Share on Facebook

Main News Page

‘ਜਜ਼ਬਾਤੀ’ ਹੋਣਾਂ ਇਕ ਸਿੱਖ ਦਾ ‘ਗੁਣ’ ਤੇ ‘ਅੰਧ ਵਿਸ਼ਵਾਸ਼ੀ’ ਹੋਣਾ ਇਕ ‘ਦੋਸ਼’ ਹੈ

ਪਿਛਲੇ ਹਫਤੇ ਦਾਸ ਦੀ ਇਕ ਪੰਥਿਕ ਕਵਿਤਾ ਇਕ ਵੈਬ ਸਾਈਟ ਤੋਂ ਇਹ ਕਹਿ ਕੇ ਵਾਪਸ ਕਰ ਦਿਤੀ ਗਈ, ਕਿ ਆਪ ਜੀ ਦੀ ਇਹ ਕਵਿਤਾ ਜਜ਼ਬਾਤਾਂ ਦੀ ਰੋਹ ਵਿੱਚ ਲਿਖੀ ਗਈ ਹੈ। ਇਸ ਨਾਲ ਪੰਥ ਦਾ ਕੋਈ ਭਲਾ ਨਹੀਂ ਹੋਣ ਵਾਲਾ। ਦਾਸ ਦੇ ਭੇਜੇ ਅਨੇਕਾਂ ਲੇਖ ਕਈ ਵਾਰ ਨਹੀਂ ਛਪਦੇ, ਲੇਕਿਨ ਮੈਨੂੰ ਕਦੀ ਇਹ ਖਿਆਲ ਤੱਕ ਨਹੀਂ ਆਇਆ ਕਿ ਉਹ ਲੇਖ ਕਿਉਂ ਨਹੀਂ ਛਪਿਆ। ਇਹ ਤਾਂ ਸੰਪਾਦਕ ਦਾ ਅੰਤਿਮ ਫੈਸਲਾ ਤੇ ਅਧਿਕਾਰ ਹੁੰਦਾ ਹੈ ਕਿ ਉਹ ਕਿਸੇ ਲੇਖ ਨੂੰ ਛਾਪੇ ਜਾਂ ਨਾ ਛਾਪੇ। ਲੇਕਿਨ ਜੋ ਦੋਸ਼ ਮੇਰੇ ‘ਤੇ ਲਾ ਕੇ ਕਵਿਤਾ ਮੈਨੂੰ ਵਾਪਸ ਭੇਜੀ ਗਈ, ਉਸਨੇ ਮੈਨੂੰ ਇਹ ਸੋਚਣ ‘ਤੇ ਮਜਬੂਰ ਕਰ ਦਿਤਾ, ਕਿ ਵਾਕਈ ਇੱਕ ਸਿੱਖ ਦਾ ‘ਜਜ਼ਬਾਤੀ’ ਹੋਣਾ ਇੱਕ ‘ਦੋਸ਼’ ਹੈ ‘ਗੁਣ’ ਨਹੀਂ ?

ਉਸ ਵੈਬਸਾਈਟ ਦੇ ਵਿਦਵਾਨ ਸੰਪਾਦਕੀ ਬੋਰਡ ਨੂੰ ਉਨ੍ਹਾਂ ਦੇ ਇੱਕ ਖੱਤ ਦਾ ਜਵਾਬ ਦਿੰਦੇ ਦਾਸ ਨੇ ਇਹ ਪੁਛ ਲਿਆ ਕੇ ਵੀਰ ਜੀਉ, ‘ਜਜ਼ਬਾਤੀ’ ਹੋਣਾਂ ਜੇ ਇੱਕ ‘ਦੋਸ਼’ ਹੈ ਤੇ ਉਨ੍ਹਾਂ ਸਿੱਖਾਂ ਨੇ ਵੀ ਅਪਰਾਧ ਹੀ ਕੀਤਾ ਸੀ, ਜੋ ਗੁਰੁ ਗੋਬਿੰਦ ਸਿੰਘ ਜੀ ਦੇ ਇੱਕ ਵਾਰ ਸਿਰ ਮੰਗਣ ਤੇ, ਬਿਨਾਂ ਕੁੱਝ ਸੋਚੇ ਸਮਝੇ ਆਪਣਾ ਸਿਰ ਦੇਣ ਲਈ ਖੜੇ ਹੋ ਗਏ ਸੀ? 1984 ਵਿਚ ਉਹ ਸਿੱਖਾਂ ਦੇ ‘ਜਜ਼ਬਾਤ’ ਹੀ ਸਨ, ਕਿ ਅਕਾਲ ਤਖਤ ਤੇ ਹਮਲਾ ਹੋਣ ਤੋਂ ਬਾਅਦ ਹਜ਼ਾਰਾਂ ਸਿੱਖ ਫੌਜੀ ਆਪਣੀਆਂ ਬੈਰਕਾਂ ਛੱਡ ਕੇ ਬਿਨਾਂ ਕਿਸੇ ਤਰਕ ਤੇ ਬਹਿਸ ਦੇ ਅੰਮ੍ਰਿਤਸਰ ਵਲ ਕੂਚ ਕਰ ਗਏ। ਕੁੱਝ ਰਾਹ ਵਿਚ ਹੀ ਸ਼ੂਟ ਕਰ ਦਿਤੇ ਗਏ ਤੇ ਕੁੱਝ ਗ੍ਰਿਫਤਾਰ ਕਰ ਲਏ ਗਏ, ਲੇਕਿਨ ਉਨਾਂ ਇਹ ਸਾਬਿਤ ਕਰ ਦਿੱਤਾ ਕਿ ਸਿੱਖ ਲਈ ਉਸ ਦੇ ਧਰਮ ਅਸਥਾਨਾਂ ਦਾ ‘ਆਦਰ ਤੇ ਸਤਿਕਾਰ’ ਉਨ੍ਹਾਂ ਦੀਆਂ ਜਾਨਾਂ ਨਾਲੋਂ ਵੀ ਵਧ ਕੀਮਤੀ ਹੈ। ਉਹ ਸਿੱਖਾਂ ਦੇ ‘ਜਜ਼ਬਾਤ’ ਹੀ ਸਨ, ਜਿਨ੍ਹਾਂ ਕਰਕੇ ਉਨਾਂ ਅਕਾਲ ਤਖਤ ‘ਤੇ ਹਮਲਾ ਕਰਨ ਵਾਲਿਆਂ ਨੂੰ ਉਸ ਦੇ ਘਰ ਜਾ ਕੇ ਸੋਧਾ ਲਾਈਆ ਤੇ ਕੌਮ ਨੂੰ ਬੁਜ਼ਦਿਲ ਅਖਵਾਉਣ ਤੋਂ ਬਚਾ ਲਿਆ, ਤੇ ਆਪ ਫਾਂਸੀ ਤੇ ਚੜ੍ਹ ਕੇ ਸ਼ਹੀਦ ਹੋ ਗਏ। ਗੁਰੂ ਦੇ ਇਕ ਵਾਰ ਹੋਕਾ ਦੇਣ ਤੇ ਹੀ ਕੁਝ ਪਲਾਂ ਵਿਚ ਜੋ ਸਿੱਖ ਆਪਣਾ ਸਿਰ ਦੇਣ ਲਈ ਖੜੇ ਹੋ ਗਏ ਸਨ, ਉਨਾਂ ਸਿੱਖਾਂ ਨੇ ਉਸ ਵੇਲੇ ਤਰਕ ਵਿਤਰਕ, ਚਰਚਾ ਜਾਂ ਕਿਸੇ ਕਿਸਮ ਦਾ ਵਿਚਾਰ ਵਟਾਂਦਰਾ ਨਹੀਂ ਸੀ ਕੀਤਾ, ਕਿ ਆਉ ਭਈ ਪਹਿਲਾਂ ਕੋਈ ਚਰਚਾ ਕਰ ਲਈਏ, ਫੇਰ ਸਿਰ ਦੇਣ ਦਾ ਫੈਸਲਾ ਕਰਾਂਗੇ। ਉਨ੍ਹਾਂ ਦੇ ਗੁਰੂ ਦੇ ਹੁਕਮ ਪ੍ਰਤੀ ‘ਜਜ਼ਬਾਤ’ ਹੀ ਸਨ, ਜਿਨ੍ਹਾਂ ਨੇ ਬਿਨਾਂ ਕਿਸੇ ਤਰਕ ਕੀਤੇ ਗੁਰੂ ਨੂੰ ਆਪਣਾ ਸਿਰ ਦੇਣ ਲਈ ਪ੍ਰੇਰਿਤ ਕੀਤਾ। ਮੇਰੇ ਅਨੁਸਾਰ ‘ਜਜ਼ਬਾਤੀ’ ਹੋਣਾ ਇਕ ਮਨੁੱਖ ਦਾ ‘ਗੁਣ’ ਹੈ ਨਾ ਕੇ ‘ਦੋਸ਼’। ਜਿਸ ਮਨੁੱਖ ਅੰਦਰ ਜਜ਼ਬਾਤ ਨਹੀਂ, ਉਹ ਇਕ ‘ਜੀਂਦਾ ਜਾਗਦਾ ਪੱਥਰ’ ਤੇ ਹੋ ਸਕਦਾ ਹੈ ਇਕ ਚੰਗਾ ‘ਇੰਨਸਾਨ’ ਨਹੀ।

ਇਸ ਦਾ ਜਵਾਬ ਉਨਾਂ ਵਿਦਵਾਨ ਵੀਰਾਂ ਨੇ ਬਹੁਤ ਹੀ ਹਲਕੇ ਤਰਕ ਨਾਲ ਦਿਤਾ ਜਿਸਦੀ ਉਮੀਦ ਵੀ ਦਾਸ ਉਨਾਂ ਕੋਲੋਂ ਨਹੀ ਸੀ ਕਰਦਾ। ਉਨਾਂ ਸਾਫ ਤੌਰ ਤੇ ਇਹ ਫੈਸਲਾ ਦਿਤਾ ਕੇ ਜਜਬਾਤੀ ਹੋਣਾ ‘ਦੋਸ਼’ ਹੈ ‘ਗੁਣ’ ਨਹੀ। ਤੇ ਉਸ ਲਈ ਜੋ ਤਰਕ ਦਿਤੇ ਉਹ ਉਸ ਦਲੀਲ ਨਾਲੋਂ ਵੀ ਹੌਲੇ ਸਨ ਕੇ ‘ਜਜ਼ਬਾਤਾਂ’ ਕਰਕੇ ਹੀ ਸਿੱਖ ਗੁਰਦਵਾਰਿਆਂ ਵਿਚ ਪੈਰ ਧੋਂਣ ਵਾਲੇ ਪਾਣੀ ਨੂੰ ਚਰਣਾਮ੍ਰਿਤ ਸਮਝਕੇ ਪੀਂਦੇ ਤੇ ਅਪਣੇ ਆਪਨੂੰ ਧੰਨ ਸਮਝਦੇ ਹਨ। ਕਿਧਰੇ ਤੇ ਘੋੜੇ ਦੀ ਲਿੱਧ ਨੂੰ ਪ੍ਰਸਾਦ ਸਮਝ ਕੇ ਸਵੀਕਾਰ ਕਰ ਲੈਂਦੇ ਹਨ, ਇਹ ਸਭ ਉਨਾਂ ਦੇ ‘ਜਜ਼ਬਾਤੀ’ ਹੋਣ ਦੇ ਕਾਰਣ ਹੀ ਹੁੰਦਾ ਹੈ ।