Share on Facebook

Main News Page

ਧਰਮ ਕੋਈ ਵੀ ਹੋਵੇ ਆਖਰ ਉਸ ਨੂੰ ਪੁਜਾਰੀਆਂ ਨੇ ਅਗਵਾਹ ਕਰ ਲਿਆ: ਭਾਈ ਪੰਥਪ੍ਰੀਤ ਸਿੰਘ

ਬਠਿੰਡਾ, 28 ਅਪ੍ਰੈਲ (ਕਿਰਪਾਲ ਸਿੰਘ): ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ ਗੁਰੂ ਗੰ੍ਰਥ ਸਾਹਿਬ ਜੀ ਦੇ ਪੰਨਾ ਨੰ: 485 ’ਤੇ ਆਸਾ ਰਾਗ ਵਿੱਚ ਦਰਜ਼ ਭਗਤ ਨਾਮਦੇਵ ਜੀ ਦੇ ਸ਼ਬਦ ’ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥’

ਦੀ ਕਥਾ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖ਼ਤੌਰ ਵਾਲਿਆਂ ਨੇ ਬੀਤੇ ਦਿਨ ਕਿਹਾ ਕਿ ਧਰਮ ਕੋਈ ਵੀ ਹੋਵੇ ਆਖਰ ਉਸ ਨੂੰ ਪੁਜਾਰੀਆਂ ਨੇ ਅਗਵਾਹ ਕਰ ਲਿਆ। ਪੁਜਾਰੀ ਸ਼ਬਦ ਦੀ ਵਿਆਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਸਤਿਕਾਰਯੋਗ ਗੰ੍ਰਥੀ, ਜੋ ਗੁਰਬਾਣੀ ਦਾ ਪਾਠ ਸ਼ੁਧ ਰੂਪ ਵਿੱਚ ਸੰਗਤਾਂ ਨੂੰ ਸਰਵਨ ਕਰਾਉਂਦੇ ਹਨ ਆਪਣੇ ਸੁਆਰਥ ਪੂਰੇ ਕਰਨ ਲਈ ਇਸ ਦੇ ਗਿਆਨ ਨੂੰ ਜਾਣ ਬੁਝ ਕੇ ਛੁਪਾਉਂਦੇ ਨਹੀਂ ਬਲਕਿ ਇਸ ਤੋਂ ਸਹੀ ਗਿਆਨ ਪ੍ਰਪਤ ਕਰਕੇ ਸ਼ੁਧ ਰੂਪ ਵਿੱਚ ਉਸ ਨੂੰ ਕਥਾ ਰਾਹੀਂ ਵੰਡਦੇ ਹਨ, ਪਾਠ/ਕਥਾ ਜਾਂ ਪ੍ਰਚਾਰ ਕਰਨ ਜਾਂ ਕਿਸੇ ਹੋਰ ਧਾਰਮਕ ਰਸਮ ਨਿਭਾਉਣ ਲਈ ਪੈਸਾ ਲੈਣ ਦਾ ਸੌਦਾ ਨਹੀਂ ਕਰਦੇ ਬਲਕਿ ਜਗਿਆਸੂ ਆਪਣੀ ਖੁਸ਼ੀ ਤੇ ਸਮਰੱਥਾ ਮੁਤਾਬਕ ਜੋ ਦਿੰਦੇ ਹਨ ਉਸ ਵਿੱਚ ਹੀ ਸੰਤੁਸ਼ਟ ਰਹਿੰਦੇ ਹਨ ਉਹ ਉਹ ਪੁਜਾਰੀ ਨਹੀਂ ਬਲਕਿ ਫੁਲ ਟਾਈਮ ਸੇਵਾਦਾਰ ਕਹੇ ਜਾ ਸਕਦੇ ਹਨ। ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਹਿਤ ਉਨ੍ਹਾਂ ਨੂੰ ਯੋਗ ਤਨਖ਼ਾਹ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਨਿਸਚਿੰਤ ਹੋ ਕੇ ਸੇਵਾ ਕਰ ਸਕਣ। ਪੁਜਾਰੀ ਉਹ ਹਨ ਜੋ ਆਪਣੀ ਆਮਦਨ ਵਧਾਉਣ ਲਈ ਗੁਰੂ ਦੀ ਅਸਲੀ ਸਿਖਿਆ ਨੂੰ ਜਾਣਬੁਝ ਕੇ ਛੁਪਾ ਕੇ ਸੰਗਤਾਂ ਨੂੰ ਭਰਮ ਭੁਲੇਖਿਆਂ ਵਿੱਚ ਪਾਉਂਦੇ ਹਨ, ਗੁਰਬਾਣੀ ਦਾ ਪਾਠ/ਕਥਾ/ਕੀਰਤਨ ਕਰਨ ਤੋਂ ਪਹਿਲਾਂ ਸੌਦੇ ਬਾਜ਼ੀ ਕਰਦੇ ਹਨ। ਗੁਰੂ ਦਾ ਗਿਆਨ ਛੁਪਾਉਣ ਵਾਲੇ ਅਜੇਹੇ ਬੰਦਿਆਂ ਨੂੰ ਹੀ ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਬੜੇ ਪਾਪੀ, ਹੱਤਿਆਰੇ, ਮਨੋˆ ਖੋਟੇ, ਵਿਭਚਾਰਨ ਇਸਤ੍ਰੀ ਵਾˆਗ ਘਰ ਘਰ ਫਿਰਨ ਵਾਲੇ ਬਹੁਤ ਭੈੜੇ ਦੱਸ ਕੇ ਉਨ੍ਹਾਂ ਦਾ ਦਰਸ਼ਨ ਕਰਨ ਤੋਂ ਵੀ ਰੋਕਿਆ ਹੈ:- ’ਜਿਨਾ ਗੁਰੁ ਗੋਪਿਆ ਆਪਣਾ, ਤੇ ਨਰ ਬੁਰਿਆਰੀ ॥ ਹਰਿ ਜੀਉ, ਤਿਨ ਕਾ ਦਰਸਨੁ ਨਾ ਕਰਹੁ, ਪਾਪਿਸਟ ਹਤਿਆਰੀ ॥ ਓਹਿ ਘਰਿ ਘਰਿ ਫਿਰਹਿ ਕੁਸੁਧ ਮਨਿ, ਜਿਉ ਧਰਕਟ ਨਾਰੀ ॥’ ਪੰਨਾ 651

