Share on Facebook

Main News Page

ਅਸੀਂ ਸ਼ਤਾਬਦੀਆਂ ਤੇ ਗੁਰਪੁਰਬ ਤਾਂ ਬਹੁਤ ਮਨਾਉਂਦੇ ਹਾਂ, ਪਰ ਗੁਰੂ ਨਹੀਂ ਮਨਾਉਂਦੇ: ਪ੍ਰਿੰ. ਗੁਰਬਚਨ ਸਿੰਘ ਥਾਈਲੈਂਡ

ਬਠਿੰਡਾ, 5 ਮਈ (ਕਿਰਪਾਲ ਸਿੰਘ): ਅਸੀਂ ਸ਼ਤਾਬਦੀਆਂ ਤੇ ਗੁਰਪੁਰਬ ਤਾਂ ਬਹੁਤ ਮਨਾਉਂਦੇ ਹਾਂ ਪਰ ਗੁਰੂ ਨਹੀਂ ਮਨਾਉਂਦੇ। ਇਹ ਸ਼ਬਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰ. ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਨ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਵੱਡੇ ਸਮਾਗਮ ਕਰਵਾਉਣ ਦੇ ਬਹਾਨੇ ਕੌਮ ਦੀ ਕਮਾਈ ਦਾ ਵੱਡਾ ਹਿੱਸਾ ਇਸ਼ਤਿਹਾਰਬਾਜ਼ੀ, ਸ਼ਮਿਆਨੇ ਅਤੇ ਲੰਗਰਾਂ ’ਤੇ ਖਰਚਿਆ ਜਾ ਰਿਹਾ ਹੈ ਜਦ ਕਿ ਉਨ੍ਹਾਂ ਸਮਾਗਮਾਂ ਵਿੱਚ ਸ਼ਬਦ ਦੀ ਵਿਆਖਿਆ ਕਰਦਿਆਂ ਜਾਂ ਤਾਂ ਚੁਟਕਲੇ ਸੁਣਾ ਕੇ ਹਸਾਇਆ ਜਾਂਦਾ ਹੈ ਜਾਂ ਸਾਖੀਆਂ ਸੁਣਾ ਕੇ ਰੁਆਇਆ ਜਾਂਦਾ ਹੈ ਪਰ ਗੁਰੂ ਦੇ ਸਿਧਾਂਤ ਦੀ ਗੱਲ ਨਾਮਾਤਰ ਹੀ ਹੁੰਦੀ ਹੈ।

