Share on Facebook

Main News Page

ਪ੍ਰੋ. ਦਰਸ਼ਨ ਸਿੰਘ ਖਾਲਸਾ ਵਲੋਂ ਸਿੱਖ ਮਾਰਗ ਦੇ ਸੰਪਾਦਕ ਸ੍ਰ. ਮੱਖਣ ਸਿੰਘ ਜੀ ਵਲੋਂ ਕਿਤੀ ਟਿੱਪਣੀ ਦਾ ਜਵਾਬ

ਸਿੱਖ ਮਾਰਗ ਦੇ ਸੰਪਾਦਕ ਸ੍ਰ. ਮੱਖਣ ਸਿੰਘ ਜੀ ਵਲੋਂ ਕਿਤੀ ਟਿੱਪਣੀ

ਅਸੀਂ ‘ਸਿੱਖ ਮਾਰਗ’ ਤੇ ਪਹਿਲੇ ਦਿਨ ਤੋਂ ਹੀ ਕਿਸੇ ਵੀ ਖਾਸ ਵਿਆਕਤੀ, ਵਿਦਵਾਨ, ਕਥਿਤ ਜਥੇਦਾਰ/ਸੇਵਾਦਾਰ, ਕਿਸੇ ਵੀ ਜਥੇਬੰਦੀ ਧਾਰਮਿਕ ਜਾਂ ਸਿਆਸੀ ਦਾ ਕੋਈ ਵੀ ਦਬਾਅ ਨਹੀਂ ਝੱਲਿਆ ਅਤੇ ਨਾ ਹੀ ਕਦੀ ਝੱਲਣਾ ਹੈ। ਡੇਰੇ ਵਾਲੇ ਕਿਸੇ ਵੀ ਕਥਿਤ ਸਾਧ/ਸੰਤ ਨੂੰ ਅਸੀਂ ਕੋਈ ਵੀ ਮਹਾਨਤਾ ਨਹੀਂ ਦਿੰਦੇ। ਮੇਰੇ ਲਈ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਸਭ ਤੋਂ ਵੱਡਾ ਹੈ ਨਾ ਕਿ ਕਿਸੇ ਹੋਰ ਕਥਿਤ ਜਥੇਦਾਰਾਂ ਦਾ। ਜਿਹੜੀ ਗੱਲ ਗੁਰਬਾਣੀ ਦੇ ਸਿਧਾਂਤ ਤੋਂ ਉਲਟ ਹੋਵੇ ਉਹ ਨਾਹ ਤਾਂ ਕਦੀ ਮੰਨੀ ਹੈ ਅਤੇ ਨਾ ਹੀ ਮੰਨਣੀ ਹੈ। ਇਸ ਦੀਆਂ ਦੋ ਮਿਸਾਲਾਂ ਦੇਣੀਆਂ ਚਾਹਾਂਗਾ। ਕੋਈ ਤੇਰਾਂ ਕੁ ਸਾਲ ਪਹਿਲਾਂ ਲੰਗਰ ਬਾਰੇ ਇੱਕ ਹੁਕਮਨਾਮਾ ਜ਼ਾਰੀ ਹੋਇਆ ਸੀ। ਜਿਸ ਨੂੰ ਬਹੁਤੇ ਸਿੱਖ ਅਕਾਲ ਤਖ਼ਤ ਦਾ ਹੁਕਮ, ਅਕਾਲ ਪੁਰਖ ਦਾ ਹੁਕਮ ਅਤੇ ਹੋਰ ਵੀ ਕਈ ਤਰ੍ਹਾਂ –ਤਰ੍ਹਾਂ ਦੇ ਵਿਸ਼ੇਸ਼ ਨਾਮ ਦਿੰਦੇ ਸਨ ਪਰ ਮੈਂ ਉਸ ਨੂੰ ਗੁਰੂ ਕੀ ਨਿੰਦਾ ਵਾਲਾ ਪਖੰਡਨਾਮਾ ਕਹਿੰਦਾ ਸੀ, ਅੱਜ ਵੀ ਕਹਿੰਦਾ ਹਾਂ ਅਤੇ ਅਖੀਰਲੇ ਸਾਹ ਤੱਕ ਕਹਿੰਦਾ ਰਹਾਂਗਾ। ਇਹ ਕਥਿਤ ਹੁਕਮਨਾਮਾ ਜਾਰੀ ਹੋਣ ਤੋਂ ਪਹਿਲਾਂ ਵੀ ਇਸ ਬਾਰੇ ਲੋਕਲ ਅਖਬਾਰਾਂ ਵਿੱਚ ਕਈ ਵਾਰੀ ਲਿਖਿਆ ਸੀ ਕਿ ਥੱਲੇ ਬੈਠ ਕੇ ਲੰਗਰ ਛਕਣ ਦਾ ਗੁਰਮਤਿ ਨਾਲ ਕੋਈ ਵੀ ਸੰਬੰਧ ਨਹੀਂ ਹੈ। ਇਸ ਬਾਰੇ ਤੁਸੀਂ ਮੇਰਾ ਇੱਕ ਲੇਖ ਵੀ ਇੱਥੇ ਪੜ੍ਹ ਸਕਦੇ ਹੋ। ਦੋ ਕੁ ਹਫਤੇ ਪਹਿਲਾਂ ਇੱਥੇ ਜਿਹਨਾਂ ਗੁਰਦੁਆਰਿਆਂ ਵਿੱਚ ਪ੍ਰੋ: ਦਰਸ਼ਨ ਸਿੰਘ ਜੀ ਹੁਣ ਕੀਰਤਨ ਕਰਕੇ ਗਏ ਹਨ, ਉਹ 13 ਸਾਲ ਪਹਿਲਾਂ ਸ਼ਾਇਦ ਉਥੇ ਜਾਣਾ ਵੀ ਪਾਪ ਸਮਝਦੇ ਹੋਣ ਕਿਉਂਕਿ ਕੁੱਝ ਸਾਲ ਪਹਿਲਾਂ ਵੀ ਇਹਨਾ ਵਿਚੋਂ ਇੱਕ ਗੁਰਦੁਆਰੇ ਵਿੱਚ ਕੀਰਤਨ ਕਰਨ ਦੀ ਹਾਮੀ ਭਰ ਕੇ ਵੀ ਕੀਰਤਨ ਨਹੀਂ ਸੀ ਕੀਤਾ। ਹੁਣ ਉਹਨਾ ਸਾਰਿਆਂ ਹੀ ਗੁਰਦੁਆਰਿਆਂ ਵਿੱਚ ਕੀਰਤਨ ਕਰਕੇ ਗਏ ਹਨ ਜਿਹੜੇ ਕਿ ਇਸ ਲੰਗਰ ਵਾਲੇ ਕਥਿਤ ਹੁਕਮਨਾਮੇ ਨੂੰ ਨਹੀਂ ਮੰਨਦੇ। ਜਿਹੜੀ ਗੱਲ ਅਸੀਂ 13-14 ਸਾਲ ਪਹਿਲਾਂ ਕਹਿੰਦੇ ਸੀ ਉਹੀ ਹੁਣ ਪ੍ਰੋ: ਦਰਸ਼ਨ ਸਿੰਘ ਵੀ ਕਹਿ ਰਹੇ ਹਨ। ਇਹ ਗੱਲ ਉਹਨਾ ਨੂੰ ਇਤਨੇ ਸਾਲਾਂ ਬਾਅਦ ਸਮਝ ਆਈ ਹੈ ਜਾਂ ਮਜ਼ਬੂਰੀ ਵੱਸ ਕਹਿ ਰਹੇ ਹਨ।

