Share on Facebook

Main News Page

ਹੋਰ ਗ੍ਰੰਥਾਂ, ਹੋਰ ਪੰਥਾਂ ਨੂੰ ਛੱਡ, ਸਿਰਫ ਸੱਚੇ ਗੁਰੂ ਦੇ ਲੜ ਲਗੀਏ: ਗਿਆਨੀ ਰਣਜੋਧ ਸਿੰਘ

ਗਿਆਨੀ ਰਣਜੋਧ ਸਿੰਘ, ਜੋ ਕਿ ਅੱਜਕੱਲ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ, ਪੀਟਰ ਰੌਬਰਟਸਨ, ਬਰੈਂਪਟਨ, ਕੈਨੇਡਾ ਵਿਖੇ ਕਥਾ ਕਰ ਰਹੇ ਹਨ, ਨੇ ਅੱਜ ਭਗਤ ਰਵਿਦਾਸ ਜੀ ਦੇ ਸ਼ਬਦ "ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥ ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥3॥"  ਦੀ ਵਿਅਖਿਆ ਕਰਦੇ ਹੋਏ, ਕਿਹਾ ਕਿ ਸਿੱਖ ਦੀ ਪ੍ਰੀਤ ਸਿਰਫ ਇੱਕ ਅਕਾਲਪੁਰਖ ਨਾਲ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਦਾਰਥਾਂ ਦੀ ਦੌੜ ਨੇ ਬੰਦੇ ਨੂੰ ਮੱਕਾਰ (Corrupt) ਬਣਾ ਦਿੱਤਾ ਹੈ। ਪਦਾਰਥਾ 'ਚ ਆਤਮਾ ਨਹੀਂ ਹੁੰਦੀ, ਅਤੇ ਪਦਾਰਥਾ ਦੇ ਪਿਛੇ ਭਜਣਾ ਇਵੇਂ ਹੈ, ਜਿਵੇਂ ਕਿ ਪਾਣੀ ਨੂੰ ਰਿੜਕਣਾ। ਜਿਸ ਤਰ੍ਹਾਂ ਪਾਣੀ ਰਿੜਕਣ ਨਾਲ ਕੁੱਝ ਨਹੀਂ ਨਿਕਲਦਾ, ਉਸੇ ਤਰ੍ਹਾਂ ਹੋਰ ਗ੍ਰਥਾਂ, ਡੇਰਿਆਂ ਦੇ ਪਿਛੇ ਲੱਗ ਕੇ ਕੁੱਝ ਵੀ ਹੱਥ ਪੱਲੇ ਨਹੀਂ ਆਉਂਦਾ। ਉਨ੍ਹਾਂ ਨੇ ਭਾਈ ਗੁਰਦਾਸ ਜੀ ਦੀ ਵਾਰ ਦਾ ਹਵਾਲਾ ਦੇਂਦਿਆਂ ਕਿਹਾ ਕਿ ਇਸ ਵਾਰ 'ਚ ਪੰਜ ਨੁਕਤੇ ਹਨ -

ਹੋਰਤੁ ਰੰਗਿ ਨ ਰਚੀਐ ਸਭੁ ਕੂੜੁ ਦਿਸੰਦਾ॥ ਹੋਰਤੁ ਸਾਦਿ ਨ ਲਗੀਐ ਹੋਇ ਵਿਸੁ ਲਗੰਦਾ॥ ਹੋਰਤੁ ਰਾਗ ਨ ਰੀਝੀਐ ਸੁਣਿ ਸੁਖ ਨ ਲਹੰਦਾ॥ ਹੋਰੁ ਬੁਰੀ ਕਰਤੂਤਿ ਹੈ ਲਗੈ ਫਲੁ ਮੰਦਾ॥ ਹੋਰਤੁ ਪੰਥਿ ਨ ਚਲੀਐ ਠਗੁ ਚੋਰੁ ਮੁਹੰਦਾ॥ ਪੀਰ ਮੁਰੀਦਾਂ ਪਿਰਹੜੀ ਸਚੁ ਸਚਿ ਮਿਲੰਦਾ ॥11॥