ਪ੍ਰਿੰਸੀਪਲ ਗੁਰਬਚਨ ਸਿੰਘ ਨੇ ਕਿਹਾ ਗੁਰਬਾਣੀ ਦੀ ਵਿਆਖਿਆ ਕਰਦਿਆਂ ਕੇਵਲ ਨਾਮ ਜਪਣ ਦੇ ਪੱਖ ਨੂੰ ਲੈ ਕੇ ਹੀ ਸਾਰਾ ਜੋਰ ਲਾ ਦਿੱਤਾ ਜਾਂਦਾ ਹੈ ਜਦ ਕਿ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਵਲੋਂ ਸਾਨੂੰ ਬਖਸ਼ੀ ਜੀਵਨ ਸੇਧ ਦੇ ਸਮੁੱਚੇ ਪੱਖਾਂ ਨੂੰ ਬਿੱਲਕੁਲ ਵਿਸਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਵਿੱਚ ਸਾਨੂੰ ਸੇਧ ਦਿੱਤੀ ਗਈ ਹੈ ਕਿ ਮਨੁਖ ਨੇ ਉੱਦਮੀ ਬਣ ਕੇ ਆਪਣੇ ਤੇ ਆਪਣੇ ਪ੍ਰਵਾਰ ਦੇ ਨਿਰਬਾਹ ਲਈ ਧਰਮ ਦੀ ਕ੍ਰਿਤ ਕਰਨੀ ਹੈ, ਸੰਤੋਖ ਦਾ ਜੀਵਨ ਬਤੀਤ ਕਰਨਾ ਹੈ ਤੇ ਦੂਸਰੀਆਂ ਦੀ ਕਮਾਈ ਨੂੰ ਲਾਲਚ ਵੱਸ ਹੋ ਕੇ ਹੜੱਪਣ ਦੀ ਸੋਚ ਤਿਆਗਣੀ ਹੈ। ਸਮੁੱਚੀ ਮਨੁਖਤਾ ਨੂੰ ਪ੍ਰਮਾਤਮਾ ਦੀ ਅੰਸ਼ ਜਾਣ ਕੇ ਜਾਤ ਪਾਤ ਊਚ ਨੀਚ ਦਾ ਭੇਦ ਭਾਵ ਮਿਟਾ ਕੇ ਇੱਕ ਸਮਾਨ ਪਿਆਰ ਵਾਲਾ ਵਿਵਹਾਰ ਕਰਨਾ ਹੈ। ਵਹਿਮਾਂ ਭਰਮਾਂ ਵਿੱਚ ਫਸ ਕੇ ਕਰਮ ਕਾਂਡਾਂ ਵਿੱਚ ਉਲਝਣ ਤੇ ਪੁਜਾਰੀਆਂ ਦੀ ਲੁੱਟ ਤੋਂ ਬਚਣਾ ਹੈ। ਅਸਲ ਵਿੱਚ ਇਹ ਗੁਣ ਧਾਰਣ ਕਰਨੇ ਹੀ ਸਹੀ ਮਾਅਨਿਆਂ ਵਿੱਚ ਨਾਮ ਜਪਣਾ ਹੈ ਜਿਸ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਗਿਆ ਹੈ। ਜੇ ਇਸ ਵੱਲ ਧਿਆਨ ਦਿੱਤਾ ਜਾਂਦਾ ਤਾਂ ਗੁਰੂ ਦਾ ਸਿੱਖ ਕਦੀ ਵੀ ਭ੍ਰਿਸ਼ਟਾਚਾਰ, ਦਾਜ ਦਹੇਜ ੳਤੇ ਕੁੜੀਮਾਰ ਵਰਗੀ ਲਾਹਨਤ ਵਿੱਚ ਗ੍ਰਸਤ ਨਾ ਹੁੰਦਾ। ਇਨ੍ਹਾਂ ਅਲਾਮਤਾਂ ਵਿੱਚ ਸਿੱਖਾਂ ਦੇ ਫਸੇ ਰਹਿਣ ਦਾ ਇੱਕੋ ਇੱਕ ਕਾਰਣ ਹੈ ਕਿ ਗੁਰਬਾਣੀ ਨੂੰ ਸਮਝੇ ਅਤੇ ਆਪਣੇ ਜੀਵਨ ਵਿੱਚ ਅਪਨਾੳਣ ਤੋਂ ਸਖਣੇ ਹੋ ਕੇ ਨਾਮ ਜਪਣ ਨੂੰ ਇੱਕ ਕਰਮਕਾਂਡ ਦੇ ਤੌਰ ’ਤੇ ਪ੍ਰਚਾਰਿਆ ਤੇ ਅਪਨਾਇਆ ਜਾ ਰਿਹਾ ਹੈ।