ਇਕ ਨਜਰ ਵਿਚ ਇਹ ਦਲੀਲ ਦਿਲ ਨੂੰ ਸੱਚ ਲਗਦੀ ਪ੍ਰਤੀਤ ਹੂੰਦੀ ਹੈ। ਲੇਕਿਨ ਅਸਲਿਅਤ ਇਹ ਨਹੀਂ ਹੈ। ਮੇਰੇ ਉਹ ਵਿਦਵਾਨ ਵੀਰ ‘ਜਜ਼ਬਾਤ’ ਨੂੰ ‘ਅੰਧ ਵਿਸ਼ਵਾਸ਼’ ਨਾਲ ਰਲਗਡ ਕਰਕੇ ‘ਗੁਣ’ ਨੂੰ ‘ਦੋਸ਼’ ਸਾਬਿਤ ਕਰਨਾਂ ਚਾਂਉਦੇ ਹਨ। ਪੈਰ ਧੋਤਿਆਂ ਪਾਣੀ ਪੀਣ ਵਾਲਾ ਜਾਂ ਘੋੜੇ ਦੀ ਲਿਧ ਨੂੰ ਪ੍ਰਸਾਦ ਸਮਝ ਕੇ ਸਵੀਕਾਰ ਕਰਨ ਵਾਲਾ ਸਿੱਖ ‘ਜਜ਼ਬਾਤਾਂ’ ਦੇ ਕਾਰਣ ਨਹੀ ‘ਅੰਧ ਵਿਸ਼ਵਾਸ਼’ ਦੇ ਕਾਰਣ ਐਸਾ ਕਰ ਰਿਹਾ ਹੈ। ਉਹ ‘ਜਜ਼ਬਾਤੀ’ ਹੋਣ ਦਾ ਦੋਸ਼ੀ ਨਹੀਂ ਬਲਕੇ ‘ਅੰਧ ਵਿਸ਼ਵਾਸ਼ੀ’ ਹੋਣ ਦਾ ਦੋਸ਼ੀ ਹੈ। ਮੇਰੇ ਉਹ ਵਿਦਵਾਨ ਵੀਰ ਉਸ ਜਵਾਬ ਵਿਚ ਜਜ਼ਬਾਤੀ ਹੋਣ ਦੇ ‘ਗੁਣ’ ਨੂੰ ਇਕ ‘ਦੋਸ਼’ ਸਾਬਿਤ ਕਰ ਰਹੇ ਸਨ। ਪਰ ਮੇਰਾ ਮਨ ਤੇ ‘ਅੰਧ ਵਿਸ਼ਵਾਸੀ’ ਹੋਣ ਦੇ ਦੋਸ਼ਾਂ ਨੂੰ ਇਕ ਇਕ ਕਰਕੇ ਸੋਚਦਾ ਹੀ ਜਾ ਰਿਹਾ ਸੀ, ਕੇ ਅਜ ਦੇ ਸਮੇਂ ਵਿਚ ਇਕ ਸਿੱਖ ‘ਜਜ਼ਬਾਤੀ’ ਘਟ ਤੇ ‘ਅੰਧ ਵਿਸ਼ਵਾਸ਼ੀ’ ਜਿਆਦਾ ਹੋ ਚੁਕਾ ਹੈ।

ਝੂਠੇ ਬਾਬਿਆਂ ਤੇ ਡੇਰਿਆਂ ਤੇ ਉਹ ‘ਜਜ਼ਬਾਤੀ’ ਹੋਣ ਦੇ ਕਾਰਣ ਨਹੀਂ ਬਲਕਿ ‘ਅੰਧ ਵਿਸ਼ਵਾਸ਼ੀ ‘ ਹੋਣ ਦੇ ਕਾਰਣ ਹੀ ਖੁਵਾਰ ਹੋ ਰਿਹਾ ਹੈ।‘ਇਕ ਸ਼ਬਦ’ ਨੂੰ ‘ਸਿਮਰਨ’ ਦਾ ਨਾਮ ਦੇਕੇ , ਸਿਰ ਮਾਰ ਮਾਰ ਕੇ ਪੜ੍ਹਨ ਨੂੰ ਹੀ ਮੁਕਤੀ ਦਾ ਤੇ ਅਕਾਲ ਪੁਰਖ ਨਾਲ ਮਿਲਨ ਦਾ ਅੰਤਿਮ ਸਾਧਨ ਮਨ ਕੇ ਰਹਿ ਗਇਆ ਹੈ। ਇਹ ਸਭ ‘ਜਜਬਾਤੀ’ ਹੋਣ ਦੇ ਕਾਰਣ ਨਹੀ ਬਲਕੇ ‘ਅੰਧ ਵਿਸ਼ਵਾਸੀ’ ਹੋਣ ਦੇ ਕਾਰਣ ਹੋ ਰਿਹਾ ਹੈ। ਅਜ ਦੇਵੀ ਦੇਵਤਿਆਂ ਦੀ ਪੂਜਾ ਤੇ ਬ੍ਰਾਹਮਣੀ ਕਰਮਕਾਂਡਾਂ ਵਿਚ ਗਲਤਾਨ ਸਿੱਖ ਗੁਰਮਤਿ ਤਂੋ ਦੂਰ ਹੂੰਦਾ ਹੂੰਦਾ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿਚ ਗਰਕ ਹੋ ਰਿਹਾ ਹੈ।ਇਹ ਸਭ ‘ਜਜਬਾਤੀ’ ਹੋਣ ਦੇ ਕਾਰਣ ਨਹੀ ਬਲਕੇ ‘ਅੰਧ ਵਿਸ਼ਵਾਸ਼ੀ’ ਹੋਣ ਦੇ ਕਾਰਣ ਹੀ ਹੋ ਰਿਹਾ ਹੈ।ਖਾਲਸਾ ਜੀਉ!

ਜੇ ਇਕ ਸਿੱਖ ਅਪਣੇ ਸ਼ਬਦ ਗੁਰੁ ਅਤੇ ਅਪਣੀ ਕੌਮ ਪ੍ਰਤੀ ‘ਜਜਬਾਤੀ’ ਹੁੰਦਾ ਤੇ ਉਹ ਕਦੀ ਵੀ ਬ੍ਰਾਹਮਣਵਾਦੀ ਕਰਮਕਾਂਡਾਂ ਤੇ ‘ਅੰਧਵਿਸ਼ਵਾਸ਼’ ਵਿਚ ਪੈਂਦਾ ਹੀ ਨਹੀਂ।ਜੇ ਉਹ ਸਿੱਖ ਅਪਣੇ ਗੁਰੁ ਪ੍ਰਤੀ ‘ਜਜਬਾਤੀ’ ਹੁੰਦਾ ਤੇ ਉਹ ਕਦੀ ਵੀ ਗਿਆਨ ,ਚਰਚਾ ਤੇ ਖੋਜ ਦੇ ਬਹਾਨੇ ਬਣਾ ਕੇ ਆਪਣੇ ਸ਼ਬਦ ਗੁਰੁ ਦੇ ਮੌਜੂਦਾ ਸਰੂਪ (ਜਿਸਨੂੰ ਉਹ ਨਿਤ ਮੱਥਾ ਟੇਕ ਕੇ ਉਸ ਕੋਲੋਂ ਜੀਵਨ ਜਾਚ ਤੇ ਸੁਮਤਿ ਦੀ ਦਾਤ ਪ੍ਰਾਪਤ ਕਰਦਾ ਹੈ) ਨੂੰ ‘ਨਕਲੀ ਬੀੜ’ ਕਹਿਣ ਦੀ ਹਿਮਾਕਤ ਨਾਂ ਕਰਦਾ। ਜੇ ਉਹ ਸਿੱਖ ਅਪਣੀ ਕੌਮ ਤੇ ਧਾਰਮਿਕ ਅਦਾਰਿਆਂ ਪ੍ਰਤੀ ‘ਜਜਬਾਤੀ’ ਹੁੰਦਾ ਤੇ ਉਹ ਕਦੀ ਅਕਾਲ ਤਖਤ ਵਰਗੇ ਮੁਕੱਦਸ ਅਦਾਰੇ ਨੂੰ ‘ਅਖੌਤੀ ਤਖਤ’, ‘ਨਕਲੀ ਤਖਤ’, ‘ਥੜਾ’ ਜਾਂ ‘ਇਕ ਅੱਡਾ’ ਕਹਿ ਕੇ ਗੁਰੁ ਸਿਧਾਂਤਾਂ ਦਾ ਮਖੌਲ ਨਾਂ ਉਡਵਾਂਦਾ। ਜੇ ਇਕ ਸਿੱਖ ‘ਜਜ਼ਬਾਤੀ’ ਹੁੰਦਾ ਤੇ ਉਹ ਇਹੋ ਜਹੇ ਅਖੌਤੀ ਵਿਦਵਾਨਾਂ ਦੀ ‘ਪੈਰਵੀ’ ਤੇ ‘ਸਮਰਥਨ’ ਵਿਚ ਖੜਾ ਹੋਣ ਦੀ ਬਜਾਇ, ਉਸ ਵਲੋਂ ਵਰਤੀ ਗਈ ਸ਼ਬਦਾਵਲੀ ਦੀ ਕਰੜੇ ਸ਼ਬਦਾਂ ਵਿਚ ਅਲੋਚਨਾਂ ਕਰਦਾ। ਇਸ ਲਈ ਖਾਲਸਾ ਜੀ, ਇਕ ਸਿੱਖ ਦਾ ‘ਜਜ਼ਬਾਤੀ’ ਹੋਣਾਂ ‘ਦੋਸ਼’ ਨਹੀਂ ਉਸ ਦਾ ਇਕ ‘ਗੁਣ’ ਹੈ ਤੇ ‘ਅੰਧ ਵਿਸ਼ਵਾਸ਼ੀ’ ਹੋਣਾ ਇਕ ਬਹੁਤ ਵਡਾ ‘ਦੋਸ਼’ ਹੈ। ਉਸ ਵਿਦਵਾਨ ਸੰਪਾਦਕੀ ਬੋਰਡ ਦਾ ਦਾਸ ਬਹੁਤ ਧੰਨਵਾਦੀ ਹੈ, ਕੇ ਉਨ੍ਹਾਂ ਨੇ ‘ਜਜ਼ਬਾਤੀ’ ਹੋਣ ਦਾ ਦੋਸ਼ ਲਾ ਕੇ ਅਤੇ ਅਪਣਾਂ ਨਾ ਪੱਖੀ ਤਰਕ ਦੇ ਕੇ, ਮੇਰੇ ਵਿਚਾਰਾਂ ਨੂੰ ਹੋਰ ਪ੍ਰੋੜਤਾ ਦੇ ਦਿਤੀ ਕਿ ਇੱਕ ਸਿੱਖ ਦਾ ‘ਜਜ਼ਬਾਤੀ’ ਹੋਣਾਂ ਇਕ ‘ਦੋਸ਼’ ਨਹੀਂ ਬਲਕਿ ਇਕ ‘ਗੁਣ’ ਹੈ। ਹੋਈਆਂ ਭੁਲਾਂ ਲਈ ਖਿਮਾਂ ਦਾ ਜਾਚਕ ਹਾਂ ਜੀ।

ਪੰਥ ਦਾ ਕੂਕਰ

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top