ਇਸੇ ਤਰ੍ਹਾਂ ਡੇਰੇਦਾਰ ਉਹ ਹਨ ਜੋ ਗੁਰੂ ਗੰ੍ਰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਕਮਰੇ ਵਿਚ ਆਪਣੀ ਗੱਦੀ ਲਾ ਕੇ ਲੋਕਾਂ ਤੋਂ ਮੱਥੇ ਟਿਕਾਉਂਦੇ ਹਨ, ਵੱਖਰਾ ਪ੍ਰਸ਼ਾਦ ਦਿੰਦੇ ਹਨ ਆਪਣੀ ਕਮਾਈ ਦੇ ਸਾਧਨ ਵਧਾਉਣ ਲਈ ਗੁਰੂ ਦੇ ਗਿਆਨ ਨੂੰ ਛੁਪਾ ਕੇ ਲੋਕਾਂ ਨੂੰ ਭ੍ਰਮ ਭੁਲੇਖਿਆਂ ਵਿੱਚ ਪਾ ਕੇ ਫਿਰ ਉਨ੍ਹਾਂ ਦਾ ਉਪਾਅ ਦਸਦੇ ਹਨ, ਕਸ਼ਟ ਦੂਰ ਕਰਨ ਲਈ ਅਖੰਡ ਪਾਠ ਦੀਆਂ ਲੜੀਆਂ ਤੇ ਸੰਪਟ ਪਾਠ ਕਰਦੇ ਹਨ। ਸ਼ਬਦ ਦੀ ਵੀਚਾਰ ਨਾਲੋਂ ਤੋੜ ਕੇ ਮੂਰਤੀ ਤੇ ਬੁੱਤ ਪੂਜਾ ਵੱਲ ਪ੍ਰੇਰਦੇ ਹਨ, ਆਪਣੇ ਚਰਣਾਂ ਨਾਲ ਜੋੜਦੇ ਹਨ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੇ ਡੇਰੇਦਾਰਾਂ ਨੂੰ ਵੀ ਪੈਸੇ ਤੇ ਕਣਕ ਦੀਆਂ ਬੋਰੀਆਂ ਦੇ ਕੇ ਪਾਲਣਾ ਨਹੀਂ ਚਾਹੀਦਾ।