ਪਹਿਲਾ ਨੁਕਤਾ ਹੈ : "ਹੋਰਤੁ ਰੰਗਿ ਨ ਰਚੀਐ ਸਭੁ ਕੂੜੁ ਦਿਸੰਦਾ॥"

ਉਨ੍ਹਾਂ ਕਿਹਾ ਕਿ ਨਾਮ ਤੋਂ ਬਿਨਾ ਕਿਸੇ ਹੋਰ ਰੰਗ ਦਾ ਕੋਈ ਲਾਭ ਨਹੀਂ। ਸਿਰਫ ਇੱਕ ਅਕਾਲਪੁਰਖ ਨਾਲ ਹੀ ਪਿਆਰ ਪਾਉਣਾ ਚਾਹੀਦਾ ਹੈ, ਕਿਸੇ ਹੋਰ ਨਾਲ ਨਹੀਂ।

ਦੂਸਰਾ ਨੁਕਤਾ ਹੈ : "ਹੋਰਤੁ ਸਾਦਿ ਨ ਲਗੀਐ ਹੋਇ ਵਿਸੁ ਲਗੰਦਾ॥"

ਉਨ੍ਹਾਂ ਕਿਹਾ ਕਿ ਨਾਮ ਨੂੰ ਛੱਡ ਹੋਰ ਰਸਾਂ ਦੇ ਪਿਛੇ ਭਜਣ ਨਾਲ ਬਰਬਾਦੀ ਹੀ ਪੱਲੇ ਪੈਂਦੀ ਹੈ। ਬੰਦਾ ਸ਼ਰਾਬ ਅਤੇ ਹੋਰ ਰਸਾਂ 'ਚ ਫੱਸ ਕੇ ਜ਼ਿੰਦਗੀ ਬਰਬਾਦ ਕਰ ਲੈਂਦਾ ਹੈ। ਪੰਜਾਬ ਜੋ ਕਿ ਪੰਜਾਂ ਦਰਿਆਵਾਂ ਦੀ ਧਰਤੀ ਕਹੀ ਜਾਂਦੀ ਸੀ, ਜਿਸ ਵਿੱਚ ਹੁਣ ਨਸ਼ਿਆਂ ਕਰਕੇ ਸ਼ਰਾਬ ਦਾ ਛੇਵਾਂ ਦਰਿਆ ਵਹਿੰਦਾ ਹੈ। ਹੁਣ ਪੰਜਾਬ, ਰੰਗੀਲਾ ਪੰਜਾਬ ਨਹੀਂ ਨਸ਼ੀਲਾ ਪੰਜਾਬ ਬਣ ਚੁਕਾ ਹੈ। ਸ਼ਰਾਬ ਜਾਂ ਅੰਮ੍ਰਿਤ ਇਹ ਸਾਡੀ Choice ਹੈ।

ਤੀਸਰਾ ਨੁਕਤਾ ਹੈ : "ਹੋਰਤੁ ਰਾਗ ਨ ਰੀਝੀਐ ਸੁਣਿ ਸੁਖ ਨ ਲਹੰਦਾ॥"

ਉਨ੍ਹਾਂ ਕਿਹਾ ਕਿ ਹੋਰ ਰਾਗਾਂ ਨੂੰ ਛੱਡ, ਸਿਰਫ ਕੁਦਰਤ ਦੇ ਸੰਗੀਤ ਨੂੰ ਮਾਨਣਾ ਹੀ, ਇਕ ਅਕਾਲਪੁਰਖ ਦੀ ਪੂਜਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਰਾਗਾਂ ਨੂੰ ਮਹਾਨਤਾ ਦਿੱਤੀ ਗਈ ਹੈ, ਪਰ ਗੁਰਬਾਣੀ ਨੂੰ ਪ੍ਰਧਾਨਤਾ ਦਿਤੀ ਗਈ ਹੈ। ਗੁਰੂ ਸਾਹਿਬ ਨੇ ਰਾਗ ਨੂੰ ਗੁਰਬਾਣੀ ਦੇ ਘੇਰੇ ਦੇ ਅੰਦਰ ਰਹਿ ਗਾਉਣ ਦੀ ਤਾਕੀਦ ਕੀਤੀ ਹੈ। ਪਰ ਰਾਗੀ ਤਾਂ ਰਾਗ ਨੂੰ ਛੱਡ ਫਿਲਮੀ ਧੁਨਾਂ ਨੂੰ ਤਰਜੀਹ ਦੇਕੇ, ਗੁਰਬਾਣੀ ਅਤੇ ਰਾਗ ਨੂੰ ਤਿਲਾਂਜਲੀ ਦੇ ਦਿੱਤੀ ਹੈ।

