Share on Facebook

Main News Page

ਪੰਜਾਬ ਦਾ ਮਾਣਮੱਤਾ ਪਿੰਡ - ਜਿੱਥੇ ਲੋਕੀਂ ਠੇਕਾ ਨਹੀਂ ਚਾਹੁੰਦੇ ਪਰ ਸਰਕਾਰ ਜਬਰਦਸਤੀ ਖੁਲਾਉਣਾ ਚਾਹੁੰਦੀ ਹੈ

- ਪੁਲਿਸ ਅਤੇ ਲੋਕਾਂ ਠੇਕੇ ਵਿਚ ਨੂੰ ਲੈ ਕੇ ਹੋਈ ਜੰਗ, ਇੱਟਾਂ ਰੋੜੇ ਚੱਲੇ ਅਤੇ ਹਵਾਈ ਫਾਇਰੰਗ ਵੀ ਹੋਈ

- ਅੱਕੇ ਲੋਕਾਂ ਨੇ ਪੁਲੀਸ ਮੁਲਾਜ਼ਮ ਭਜਾ ਭਜਾ ਕੇ ਕੁੱਟੇ,ਪੁਲੀਸ ਦੀ ਗੱਡੀ ਸਾੜੀ ਤੇ ਅਸਲਾ ਖੋਹਿਆ

- ਹੌਲਦਾਰ ਸਮੇਤ ਦੋ ਪੁਲੀਸ ਮੁਲਾਜ਼ਮ ਜ਼ਖ਼ਮੀ,225 ਵਿਅਕਤੀਆਂ ਖ਼ਿਲਾਫ਼ ਕੇਸ

ਰਾਮਪੁਰਾ ਫੂਲ, (1 ਮਈ,ਪੀ.ਐਸ.ਐਨ):-ਸ਼ਨਿੱਚਰਵਾਰ ਦੀ ਰਾਤ ਪੁਲੀਸ 'ਤੇ ਭਾਰੀ ਪੈ ਗਈ ਕਿਉਂਕਿ ਪਿੰਡ ਸੇਲਬਰਾਹ ਵਿੱਚ ਜਦੋਂ ਉਹ ਸ਼ਰਾਬ ਠੇਕੇਦਾਰਾਂ ਦੀ ਮਦਦ 'ਤੇ ਗਈ ਤਾਂ ਉਸ ਦੀ ਲੋਕਾਂ ਨਾਲ ਝੜਪ ਹੋ ਗਈ। ਇਸ ਵਿੱਚ ਦੋ ਪੁਲੀਸ ਮੁਲਾਜ਼ਮਾਂ ਸਮੇਤ ਕਈ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਨੇ ਲੋਕਾਂ ਨੂੰ ਖਿੰਡਾਉਣ ਲਈ ਹਵਾਈ ਫਾਇਰਿੰਗ ਕੀਤੀ।