ਵੀਚਾਰ ਅਧੀਨ ਸ਼ਬਦ ਦੀ ਵੀਚਾਰ ਕਰਦਿਆਂ ਭਾਈ ਪੰਥ ਪ੍ਰੀਤ ਸਿੰਘ ਨੇ ਕਿਹਾ ਇਸ ਸ਼ਬਦ ਵਿੱਚ ਭਗਤ ਨਾਮਦੇਵ ਜੀ ਬੁੱਤ ਪੂਜਾ ਦਾ ਖੰਡਨ ਕਰਦੇ ਸਾਨੂੰ ਸਮਝਾਉਣ ਲਈ ਲਿਖ ਰਹੇ ਹਨ ਇੱਕ ਵਾਰੀ ਮੇਰੇ ਮਨ ਵਿੱਚ ਵੀ ਖਿਆਲ ਆਇਆ ਕਿ ਮੈਂ ਵੀ ਪੁਜਾਰੀਆਂ ਵਾਂਗ ਘੜਾ ਲਿਆ ਕੇ (ਉਸ ਵਿਚ) ਪਾਣੀ ਭਰਾ ਕੇ ਮੂਰਤੀ ਨੂੰ ਇਸ਼ਨਾਨ ਕਰਾਵਾਂ ਤਾਂ ਫਿਰ ਖਿਆਲ ਆਇਆ ਕਿ ਇਹ ਇਸ਼ਨਾਨ ਤਾਂ ਠਾਕੁਰ ਨੂੰ ਪਰਵਾਨ ਨਹੀਂ ਹੋਵੇਗਾ ਕਿਉਂਕਿ ’ਬਇਆਲੀਸ ਲਖ ਜੀ ਜਲ ਮਹਿ ਹੋਤੇ, ਬੀਠਲੁ ਭੈਲਾ ਕਾਇ ਕਰਉ ॥1॥’ ਪਾਣੀ ਵਿਚ ਤਾਂ ਬਿਤਾਲੀ ਲੱਖ (ਜੂਨਾਂ ਦੇ) ਜੀਵ ਰਹਿੰਦੇ ਹਨ ਉਨ੍ਹਾਂ ਨੇ, ਪਾਣੀ ਜੂਠਾ ਕਰ ਦਿੱਤਾ ਹੈ। ਫਿਰ ਖਿਆਲ ਆਇਆ ਕਿ (ਮੇਰਾ) ਨਿਰਲੇਪ ਪ੍ਰਭੂ ਤਾਂ ਪਹਿਲਾਂ ਹੀ (ਉਹਨਾਂ ਜੀਵਾਂ ਵਿਚ) ਵੱਸਦਾ ਸੀ (ਤੇ ਇਸ਼ਨਾਨ ਕਰ ਰਿਹਾ ਸੀ; ਤਾਂ ਫਿਰ ਮੂਰਤੀ ਨੂੰ) ਮੈਂ ਕਾਹਦੇ ਲਈ ਇਸ਼ਨਾਨ ਕਰਾਵਾਂ। ਭਾਵ ਮੂਰਤੀ ਨੂੰ ਇਸ਼ਨਾਨ ਕਰਵਾਉਣ ਜਾਂ ਉਸ ਦੀ ਪੂਜਾ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੈ।

ਜਤ੍ਰ ਜਾਉ ਤਤ ਬੀਠਲੁ ਭੈਲਾ ॥ ਮਹਾ ਅਨੰਦ ਕਰੇ ਸਦ ਕੇਲਾ ॥1॥ ਰਹਾਉ ॥’ ਰਹਾਉ ਦੀ ਇਸ ਤੁਕ ਵਿੱਚ ਭਗਤ ਜੀ ਫ਼ੁਰਮਾਨ ਕਰਦੇ ਹਨ: ਮੈਂ ਜਿੱਧਰ ਜਾਂਦਾ ਹਾਂ, ਉੱਧਰ ਹੀ ਨਿਰਲੇਪ ਪ੍ਰਭੂ ਮੌਜੂਦ ਹੈ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਬੜੇ ਅਨੰਦ ਚੋਜ ਤਮਾਸ਼ੇ ਕਰ ਰਿਹਾ ਹੈ।

ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥ (ਫਿਰ ਸੋਚਿਆ) ਫੁੱਲ ਲਿਆ ਕੇ ਤੇ ਮਾਲਾ ਪ੍ਰੋ ਕੇ ਜੇ ਮੈਂ ਮੂਰਤੀ ਦੀ ਪੂਜਾ ਕਰਾਂ। ਪਰ ਖਿਆਲ ਆਇਆ ’ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥2॥’ ਉਹਨਾਂ ਫੁੱਲਾਂ ਦੀ ਸੁਗੰਧੀ ਤਾਂ ਪਹਿਲਾਂ ਹੀ ਭੌਰੇ ਨੇ ਲੈ ਲਈ; ਤਾਂ ਉਹ ਫੁੱਲ ਜੂਠੇ ਹੋਣ ਕਰ ਕੇ ਉਹ ਪੂਜਾ ਪਰਵਾਨ ਨਹੀਂ। ਫਿਰ ਹੋਰ ਸੁਰਤ ਉੱਚੀ ਹੋਈ ