Share on Facebook

Main News Page

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ USA ਵੱਲੋਂ ਗੁਰਦੁਆਰਾ ਸਿੰਘ ਸਭਾ ਫਰਿਜਨੋ ਵਿਖੇ ਗੁਰਮਤਿ ਪ੍ਰਚਾਰ

(ਤਰਲੋਚਨ ਸਿੰਘ ਦੁਪਾਲਪੁਰ) 24 ਅਪ੍ਰੈਲ ਸੰਨ 2011 ਨੂੰ ਗੁਰਦੁਆਰਾ ਸਿੰਘ ਸਭਾ ਡਕੋਟਾ ਰੋਡ ਵਿਖੇ ਓਥੋਂ ਦੇ ਸੂਝਵਾਨ ਪ੍ਰਬੰਧਕਾਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਖਾਲਸਾ-ਵੈਸਾਖੀ ਪੁਰਬ ਮਨਾਇਆ ਗਿਆ ਜਿਸ ਵਿਖੇ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ USA ਦੇ ਪ੍ਰਚਾਰਕ ਭਾਈ ਅਵਤਾਰ ਸਿੰਘ ਮਿਸ਼ਨਰੀ ਨੂੰ ਵਿਸ਼ੇਸ਼ ਤੌਰ ਤੇ ਸੱਦਿਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਤੋਂ ਬਾਅਦ ਪ੍ਰਬੰਧਕਾਂ, ਗ੍ਰੰਥੀਆਂ ਅਤੇ ਸੰਗਤਾਂ ਨੇ ਮਿਲ ਕੇ ਪੰਥਕ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਕੀਤੀ।

ਇੱਥੋਂ ਦੇ ਸਟੇਜ ਸੈਕਟਰੀ ਡਾ. ਗੁਰਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਨਿਸ਼ਾਨ ਸਾਹਿਬ ਨੂੰ ਸਾਫ ਪਾਣੀ ਨਾਲ ਹੀ ਧੋਤਾ ਗਿਆ ਨਾਂ ਕਿ ਡੇਰਾਵਾਦੀ ਮਰਯਾਦਾ ਦੁੱਧ ਅਤੇ ਦਹੀਂ ਮਲਿਆ ਗਿਆ। ਦੁੱਧ ਦਹੀਂ ਇੱਕ ਵਧੀਆ ਭੋਜਨ ਹੈ ਜੋ ਜੀਵਤ ਜੀਵਾਂ ਲਈ ਹੈ ਨਾਂ ਕਿ ਫੋਕਟ ਕਰਮਕਾਂਡਾਂ ਤੇ ਵੇਸਟ ਕਰਨ ਲਈ। ਅੱਜ ਭਾਰਤ ਵਿੱਚ ਦੁੱਧ ਦਹੀਂ ਇਤਨਾਂ ਮਹਿੰਗਾ ਹੋ ਚੁੱਕਾ ਹੈ ਕਿ ਹਰੇਕ ਦੇ ਨਸੀਬ ਨਹੀਂ ਹੋ ਰਿਹਾ ਪਰ ਦੂਜੇ ਪਾਸੇ ਵਿਖਾਵੇ ਵਾਲੇ ਧਰਮੀ ਲੋਕ ਇਸ ਨੂੰ ਪਾਣੀ ਤਰ੍ਹਾਂ ਫੋਕਟ ਕਰਮਕਾਂਡਾ ਵਿੱਚ ਰੋੜ ਰਹੇ ਹਨ। ਪ੍ਰਤੀਤ ਹੁੰਦਾ ਸੀ ਕਿ ਇੱਥੋਂ ਦੇ ਪ੍ਰਬੰਧਕ ਅਤੇ ਸੰਗਤਾਂ ਸੂਝਵਾਨ ਹਨ। ਫਿਰ ਨਿਸ਼ਾਨ ਸਾਹਿਬ ਦੀ ਸੇਵਾ ਦੀ ਅਰਦਾਸ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਦੀ ਆਰੰਭਤਾ ਹੋਈ। ਸਭ ਤੋਂ ਪਹਿਲਾਂ ਬਣੇ ਪ੍ਰੋਗਰਾਮ ਅਨੁਸਾਰ ਸਟੇਜ ਸੈਕਟਰੀ ਡਾ।

ਗੁਰਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਹੁਣ ਖਾਲਸਾ-ਵੈਸਾਖੀ ਦੇ ਸਬੰਧ ਵਿੱਚ ਭਾਈ ਅਵਤਾਰ ਸਿੰਘ ਮਿਸ਼ਨਰੀ ਗੁਰਮਤਿ ਵਿਚਾਰਾਂ ਕਰਨਗੇ। ਮਿਸ਼ਨਰੀ ਜੀ ਨੇ ਗੁਰੂ ਦਾ ਓਟ ਆਸਰਾ ਲੈ ਕੇ ਗੁਰਬਾਣੀ ਸ਼ਬਦਾਂ ਰਾਹੀਂ ਬੰਧਨਾ ਕੀਤੀ ਅਤੇ ਖਾਲਸਾ-ਵੈਸਾਖੀ ਬਾਰੇ ਵਖਿਆਣ ਕਰਦੇ ਦਰਸਾਇਆ ਕਿ ਵੈਸਾਖੀ ਸੰਸਕ੍ਰਿਤ ਦਾ ਲਫ਼ਜ਼ ਹੈ ਜਿਸ ਦਾ ਅਰਥ ਹੈ ਵਿਸ਼ਾਖਾ ਨਸ਼ੱਤ੍ਰ ਵਾਲੀ ਪੂਰਨਮਾਸ਼ੀ, ਸੂਰਜ ਦੇ ਹਿਸਾਬ ਵੈਸਾਖ ਮਹੀਨੇ ਦਾ ਪਹਿਲਾ ਦਿਨ। ਬ੍ਰਾਹਮਣੀ ਮੱਤ ਅਨੁਸਾਰ 27 ਨਸ਼ੱਤ੍ਰ ਹਨ ਇਨ੍ਹਾਂ ਚੋਂ ਵੈਸਾਖ ਨਸ਼ੱਤ੍ਰ ਪਵਿਤਰ ਮੰਨਿਆਂ ਜਾਂਦਾ ਹੈ। ਬ੍ਰਾਹਮਣ ਨੇ ਚਾਰ ਪ੍ਰਮੁੱਖ ਤਿਉਹਾਰ ਮੰਨੇ ਹਨ-ਵੈਸਾਖੀ, ਦੁਹਸ਼ਹਿਰਾ, ਦੀਵਾਲੀ ਅਤੇ ਹੋਲੀ। ਕ੍ਰਮਵਾਰ ਵੈਸਾਖੀ ਬ੍ਰਾਹਮਣਾਂ ਦਾ, ਦੁਹਸ਼ਹਿਰਾ ਖੱਤਰੀਆਂ ਦਾ, ਦਿਵਾਲੀ ਵੈਸ਼ਾਂ ਦਾ, ਅਤੇ ਹੋਲੀ ਸ਼ੂਦਰਾਂ ਦਾ ਤਿਉਹਾਰ ਹੈ। ਬ੍ਰਾਹਮਣੀ ਗ੍ਰੰਥਾਂ ਜਿਵੇਂ ਮੰਨੂੰ ਸਿਮਰਤੀ ਆਦਿਕ ਅਨੁਸਾਰ ਮਨੁੱਖਤਾ ਨੂੰ ਊਚ-ਨੀਚ, ਜਾਤਿ-ਪਾਤਿ, ਛੂਆ-ਛਾਤਿ, ਵਹਿਮ-ਭਰਮ, ਕਰਮ-ਕਾਂਡ ਵਿੱਚ ਵੰਡਿਆ ਹੋਇਆ ਸੀ ਅਤੇ ਉਨ੍ਹਾਂ ਦੇ ਰੀਤੀ ਰਿਵਾਜ ਤੇ ਤਿਉਹਾਰਾਂ ਦੀਆਂ ਵੀ ਬ੍ਰਾਹਮਣ ਨੇ ਹੀ ਵੰਡੀਆਂ ਪਾਈਆਂ ਸਨ। ਇਸ ਸਾਰੀ ਵਰਣਵੰਡ ਨੂੰ ਕ੍ਰਾਂਤੀਕਾਰੀ ਭਗਤਾਂ ਅਤੇ ਸਿੱਖ ਗੁਰੂਆਂ ਖਤਮ ਕੀਤਾ ਭਾਵ ਇਨ੍ਹਾਂ ਵਹਿਮਾਂ ਤੋਂ ਮਨੁੱਖਤਾ ਦਾ ਖਹਿੜਾ ਛੁਡਾਇਆ-ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤਿ ਸਬਦਿ ਮਨੁ ਮਾਨਾ॥(1108) ਵੈਸਾਖ ਦੇ ਮਹੀਨੇ ਦੁਆਰਾ ਵੀ ਸ਼ਬਦ ਸੁਰਤ ਰਾਹੀਂ ਪ੍ਰਭੂ ਨੂੰ ਪਾਉਂਣ ਦੀ ਗੱਲ ਕੀਤੀ ਹੈ ਨਾਂ ਕਿ ਕਿਸੇ ਬ੍ਰਾਹਮਣ ਜਾਂ ਸਾਧੂ-ਸੰਤ ਨੂੰ ਪੁੰਨ ਦਾਨ ਕਰਨ ਦੀ। ਗੁਰਸਿੱਖ ਕਿਸੇ ਮਹੀਨੇ ਜਾਂ ਥਿੱਤਵਾਰ ਦਾ ਪੁਜਾਰੀ ਨਹੀਂ ਹੈ, ਜੇ ਹੈ ਤਾਂ, ਉਹ ਗੁਰਸਿੱਖ ਨਹੀਂ ਹੋ ਸਕਦਾ ਸਗੋਂ ਜੇ ਥਿੱਤਾਂ ਵਾਰਾਂ ਨੂੰ ਚੰਗਾ-ਮੰਦਾ ਮੰਨਦਾ ਹੈ ਤਾਂ ਗੁਰਬਾਣੀ ਅਨੁਸਾਰ ਉਹ ਮਹਾਂ ਮੂਰਖ ਹੈ-ਸਤਿਗੁਰੁ ਬਾਝਹੁ ਅੰਧ ਅੰਧਾਰ॥ ਥਿਤੀ ਵਾਰ ਸੇਵਹਿ ਮੁਗਧ ਗਵਾਰ॥(842) ਰੱਬ ਦੇ ਬਣਾਏ ਦਿਨ-ਰਾਤ, ਥਿੱਤ-ਵਾਰ, ਮਹੀਨੇ-ਸਾਲ ਸਾਰੇ ਹੀ ਭਲੇ ਹਨ- ਮਹਾ ਦਿਵਸ ਮੂਰ੍ਹਤ ਭਲੇ ਜਿਸ ਕਉ ਨਦਰਿ ਕਰੇ॥(136)

ਵੈਸਾਖੀ ਇੱਕ ਮੌਸਮੀ ਤਿਉਹਾਰ ਹੈ ਇਸ ਦੇ ਮੇਲੇ ਤਾਂ ਪਹਿਲਾਂ ਵੀ ਲਗਦੇ ਸਨ ਅਤੇ ਫਸਲ ਪੱਕਣ ਦੀ ਖੁਸ਼ੀ ਵਿੱਚ ਜੱਟ-ਜਿਮੀਦਾਰ ਪਹਿਲਾਂ ਹੀ ਭੰਗੜੇ ਪਉਂਦੇ ਅਤੇ ਬ੍ਰਾਹਮਣ ਨੂੰ ਦਾਨ ਪੁੰਨ ਕਰਦੇ ਸਨ। ਸਮਾਂ ਬਦਲਿਆ ਸਾਧਾਂ ਦੇ ਡੇਰਿਆਂ ਤੇ ਵੀ ਦਾਨ ਕਰਨ ਲੱਗ ਪਏ ਅਤੇ ਵੈਸਾਖੀ ਮੇਲੇ ਤੇ ਗੌਣ ਵਾਲੀਆਂ ਅਤੇ ਤੂੰਬੀਆਂ ਵਾਲੇ ਵੀ ਬੁਲਾਏ ਜਾਣ ਲੱਗ ਪਏ। ਅੱਜ ਤਾਂ ਵੈਸਾਖੀ-ਨਾਈਟਾਂ ਵੀ ਮਨਾਈਆਂ ਜਾਂਦੀਆਂ ਹਨ। ਅੱਜ ਵੈਸਾਖੀ ਪੰਜਾਬੀ ਮੇਲੇ ਦੇ ਰੂਪ ਵਿੱਚ ਵੱਧ ਮਨਾਈ ਜਾ ਰਹੀ ਹੈ। ਹੁਣ ਹੋਰ ਹੀ ਭਾਣਾ ਵਰਤਾਇਆ ਜਾ ਰਿਹਾ ਹੈ ਕਿ ਸੰਪ੍ਰਦਾਈ ਡੇਰੇਦਾਰ ਕਥਾਵਾਚਕ ਪ੍ਰਚਾਰਕ ਇਹ ਕਹਿ ਰਹੇ ਹਨ ਕਿ-ਵੈਸਾਖ ਸੁਹਾਵਾ ਤਾਂ ਲਗੈ ਜਾਂ ਸੰਤੁ ਭੇਟੇ ਹਰਿ ਸੋਇ॥(134) ਵੈਸਾਖ ਤਾਂ ਹੀ ਚੰਗਾ ਹੈ ਜੇ ਕਿਸੇ ਸੰਤ ਮਹਾਂਪੁਰਸ਼ ਦੇ ਦਰਸ਼ਨ ਕੀਤੇ ਜਾਣ ਭਾਵ ਸੰਤ ਨੂੰ ਮਿਲੇ ਤੋਂ ਬਿਨਾਂ ਜੀਵਨ ਸੁਖੀ ਨਹੀਂ ਹੋਵੇਗਾ। ਭਾਈ ਮਿਸ਼ਨਰੀ ਨੇ ਵਿਆਖਿਆ ਕਰਦੇ ਸ਼ਪੱਸ਼ਟ ਕੀਤਾ ਕਿ ਸੰਤ ਸ਼ਬਦ ਗੁਰਬਾਣੀ ਵਿੱਚ ਪ੍ਰਕਰਣ ਅਨੁਸਾਰ ਗੁਰੂ ਜਾਂ ਸੰਗਤ ਵਾਸਤੇ ਆਇਆ ਹੈ ਜਿਵੇਂ-ਭਾਗ ਹੋਆ ਗੁਰੁ ਸੰਤੁ ਮਿਲਾਇਆ ਅਤੇ ਸੰਤਹੁ ਸਾਗਰੁ ਪਾਰਿ ਉਤਰੀਐ।।॥(747) ਸੰਤਹੁ-ਹੇ ਸਤ ਸੰਗੀਓ। ਜਿੱਥੇ ਵਾਕਿਆ ਹੀ ਆਪਣੇ ਆਪ ਨੂੰ ਸੰਤ ਅਖਵਾਉਣ ਵਾਲਿਆਂ ਲਈ ਵਰਤਿਆ ਹੈ ਉਹ ਇਹ ਹੈ-ਗਲੀਂ ਜਿਨ੍ਹਾਂ ਜਪ ਮਾਲੀਆਂ ਲੋਟੇ ਹਥਿ ਨਿਬਗ॥ ਓਇ ਹਰਿ ਕੇ ਸੰਤ ਨਾ ਆਖੀਅਹਿ ਬਾਨਾਰਸਿ ਕੇ ਠੱਗ॥(476) ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਿੱਖ ਮਿਸਲਾਂ ਤੱਕ ਕਿਸੇ ਨੇ ਸੰਤ ਨਹੀਂ ਕਹਾਇਆ ਜਾਂ ਕਿਸੇ ਗੁਰਸਿੱਖ ਨੂੰ ਸੰਤ ਨਹੀਂ ਸੀ ਕਿਹਾ ਜਾਂਦਾ। ਇਹ ਸਭ ਕੁਝ ਬਨਾਰਸੀ ਠੱਗ ਅਤੇ ਉਨ੍ਹਾਂ ਦੇ ਸੰਗੀ ਉਦਾਸੀ ਅਤੇ ਨਿਰਮਲੇ ਹੀ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਲੈ ਕੇ ਆਏ ਸਨ।

ਗੁਰੂ ਨਾਨਕ ਸਾਹਿਬ ਜੀ ਉੱਚ ਜਾਤੀ ਹੰਕਾਰੀ ਬ੍ਰਾਹਮਣ ਦਾ ਹੰਕਾਰ ਤੋੜਨ ਲਈ ਵੈਸਾਖ ਵਿੱਚ ਪ੍ਰਗਟ ਹੋਏ ਅਤੇ ਵੈਸਾਖੀ ਅਤੇ ਹੋਰ ਵੀ ਵੱਡੇ-ਵੱਡੇ ਪੁਰਬਾਂ ਤੇ ਸਚ ਧਰਮ ਦਾ ਪ੍ਰਚਾਰ ਕਰਨ ਗਏ- ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ॥(1116) ਗੁਰੂ ਅਮਰਦਾਸ ਜੀ ਵੇਲੇ ਤਾਂ ਜਿੱਥੇ ਪਹਿਲੇ ਪੰਗਤ ਅਤੇ ਪਾਛੇ ਸੰਗਤ ਦਾ ਵਿਧਾਨ ਸੀ ਓਥੇ ਨਾਲ ਵੈਸਾਖੀ ਜੋੜ-ਮੇਲਾ ਹਰ ਸਾਲ ਵੱਡੀ ਪੱਧਰ ਤੇ ਸ਼ੁਰੂ ਕੀਤਾ ਗਿਆ। ਦਸਮੇਸ਼ ਜੀ ਨੇ ਵੀ ਵੈਸਾਖੀ ਵਾਲੇ ਦਿਨ ਹੀ ਗੁਰੂ ਨਾਨਕ ਜੀ ਦੇ ਸਾਜੇ ਨਿਰਮਲ ਪੰਥ ਨੂੰ ਖਾਲਸਾ ਪੰਥ ਦਾ ਨਾਂ ਦਿੰਦੇ ਹੋਏ, ਸਭ ਪ੍ਰਕਾਰ ਦੀ ਊਚ-ਨੀਚ, ਛੂਆ-ਛਾਤ, ਜਾਤ-ਪਾਤ ਅਤੇ ਸੁੱਚ-ਭਿੱਟ ਨੂੰ ਮੁੱਢੋਂ ਰੱਦ ਕਰਦੇ ਹੋਏ ਇੱਕੇ ਬਾਟੇ ਵਿੱਚ ਸਭ ਅਭਿਲਾਖੀਆਂ ਨੂੰ ਪਹੁਲ ਅਤੇ ਕੜਾਹ ਪ੍ਰਸ਼ਾਦ ਛਕਾਉਂਦੇ ਉਪਦੇਸ਼ ਦਿੱਤਾ ਕਿ ਤੁਹਾਡਾ ਸਿੱਧਾ ਸਬੰਧ ਗੁਰੂ ਅਕਾਲਪੁਰਖ ਨਾਲ ਹੈ। ਤੁਸੀਂ ਗੁਰੂ ਪੰਥੀਏ ਸਿੱਖ ਹੋ ਤੇ ਸਭ ਨੂੰ ਸਦੀਵ ਹੁਕਮ ਹੈ-ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ। ਫਿਰ ਅੱਜ ਇਹ ਸੰਪ੍ਰਾਦਾਵਾਂ, ਟਕਸਾਲਾਂ ਅਤੇ ਡੇਰੇ ਕਿਵੇਂ ਬਣ ਗਏ? ਬਣਾ ਦਿੱਤੇ ਗਏ? ਜਾਂ ਹੋਂਦ ਵਿੱਚ ਆ ਗਏ? ਇਨ੍ਹਾਂ ਸਭ ਨੇ ਆਪੋ ਆਪਣੀਆਂ ਵੱਖਰੀਆਂ ਮਰਯਾਦਾ ਬਣਾ ਰੱਖੀਆਂ ਹਨ। ਆਪਣੇ ਡੇਰੇ ਜਾਂ ਸੰਪ੍ਰਦਾ ਦੇ ਮੁਖੀ ਨੂੰ 108, 1008 ਬ੍ਰਹਮਗਿਆਨੀ ਅਤੇ ਮਹਾਂਰਾਜ ਆਦਿਕ ਡਿਗਰੀਆਂ ਦਿੱਤੀਆਂ ਹੋਈਆਂ ਹਨ। ਇਨ੍ਹਾਂ ਨਾਲ ਸਬੰਧਤ ਲੋਕ ਗੁਰੂ ਗ੍ਰੰਥ ਸਾਹਿਬ ਦਾ ਘੱਟ ਅਤੇ ਆਪੋ-ਆਪਣੇ ਸੰਤਾਂ ਜਾਂ ਡੇਰੇਦਾਰਾਂ ਦਾ ਉਪਦੇਸ਼ ਵੱਧ ਮੰਨਦੇ ਹਨ। ਗੁਰੂਆਂ, ਭਗਤਾਂ, ਪੰਜਾਂ ਪਿਆਰਿਆਂ ਅਤੇ ਹੋਰ ਮੁਖੀਆਂ ਨੂੰ ਪੁਰਾਤਨ ਰਿਸ਼ੀਆਂ ਮੁਨੀਆਂ ਅਤੇ ਭਗਤਾਂ ਦੇ ਅਵਤਾਰ ਦਸਦੇ ਹਨ।

ਖਾਲਸਾ ਅਰਬੀ ਦਾ ਲਫਜ਼ ਹੈ, ਦਾ ਭਾਵ ਹੈ ਕਿ ਉਹ ਜ਼ਮੀਨ ਜਾਂ ਪ੍ਰਾਪਰਟੀ ਜਿਸ ਦਾ ਸਿੱਧਾਂ ਸਬੰਧ ਬਾਦਸ਼ਾਹ ਨਾਲ ਹੈ ਅਤੇ ਜਿਸ ਤੇ ਕੋਈ ਟੈਕਸ ਨਹੀਂ ਲਗਦਾ। ਇਵੇਂ ਹੀ ਖਾਲਸੇ ਦਾ ਸਿੱਧਾ ਸਬੰਧ ਅਕਾਲਪੁਰਖੁ ਕਰਤਾਰ ਨਾਲ ਹੈ ਫਿਰ ਦੇਖੋ ਅਜੋਕੇ ਬਹੁਤੇ ਖਾਲਸਾ ਅਖਵਾਉਣ ਵਾਲਿਆਂ ਦਾ ਸਬੰਧ ਕਿਸੇ ਨਾਂ ਕਿਸੇ ਡੇਰੇਦਾਰ-ਸੰਤ ਨਾਲ ਹੈ ਅਤੇ ਉਹ ਦਾਨ-ਪੁੰਨ ਅਤੇ ਪੂਜਾ–ਪਾਠ ਵੀ ਓਥੇ ਹੀ ਕਰਵਾਉਂਦੇ ਹਨ। ਉਹ ਜਾਤ-ਪਾਤ ਅਤੇ ਸੁੱਚ-ਭਿੱਟ ਵਿੱਚ ਵਿਸ਼ਵਾਸ਼ ਵੀ ਰੱਖਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਹੋਰਨਾਂ ਗ੍ਰੰਥਾਂ ਨੂੰ ਵੀ ਮੱਥੇ ਟੇਕਦੇ ਫਿਰਦੇ ਹਨ। ਖਾਲਸੇ ਦੀ ਮਰਯਾਦਾ ਦੀ ਥਾਂ ਸੰਤਾਂ ਦੀ ਮਰਯਾਦਾ ਮੰਨਦੇ ਹਨ। ਸਿੰਘ ਦੀ ਥਾਂ ਵੈਸ਼ਨੂੰ ਅਖਵਾਉਂਦੇ ਹਨ। ਸਿੰਘ ਭੋਜਨ ਦੇ ਨੇੜੇ ਵੀ ਨਹੀਂ ਜਾਂਦੇ। ਕੀ ਖੋਤੇ ਤੇ ਸ਼ੇਰ ਦੀ ਖੱਲ੍ਹ ਪਾ ਦਿੱਤੀ ਜਾਵੇ ਤਾਂ ਉਹ ਸ਼ੇਰ ਬਣ ਜਾਂਦਾ ਹੈ? ਕੀ ਖਾਲਸਾ-ਸਿਧਾਂਤ ਨੂੰ ਛੱਡ ਕੇ ਉਪ੍ਰੋਕਤ ਮਨੌਤਾਂ ਵਾਲੇ ਲੋਕ ਖਾਲਸੇ ਹੋ ਸਕਦੇ ਹਨ? ਗੁਰੂ ਨੇ ਤਾਂ ਅਕਾਲੀ-ਸਿਧਾਂਤ ਦਾ ਨਾਮ ਅੰਮ੍ਰਿਤ ਪਿਲਾਇਆ ਸੀ ਪਰ ਅਜੋਕੇ ਡੇਰੇਦਾਰਾਂ ਨੇ ਅੰਮ੍ਰਿਤ ਵਿੱਚ ਵੀ ਵੰਡੀਆਂ ਪਾ ਦਿੱਤੀਆਂ ਹਨ।

ਖਾਲਸਾ ਵੈਸਾਖੀ ਉੱਤੇ ਸਰਬਤ-ਖਾਲਸਾ ਜੋੜ-ਮੇਲਾ ਕਰਕੇ, ਪੰਥਕ ਵਿਚਾਰਾਂ ਅਤੇ ਗੁਰਮਤੇ ਕਰਿਆ ਕਰਦਾ ਸੀ। ਅੱਜ ਵੈਸਾਖੀ ਤੇ ਸਰਬਤ-ਖਾਲਸਾ ਦੀ ਥਾਂ ਕੇਵਲ ਪਾਠਾਂ ਦੀਆਂ ਲੜੀਆਂ, ਕੀਰਤਨ ਦਰਬਾਰ, ਮੇਲੇ, ਭਾਂਤ ਸੁਭਾਂਤੀ ਡੈਕੋਰੇਸ਼ਨਾਂ ਅਤੇ ਵੰਨ ਸੁਵੰਨੇ ਲੰਗਰ ਹੀ ਲਾਏ ਜਾ ਰਹੇ ਹਨ। ਪੰਥਕ ਵਿਦਵਾਨਾਂ ਦੀ ਥਾਂ ਅਜਿਹੇ ਜੋੜ-ਮੇਲਿਆਂ ਤੇ ਡੇਰੇਦਾਰ-ਸੰਤਾਂ ਅਤੇ ਕਥਾਵਾਚਕਾਂ ਨੂੰ ਗੁਰਦੁਆਰਿਆਂ ਦੀ ਸਟੇਜ ਤੇ ਸਮਾਂ ਦਿੱਤਾ ਜਾਂਦਾ ਹੈ। ਅੱਜ ਅਸੀਂ ਖਾਲਸਾ-ਪੰਥੀ ਘੱਟ ਅਤੇ ਕਾਲਕਾ-ਪੰਥੀ ਵੱਧ ਹੁੰਦੇ ਜਾ ਰਹੇ ਹਾਂ। ਅੱਜ ਅਸੀਂ ਗੁਰਦੁਆਰਿਆਂ ਨੂੰ ਪੈਸਾ ਕਮਾਉਣ ਦੇ ਸਾਧਨ, ਚੌਧਰ, ਰਾਜਨੀਤੀ ਅਤੇ ਲੜਾਈਆਂ ਦੇ ਅੱਡੇ ਬਣਾ ਦਿੱਤਾ ਹੈ। ਖਾਲਸੇ ਦੇ ਦਰਵਾਜ਼ੇ ਸਭ ਲਈ ਖੁੱਲ੍ਹੇ ਹੁੰਦੇ ਸਨ ਪਰ ਅੱਜ ਆਪਣੇ ਹੀ ਭਾਈਆਂ ਲਈ ਬੰਦ ਹਨ। ਜਿਸ ਪੁਜਾਰੀਵਾਦ ਤੋਂ ਗੁਰੂਆਂ-ਭਗਤਾਂ ਨੇ ਅਜ਼ਾਦ ਕਰਵਾਇਆ ਸੀ, ਅੱਜ ਅਸੀਂ ਉਸ ਦੇ ਅਧੀਨ ਹੋ ਗਏ ਹਾਂ। ਗੁਰੂ ਗ੍ਰੰਥ ਦੀ ਨਿਰਮਲ ਵਿਚਾਰਧਾਰਾ ਨੂੰ ਨਾਂ ਸਮਝਣ ਕਰਕੇ ਅਸੀਂ ਆਪਸ ਵਿੱਚ ਫਟੇ ਹੋੇਏ ਨਫਰਤ ਦੀ ਅੱਗ ਦੇ ਭਾਂਬੜ ਬਾਲੀ ਫਿਰਦੇ ਹਾਂ। ਕਿੱਥੇ (ਸਿੱਖ ਸਿੱਖ ਪਰ ਵਾਰਤ ਪ੍ਰਾਣ) ਤੇ ਕਿੱਥੇ ਅੱਜ (ਸਿੱਖ ਸਿੱਖ ਕੀ ਲੇਵਤ ਜਾਨ) ਹੁੰਦਾ ਜਾ ਰਿਹਾ ਹੈ। ਖਾਲਸੇ ਦੀ ਸਟੇਜ ਤੇ ਕਥਾਵਾਚਕ ਅੰਨ੍ਹੀ ਸ਼ਰਦਾ, ਵਿਖਾਵੇ ਵਾਲੇ ਕਰਮਕਾਂਡ ਅਤੇ ਮਿਥਿਹਾਸਕ ਕਥਾ ਕਹਾਣੀਆਂ ਸੁਣਾਈ ਜਾ ਰਹੇ ਹਨ, ਇਉਂ ਸਿੱਖਾਂ ਦਾ ਭਗਵਾਕਰਨ ਕੀਤਾ ਜਾ ਰਿਹਾ ਹੈ। ਇਸੇ ਕਰਕੇ ਹੀ ਅਸੀਂ ਖਾਲਸਾ-ਰਾਜ ਪ੍ਰਾਪਤ ਨਹੀਂ ਕਰ ਸਕਦੇ। ਭਲਿਓ! ਆਓ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣੀਏ ਅਤੇ ਹੋਰਨਾਂ ਲਈ ਸਿੱਖ ਬਣਨ ਦੇ ਦਰਵਾਜੇ ਸਦਾ ਖੁੱਲ੍ਹੇ ਰੱਖੀਏ। ਇਸ ਦੇ ਨਾਲ ਹੀ ਸਟੇਜ ਸੈਕਟਰੀ ਨੇ ਭਾਈ ਅਵਤਾਰ ਸਿੰਘ ਮਿਸ਼ਨਰੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਈ ਸਾਹਿਬ, ਮਿਸ਼ਨਰੀ ਕਾਲਜ ਰੋਪੜ ਤੋਂ ਗੁਰਮਤਿ ਪੜ੍ਹੇ ਹਨ ਅਤੇ ਇਨ੍ਹਾਂ ਦੇ ਗੁਰਮੱਤੀ ਲੇਖ ਕਈ ਅਖਬਾਰਾਂ ਰਸਾਲਿਆਂ ਅਤੇ ਵੈਬਸਾਈਟਾਂ ਤੇ ਛਪਦੇ ਰਹਿੰਦੇ ਹਨ ਜਿਵੇਂ sikhmarg.com, singhsabhhacanada.com, khalsanews.org, singhsabhausa.com ਆਦਿ। ਇਸ ਤੋਂ ਇਲਾਵਾ ਭਾਈ ਮਿਸ਼ਨਰੀ ਜੀ ਗੁਰਮਤਿ ਦੇ ਲਿਟ੍ਰੇਚਰ ਦੀ ਸਟਾਲ ਗੁਰਮਤਿ ਸਮਾਗਮਾਂ ਵਿੱਚ ਆਪਣੇ ਜਥੇ ਸਮੇਤ ਲਾਉਂਦੇ ਹਨ। ਅਸੀਂ ਕਾਮਨਾ ਕਰਦੇ ਹਾਂ ਕਿ ਭਾਈ ਮਿਸ਼ਨਰੀ ਇਸੇ ਤਰ੍ਹਾਂ ਪ੍ਰਚਾਰ-ਸੇਵਾ ਕਰਦੇ ਰਹਿਣ।

