Share on Facebook

Main News Page

ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਯਾਦਵਿੰਦਰ ਪਬਲਿਕ ਸਕੂਲ ਵਿਚ ਸਿੱਖ ਵਿਦਿਆਰਥੀਆਂ ਨੂੰ ਕ੍ਰਿਪਾਨ ਉਤਾਰ ਕੇ ਦਾਖਲ ਹੋਣ ਦੇ ਹੁਕਮ

* ਜਿਸ ਪਰਿਵਾਰ ਨੂੰ ਗੁਰੂ ਸਾਹਿਬ ਨੇ ਸ਼ਸਤਰ ਬਖਸ਼ਿਸ਼ ਕੀਤੇ, ਅੱਜ ਉਹੀ ਪਰਿਵਾਰ ਆਪਣੇ ਅਦਾਰਿਆ ਵਿਚ ਸਿੱਖ ਕਕਾਰਾਂ ਦੇ ਵਿਰੋਧ ਵਿਚ ਕਿਉਂ?

ਪਟਿਆਲਾ, (3 ਮਈ , ਪੀ.ਐਸ.ਐਨ) : ਕੈਪਰਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਚਲ ਰਹੇ ਇਥੋੱ ਦੇ ਪ੍ਰਸਿੱਧ ਯਾਦਵਿੰਦਰਾ ਪਬਲਿਕ ਸਕੂਲ (ਵਾਈ.ਪੀ.ਐਸ.) ਨੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਕਿਰਪਾਨ ਉਤਾਰ ਕੇ ਸਕੂਲ ਵਿਚ ਦਾਖ਼ਲ ਹੋਣ ਦੇ ਹੁਕਮ ਦਿਤੇ ਹਨ। ਵਰਣਨਯੋਗ ਹੈ ਕਿ ਇਸ ਸਕੂਲ ਦੇ ਸਰਪ੍ਰਸਤ ਕੈਪਟਨ ਅਮਰਿੰਦਰ ਸਿੰਘ ਹਨ ਅਤੇ ਚੇਅਰਪਰਸਨ ਉਨ੍ਹਾਂ ਦੀ ਮਾਤਾ ਮਹਿੰਦਰ ਕੌਰ ਹਨ। ਜੇ ਵਿਦਿਆਰਥੀ ਸਕੂਲ ਵਿਚ ਕ੍ਰਿਪਾਨ ਪਹਿਨ ਕੇ ਆਉਣਗੇ ਤਾਂ ਉਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਛੱਡਣਾ ਪਵੇਗਾ।

ਜਾਣਕਾਰੀ ਮੁਤਾਬਕ 9ਵੀਂ ਜਮਾਤ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਅਤੇ 7ਵੀਂ ਜਮਾਤ ਦੇ ਵਿਦਿਆਰਥੀ ਆਕਾਸ਼ਦੀਪ ਸਿੰਘ ਨੇ ਮਹੀਨਾ ਪਹਿਲਾਂ ਹੀ ਦਾਖ਼ਲਾ ਲਿਆ । ਦੋਵੇਂ ਵਿਆਦਿਆਰਥੀ ਅੰਮ੍ਰਿਤਧਾਰੀ ਪਰਵਾਰਾਂ ਵਿਚੋਂ ਹਨ ਅਤੇ ਦੋਹਾਂ ਨੇ ਹੀ ਅੰਮ੍ਰਿਤ ਛਕਿਆ ਹੋਇਆ ਹੈ। ਅਕਾਸ਼ਦੀਪ ਸਿੰਘ ਇਸ ਤੋਂ ਪਹਿਲਾਂ ਅਕਾਲ ਅਕੈਡਮੀ ਵਿਚ ਪੜ੍ਹਦਾ ਸੀ ਅਤੇ ਮਨਪ੍ਰੀਤ ਸਿੰਘ ਮੁੰਬਈ ਵਿਖੇ ਪੜ੍ਹਾਈ ਕਰ ਰਿਹਾ ਸੀ। ਮਨਪ੍ਰੀਤ ਸਿੰਘ ਦੇ ਪਿਤਾ ਸੂਬੇਦਾਰ ਗੁਰਚਰਨ ਸਿੰਘ ਦੀ ਮੁੰਬਈ ਤੋਂ ਬਦਲੀ ਜੰਮੂ-ਕਸ਼ਮੀਰ ਵਿਚ ਹੋਈ ਸੀ ਤੇ ਉਨ੍ਹਾਂ ਦਾ ਪਿੰਡ ਪਟਿਆਲਾ ਨੇੜੇ ਹਰਿਆਣਾ ਦੇ ਕਸਬੇ ਚੀਕਾ ਕੋਲ ਹੋਣ ਕਾਰਨ ਉਨ੍ਹਾਂ ਨੇ ਉਸ ਦਾ ਦਾਖ਼ਲਾ ਵਾਈ.ਪੀ.ਐਸ. ਵਿਚ ਕਰਵਾ ਦਿਤਾ।