ਪ੍ਰੋ. ਦਰਸ਼ਨ ਸਿੰਘ ਖਾਲਸਾ ਵਲੋਂ ਸਿੱਖ ਮਾਰਗ ਦੇ ਸੰਪਾਦਕ ਸ੍ਰ. ਮੱਖਣ ਸਿੰਘ ਜੀ ਵਲੋਂ ਕਿਤੀ ਟਿੱਪਣੀ ਦਾ ਜਵਾਬ

ਗੁਰੂ ਸਵਾਰੇ ਵੀਰ ਸ. ਮੱਖਣ ਸਿੰਘ ਜੀਓ,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

ਵੀਰ ਜੀਓ, ਬੀਤੇ ਸਮੇਂ ਵਿਚੋਂ ਆਪਜੀ ਨੇ ਮੇਰੀ ਜੀਵਨ ਸ਼ੈਲੀ ਦਾ ਅੰਦਾਜ਼ਾ ਲਾ ਲਿਆ ਹੋਵੇਗਾ, ਮੈਂ ਆਪਣੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਨਮਾਨ ਲਈ ਜੂਝ ਰਿਹਾ ਹਾਂ, ਇਹੋ ਮੇਰੇ ਜੀਵਨ ਸੰਘਰਸ਼ ਦੀ ਮੰਜ਼ਿਲ ਹੈ, ਇਸੇ ਲਈ ਮੈਂ ਕਿਸੇ ਹੋਰ ਵਿਸ਼ੇ ਤੇ ਜਵਾਬ ਸਵਾਲ ਜਾਂ ਟਕਰਾਓ ਵਿੱਚ ਕਦੀ ਨਹੀਂ ਪਿਆ, ਪਰ ਆਪ ਜੀ ਵਲੋਂ ਲਿੱਖੀ ਟਿਪਣੀ ਵਿਚੋਂ ਮੈਨੂੰ ਅਨਜਾਣੇ ਹੀ ਆਪਣੇ ਤੇ ਲੱਗਿਆ ਇੱਕ ਇਲਜ਼ਾਮ ਜਿਹਾ ਦਿਸਿਆ, ਤਾਂ ਆਪਣੇ ਸਬੰਧੀ ਦੋ ਕੁ ਲਾਈਨਾ ਲਿਖਣੀਆਂ ਜਰੂਰੀ ਸਮਝੀਆਂ।

ਵੀਰ ਜੀ, ਜਦੋਂ ਵੈਨਕੁਵਰ ਦੇ ਅਸਥਾਨਾਂ ਲਈ ਕੁਰਸੀਆਂ ਜਾਂ ਤੱਪੜਾਂ ਦਾ ਹੁਕਮਨਾਮਾ ਜਾਰੀ ਹੋਇਆ ਸੀ, ਮੈਂ ਉਸ ਦਿਨ ਤੋਂ ਹੀ ਕਈ ਵਾਰ ਰੇਡੀਓ ‘ਤੇ ਅਤੇ ਜੇ ਉਨ੍ਹਾਂ ਦਿਨਾਂ ਵਿੱਚ ਹੀ ਹੋਈ ਪੁਰਾਨੀ ਵੀਡੀਓ ਟੇਪ ਕਢਾਈ ਜਾਵੇ, ਤਾਂ ਰਘਬੀਰ ਸਿੰਘ ਸਮੱਘ ਸਾਹਿਬ ਦੇ ਟੀਵੀ ਪ੍ਰੋਗਰਾਮ ਟੋਰਾਂਟੋ ਤੋਂ ਬੋਲਦਿਆਂ, ਮੈਂ ਸਪਸ਼ਟ ਕੀਤਾ ਸੀ ਕਿ ਕੁਰਸੀਆਂ ਤੱਪੜਾਂ ਦਾ ਝਗੜਾ ਫਜ਼ੂਲ ਹੈ, ਲੰਗਰ ਦਾ ਅਰਥ ਹੈ, ਲੋੜਵੰਦ ਨੂੰ ਭੋਜਨ ਮਿਲੇ, ਜਿਸਨੂੰ ਪੁਰਾਤਨਤਾ ਕਹਿੰਦੇ ਹਨ, ਉਸ ਵੱਕਤ ਤਾਂ ਬਰਾਤਾਂ ਭੀ ਤੱਪੜਾਂ ਤੇ ਰੋਟੀ ਖਾਂਦੀਆਂ ਸਨ।

ਬਾਕੀ ਕੁੱਛ ਸਮਾਂ ਤਾਂ ਇਹ ਅਸਥਾਨ ਆਪਣੇ ਹਾਲਾਤਾਂ ਵਿੱਚ ਉਲਝੇ ਰਹੇ, ਇਨ੍ਹਾਂ ਸਮਾਂ ਮੰਗਿਆ ਹੀ ਨਹੀਂ, ਅੱਜ ਤੋਂ ਚਾਰ ਪੰਜ ਸਾਲ ਪਹਿਲੇ ਇਕ ਹੋਰ ਅਸਥਾਨ ਅਤੇ ਰੌਸ ਸਟਰੀਟ ਗੁਰਦੁਆਰੇ ਵਾਲਿਆਂ ਨੇ ਸਮਾਂ ਮੰਗਿਆ ਤਾਂ ਮੈਂ ਕਿਹਾ, ਦੋਵਾਂ ਥਾਵਾਂ ਤੇ ਜਾਵਾਂਗਾ, ਮਿਲਕੇ ਪ੍ਰੋਗਰਾਮ ਬਣਾ ਲਉ। ਜਦੋਂ ਮੈਂ ਵੈਨਕੁਵਰ ਪੁਜ ਗਿਆ, ਤਾਂ ਦੂਜੀ ਧਿਰ ਵਿਰੋਧ ਵਿੱਚ ਟਕਰਾਓ ‘ਤੇ ਤੁਲ ਗਈ। ਮੈਂ ਰੌਸ ਸਟਰੀਟ ਦੇ ਪ੍ਰਬੰਧਕਾਂ ਨਾਲ ਉਸ ਵਕਤ ਬਚਨ ਕੀਤਾ ਸੀ, ਕਿ ਮੈਂ ਦੋਹਾਂ ਦੇ ਸਾਂਝੇ ਪ੍ਰੋਗਰਾਮ ਲਈ ਆਇਆ ਸੀ, ਪਰ ਤੁਹਾਡੇ ਇਸ ਟਕਰਾਓ ਨੇ ਮੈਨੂੰ ਬੇਚੈਨ ਕੀਤਾ ਹੈ, ਇਸ ਵਾਰ ਮੈਂ ਕਿਤੇ ਭੀ ਪ੍ਰੋਗਰਾਮ ਨਹੀਂ ਕਰ ਰਿਹਾ।

ਪਰ ਕਿਉਂਕਿ ਇਸ ਵਿਰੋਧ ਵਿੱਚ ਤੁਹਾਡਾ ਕੋਈ ਦੋਸ਼ ਨਹੀਂ, ਇਸ ਲਈ ਤੁਹਾਡੇ ਨਾਲ ਬਚਨ ਕਰਦਾ ਹਾਂ, ਕਿ ਮੈਂ ਕੀਰਤਨ ਕਰਨ ਲਈ ਜੇ ਵੈਨਕੁਵਰ ਵਿੱਚ ਆਵਾਂਗਾ, ਤਾਂ ਪਹਿਲਾ ਕੀਰਤਨ ਤੁਹਾਡੇ ਕੋਲ ਰੌਸ ਸਟਰੀਟ ਕਰਾਂਗਾ। ਸੋ ਪੰਜ ਸਾਲ ਪਹਿਲੇ ਕੀਤੇ ਬਚਨ ਨੂੰ ਪਾਲਦਿਆਂ, ਜਦੋਂ ਇਸ ਵਾਰ ਇੰਦਰਜੀਤ ਸਿੰਘ ਕਲੋਨਾ, ਸ. ਬਚਿੱਤਰ ਸਿੰਘ, ਸ. ਕੁਲਦੀਪ ਸਿੰਘ ਸ਼ੇਰੇ ਪੰਜਾਬ ਰੇਡਿਓ ਹੁਰਾਂ ਨੇ ਪ੍ਰੋਗਰਾਮ ਬਣਾਇਆ, ਤਾਂ ਉਨ੍ਹਾਂ ਵੀਰਾਂ ਕੋਲੋਂ ਪੁਛਿਆ ਜਾ ਸਕਦਾ ਹੈ, ਕਿ ਮੈਂ ਸਾਫ ਆਖਿਆ ਕਿ ਮੇਰਾ ਰੌਸ ਸਟਰੀਟ ਨਾਲ ਕੀਤਾ ਹੋਇਆ ਬਚਨ ਪਾਲਣਾ ਜਰੂਰੀ ਹੈ, ਅਤੇ ਪੰਜ ਸਾਲ ਪਹਿਲਾਂ ਕੀਤਾ ਹੋਇਆ ਉਹ ਬਚਨ ਪਾਲਿਆ, ਕਿਉਂਕੇ ਮੇਰੇ ਵੀਚਾਰਾਂ ਅਨੁਸਾਰ ਪਹਿਲੇ ਤੋਂ ਹੀ ਕੁਰਸੀਆਂ ਅਤੇ ਤੱਪੜਾਂ ਦਾ ਕੋਈ ਝਗੜਾ ਨਹੀਂ ਹੈ।

ਗੁਰੂ ਗ੍ਰੰਥ ਦੇ ਪੰਥ ਦਾ ਦਾਸ
ਦਰਸ਼ਨ ਸਿੰਘ ਖਾਲਸਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top