Share on Facebook

Main News Page

1984 ਦੇ ਸਿੱਖ ਕਤਲੇਆਮ ਦੇ ਮਸੀਹਾ ਬਣੇ ਸਵਰਗੀ ਸ੍ਰੀ ਬਜਰੰਗ ਸਿੰਘ ਦੀ ਯਾਦ ਵਿੱਚ ਮਿਸ਼ਨਰੀ ਕਾਲਜ ਖੋਲ੍ਹਿਆ ਜਾਵੇ

ਬਹੁਤ ਘੱਟ ਲੋਕ ਹੁੰਦੇ ਹਨ ਜਿਹੜੇ ਮਨੁਖਤਾ ਦੀ ਸੇਵਾ ਲਈ ਆਪਣਾ ਸਭ ਕੁਝ ਨਿਸ਼ਾਵਰ ਕਰਕੇ ਵੀ ਬਦਲੇ ਵਿੱਚ ਆਪਣੇ ਲਈ ਕੁਝ ਨਹੀਂ ਲੈਣਾ ਚਾਹੁੰਦੇ। ਸਿਰਫ ਸਵ: ਬਜ਼ਰੰਗ ਸਿੰਘ ਇਕੱਲਾ ਹੀ ਨਹੀਂ ਬਲਕਿ ਉਸ ਦਾ ਬਾਪ, ਭਰਾ ਅਤੇ ਸਮੁੱਚਾ ਪ੍ਰਵਾਰ ਇਸ ਦੀ ਜਿੳਦੀ ਜਾਗਦੀ ਮਿਸਾਲ ਹੈ, ਕਿ ਜਿਸ ਸਮੇਂ 1984 ਵਿੱਚ ਇੰਦਰਾ ਗਾਂਧੀ ਦੇ ਕਤਲ ਹੋਣ ਪਿੱਛੋਂ ਦਿੱਲੀ ਵਿੱਚ ਜੰਗਲ ਦੇ ਰਾਜ ਵਾਲੀ ਸਥਿਤੀ ਬਣੀ ਹੋਈ ਕਾਰਣ, ਸਾਰੀ ਦਿੱਲੀ ਵਿੱਚ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ, ਜਿਉਂਦੇ ਨਿਰਦੋਸ਼ ਸਿੱਖਾਂ ਨੂੰ ਅੱਗ ਵਿੱਚ ਸਾੜਿਆ ਜਾ ਰਿਹਾ ਸੀ ਹਰ ਪਾਸੇ ਮਾਰ ਦਿਓ ਮਾਰ ਦਿਓ ਦੀਆਂ ਡਰਾਉਣੀਆਂ ਅਵਾਜ਼ਾਂ ਆ ਰਹੀਆਂ ਸਨ, ਉਸ ਸਮੇਂ ਸਵ: ਬਜ਼ਰੰਗ ਸਿੰਘ ਦੀ ਸਲਾਹ ਅਤੇ ਪਿਤਾ ਜੀ ਦੀ ਆਗਿਆ ਨਾਲ ਸਾਰਾ ਪ੍ਰਵਾਰ ਆਪਣੀ ਜਾਨ ਮਾਲ ਦੀ ਪ੍ਰਵਾਹ ਕੀਤੇ ਬਿਨਾ ਸਿੱਖਾਂ ਦੀ ਮੱਦਦ ’ਤੇ ਉਤਰਿਆ, ਉਨ੍ਹਾਂ ਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ, ਆਪਣੇ ਖਰਚੇ ਤੇ ਰਾਹਤ ਕੈਂਪ ਚਲਾਏ, ਆਪਣੀਆਂ ਨਿਜੀ ਮਿੰਨੀ ਬੱਸਾਂ ਸਿੱਖਾਂ ਨੂੰ ਰਾਹਤ ਕੈਂਪ ਵਿੱਚ ਢੋਣ ਲਈ ਲਾਈਆਂ, ਜਿਸ ਦੇ ਖਮਿਆਜੇ ਵਜੋਂ ਗੁੰਡਾਗਰਦੀ ’ਤੇ ਉਤਰੇ ਦੰਗਾਕਾਰੀਆਂ ਨੇ ਉਨ੍ਹਾਂ ਦੀਆਂ 18 ਬੱਸਾਂ, ਦੋ ਵਹੀਕਲਾਂ ਤੇ ਘਰ ਨੂੰ ਵੀ ਅੱਗ ਲਾ ਦਿੱਤੀ। ਆਪਣੀ ਕੌਮ ਲਈ ਕੁਰਬਾਨੀਆਂ ਕਰਨ ਵਾਲਿਆਂ ਦੀ ਤਾਂ ਹੋਰ ਵੀ ਬਹੁਤ ਗਿਣਤੀ ਹੋ ਸਕਦੀ ਹੈ, ਪਰ ਮਨੁਖਤਾ ਦਾ ਫਰਜ਼ ਪੂਰਦਿਆਂ ਆਪਣੀ ਹੀ ਕੌਮ ਦੇ ਦਰਿੰਦਿਆਂ ਤੋਂ ਕਿਸੇ ਗੈਰ ਧਰਮ ਦੇ ਲੋਕਾਂ ਨੂੰ ਬਚਾਉਣ ਵਾਲਿਆਂ ਦੀ ਗਿਣਤੀ ਬਹੁਤ ਥੋਹੜੀ ਹੁੰਦੀ ਹੈ। ਸਵ: ਬਜ਼ਰੰਗ ਸਿੰਘ ਤੇ ਉਨ੍ਹਾਂ ਦੇ ਪ੍ਰਵਾਰ ਦਾ ਨਾਮ ਇਸ ਸੂਚੀ ’ਚ ਸਭ ਤੋਂ ਉੱਪਰ ਆਉਂਦਾ ਦਿੱਸ ਰਿਹਾ ਹੈ।
ਸਿੱਖ ਇਤਿਹਾਸ ਤਾਂ ਦਸਦਾ ਹੀ ਇਹ ਹੈ ਕਿ ਇਨ੍ਹਾਂ ਦੀ ਖ਼ਾਤਰ ਹਾਅ-ਦਾ-ਨਾਰ੍ਹਾ ਮਾਰਨ ਵਾਲਿਆਂ ਦਾ ਅਹਿਸਾਨ ਇਹ ਸਾਰੀ ਉਮਰ ਨਹੀਂ ਭੁਲਦੇ ਤੇ ਹਮੇਸ਼ਾਂ ਉਸਨੂੰ ਸਤਿਕਾਰ ਨਾਲ ਯਾਦ ਕਰਦੇ ਹਨ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਹਾਅ ਦਾ ਨਾਰ੍ਹਾ ਮਾਰਨ ਵਾਲੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਖਾਂ ਨੂੰ ਦਿਤਾ ਜਾ ਰਿਹਾ ਸਤਿਕਾਰ ਇਸ ਦੀ ਉਘੜਵੀਂ ਮਸਾਲ ਹੈ। ਯੁੱਧ ਵਿੱਚ ਗੁਰੂ ਕੀਆਂ ਫੌਜਾਂ ਨਾਲ ਲੜ ਕੇ ਜ਼ਖਮੀ ਹੋਏ ਮੁਗਲਾਂ ਨੂੰ ਭਾਈ ਘਨਈਆ ਜੀ ਵਲੋਂ ਪਾਣੀ ਪਿਲਾਉਣਾ ਅਤੇ ਸਿੰਘਾਂ ਵਲੋਂ ਇਸ ਦੀ ਸ਼ਿਕਾਇਤ ਕੀਤੇ ਜਾਣ ’ਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਭਾਈ ਘਨਈਆ ਜੀ ਨੂੰ ਸ਼ਾਬਾਸ਼ ਦੇਣ ਦੇ ਨਾਲ ਨਾਲ ਜਖ਼ਮੀਆਂ ਦੀ ਮੱਲ੍ਹਮ ਪੱਟੀ ਕਰਨ ਲਈ ਮੱਲ੍ਹਮ ਦੀ ਡੱਬੀ ਦੇਣੀ ਵੀ ਇੱਕ ਮਹਾਨ ਸਿਖਿਆ ਹੈ, ਕਿ ਜੰਗ ਦੇ ਮੈਦਾਨ ਵਿੱਚ ਵੀ ਵੈਰੀ ਮਿੱਤਰ ਦਾ ਭੇਦ ਭਾਵ ਰੱਖੇ ਬਿਨਾਂ ਹਰ ਮਨੁਖ ਵਿੱਚ ਉਸ ਇੱਕ ਪ੍ਰਮਾਤਮਾ ਦੀ ਜੋਤਿ ਨੂੰ ਸਮਝ ਕੇ ਸੇਵਾ ਕਰਨੀ ਹੈ।