ਪ੍ਰਿੰ: ਗੁਰਬਚਨ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਿੱਧੇ ਤੌਰ ’ਤੇ ਮਨੁੱਖ ਨੂੰ ਕੁੱਤਾ, ਖੋਤਾ ਆਦਿ ਪਸ਼ੂ ਕਹਿਣ ਦੀ ਵਜਾਏ ਇਨ੍ਹਾਂ ਨੂੰ ਪ੍ਰਤੀਕ ਦੇ ਤੌਰ ’ਤੇ ਵਰਤਿਆ ਹੈ ਪਰ ਸਿਖਿਆ ਸਾਨੂੰ ਹੀ ਦਿੱਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 1196 ’ਤੇ ਕਬੀਰ ਸਾਹਿਬ ਜੀ ਦਾ ਦਰਜ਼ ਸ਼ਬਦ ‘ਸੁਰਹ ਕੀ ਜੈਸੀ ਤੇਰੀ ਚਾਲ ॥ ਤੇਰੀ ਪੂੰਛਟ ਊਪਰਿ ਝਮਕ ਬਾਲ ॥1॥ ਇਸ ਘਰ ਮਹਿ ਹੈ ਸੁ ਤੂ ਢੂੰਢਿ ਖਾਹਿ ॥ ਅਉਰ ਕਿਸ ਹੀ ਕੇ ਤੂ ਮਤਿ ਹੀ ਜਾਹਿ ॥1॥ ਰਹਾਉ ॥ ਚਾਕੀ ਚਾਟਹਿ ਚੂਨੁ ਖਾਹਿ ॥ ਚਾਕੀ ਕਾ ਚੀਥਰਾ ਕਹਾਂ ਲੈ ਜਾਹਿ ॥2॥ ਛੀਕੇ ਪਰ ਤੇਰੀ ਬਹੁਤੁ ਡੀਠਿ ॥ ਮਤੁ ਲਕਰੀ ਸੋਟਾ ਤੇਰੀ ਪਰੈ ਪੀਠਿ ॥3॥ ਕਹਿ ਕਬੀਰ ਭੋਗ ਭਲੇ ਕੀਨ ॥ ਮਤਿ ਕੋਊ ਮਾਰੈ ਈਂਟ ਢੇਮ ॥4॥1॥’ ਦੇ ਰਹਾਉ ਦੀ ਤੁਕ ਵਿੱਚ ਕੁੱਤੇ ਨੂੰ ਪ੍ਰਤੀਕ ਦੇ ਤੌਰ ’ਤੇ ਵਰਤ ਕੇ ਸਾਨੂੰ ਸਿਖਿਆ ਦਿੱਤੀ ਗਈ ਹੈ :- (ਹੇ ਕੁੱਤੇ ਦੇ ਸੁਭਾਉ ਵਾਲੇ ਜੀਵ!) ਜੋ ਕੁਝ ਆਪਣੀ ਹੱਕ ਦੀ ਕਮਾਈ ਹੈ, ਉਸੇ ਨੂੰ ਨਿਸੰਗ ਹੋ ਕੇ ਵਰਤ। ਕਿਸੇ ਬਿਗਾਨੇ ਮਾਲ ਦੀ ਲਾਲਸਾ ਨਾਹ ਕਰਨੀ ।1।ਰਹਾਉ। ਬਾਕੀ ਦੇ ਸ਼ਬਦ ਵਿੱਚ ਕੁੱਤੇ ਦਾ ਸਿਰਫ ਦ੍ਰਿਸ਼ਟਾਂਤ ਦਿੱਤਾ ਹੈ ਕਿ (ਹੇ ਕੁੱਤੇ!) ਗਾਂ ਵਰਗੀ ਤੇਰੀ ਤੋਰ ਹੈ, ਤੇਰੀ ਪੂਛਲ ਉੱਤੇ ਵਾਲ ਭੀ ਸੁਹਣੇ ਚਮਕਦੇ ਹਨ।1। (ਹੇ ਕੁੱਤੇ!) ਤੂੰ ਚੱਕੀ ਚੱਟਦਾ ਹੈਂ, ਤੇ ਆਟਾ ਖਾਂਦਾ ਹੈਂ, ਪਰ (ਜਾਂਦਾ ਹੋਇਆ) ਪਰੋਲਾ ਕਿੱਥੇ ਲੈ ਜਾਇˆਗਾ? ।2। (ਹੇ ਸੁਆਨ!) ਤੂੰ ਉੱਪਰ ਟੰਗੇ ਹੋਏ ਦੁੱਧ ਵਾਲੇ ਛਿੱਕੇ ਵਲ ਬੜੀ ਲਾਲਸਾ ਨਾਲ ਤੱਕ ਰਿਹਾ ਹੈਂ, ਵੇਖੀਂ, ਕਿਤੇ ਲੱਕ ਉੱਤੇ ਕਿਤੋਂ ਸੋਟਾ ਨਾਹ ਵੱਜੇ ।3। ਕਬੀਰ ਆਖਦਾ ਹੈ-(ਹੇ ਸੁਆਨ!) ਤੂੰ ਬਥੇਰਾ ਕੁਝ ਖਾਧਾ ਉਜਾੜਿਆ ਹੈ, ਪਰ ਧਿਆਨ ਰੱਖੀਂ ਕਿਤੇ ਕੋਈ ਇੱਟ ਢੇਮ ਤੇਰੇ ਸਿਰ ਉੱਤੇ ਨਾਹ ਮਾਰ ਦੇਵੇ ।4।1।

