਧਰਮ ਨਹੀਂ ਤਾਂ ਹੋਰ ਧਰਮ ਕਿਥੇ ਹੈ ਤਾ ਗੁਰੂ ਗ੍ਰੰਥ ਸਾਹਿਬ ਜੀ ਫ਼ੁਰਮਾਉਂਦੇ ਹਨ: ’ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥’ (ਪੰਨਾ 1372) ਹੇ ਕਬੀਰ! ਜਨਮ-ਮਨੋਰਥ ਦੇ ਪੂਰਾ ਕਰਨ ਦੀ ਫ਼ਰਜ਼ ਸਿਰਫ਼ ਉਥੇ ਹੋ ਸਕਦਾ ਹੈ ਜਿਥੇ ਇਹ ਗਿਆਨ/ ਸਮਝ ਹੋਵੇ ਕਿ ਹੀਰਾ-ਜਨਮ ਕਾਹਦੇ ਲਈ ਮਿਲਿਆ ਹੈ। ਪਰ ਜਿਸ ਮਨੁੱਖ ਦੇ ਅੰਦਰ ਝੂਠ ਅਤੇ ਲੋਭ (ਦਾ ਜ਼ੋਰ) ਹੋਵੇ, ਉਥੇ (ਧਰਮ ਦੇ ਥਾਂ) ਪਾਪ ਅਤੇ ਆਤਮਕ ਮੌਤ ਹੀ ਹੋ ਸਕਦੇ ਹਨ (ਉਹ ਜੀਵਨ ‘ਕਉਡੀ ਬਦਲੈ’ ਹੀ ਜਾਣਾ ਹੋਇਆ) । ਪਰਮਾਤਮਾ ਦਾ ਨਿਵਾਸ ਸਿਰਫ਼ ਉਸ ਹਿਰਦੇ ਵਿਚ ਹੁੰਦਾ ਹੈ ਜਿਥੇ ਸ਼ਾਂਤੀ ਹੈ।

ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਸੱਚ ਸਿਰਫ ਗੁਰਬਾਣੀ ਹੈ ਪਰ ਸ਼ਰਧਾ ਅਧੀਨ ਘੜੀਆਂ ਕਹਾਣੀਆਂ ਕਿ ਭਗਤ ਧੰਨਾ ਜੀ ਨੇ ਪੱਥਰਾਂ ਵਿੱਚੋਂ ਰੱਬ ਪਾ ਲਿਆ, ਸ਼ੇਖ ਫਰੀਦ ਜੀ ਜੰਗਲਾਂ ਵਿੱਚ ਤਪ ਕਰਨ ਗਏ ਇਹ ਸਭ ਝੂਠ ਹੈ। ਜਿਹੜੇ ਬਾਬਾ ਫ਼ਰੀਦ ਜੀ ਲਿਖ ਰਹੇ ਹਨ: ‘ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥19॥’ (ਪੰਨਾ 1378)। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਰੱਬ ਨੂੰ ਲਿਣ ਵਾਸਤੇ ਆਪ ਜੰਗਲਾਂ ਵਿੱਚ ਤਪ ਕਰਨ ਗਏ ਹੋਣ।ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਰੱਬ ਨਾਲ ਮਿਲਾਪ ਕਿਸ ਤਰ੍ਹਾਂ ਹੋ ਸਕਦਾ ਹੈ ਇਸ ਸਬੰਧੀ ਸ਼ੇਖ਼ ਫ਼ਰੀਦ ਜੀ ਇਸ ਸ਼ਬਦ ਦੀ ਰਹਾਉ ਦੀ ਤੁਕ ਵਿੱਚ ਦੱਸ ਰਹੇ ਹਨ: ‘ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ॥1॥ ਰਹਾਉ ॥’ ਹੇ ਸ਼ੇਖ ਫ਼ਰੀਦ! ਇਸ ਮਨੁੱਖਾ ਜਨਮ ਵਿਚ ਹੀ (ਰੱਬ ਨਾਲ) ਮੇਲ ਹੋ ਸਕਦਾ ਹੈ (ਇਸ ਵਾਸਤੇ ਇਹਨਾਂ) ਮਨ ਨੂੰ ਮਚਾਉਣ ਵਾਲੀਆਂ ਇੰਦ੍ਰੀਆਂ ਨੂੰ ਕਾਬੂ ਵਿਚ ਰੱਖ ।1।ਰਹਾਉ।

ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ ॥ ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ ॥1॥’ ਹੇ ਪਿਆਰੇ! ਰੱਬ (ਦੇ ਚਰਨਾਂ) ਵਿਚ ਜੁੜ; (ਤੇਰਾ) ਇਹ ਜਿਸਮ ਨੀਵੀਂ ਕਬਰ ਦੇ ਵਿਚ ਪੈ ਕੇ ਮਿੱਟੀ ਹੋ ਜਾਇਗਾ ।1।

ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ ॥ ਝੂਠੀ ਦੁਨੀਆ ਲਗਿ ਨ ਆਪੁ ਵਞਾਈਐ ॥2॥’ ਹੇ ਪਿਆਰੇ ਮਨ! ਜਦੋਂ ਤੈਨੂੰ ਪਤਾ ਹੈ ਕਿ ਆਖ਼ਰ ਮਰਨਾ ਹੈ ਤੇ ਮੁੜ (ਇਥੇ) ਨਹੀਂ ਆਉਣਾ, ਤਾਂ ਇਸ ਨਾਸਵੰਤ ਦੁਨੀਆ ਨਾਲ ਪ੍ਰੀਤ ਲਾ ਕੇ ਆਪਣਾ ਆਪ ਗਵਾਉਣਾ ਨਹੀਂ ਚਾਹੀਦਾ।2।

ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥3॥’ ਸੱਚ ਬੋਲਣਾ ਚਾਹੀਦਾ ਹੈ, ਇਹ ਹੀ ਧਰਮ ਹੈ, ਝੂਠ ਨਹੀਂ ਬੋਲਣਾ ਚਾਹੀਦਾ, ਜੋ ਰਸਤਾ ਗੁਰੂ ਦੱਸੇ ਉਸ ਰਸਤੇ ਤੇ ਮੁਰੀਦਾਂ ਵਾਂਗ ਤੁਰਨਾ ਚਾਹੀਦਾ ਹੈ ।3।

ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ ॥ ਕੰਚਨ ਵੰਨੇ ਪਾਸੇ ਕਲਵਤਿ ਚੀਰਿਆ ॥4॥’ ਕਿਸੇ ਦਰਿਆ ਤੋਂ ਜੁਆਨਾਂ ਨੂੰ ਪਾਰ ਲੰਘਦਿਆਂ ਵੇਖ ਕੇ (ਕਮਜ਼ੋਰ) ਇਸਤ੍ਰੀ ਦਾ ਮਨ ਭੀ ਹੌਸਲਾ ਫੜ ਲੈਂਦਾ ਹੈ ਤੇ ਲੰਘਣ ਦਾ ਹੀਆ ਕਰਦੀ ਹੈ; ਇਸੇ ਤਰ੍ਹਾਂ ਸੰਤ ਜਨਾਂ ਨੂੰ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਿਆਂ ਵੇਖ ਕੇ ਕਮਜ਼ੋਰ-ਦਿਲ ਮਨੁੱਖ ਨੂੰ ਭੀ ਹੌਸਲਾ ਪੈ ਜਾਂਦਾ ਹੈ, ਤਾਂ ਤੇ ਹੇ ਮਨ! ਤੂੰ ਸੰਤ ਜਨਾਂ ਦੀ ਸੰਗਤਿ ਕਰ! ਵੇਖ) ਜੋ ਮਨੁੱਖ ਨਿਰੇ ਸੋਨੇ ਵਾਲੇ ਪਾਸੇ (ਭਾਵ, ਮਾਇਆ ਜੋੜਨ ਵਲ ਲੱਗ) ਪੈਂਦੇ ਹਨ ਉਹ ਆਰੇ ਨਾਲ ਚੀਰੇ ਜਾਂਦੇ ਹਨ (ਭਾਵ, ਬਹੁਤ ਦੁੱਖੀ ਜੀਵਨ ਬਿਤੀਤ ਕਰਦੇ ਹਨ) ।4।

ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ ॥ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ ॥5॥’ ਹੇ ਸ਼ੇਖ਼ ਫ਼ਰੀਦ! ਜਗਤ ਵਿਚ ਕੋਈ ਸਦਾ ਲਈ ਉਮਰ ਨਹੀਂ ਭੋਗ ਸਕਿਆ (ਵੇਖ) ਜਿਸ (ਧਰਤੀ ਦੇ ਇਸ) ਥਾਂ ਤੇ ਅਸੀਂ (ਹੁਣ) ਬੈਠੇ ਹਾਂ (ਇਸ ਧਰਤੀ ਉੱਤੇ) ਕਈ ਬਹਿ ਕੇ ਚਲੇ ਗਏ ।5।

ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ ॥ ਸੀਆਲੇ ਸੋਹੰਦੀਆਂ ਪਿਰ ਗਲਿ ਬਾਹੜੀਆਂ ॥6॥’ ਕੱਤਕ ਦੇ ਮਹੀਨੇ ਕੂੰਜਾਂ (ਆਉਂਦੀਆਂ ਹਨ); ਚੇਤਰ ਵਿਚ ਜੰਗਲਾਂ ਨੂੰ ਅੱਗ (ਲੱਗ ਪੈਂਦੀ ਹੈ), ਸਾਉਣ ਵਿਚ ਬਿਜਲੀਆਂ (ਚਮਕਦੀਆਂ ਹਨ), ਸਿਆਲ ਵਿਚ (ਇਸਤ੍ਰੀਆਂ ਦੀਆਂ) ਸੁਹਣੀਆਂ ਬਾਹਾਂ (ਆਪਣੇ) ਪਤੀ ਦੇ ਗਲ ਵਿਚ ਸੋਭਦੀਆਂ ਹਨ (ਇਸੇ ਤਰ੍ਹਾਂ ਜਗਤ ਦੀ ਸਾਰੀ ਕਾਰ ਆਪੋ ਆਪਣੇ ਸਮੇ ਸਿਰ ਹੋ ਕੇ ਤੁਰੀ ਜਾ ਰਹੀ ਹੈ।6।

ਚਲੇ ਚਲਣਹਾਰ ਵਿਚਾਰਾ ਲੇਇ ਮਨੋ ॥ ਗੰਢੇਦਿਆਂ ਛਿਅ ਮਾਹ ਤੁੜੰਦਿਆ ਹਿਕੁ ਖਿਨੋ ॥7॥’ (ਜਗਤ ਤੋਂ) ਤੁਰ ਜਾਣ ਵਾਲੇ ਜੀਵ (ਆਪੋ ਆਪਣਾ ਸਮਾ ਲੰਘਾ ਕੇ) ਤੁਰੇ ਜਾ ਰਹੇ ਹਨ; ਹੇ ਮਨ! ਵਿਚਾਰ ਕੇ ਵੇਖ, ਜਿਸ ਸਰੀਰ ਦੇ ਬਣਨ ਵਿਚ ਛੇ ਮਹੀਨੇ ਲੱਗਦੇ ਹਨ ਉਸ ਦੇ ਨਾਸ ਹੁੰਦਿਆਂ ਇਕ ਪਲ ਹੀ ਲੱਗਦਾ ਹੈ ।7।

ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ ॥ ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ ॥8॥2॥ ਹੇ ਫ਼ਰੀਦ! ਇਸ ਗੱਲ ਦੇ ਜ਼ਿਮੀਂਨ ਅਸਮਾਨ ਗਵਾਹ ਹਨ ਕਿ ਬੇਅੰਤ ਉਹ ਬੰਦੇ ਇਥੋਂ ਚਲੇ ਗਏ ਜਿਹੜੇ ਆਪਣੇ ਆਪ ਨੂੰ ਵੱਡੇ ਆਗੂ ਅਖਵਾਉਂਦੇ ਸਨ । ਸਰੀਰ ਤਾਂ ਕਬਰਾਂ ਵਿਚ ਗਲ ਜਾਂਦੇ ਹਨ, (ਪਰ ਕੀਤੇ ਕਰਮਾਂ ਦੇ) ਔਖ-ਸੌਖ ਜਿੰਦ ਸਹਾਰਦੀ ਹੈ ।8।2।

ਗਿਆਨੀ ਸ਼ਿਵੇਗ ਸਿੰਘ ਜੀ ਨੇ ਕਿਹਾ ਇਸ ਸ਼ਬਦ ਵਿੱਚ ਸ਼ੇਖ਼ ਫ਼ਰੀਦ ਜੀ ਸਮਝਾ ਰਹੇ ਹਨ ਕਿ ਇਸ ਜਗਤ ਵਿੱਚ ਕੁਝ ਵੀ ਥਿਰ ਰਹਿਣ ਵਾਲਾ ਨਹੀਂ ਸਭ ਆਪੋ ਆਪਣੀ ਵਾਰੀ ਇੱਥੋਂ ਤੁਰੀ ਜਾ ਰਹੇ ਹਨ।ਇਸ ਨਾਸਵੰਤ ਦੁਨੀਆ ਨਾਲ ਪ੍ਰੀਤ ਲਾ ਕੇ ਆਪਣਾ ਆਪ ਗਵਾਉਣਾ ਨਹੀਂ ਚਾਹੀਦਾ। ਰੱਬ ਨਾਲ ਮਿਲਾਪ ਹਾਸਲ ਕਰਨ ਲਈ ਗੁਰੂ ਦੇ ਦੱਸੇ ਰਸਤੇ ’ਤੇ ਚਲਦੇ ਹੋਏ ਮਨ ’ਤੇ ਮਾਇਆ ਦਾ ਪ੍ਰਭਾਵ ਪਾ ਕੇ ਲੋਭ ਲਾਲਚ ਅਤੇ ਤ੍ਰਿਸ਼ਨਾ ਦੀ ਅੱਗ ਵਿੱਚ ਮਚਾਉਣ ਵਾਲੀਆਂ ਇੰਦ੍ਰੀਆਂ ਨੂੰ ਕਾਬੂ ਵਿਚ ਰੱਖਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top