ਜਾਣਕਾਰੀ ਅਨੁਸਾਰ ਸੇਲਬਰਾਹ ਦੇ ਲੋਕ ਪਿੰਡ ਵਿੱਚ ਠੇਕਾ ਖੋਲ੍ਹਣ ਦਾ ਵਿਰੋਧ ਕਰ ਰਹੇ ਸਨ। ਲੋਕਾਂ ਦਾ ਦੋਸ਼ ਹੈ ਕਿ ਠੇਕੇਦਾਰਾਂ ਵੱਲੋਂ ਪ੍ਰਸ਼ਾਸਨ ਦੀ ਸ਼ਹਿ 'ਤੇ ਵਸੋਂ ਵਾਲੇ ਖੇਤਰ ਵਿੱਚ ਧੱਕੇ ਨਾਲ ਠੇਕਾ ਖੋਲ੍ਹਿਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਸੁਰਮੁੱਖ ਸਿੰਘ ਸੇਲਬਰਾਹ ਨੇ ਦੱਸਿਆ ਕਿ ਬੀਤੀ ਰਾਤ ਠੇਕੇਦਾਰ ਵੱਲੋਂ ਜਦੋਂ ਧੱਕੇ ਨਾਲ ਪਿੰਡ ਵਿੱਚ ਸ਼ਰਾਬ ਵੇਚਣੀ ਸ਼ੁਰੂ ਕੀਤੀ ਤਾਂ ਇਸ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੀ ਬੇਨਤੀ 'ਤੇ ਤਾਂ ਪੁਲੀਸ ਨਹੀਂ ਆਈ ਪਰ ਠੇਕੇਦਾਰਾਂ ਦੀ ਮਦਦ ਲਈ ਪੁਲੀਸ ਪਾਰਟੀ ਝੱਟ ਪਹੁੰਚ ਗਈ। ਪੁਲੀਸ ਨੇ ਲੋਕਾਂ ਦੀ ਸੁਣਨ ਦੀ ਬਜਾਏ ਠੇਕੇਦਾਰਾਂ ਦੀ ਮਦਦ ਕਰਦਿਆਂ ਲੋਕਾਂ ਨੂੰ ਹੀ ਧਮਕਾਉਣਾ ਸ਼ੁਰੂ ਕਰ ਦਿੱਤਾ। ਕਿਸਾਨ ਆਗੂ ਨੇ ਕਿਹਾ ਕਿ ਜਦੋਂ ਪੁਲੀਸ ਨੇ ਇਕਪਾਸੜ ਕਾਰਵਾਈ ਕੀਤੀ ਤਾਂ ਲੋਕ ਭੜਕ ਉੱਠੇ। ਭੜਕੇ ਲੋਕਾਂ ਨੇ ਪੁਲੀਸ ਦੀ ਗੱਡੀ ਸਾੜ ਦਿੱਤੀ ਅਤੇ ਇਕ ਮੁਲਾਜ਼ਮ ਤੋਂ ਅਸਲ੍ਹਾ ਵੀ ਖੋਹ ਲਿਆ। ਲੋਕਾਂ ਨੇ ਪੁਲੀਸ ਮੁਲਾਜ਼ਮਾਂ ਨੂੰ ਭਜਾ ਭਜਾ ਕੇ ਕੁੱਟਿਆ। ਲੋਕਾਂ ਦੇ ਰੋਹ ਤੋਂ ਬਚਣ ਲਈ ਪੁਲੀਸ ਪਾਰਟੀ ਨੇ ਇਕ ਘਰ ਵਿੱਚ ਸ਼ਰਨ ਲੈ ਕੇ ਅੰਦਰੋਂ ਕੁੰਡੀ ਲਾ ਲਈ। ਇਸ ਤੋਂ ਬਾਅਦ ਜ਼ਿਲ੍ਹੇ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਭਾਰੀ ਪੁਲੀਸ ਫੋਰਸ ਨਾਲ ਲੈ ਕੇ ਮੁਲਾਜ਼ਮਾਂ ਨੂੰ ਪਿੰਡ ਵਿੱਚੋਂ ਕੱਢਿਆ।