ਮਿਸ਼ਨਰੀ ਜੀ ਦੇ ਜਥੇ ਨਾਲ ਪ੍ਰਚਾਰ ਲਈ ਫੋਨ (5104325827-4082097072) ਅਤੇ ਈਮੇਲ singhstudent@yahoo.com ' ਤੇ ਸੰਪਰਕ ਕੀਤਾ ਜਾ ਸਕਦਾ ਹੈ। ਫਿਰ ਸੰਗਤ ਚੋਂ ਬੀਬੀਆਂ ਅਤੇ ਹਜ਼ੂਰੀ ਰਾਗੀ ਭਾਈ ਜਸਵੰਤ ਸਿੰਘ ਬਠਿੰਡਾ ਦੇ ਜਥੇ ਨੇ ਵੈਸਾਖੀ ਦੇ ਸਬੰਧ ਵਿੱਚ ਸ਼ਬਦ ਕੀਰਤਨ ਕੀਤਾ। ਇਸ ਦੇ ਨਾਲ ਹੀ ਡਾ. ਗੁਰਪ੍ਰੀਤ ਸਿੰਘ ਮਾਨ ਨੇ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ ਦੇ 7 ਅਤੇ 8 ਮਈ ਦੇ ਸਾਊਥ ਐੱਚ ਸਟਰੀਟ ਬੇਕਰਸਫੀਲਡ ਵਿਖੇ ਹੋਣ ਵਾਲੇ ਕੀਰਤਨ ਵਿਚਾਰ ਪ੍ਰੋਗਰਾਮਾਂ ਦਾ ਵੀ ਅਨਾਊਂਸ ਕੀਤਾ। ਅਰਦਾਸ ਅਤੇ ਹੁਕਮਨਾਮੇ ਉਪ੍ਰੰਤ ਗੁਰੂ ਕਾ ਲੰਗਰ ਅਟੁੱਟ ਵਰਤਿਆ ਅਤੇ ਗੁਰਮਤਿ ਦੀ ਸਟਾਲ ਲਾਈ ਗਈ।

ਹੋਰ ਮਿਲੀ ਤਤਕਾਲੀ ਸੂਚਨਾਂ ਮੁਤਾਬਕ ਅਮਰੀਕਨ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਸਿੰਘ ਸਭਾ ਗੁਰਦੁਆਰਾ ਬਾਲਟੀਮੋਰ ਵਿਖੇ ਵੈਸਾਖੀ ਦੇ ਸਬੰਧ ਵਿੱਚ ਪੰਜਾਬੀ ਅਤੇ ਅੰਗ੍ਰੇਜੀ ਵਿੱਚ ਗੁਰਬਾਣੀ ਦੀ ਕਥਾ ਕਰਦੇ ਕਿਹਾ ਕਿ ਗੁਰਬਾਣੀ ਇੱਕ ਜੀਵਨਜਾਚ ਹੈ ਜਿਸ ਨੂੰ ਦੁਨੀਆਂ ਦਾ ਕੋਈ ਇੰਨਸਾਨ ਵੀ ਧਾਰਨ ਕਰਕੇ ਸੁਚੱਜਾ ਜੀਵਨ ਜੀ ਅਤੇ ਸਫਲ ਕਰ ਸਕਦਾ ਹੈ। ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਗੁਰਮਤਿ ਪ੍ਰਚਾਰ ਲਈ ਅਗਲੇ ਪ੍ਰੋਗ੍ਰਾਮ ਸ਼ਨੀਵਾਰ-ਐਤਵਾਰ (7 ਮਈ ਸ਼ਾਮ ਅਤੇ 8 ਮਈ ਸਵੇਰੇ) ਗੁਰਦੁਆਰਾ ਸਾਹਿਬ South H St Bakersfield near 99 Free Way ਵਿਖੇ ਗੁਰਮਤਿ ਸਟਾਲ ਅਤੇ ਜਥੇ ਸਮੇਤ ਜਾ ਰਹੇ ਹਨ ਅਤੇ ਕੈਲੇਫੋਰਨੀਆਂ ਦੀ ਸਮੂੰਹ ਸੰਗਤ ਨੂੰ ਇਸ ਗੁਰਮਤਿ ਸਮਾਗਮ ਵਿਖੇ ਹੁਮ-ਹੁਮਾ ਕੇ ਪਹੁੰਚਣ ਦੀ ਪ੍ਰੇਰਨਾ ਭਰੀ ਅਪੀਲ ਕਰਦੇ ਹਨ। ਗੁਰੂ ਰਾਖਾ॥


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top