Share on Facebook

Main News Page

ਵਿਗੜੇ ਸਿਆਸੀ ਲੀਡਰਾਂ ਅਤੇ ਅਫ਼ਸਰਸ਼ਾਹੀ ਦੇ ਗਠਜੋੜ ਨਾਲ ਅਖੌਤੀ ਧਾਰਮਿਕ ਡੇਰੇ ਉੱਭਰ ਰਹੇ ਹਨ ਅਤਿਵਾਦ ਦੇ ਨਵੇਂ ਅੱਡੇ: ਭਾਈ ਪੰਥਪ੍ਰੀਤ ਸਿੰਘ

* ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੱਡਾ ਹੋਰ ਕੋਈ ਸੰਤ ਇਸ ਦੁਨੀਆਂ ਵਿੱਚ ਨਹੀਂ ਹੈ
* ਸਾਨੂੰ ਭੇਖੀ ਤੇ ਠੱਗ ਕਿਸਮ ਦੇ ਅਖੌਤੀ ਸੰਤਾਂ ਦੇ ਡੇਰਿਆਂ ਵਿੱਚ ਜਾ ਕੇ ਆਪਣਾ ਕੀਮਤੀ ਸਮਾ ਤੇ ਹੱਕ ਹਲਾਲ ਦੀ ਕਮਾਈ ਬ੍ਰਬਾਦ ਨਹੀਂ ਕਰਨਾ ਚਾਹੀਦੀ

ਬਠਿੰਡਾ, 30 (ਅਪ੍ਰੈਲ ਕਿਰਪਾਲ ਸਿੰਘ): ਵਿਗੜੇ ਸਿਆਸੀ ਲੀਡਰਾਂ ਅਤੇ ਅਫ਼ਸਰਸ਼ਾਹੀ ਦੇ ਗਠਜੋੜ ਨਾਲ ਅਖੌਤੀ ਧਾਰਮਿਕ ਡੇਰੇ ਅਤਿਵਾਦ ਦੇ ਨਵੇਂ ਅੱਡਿਆਂ ਵਜੋਂ ਉੱਭਰ ਰਹੇ ਹਨ। ਇਹ ਸ਼ਬਦ ਅੱਜ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਝੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 485 ’ਤੇ ਆਸਾ ਰਾਗ ਵਿੱਚ ਭਗਤ ਨਾਮਦੇਵ ਜੀ ਦੇ ਦਰਜ਼ ਸ਼ਬਦ ‘ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ ॥ ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ ॥1॥’ ਦੀ ਕਥਾ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ ਭਾਈ ਭਾਈ ਬਖਤੌਰ ਵਾਲਿਆਂ ਨੇ ਕਹੇ।

ਵੀਚਾਰ ਅਧੀਨ ਸ਼ਬਦ ਵਿੱਚ ਭਗਤ ਨਾਮਦੇਵ ਜੀ ਨੇ, ਧਾਰਮਿਕ ਲਿਬਾਸ ਪਹਿਨ ਕੇ ਬੈਠੇ ਡੇਰੇਦਾਰਾਂ ਨੂੰ ਦੂਸਰਿਆਂ ਦਾ ਹੱਕ ਮਾਰ ਕੇ ਖਾਣ ਵਾਲੇ ਵੱਡੇ ਠੱਗ ਤੇ ਜ਼ਹਿਰੀਲੇ ਸੱਪ ਦੱਸ ਕੇ ਉਨ੍ਹਾਂ ਨੂੰ ਝੰਝੋੜਦਿਆਂ ਹੋਇਆਂ ਕਿਹਾ ਹੈ ਕਿ ਜਦ ਤੱਕ ਤੁਹਾਡਾ ਆਪਣਾ ਮਨ ਹੀ ਸ਼ੁੱਧ ਨਹੀਂ, ਤਾਂ ਇਹ ਬਗਲੇ ਵਾਂਗ ਸਮਾਧੀਆਂ ਲਾਉਣ ਦਾ ਕੀ ਲਾਭ ਹੈ? ਇਸ ਸ਼ਬਦ ਦੀ ਕਥਾ ਕਰਨ ਤੋਂ ਪਹਿਲਾਂ ਭਾਈ ਪੰਥਪ੍ਰੀਤ ਸਿੰਘ ਜੀ ਨੇ ਬੀਤੇ ਨੇੜਲੇ ਸਮੇਂ ਵਿੱਚ ਚਰਚਿਤ ਰਹੇ ਡੇਰੇਦਾਰਾਂ ਦੇ ਨਾਮ ਲੈ ਕੇ ਉਨ੍ਹਾਂ ਦੇ ਮਨੁਖਤਾ ਵਿਰੋਧੀ ਕਾਰਨਾਮਿਆਂ ਦੇ ਕੱਚੇ ਚਿੱਠੇ ਫਰੋਲਦਿਆਂ ਕਿਹਾ ਕਿ ਦਿੱਲੀ ਵਿਚੋਂ ਇੱਕ ਇੱਛਾਧਾਰੀ ਸੰਤ ਜਿਸ ਨੂੰ ਇੱਛਾਧਾਰੀ ਸੱਪ ਕਹਿਣਾ ਹੀ ਜਿਆਦਾ ਬਿਹਤਰ ਹੋਵੇਗਾ, ਪੁਲਿਸ ਨੇ ਗ੍ਰਿਫ਼ਤਾਰ ਕੀਤਾ, ਜਿਸ ਕੋਲੋਂ ਫੜੀ ਗਈ ਡਾਇਰੀ ਵਿੱਚ ਵੱਡੇ ਰਾਜਨੀਤਕ ਆਗੂਆਂ ਅਤੇ ਅਫ਼ਸਰਾਂ ਦੇ ਨਾਮ ਦਰਜ਼ ਸਨ ਜਿਨਾਂ ਨੂੰ ਦੇਹ ਵਪਾਰ ਲਈ ਲੜਕੀਆਂ ਸਪਲਾਈ ਕੀਤੀਆਂ ਜਾਂਦੀਆਂ ਸਨ। ਡਾਇਰੀ ਫੜੀ ਜਾਣ ਦੇ ਬਾਵਯੂਦ ਉਸ ਵਿੱਚ ਦਰਜ਼ ਲੀਡਰਾਂ ਤੇ ਅਫ਼ਸਰਾਂ ਦੇ ਨਾਮ ਨਸ਼ਰ ਨਹੀਂ ਕੀਤੇ ਗਏ ਜਿਸ ਤੋਂ ਇਹ ਸਪਸ਼ਟ ਹੈ ਕਿ ਲੀਡਰ ਤੇ ਅਫ਼ਸਰਸ਼ਾਹੀ ਇਨ੍ਹਾਂ ਪਾਖੰਡੀ ਸਾਧਾਂ ਦੇ ਟੋਲਿਆਂ ਨਾਲ ਮਿਲੀ ਹੋਈ ਹੈ। ਕਾਮੀ ਸਾਧ ਨਿਤਿਆ ਨੰਦ ਦੀ ਖੇਹ ਖਾਂਦਿਆਂ ਦੀ ਸੀਡੀ, ਚੈਨਲ ’ਤੇ ਵਿਖਾਈ ਗਈ ਤੇ ਉਸ ਵਿਰੁਧ ਕੇਸ ਚੱਲ ਰਿਹਾ ਹੈ।

ਇੱਕ ਚੈਨਲ ਨੇ ਸਟਿੰਗ ਉਪ੍ਰੇਸ਼ਨ ਕੀਤਾ ਜਿਸ ਵਿੱਚ ਇੱਕ ਡੇਰੇਦਾਰ ਨੂੰ ਸਪਸ਼ਟ ਸ਼ਬਦਾਂ ਵਿੱਚ ਕਹਿੰਦੇ ਹੋਏ ਸੁਣਿਆ ਗਿਆ ਜਿਸ ਵਿੱਚ ਉਸ ਨੂੰ ਇਹ ਕਹਿੰਦੇ ਹੋਏ ਵੇਖਿਆ ਜਾ ਸਕਦਾ ਹੈ ਕਿ ਕੋਈ ਵੀ ਵੱਡੇ ਤੋਂ ਵੱਡਾ ਅਪਰਾਧ ਕਰਕੇ, ਇਥੇ ਆ ਅਤੇ ਜਿੰਨਾਂ ਚਿਰ ਉਹ ਚਾਹੇ ਬਿਨਾ ਕਿਸੇ ਡਰ ਦੇ ਰਹਿ ਸਕਦਾ ਹੈ, ਉਸ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੋਵੇਗਾ ਕਿਉਂਕਿ ਇੱਥੇ ਮੁੱਖ ਮੰਤਰੀ ਖ਼ੁਦ ਆਉਂਦਾ ਹੈ ਤੇ ਉਸ ਦੀ ਆਗਿਆ ਤੋਂ ਬਿਨਾ ਪੁਲਿਸ ਵੀ ਇੱਥੇ ਦਾਖ਼ਲ ਨਹੀਂ ਹੋ ਸਕਦੀ। ਇਹ ਵੀ ਕਹਿੰਦਾ ਸੁਣਿਆ ਗਿਆ ਕਿ ਇੱਥੇ ਦੋ ਨੰਬਰ ਦੀ ਕਮਾਈ ਨੂੰ ਇੱਕ ਨੰਬਰ ਵਿੱਚ ਬਦਲਣ ਦੀ ਵੀ ਪੂਰੀ ਗਰੰਟੀ ਹੈ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਇੱਕ ਈਮਾਨਦਾਰ ਪੁਲਿਸ ਅਫ਼ਸਰ ਹੇਮੰਤ ਕਰਕਰੇ ਦਾ ਉਨ੍ਹਾਂ ਦੇ ਮਨ ਵਿੱਚ ਬਹੁਤ ਸਤਿਕਾਰ ਹੈ ਜਿਸ ਨੇ ਪ੍ਰਿਗਿਆ ਨਾਮ ਦੀ ਇੱਕ ਸਾਧਵੀ ਤੇ ਸ਼ਰਧਾ ਨੰਦ ਸਾਧ ਦੀ ਬੰਬ ਧਮਾਕਿਆਂ ਵਿੱਚ ਸਿਧੇ ਤੌਰ ’ਤੇ ਸ਼ਮੂਲੀਅਤ ਜੱਗ ਜ਼ਾਹਰ ਕੀਤੀ। ਕੁਝ ਆਗੂਆਂ ਦੇ ਅਖ਼ਬਾਰਾਂ ਵਿੱਚ ਬਿਆਨ ਆਏ ਕਿ ਜੇ ਇਸੇ ਤਰ੍ਹਾਂ ਧਾਰਮਿਕ ਸੰਤਾਂ ਨੂੰ ਬਦਨਾਮ ਕੀਤਾ ਗਿਆ ਤਾਂ ਹਿੰਦੁਸਤਾਨ ਵਿੱਚ ਸਾੜਸਤੀ ਆ ਜਾਵੇਗੀ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਜਿਹੜੇ ਹੈ ਹੀ ਬਦਨਾਮ ਉਨ੍ਹਾਂ ਨੂੰ ਬਦਨਾਮ ਕਰਨ ਨਾਲ ਸਾੜਸਤੀ ਪਤਾ ਨਹੀਂ ਆਵੇਗੀ ਜਾਂ ਨਾ ਪਰ ਜੇ ਅਜੇਹੇ ਅਪਰਾਧੀ ਸੰਤਾਂ ਨੂੰ ਸਾਡੇ ਰਾਜਨੀਤਕ ਆਗੂ ਧਾਰਮਿਕ ਸੰਤ ਕਹਿੰਦੇ ਰਹੇ ਤਾਂ ਬਹੁਤਾ ਉਡੀਕਣ ਦੀ ਲੋੜ ਨਹੀਂ, ਹੁਣੇ ਹੀ ਸਾੜਸਤੀ ਆਈ ਪਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ ਆਸ਼ੂਤੋਸ਼ ਨਾਮ ਦਾ ਦੇਹਧਾਰੀ ਗੁਰੂ ਮਹਾਰਾਜ ਬਣਿਆ ਬੈਠਾ ਹੈ, ਜਿਸ ਦੇ ਡਰਾਇਵਰ ਪੂਰਨ ਸਿੰਘ ਨੇ ਹਲਫ਼ੀਆ ਬਿਆਨ ਦਿੱਤੇ ਕਿ ਦਿੱਲੀ ਵਿੱਚ ਖ਼ੁਦ ਉਸ ਨੇ ਆਪਣੀ ਅੱਖੀਂ ਉਸ ਅਖੌਤੀ ਮਹਾਰਾਜ ਨੂੰ ਆਪਣੀ ਇੱਕ ਸ਼੍ਰਧਾਲੂ ਔਰਤ ਨਾਲ ਖੇਹ ਖਾਂਦਾ ਵੇਖਿਆ ਹੈ। ਉਸ ਨੇ ਇਹ ਦੋਸ਼ ਵੀ ਲਾਇਆ ਕਿ ਇਸ ਦੇ ਡੇਰੇ ਵਿੱਚ ਵੱਡੇ ਰਾਜਨੀਤਕ ਨੇਤਾ ਤੇ ਅਫ਼ਸਰ ਆਉਂਦੇ ਹਨ, ਜਿਨ੍ਹਾਂ ਨੂੰ ਇਹ ਆਪਣੇ ਡੇਰੇ ’ਚ ਰਹਿ ਰਹੀਆਂ ਸ਼੍ਰਧਾਲੂ ਲੜਕੀਆਂ ਸਪਲਾਈ ਕਰਦਾ ਹੈ। ਇੱਕ ਹੋਰ ਸਿਰਸੇ ਵਾਲੇ ਸਾਧ ਦਾ ਕਿੱਸਾ ਸਭ ਦੇ ਸਾਹਮਣੇ ਹੈ ਕਿ ਸੀਬੀਆਈ ਨੇ ਉਸ ਵਿਰੁੱਧ ਬਲਾਤਕਾਰ ਤੇ ਕਤਲਾਂ ਦੇ ਦੋਸ਼ ਸਹੀ ਪਾਏ ਤੇ ਹੁਣ ਉਸ ਵਿਰੁੱਧ ਅਦਾਲਤਾਂ ਵਿੱਚ ਕੇਸ ਚੱਲ ਰਹੇ ਹਨ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਅਜੇਹੇ ਅਖੌਤੀ ਸਾਧਾਂ ਨੂੰ ਵੇਖਣ ਪਿਛੋਂ ਹੀ ਭੱਟਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਬਾਰ ਵਿੱਚ ਆ ਕੇ ਗੁਰੂ ਅਮਰਦਾਸ ਜੀ ਦੀ ਉਸਤਤਿ ਵਿੱਚ ਸਵੱਈਆ ਉਚਾਰਨ ਕੀਤਾ ਸੀ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 1395’ਤੇ ਦਰਜ਼ ਹੈ:-

ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ ॥ ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ॥’ ਮੈਂ ਸੰਤਾਂ ਨੂੰ ਟੋਲਦਾ ਟੋਲਦਾ ਥੱਕ ਗਿਆ ਹਾਂ, ਮੈਂ ਕਈ ਸਾਧ (ਭੀ) ਵੇਖੇ ਹਨ, ਕਈ ਸੰਨਿਆਸੀ, ਕਈ ਤਪੱਸਵੀ ਤੇ ਕਈ ਇਹ ਮੂੰਹੋਂ-ਮਿੱਠੇ ਪੰਡਿਤ (ਭੀ) ਵੇਖੇ ਹਨ ।

ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ ॥ ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ॥’ ਮੈਂ ਇਕ ਸਾਲ ਫਿਰਦਾ ਰਿਹਾ ਹਾਂ, ਕਿਸੇ ਨੇ ਮੇਰੀ ਨਿਸ਼ਾ ਨਹੀਂ ਕੀਤੀ; ਸਾਰੇ (ਮੂੰਹੋਂ) ਆਖਦੇ ਹੀ ਆਖਦੇ (ਭਾਵ, ਹੋਰਨਾਂ ਨੂੰ ਉਪਦੇਸ਼ ਕਰਦੇ ਹੀ) ਸੁਣੇ ਹਨ, ਪਰ ਕਿਸੇ ਦੀ ਰਹਤ ਵੇਖ ਕੇ ਮੈਨੂੰ ਖੁਸ਼ੀ ਨਹੀਂ ਆਈ ।

ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍‍ ਕੇ ਗੁਣ ਹਉ ਕਿਆ ਕਹਉ ॥ ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ ॥2॥20॥’ ਉਹਨਾਂ ਲੋਕਾਂ ਦੇ ਗੁਣ ਮੈਂ ਕੀਹ ਆਖਾਂ, ਜਿਹੜੇ ਹਰੀ ਦੇ ਨਾਮ ਨੂੰ ਛੱਡ ਕੇ ਦੂਜੇ (ਭਾਵ, ਮਾਇਆ ਦੇ ਪਿਆਰ) ਵਿਚ ਲੱਗੇ ਹੋਏ ਹਨ? ਹੇ ਗੁਰੂ! ਪਿਆਰੇ (ਹਰੀ) ਨੇ ਮੈਨੂੰ, ਭਿਖੇ ਨੂੰ, ਤੂੰ ਮਿਲਾ ਦਿੱਤਾ ਹੈ, ਜਿਵੇਂ ਤੂੰ ਰੱਖੇਂਗਾ ਤਿਵੇਂ ਮੈਂ ਰਹਾਂਗਾ ।2।20।

ਅਜਿਹੇ ਅਖੌਤੀ ਸੰਤਾਂ ਦੀ ਅਸਲੀਅਤ ਦੱਸਣ ਉਪ੍ਰੰਤ ਵੀਚਾਰ ਅਧੀਨ ਸ਼ਬਦ ਦੇ ਅਰਥ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਜੀ ਨੇ ਕਿਹਾ ਕਿ ਇਨ੍ਹਾਂ ਦੀ ਹਾਲਤ ਉਸ ਸੱਪ ਵਰਗੀ ਹੈ ਜਿਹੜਾ ਕੁੰਜ ਤਾਂ ਲਾਹ ਦੇਂਦਾ ਹੈ ਪਰ (ਅੰਦਰੋਂ) ਜ਼ਹਿਰ ਨਹੀਂ ਛੱਡਦਾ। ਪਾਣੀ ਵਿਚ (ਖਲੋ ਕੇ) ਜਲਧਾਰਾ ਕਰਨ ਵਾਲੇ ਭੇਖੀਆਂ ਦੀ ਹਾਲਤ ਇਉਂ ਹੈ ਜਿਵੇਂ ਬਗਲਾ ਪਾਣੀ ਵਿੱਚ ਸਮਾਧੀ ਲਾਂਦਾ ਹੈ (ਇਸ ਤਰ੍ਹਾਂ ਜੇ ਅੰਦਰ ਤ੍ਰਿਸ਼ਨਾ ਹੈ ਤਾਂ ਬਾਹਰੋਂ ਭੇਖ ਬਣਾਉਣ ਨਾਲ ਜਾਂ ਅੱਖਾਂ ਮੀਟਣ ਨਾਲ ਕੋਈ ਆਤਮਕ ਲਾਭ ਨਹੀਂ ਹੈ) ।1।

ਕਾਹੇ ਕਉ ਕੀਜੈ ਧਿਆਨੁ ਜਪੰਨਾ ॥ ਜਬ ਤੇ ਸੁਧੁ ਨਾਹੀ ਮਨੁ ਅਪਨਾ ॥1॥ ਰਹਾਉ ॥’ ਰਹਾਉ ਦੀ ਇਸ ਤੁੱਕ ਵਿੱਚ ਅਜਿਹੇ ਭੇਖੀ ਸੰਤਾਂ ਨੂੰ ਭਗਤ ਨਾਮਦੇਵ ਜੀ ਉਪਦੇਸ਼ ਦਿੰਦੇ ਹਨ ਕਿ ਹੇ ਭਾਈ! ਜਦ ਤਕ (ਅੰਦਰੋਂ) ਆਪਣਾ ਮਨ ਪਵਿੱਤਰ ਨਹੀਂ ਹੈ, ਤਦ ਤਕ ਸਮਾਧੀ ਲਾਣ ਜਾਂ ਜਾਪ ਕਰਨ ਦਾ ਕੀਹ ਲਾਭ ਹੈ? ।ਰਹਾਉ।