ਅਕਾਸ਼ਦੀਪ ਸਿੰਘ ਦਾ ਪਰਵਾਰ ਸੰਗਰੂਰ ਜ਼ਿਲ੍ਹੇ ਦਾ ਰਹਿਣਾ ਵਾਲਾ ਹੈ। ਅਕਾਸ਼ਦੀਪ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਜੋ ਪ੍ਰਿੰਸੀਪਲ ਸਟੈਨਲੀ ਵਿਨੋਦ ਕੁਮਾਰ ਨਾਲ ਮੁਲਾਕਾਤ ਕਰਨ ਲਈ ਸਕੂਲ ਪਹੁੰਚੇ ਹੋਏ ਸਨ, ਨੇ ਦਸਿਆ ਕਿ ਪ੍ਰਿੰਸੀਪਲ ਨੇ ਉਨ੍ਹਾਂ ਦੇ ਬੱਚਿਆਂ ਨੂੰ ਦੋ ਇੰਚ ਲੰਮੀ ਕਿਰਪਾਨ ਧਾਰਨ ਕਰਨ ਦੀ ਮਨਜ਼ੂਰੀ ਦਿਤੀ ਹੈ ਜਿਸ ਨੂੰ ਵੈਲਡਿੰਗ ਕਰਵਾਇਆ ਗਿਆ ਹੈ ਤਾਕਿ ਇਸ ਨੂੰ ਬਾਹਰ ਨਾ ਕਢਿਆ ਜਾ ਸਕੇ। ਕਿਰਪਾਨ ਨਾਲ ਇਸ ਤਰ੍ਹਾਂ ਕਰਨਾ ਵੀ ਮਰਿਆਦਾ ਦੇ ਉਲਟ ਹੈ।

ਪ੍ਰਿੰਸੀਪਲ ਸਟੈਨਲੀ ਵਿਨੋਦ ਕੁਮਾਰ ਨੇ ਕਿਹਾ ਕਿ ਦੋਹਾਂ ਬੱਚਿਆਂ ਕੋਲ ਛੇ ਇੰਚ ਲੰਮੀਆਂ ਕਿਰਪਾਨਾਂ ਹੋਣ ਕਾਰਨ ਹੋਰ ਵਿਦਿਆਰਥੀਆਂ ਨੇ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਿਰਫ਼ ਏਨਾ ਹੀ ਕਿਹਾ ਹੈ ਕਿ ਉਹ ਵਿਦਿਆਰਥੀ ਛੋਟੀਆਂ ਕਿਰਪਾਨਾਂ ਧਾਰਨ ਕਰ ਲੈਣ। ਚੰਗਾ ਹੋਵੇ ਜੇ ਉਹ ਗਲੇ ਵਿਚ ਕਿਰਪਾਨ ਦਾ ਛੋਟਾ ਰੂਪ ਧਾਰਨ ਕਰ ਲੈਣ ਜਿਵੇਂ ਹੋਰ ਵਿਦਿਆਰਥੀਆਂ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਜਾਂ ਉਹ ਕਿਸੇ ਵੀ ਧਰਮ ਵਿਰੁਧ ਨਹੀਂ ਹਨ। ਉਨ੍ਹਾਂ ਕਿਹਾ ਕਿ ਸਾਡੇ ਕਈ ਵਿਦਿਆਰਥੀ ਸਿੱਖ ਧਰਮ ਨਾਲ ਜੁੜੇ ਮੁਕਾਬਲਿਆਂ ਵਿਚ ਵਧੀਆ ਕਾਰਗੁਜ਼ਾਰੀ ਦੇ ਸਰਟੀਫ਼ੀਕੇਟ ਵੀ ਹਾਸਲ ਕਰਦੇ ਹਨ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top