1984 ਵਿੱਚ ਕਿਸੇ ਦੁਸ਼ਮਨ ਨਾਲ ਜੰਗ ਵੀ ਨਹੀਂ ਲੱਗੀ ਹੋਈ ਸੀ, ਸਿਰਫ ਦੋ ਸਿੱਖਾਂ ਨੂੰ ਇੰਦਰਾ ਗਾਂਧੀ ਦੇ ਕਾਤਲ ਸਮਝਦਿਆਂ ਹੋਇਆਂ ਸਮੁੱਚੇ ਸਿੱਖਾਂ ਨੂੰ ਉਸ ਹੀ ਕੌਮ, ਜਿਸ ਦੇ ਧਰਮ ਅਤੇ ਮਨੁਖੀ ਹੱਕਾਂ ਦੀ ਰਾਖੀ ਲਈ ਗੁਰੂ ਨਾਨਕ ਦੇ ਨੌਵੇਂ ਸਰੂਪ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਤਿੰਨ ਸਿਖਾਂ ਸਮੇਤ ਇਸੇ ਹੀ ਦਿੱਲੀ ਵਿੱਚ ਸ਼ਹੀਦੀ ਦਿੱਤੀ, ਦਸਵੇਂ ਸਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰਿਆ, ਅਨੇਕਾਂ ਸਿੰਘਾਂ ਨੇ ਦੇਸ਼ ਅਤੇ ਕੌਮ ਦੀ ਲੁੱਟੀ ਜਾ ਰਹੀ ਇੱਜਤ ਆਬਰੂ ਬਚਾਉਣ ਲਈ ਸ਼ਹੀਦੀਆਂ ਦਿੱਤੀਆਂ, ਉਸ ਹੀ ਕੌਮ ਦੇ ਕੁਝ ਗੁੰਡਿਆਂ ਵਲੋਂ ਵਹਿਸ਼ੀ ਰੂਪ ਧਾਰਨ ਕਰਕੇ ਜਿਉਂਦੇ ਸਿਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਜਾ ਰਿਹਾ ਸੀ, ਉਸ ਸਮੇਂ ਸਵ: ਬਜ਼ਰੰਗ ਸਿੰਘ ਨੇ ਸਿਰਫ ਮਲੇਰ ਕੋਟਲੇ ਦੇ ਨਵਾਬ ਸ਼ੇਰ ਖਾਂ ਦਾ ਰੋਲ ਹੀ ਨਹੀਂ ਨਿਭਾਇਆ ਬਲਕਿ ਭਾਈ ਘਨਈਆ ਦਾ ਰੋਲ ਨਿਭਾਉਂਦਿਆ ਪੀੜਤ ਸਿਖਾਂ ਲਈ ਰਾਹਤ ਕੈਂਪ ਵੀ ਲਾਇਆ। ਭਾਈ ਘਨਈਆ ਦੀ ਸ਼ਿਕਾਇਤ ਕਰਨ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਉਸ ਨੂੰ ਛਾਤੀ ਨਾਲ ਲਾ ਕੇ ਸ਼ਾਬਾਸ਼ ਦਿੱਤੀ ਪਰ ਇੱਧਰ ਭਾਰਤ ਦੀ ਨਿਰਦਈ ਸਰਕਾਰ ਹੈ ਕਿ ਉਸ ਨੇ ਮਨੁਖਤਾ ਦੀ ਸੇਵਾ ਕਰਨ ਦੇ ਦੋਸ਼ ਵਿੱਚ ਬਜ਼ਰੰਗ ਸਿੰਘ ’ਤੇ ਕਈ ਝੂਠੇ ਮੁਕੱਦਮੇ ਵੀ ਚਲਾਏ, ਉਨ੍ਹਾਂ ਦੀਆਂ ਸਾੜੀਆਂ ਗਈਆਂ ਬੱਸਾਂ ਦੇ ਬੀਮੇ ਦੀ ਅਦਾਇਗੀ ਅੱਜ ਤੱਕ ਨਹੀਂ ਹੋਣ ਦਿੱਤੀ ਤੇ ਉਲਟਾ ਬੱਸਾਂ ਲਈ ਬੈਂਕਾ ਤੋਂ ਲਿਆ ਗਿਆ ਕਰਜ਼ਾ ਜਿਉਂ ਦਾ ਤਿਉਂ ਖੜ੍ਹਾ ਹੈ। ਮਨੁਖਤਾ ਦੀ ਸੇਵਾ ਕਰਨ ਬਦਲੇ ਬਜ਼ਰੰਗ ਸਿੰਘ ਤੇ ਉਸ ਦੇ ਪ੍ਰੀਵਾਰ ਵਲੋਂ ਝੱਲੇ ਗਏ ਅਤੇ ਝੱਲੇ ਜਾ ਰਹੇ ਕਸ਼ਟਾਂ ਦੀ ਗਾਥਾ ਪਹਿਲਾਂ ਹੀ ਕਈ ਅਖ਼ਬਾਰਾਂ ਅਤੇ ਵੈੱਬਸਾਈਟਾਂ ’ਤੇ ਛਪ ਚੁੱਕੀ ਹੈ। ਖ਼ੁਦ ਇਨਸਾਫ਼ ਲੈਣ ਅਤੇ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਅਦਾਲਤੀ ਮੁਕੱਦਮੇ ਲੜਦਿਆਂ ਤੇ ਹੋਰ ਪਰੇਸ਼ਾਨੀਆਂ ਸਹਿੰਦਿਆ ਹੋਇਆਂ ਬਜ਼ਰੰਗ ਸਿੰਘ ਦਾ ਪਿਤਾ ਚੌਧਰੀ ਦਲਜੀਤ ਸਿੰਘ ਸਵਰਗਵਾਸ ਹੋ ਚੁੱਕਾ ਹੈ।

ਬਜ਼ਰੰਗ ਸਿੰਘ 14.7.2005 ਅਤੇ ਉਨ੍ਹਾਂ ਦਾ ਇੱਕਲੌਤਾ ਬੇਟਾ ਹਿਮਾਂਸ਼ੂ 17 ਜਨਵਰੀ 2010 ਨੂੰ ਸਵਰਗ ਸਿਧਾਰ ਚੁੱਕੇ ਹਨ। ਇਸ ਸਮੇ ਉਨਾਂ ਦੀ ਬ੍ਰਿਧ ਪਤਨੀ ਅਤੇ ਇਕਲੌਤੀ ਬੇਟੀ ਆਪਣੇ ਜੀਵਨ ਨਿਰਬਾਹ ਲਈ ਜਦੋਜਹਿਦ ਕਰ ਰਹੀਆਂ ਹਨ। ਉਨ੍ਹਾਂ ਦੇ ਪ੍ਰੀਵਾਰ ਦੀ ਦ੍ਰਿੜਤਾ ਤੇ ਸਬਰ ਸੰਤੋਖ ਵੀ ਕਮਾਲ ਦਾ ਹੈ ਕਿ ਉਹ ਆਪਣੇ ਲਈ ਕੁਝ ਵੀ ਨਹੀਂ ਚਾਹੁੰਦੇ ਸਗੋਂ ਉਨ੍ਹਾਂ ਨੇ ਖ਼ਾਹਸ਼ ਪ੍ਰਗਟ ਕੀਤੀ ਹੈ ਕਿ ਜੇ ਬਜ਼ਰੰਗ ਸਿੰਘ ਦੀ ਯਾਦਗਾਰ ਬਣਾਈ ਜਾਂਦੀ ਹੈ ਤਾਂ ਰੋਹਤਕ ਜਿਲ੍ਹੇ ਦੇ ਪਿੰਡ ਚਿੜੀ ਵਿਖੇ ਉਨ੍ਹਾਂ ਦੀ ਪ੍ਰਵਾਰਕ ਜ਼ਮੀਨ ਇਸ ਕੰਮ ਲਈ ਦਾਨ ਵਿੱਚ ਦੇਣ ਲਈ ਤਿਆਰ ਹਨ ਤਾ ਕਿ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਇਸੇ ਤਰ੍ਹਾਂ ਮਨੁਖਤਾ ਦੀ ਸੇਵਾ ਕਰਦੀਆਂ ਰਹਿਣ। ਦੁੱਖ ਦੀ ਗੱਲ ਇਹ ਇਹ ਹੈ ਕਿ ਹੁਣ ਤੱਕ ਕੋਈ ਵੀ ਵੱਡੀ ਸਿੱਖ ਸੰਸਥਾ ਆਪਣਾ ਫਰਜ਼ ਪੂਰਾ ਕਰਨ ਲਈ ਅੱਗੇ ਨਹੀਂ ਆਈ। ਸੁਖਬੀਰਇੰਦਰ ਸਿੰਘ ਫਰੀਦਕੋਟ 098144-98298, ਡਾ: ਪਰਮਜੀਤ ਸਿੰਘ ਜਗਰਾਉਂ 