ਪ੍ਰਿੰ: ਗੁਰਬਚਨ ਸਿੰਘ ਨੇ ਕਿਹਾ ਕਬੀਰ ਸਾਹਿਬ ਜੀ ਦੀ ਕੁੱਤੇ ਨੂੰ ਦਿੱਤੀ ਗਈ ਸਿਖਿਆ ਹੁਣ ਅਸੀਂ ਆਪਣੇ ’ਤੇ ਲਾਗੂ ਕਰਕੇ ਵੇਖੀਏ ਕਿ ਸਾਡੀ ਹਾਲਤ ਉਸ ਕੁੱਤੇ ਵਾਲੀ ਤਾਂ ਨਹੀਂ। ਜਦੋਂ ਮਨੁਖ ਕੁੱਤੇ ਵਾਂਗ ਲਾਲਚ ਵੱਸ ਹੋ ਕੇ ਸੁਆਰਥ ਅਧੀਨ ਧਰਮ ਸਥਾਨ ’ਤੇ ਆਉਂਦਾ ਹੈ ਤਾਂ ਉਸ ਦੀ ਸ਼ਰੀਫ਼ਾਂ ਵਰਗੀ ਸ਼ਕਲ ਤੇ ਪਹਿਰਾਵਾ ਹੁੰਦਾ ਹੈ, ਪਰ ਬਾਹਰ ਜਾ ਕੇ ਬਿਗਾਨੇ ਘਰਾਂ ਵਲ ਤੱਕਦਾ ਹੈ, ਜਿਹੜੀ ਮਾਇਆ ਰੋਜ਼ ਵਰਤਦਾ ਹੈ ਇਹ ਤਾਂ ਭਲਾ ਵਰਤੀ, ਪਰ ਜੋੜ ਜੋੜ ਕੇ ਰੱਖਣ ਵਾਲੀ ਬ੍ਰਿਤੀ ਕੁੱਤੇ ਵਲੋਂ ਪ੍ਰੋਲਾ ਚੁੱਕ ਕੇ ਲੈ ਜਾਣ ਵਾਲੀ ਹੀ ਗੱਲ ਹੈ। ਕਬੀਰ ਸਾਹਿਬ ਜੀ ਨੇ ਇਸ ਸ਼ਬਦ ਵਿੱਚ ਸਮਝਾਇਆ ਹੈ- ਹੇ ਜੀਵ! ਤੂੰ ਜੁ ਇਹ ਭੋਗ ਭੋਗਣ ਵਿਚ ਹੀ ਰੁੱਝਾ ਪਿਆ ਹੈਂ, ਇਹਨਾਂ ਦਾ ਅੰਤ ਖ਼ੁਆਰੀ ਹੀ ਹੁੰਦਾ ਹੈ) ਭਾਵ:- ਸੰਤੋਖ-ਹੀਨਤਾ ਖ਼ੁਆਰ ਕਰਦੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 487 ’ਤੇ ਅੱਜ ਦੇ ਵੀਚਾਰ ਅਧੀਨ ਸ਼ਬਦ: ‘ਮਾਟੀ ਕੋ ਪੁਤਰਾ ਕੈਸੇ ਨਚਤੁ ਹੈ ॥ ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ ॥1॥ ਰਹਾਉ ॥’ ਦੇ ਅਰਥ ਕਰਦਿਆਂ ਪਿੰ: ਗੁਰਬਚਨ ਸਿੰਘ ਨੇ ਕਿਹਾ ਕਿ ਗੁਰਬਾਣੀ ਵਿੱਚ ਭਗਤ ਸਾਹਿਬਾਨ ਤੇ ਗੁਰੂ ਸਾਹਿਬਾਨ ਵਲੋਂ ਵਰਤੇ ਗਏ ਪ੍ਰਤੀਕ ਤੇ ਦ੍ਰਿਸ਼ਟਾਂਤਾਂ ਨੂੰ ਨਾ ਸਮਝਣ ਦਾ ਹੀ ਕਾਰਣ ਹੈ ਕਿ (ਮਾਇਆ ਦੇ ਮੋਹ ਵਿਚ ਫਸ ਕੇ) ਇਹ ਮਿੱਟੀ ਦਾ ਪੁਤਲਾ ਕੇਹਾ ਹਾਸੋ-ਹੀਣਾ ਹੋ ਕੇ ਨੱਚ ਰਿਹਾ ਹੈ (ਭਟਕ ਰਿਹਾ ਹੈ); (ਮਾਇਆ ਨੂੰ ਹੀ) ਚਾਰ-ਚੁਫੇਰੇ ਢੂੰਢਦਾ ਹੈ; (ਮਾਇਆ ਦੀਆਂ ਹੀ ਗੱਲਾਂ) ਸੁਣਦਾ ਹੈ (ਭਾਵ, ਮਾਇਆ ਦੀਆਂ ਗੱਲਾਂ ਹੀ ਸੁਣਨੀਆਂ ਇਸ ਨੂੰ ਚੰਗੀਆਂ ਲੱਗਦੀਆਂ ਹਨ), (ਮਾਇਆ ਕਮਾਣ ਦੀਆਂ ਹੀ) ਗੱਲਾਂ ਕਰਦਾ ਹੈ, (ਹਰ ਵੇਲੇ ਮਾਇਆ ਦੀ ਖ਼ਾਤਰ ਹੀ) ਦੌੜਿਆ ਫਿਰਦਾ ਹੈ ।1।ਰਹਾਉ।

ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ ॥ ਮਾਇਆ ਗਈ ਤਬ ਰੋਵਨੁ ਲਗਤੁ ਹੈ ॥1॥’ ਜਦੋਂ (ਇਸ ਨੂੰ) ਕੁਝ ਧਨ ਮਿਲ ਜਾਂਦਾ ਹੈ ਤਾਂ (ਇਹ) ਅਹੰਕਾਰ ਕਰਨ ਲੱਗ ਪੈਂਦਾ ਹੈ; ਪਰ ਜੇ ਗੁਆਚ ਜਾਏ ਤਾਂ ਰੋਂਦਾ ਹੈ, ਦੁੱਖੀ ਹੁੰਦਾ ਹੈ ।1।

ਮਨ ਬਚ ਕ੍ਰਮ ਰਸ ਕਸਹਿ ਲੁਭਾਨਾ ॥ ਬਿਨਸਿ ਗਇਆ ਜਾਇ ਕਹੂੰ ਸਮਾਨਾ ॥2॥’ ਆਪਣੇ ਮਨ ਦੀ ਰਾਹੀਂ, ਬਚਨਾਂ ਦੀ ਰਾਹੀਂ, ਕਰਤੂਤਾਂ ਦੀ ਰਾਹੀਂ, ਚਸਕਿਆਂ ਵਿਚ ਫਸਿਆ ਹੋਇਆ ਹੈ, (ਆਖ਼ਰ ਮੌਤ ਆਉਣ ਤੇ) ਜਦੋਂ ਇਹ ਸਰੀਰ ਢਹਿ ਪੈਂਦਾ ਹੈ ਤਾਂ ਜੀਵ (ਸਰੀਰ ਵਿਚੋਂ) ਜਾ ਕੇ (ਪ੍ਰਭੂ-ਚਰਨਾਂ ਵਿਚ ਅਪੜਨ ਦੇ ਥਾਂ) ਕਿਤੇ ਕੁਥਾਂ ਹੀ ਟਿਕਦਾ ਹੈ ।2।

ਕਹਿ ਰਵਿਦਾਸ ਬਾਜੀ ਜਗੁ ਭਾਈ ॥ ਬਾਜੀਗਰ ਸਉ ਮੁੋਹਿ ਪ੍ਰੀਤਿ ਬਨਿ ਆਈ ॥3॥6॥’ ਰਵਿਦਾਸ ਆਖਦਾ ਹੈ-ਹੇ ਭਾਈ! ਇਹ ਜਗਤ ਇਕ ਖੇਡ ਹੀ ਹੈ, ਮੇਰੀ ਪ੍ਰੀਤ ਤਾਂ (ਜਗਤ ਦੀ ਮਾਇਆ ਦੇ ਥਾਂ) ਇਸ ਖੇਡ ਦੇ ਬਣਾਉਣ ਵਾਲੇ ਨਾਲ ਲੱਗ ਗਈ ਹੈ (ਸੋ, ਮੈਂ ਇਸ ਹਾਸੋ-ਹੀਣੇ ਨਾਚ ਤੋਂ ਬਚ ਗਿਆ ਹਾਂ) ।3।6।

ਇਸ ਸ਼ਬਦ ਦਾ ਭਾਵ ਸਮਝਾਉਂਦਿਆਂ ਪਿੰ੍ਰਸੀਪਲ ਗੁਰਬਚਨ ਸਿੰਘ ਜੀ ਨੇ ਕਿਹਾ ਮਾਇਆ ਵਿਚ ਫਸਿਆ ਜੀਵ ਭਟਕਦਾ ਹੈ ਤੇ ਹਾਸੋ-ਹੀਣਾ ਹੁੰਦਾ ਹੈ; ਇਸ ਖ਼ੁਆਰੀ ਤੋਂ ਸਿਰਫ਼ ਉਹੀ ਬਚਦਾ ਹੈ ਜੋ ਮਾਇਆ ਦੇ ਰਚਨਹਾਰ ਪਰਮਾਤਮਾ ਨਾਲ ਪਿਆਰ ਪਾਂਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top