ਕਿਸਾਨ ਆਗੂ ਸ੍ਰੀ ਸੇਲਬਰਾਹ ਨੇ ਦੱਸਿਆ ਕਿ ਪੁਲੀਸ ਨਾਲ ਹੋਈਆਂ ਝੜਪਾਂ ਵਿੱਚ ਰਣਜੀਤ ਸਿੰਘ ਸਮੇਤ ਦਰਜਨਾਂ ਕਿਸਾਨ ਜ਼ਖ਼ਮੀ ਹੋ ਗਏ। ਉਨ੍ਹਾਂ ਪੁਲੀਸ 'ਤੇ ਹਵਾਈ ਫਾਇਰਿੰਗ ਕਰਨ ਦੇ ਦੋਸ਼ ਵੀ ਲਾਏ। ਉਨ੍ਹਾਂ ਕਿਹਾ ਕਿ ਕਈ ਵਿਅਕਤੀਆਂ ਦੇ ਪੈਰਾਂ 'ਤੇ ਗੋਲੀਬਾਰੀ ਦੌਰਾਨ ਛੱਰੇ ਵੀ ਲੱਗੇ ਹਨ। ਉਨ੍ਹਾਂ ਕਿਹਾ ਕਿ ਜ਼ਖ਼ਮੀ ਕਿਸਾਨਾਂ ਬਾਰੇ ਕੁਝ ਪਤਾ ਨਹੀਂ ਚੱਲ ਰਿਹਾ। ਉਨ੍ਹਾਂ ਦੋਸ਼ ਲਾਏ ਕਿ ਉਨ੍ਹਾਂ ਦੇ ਅਤੇ ਕੁਲਵੰਤ ਸਿੰਘ ਦੇ ਪਰਿਵਾਰ ਦਾ ਬੀਤੀ ਰਾਤ ਤੋਂ ਕੋਈ ਥਹੁ ਪਤਾ ਨਹੀਂ ਚੱਲ ਰਿਹਾ। ਉਨ੍ਹਾਂ ਸ਼ੱਕ ਕੀਤਾ ਕਿ ਪੁਲੀਸ ਨੇ ਉਨ੍ਹਾਂ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਉਧਰ ਪੁਲੀਸ ਅਧਿਕਾਰੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੁਲੀਸ ਪਾਰਟੀ ਸਬ ਇੰਸਪੈਕਟਰ ਅਵਤਾਰ ਸਿੰਘ ਦੀ ਅਗਵਾਈ ਵਿੱਚ ਪਿੰਡ ਵਿੱਚ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਅਮਨ ਕਾਨੂੰਨ ਬਣਾਈ ਰੱਖਣ ਲਈ ਗਈ ਸੀ ਪਰ ਲੋਕਾਂ ਨੇ ਸੁਰਮੁੱਖ ਸਿੰਘ ਸਿੱਧੂ ਦੀ ਅਗਵਾਈ ਵਿੱਚ ਪੁਲੀਸ ਪਾਰਟੀ 'ਤੇ ਹਮਲਾ ਕਰ ਦਿੱਤਾ। ਇਸ ਕਾਰਨ ਹੌਲਦਾਰ ਸੁਰਜੀਤ ਸਿੰਘ ਸਮੇਤ ਇਕ ਹੋਰ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਲੋਕਾਂ ਨੇ ਪਹਿਲਾਂ ਹੀ ਕੋਠਿਆਂ ਉਪਰ ਇੱਟਾਂ ਰੋੜੇ ਜਮ੍ਹਾਂ ਕੀਤੇ ਹੋਏ ਸਨ, ਜਿਸ ਕਾਰਨ ਪੁਲੀਸ ਪਾਰਟੀ ਨੂੰ ਇਕ ਘਰ ਵਿੱਚ ਸ਼ਰਨ ਲੈਣੀ ਪਈ। ਭੀੜ ਨੇ ਹੌਲਦਾਰ ਸੁਰਜੀਤ ਸਿੰਘ ਦੀ ਐਸ.ਐਲ.ਆਰ. ਵੀ ਖੋਹ ਲਈ ਅਤੇ ਸਰਕਾਰੀ ਜੀਪ (ਪੀ.ਬੀ. 12 ਜੀ 7563) ਸਾੜ ਦਿੱਤੀ।

ਪੁਲੀਸ ਵੱਲੋਂ ਸਰਮੁੱਖ ਸਿੰਘ ਸਿੱਧੂ, ਗੁਰਜੰਟ ਸਿੰਘ, ਕੁਲਵੰਤ ਸਿੰਘ, ਸੋਨੀ, ਸੋਹਨ ਸਿੰਘ, ਮੋਹਨ ਸਿੰਘ, ਗੁਰਦੇਵ ਸਿੰਘ, ਰੂਪ ਸਿੰਘ, ਧੂੜਾ ਸਿੰਘ, ਰਿੰਕੂ, ਰੇਸ਼ਮ ਸਿੰਘ, ਨਹਿਲ ਸਿੰਘ, ਜੁਗਿੰਦਰ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ ਸਮੇਤ 225 ਵਿਅਕਤੀਆਂ ਖ਼ਿਲਾਫ਼ ਧਾਰਾ ਆਈ.ਪੀ.ਸੀ. ਦੀ ਧਾਰਾ 307, 353, 186, 333, 392, 342, 148, 149 ਤਹਿਤ ਕੇਸ ਦਰਜ ਕੀਤਾ ਗਿਆ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top