ਚੌਥਾ ਨੁਕਤਾ ਹੈ : "ਹੋਰੁ ਬੁਰੀ ਕਰਤੂਤਿ ਹੈ ਲਗੈ ਫਲੁ ਮੰਦਾ॥"

ਉਨ੍ਹਾਂ ਕਿਹਾ ਕਿ ਆਮ ਕਰਕੇ ਕਿਹਾ ਜਾਂਦਾ ਹੈ ਕਿ ਜੋ ਭਲਾ ਬੁਰਾ ਹੁੰਦਾ ਹੈ, ਉਹ ਰੱਬ ਨੇ ਸਾਡੀ ਕਿਸਮਤ 'ਚ ਲਿਖਿਆ ਹੈ। ਰੱਬ ਤੇ ਗੁਰੂ ਸਦਾ ਭਲਾ ਹੀ ਕਰਦਾ ਹੈ, ਕਦੇ ਬੁਰਾ ਨਹੀਂ। ਜੋ ਕੁੱਝ ਵੀ ਸਾਡੇ ਨਾਲ ਹੁੰਦਾ ਹੈ, ਉਹ ਸਾਡੀ ਕੀਤੀ ਹੋਈ ਕਰਤੂਤਾਂ ਦਾ ਹੀ ਫਲ ਹੈ, ਰੀਜ਼ਲਟ Result ਹੈ।

ਪੰਜਵਾਂ ਨੁਕਤਾ ਹੈ : "ਹੋਰਤੁ ਪੰਥਿ ਨ ਚਲੀਐ ਠਗੁ ਚੋਰੁ ਮੁਹੰਦਾ॥ ਪੀਰ ਮੁਰੀਦਾਂ ਪਿਰਹੜੀ ਸਚੁ ਸਚਿ ਮਿਲੰਦਾ ॥11॥"

ਉਨ੍ਹਾਂ ਕਿਹਾ ਕਿ ਸੱਚੇ ਗੁਰੂ ਦੇ ਰਾਹ ਨੂੰ ਛੱਡ ਹੋਰ ਸਾਰੇ ਰਾਹ ਠਗਾਂ, ਚੋਰਾਂ ਦੇ ਹੁੰਦੇ ਹਨ। ਉਨ੍ਹਾਂ ਰਾਹਾਂ 'ਤੇ ਚਲਣ ਨਾਲ ਕੋਈ ਵੀ ਮੰਜ਼ਿਲ ਨਹੀਂ ਮਿਲਦੀ। ਸਿਰਫ ਸੱਚੇ ਗੁਰੂ ਦੇ ਦੱਸੇ ਰਾਹ 'ਤੇ ਚੱਲਣ ਨਾਲ ਹੀ ਸਿੱਖ ਅਕਾਲਪੁਰਖ ਨਾਲ ਇੱਕ ਮਿੱਕ ਹੋ ਜਾਂਦਾ ਹੈ।

ਦਸਮ ਗ੍ਰੰਥ, ਕਾਲਕਾ ਪੰਥ, ਡੇਰਾਵਾਦ ਬਾਰੇ ਵੀ ਗਿਆਨੀ ਰਣਜੋਧ ਸਿੰਘ ਜੀ ਨੇ ਸੰਗਤਾਂ ਨੂੰ ਸੁਚੇਤ ਕੀਤਾ। ਗਿਆਨੀ ਰਣਜੋਧ ਸਿੰਘ ਜੀ 30 ਮਈ ਤੱਕ ਇਸ ਗੁਰਦੁਆਰੇ 'ਚ ਹਰ ਰੋਜ਼ ਗੁਰਬਾਣੀ ਕਥਾ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top