098149-56247,ਧਰਮਿੰਦਰ ਸਿੰਘ ਜਲੰਧਰ 98157-81109, ਗੁਰਪ੍ਰੀਤ ਸਿੰਘ ਚਾਵਲਾ ਲੁਧਿਆਣਾ 98154-80448, ਸੁਰਿੰਦਰ ਸਿੰਘ ਬੜਿੰਗ ਕਨੇਡਾ 001-250758-6179, ਸੁਖਜੀਤ ਅਲਕੜਾ ਲੁਧਿਆਣਾ 99155-96133, ਗਿਆਨੀ ਗੁਰਮੇਲ ਸਿੰਘ ਜਗਰਾਉਂ 97798-98934, ਦਲਜੀਤ ਸਿੰਘ ਲੁਧਿਆਣਾ 98155-70819, ਹਰਮੇਸ਼ ਸਿੰਘ ਨਵਾਂ ਸ਼ਹਿਰ 98725-61789, ਜਸਵੰਤ ਸਿੰਘ ਫਰੀਦਕੋਟ 94638-56475, ਸੁਖਮੰਦਰ ਸਿੰਘ ਸੰਧੂ, 98726-23053, ਸੁਦੇਸ਼ ਕਮਲ ਸ਼ਰਮਾ ਫਰੀਦਕੋਟ 95016-00748 ਮਿਲ ਕੇ ਆਪਣੇ ਫਰਜ਼ ਦੀ ਪੂਰਤੀ ਲਈ ਯਤਨ ਕਰ ਰਹੇ ਹਨ ਕਿ ਸਮੁੱਚੀ ਕੌਮ ਮਿਲ ਕੇ ਕੋਈ ਐਸੀ ਯਾਦਗਾਰ ਬਣਾਏ ਜਿਸ ਦਾ ਜਿਥੇ ਕੌਮ ਨੂੰ ਲਾਭ ਵੀ ਮਿਲੇ, ਉਥੇ ਬਜ਼ਰੰਗ ਸਿੰਘ ਅਤੇ ਉਸ ਦੇ ਸਮੁੱਚੇ ਪ੍ਰਵਾਰ ਵਲੋਂ ਮਨੁਖਤਾ ਦੀ ਕੀਤੀ ਸੇਵਾ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾਂ ਲਈ ਪ੍ਰੇਰਣਾ ਸ੍ਰੋਤ ਬਣੇ।

ਮੈਂ ਸਮਝਦਾ ਹਾਂ ਕਿ ਅਜਿਹਾ ਕੰਮ ਕਿਸੇ ਇਕੱਲੇ ਕਹਿਰੇ ਮਨੁੱਖ ਦੇ ਕਰਨ ਵਾਲਾ ਨਹੀਂ ਹੈ ਇਸ ਨੂੰ ਕੋਈ ਵੱਡੀ ਸਿੱਖ ਸੰਸਥਾ ਹੀ ਕਰ ਸਕਦੀ ਹੈ। ਪਰ ਤਰਾਸਦੀ ਇਹ ਕਿ ਸਾਡੀਆਂ ਨੁੰਮਾਇਦਾ ਪਾਰਟੀਆਂ ਤਾਂ ਸਿਆਸਤ ਦਾ ਸ਼ਿਕਾਰ ਹੋ ਚੁਕੀਆਂ ਹਨ ਤੇ ਉਹ ਉਹੀ ਕੰਮ ਕਰਨ ਲਈ ਤਿਆਰ ਹੁਦੀਆਂ ਹਨ, ਜਿਸ ਵਿੱਚੋਂ ਉਨ੍ਹਾਂ ਨੂੰ ਕੋਈ ਸਿਆਸੀ ਲਾਹਾ ਮਿਲਣ ਦੀ ਆਸ ਹੋ ਜਾਵੇ। ਜੇ ਕੋਈ ਇੱਕ ਅੱਧ ਪਾਰਟੀ ਕੋਈ ਭਲੇ ਦਾ ਕੰਮ ਕਰਨ ਲਈ ਅੱਗੇ ਆ ਵੀ ਜਾਵੇ ਤਾ ਉਸ ਦੀਆਂ ਸਿਆਸੀ ਵਿਰੋਧੀ ਪਾਰਟੀਆਂ ਵਿਰੋਧ ਵਿੱਚ ਆ ਕੇ ਕਿਸੇ ਵਲੋਂ ਕੀਤੇ ਗਏ ਉੱਦਮ ਨੂੰ ਖਟਾਈ ਵਿੱਚ ਪਾ ਦਿੰਦੀਆਂ ਹਨ। ਸੋ ਮੇਰਾ ਸੁਝਾਉ ਹੈ ਕਿ ਇਸ ਵੇਲੇ ਗੁਰੂ ਨਾਨਕ ਵਲੋਂ ਬਖ਼ਸ਼ੇ ਸਰਬਸਾਂਝੇ ਮਨੁਖਤਾ ਦੇ ਧਰਮ, ਸਿੱਖ ਧਰਮ ਦੇ ਪ੍ਰਚਾਰ ਲਈ ਇਸ ਵੇਲੇ ਤਿੰਨ ਮੁੱਖ ਮਿਸ਼ਨਰੀ ਕਾਲਜ- ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਤਾ ਕਲਾਂ (ਰੋਪੜ) ਐਸੀਆਂ ਸੰਸਥਾਵਾਂ ਹਨ, ਜਿਹੜੀਆਂ ਸਿਆਸਤ ਤੋਂ ਮੁਕਤ ਹੋ ਕੇ ਧਰਮ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਵਿੱਚੋਂ ਕਿਸੇ ਇੱਕ ਸੰਸਥਾ ਨੂੰ ਵਲੰਟਰੀਅਰ ਤੌਰ ’ਤੇ ਅੱਗੇ ਆ ਕੇ ਇਹ ਜੁੰਮੇਵਾਰੀ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਦੇਸ਼ ਵਿਦੇਸ਼ਾਂ ਵਿੱਚ ਇਨ੍ਹਾਂ ਦਾ ਨਾਮ ਹੈ ਇਸ ਲਈ ਉਨ੍ਹਾਂ ਨੂੰ ਸਿੱਖ ਸੰਗਤਾਂ ਤੇ ਮਨੁਖਤਾ ਨੂੰ ਪਿਆਰ ਕਰਨ ਵਾਲਿਆਂ ਤੋਂ ਸਹਿਯੋਗ ਮਿਲਣ ਦੀ ਭਾਰੀ ਸੰਭਾਵਨਾ ਹੈ। ਜੇ ਇਨ੍ਹਾਂ ਵਿੱਚੋਂ ਕਿਸੇ ਇਕ ਕਾਲਜ ਦੇ ਪ੍ਰਬੰਧਕ ਵੀ ਅੱਗੇ ਆਉਂਦੇ ਹਨ ਬਜ਼ਰੰਗ ਸਿੰਘ ਯਾਦਗਾਰੀ ਗੁਰਮਤਿ ਮਿਸ਼ਨਰੀ ਕਾਲਜ ਖੋਲ੍ਹ ਦੇਣ ਤਾਂ ਜਿੱਥੇ ਉਹ ਸਿੱਖ ਧਰਮ ਦੇ ਪ੍ਰਚਾਰ ਲਈ ਚੰਗੀ ਸੰਸਥਾ ਖੋਲ੍ਹ ਸਕਦੇ ਹਨ, ਉੱਥੇ ਭਾਈ ਘਨਈਆ, ਨਵਾਬ ਸ਼ੇਰ ਖਾਂ ਅਤੇ ਸ੍ਰੀ ਬਜ਼ਰੰਗ ਸਿੰਘ ਆਦਿ ਦੇ ਜੀਵਨ ਨੂੰ ਵਿਸ਼ੇਸ਼ ਤੌਰ ’ਤੇ ਪੜ੍ਹਾਇਆ ਤੇ ਪ੍ਰਚਾਰਿਆ ਜਾ ਸਕਦਾ ਹੈ।

 ਕਿਰਪਾਲ ਸਿੰਘ ਬਠਿੰਡਾ

98554-80797

Read more at: http://worldsikhnews.com/11%20November%202009/Image/WSN-12-13.pdf

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top