ਸਿੰਘਚ ਭੋਜਨੁ ਜੋ ਨਰੁ ਜਾਨੈ ॥ ਐਸੇ ਹੀ ਠਗਦੇਉ ਬਖਾਨੈ ॥2॥’ ਜੋ ਮਨੁੱਖ ਸ਼ੇਰ ਵਾਂਗ ਜ਼ੁਲਮ ਕਰਕੇ ਰੋਜ਼ੀ ਹੀ ਕਮਾਉਣੀ ਜਾਣਦਾ ਹੈ, (ਤੇ ਬਾਹਰੋਂ ਅੱਖਾਂ ਮੀਟਦਾ ਹੈ, ਜਿਵੇਂ ਸਮਾਧੀ ਲਾਈ ਬੈਠਾ ਹੈ) ਜਗਤ ਐਸੇ ਬੰਦੇ ਨੂੰ ਵੱਡੇ ਠੱਗ ਆਖਦਾ ਹੈ ।2।

ਨਾਮੇ ਕੇ ਸੁਆਮੀ ਲਾਹਿ ਲੇ ਝਗਰਾ ॥ ਰਾਮ ਰਸਾਇਨ ਪੀਉ ਰੇ ਦਗਰਾ ॥3॥4॥’ ਸ਼ਬਦ ਦੇ ਇਸ ਅਖੀਰਲੇ ਪਦੇ ਵਿੱਚ ਭਗਤ ਨਾਮਦੇਵ ਜੀ ਆਪਣੇ ਆਪ ਨੂੰ ਸਬੋਧਨ ਕਰਕੇ ਕਹਿ ਰਹੇ ਹਨ:- ਹੇ ਨਾਮਦੇਵ! ਤੇਰੇ ਮਾਲਕ ਪ੍ਰਭੂ ਨੇ (ਤੇਰੇ ਅੰਦਰੋਂ ਇਹ ਪਖੰਡ ਵਾਲਾ) ਝਗੜਾ ਮੁਕਾ ਦਿੱਤਾ ਹੈ। ਭਗਤ ਜੀ ਸਾਨੂੰ ਉਪਦੇਸ਼ ਦੇ ਰਹੇ ਹਨ:- ਹੇ ਕਠੋਰ-ਚਿੱਤ ਮਨੁੱਖ! ਪਰਮਾਤਮਾ ਦਾ ਨਾਮ-ਅੰਮ੍ਰਿਤ ਪੀ (ਅਤੇ ਪਖੰਡ ਛੱਡ) ।3।4।

ਭਾਈ ਪੰਥਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸ਼ਬਦ ਵਿੱਚ ਧਾਰਮਿਕ ਪਖੰਡ (ਵਿਖਾਵੇ) ਦੀ ਨਿਖੇਧੀ ਕੀਤੀ ਗਈ ਹੈ। ਸਮਝਾਇਆ ਗਿਆ ਹੈ ਕਿ ਉਸੇ ਮਨੁੱਖ ਦੀ ਬੰਦਗੀ ਥਾਂਇ ਪੈ ਸਕਦੀ ਹੈ, ਜੋ ਰੋਜ਼ੀ ਕਮਾਣ ਵਿਚ ਭੀ ਕੋਈ ਵਲ-ਛਲ ਨਹੀਂ ਕਰਦਾ ਅਤੇ ਕਿਸੇ ਦਾ ਹੱਕ ਨਹੀਂ ਮਾਰਦਾ। ਉਨ੍ਹਾਂ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਪਾਕ ਤੇ ਪਵਿੱਤਰ ਸੰਤ ਮਿਲਿਆ ਹੈ ਇਸ ਲਈ ਸਾਨੂੰ ਭੇਖੀ ਤੇ ਠੱਗ ਕਿਸਮ ਦੇ ਅਖੌਤੀ ਸੰਤਾਂ ਦੇ ਡੇਰਿਆਂ ਵਿੱਚ ਜਾ ਕੇ ਆਪਣਾ ਕੀਮਤੀ ਸਮਾ ਤੇ ਹੱਕ ਹਲਾਲ ਦੀ ਕਮਾਈ ਬ੍ਰਬਾਦ ਕਰਨ ਦੇ ਨਾਲ ਆਪਣੀ ਇੱਜਤ ਨਹੀਂ ਗਵਾਉਣੀ ਚਾਹੀਦੀ। ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੱਡਾ ਹੋਰ ਕੋਈ ਸੰਤ ਇਸ ਦੁਨੀਆਂ ਵਿੱਚ ਨਹੀਂ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top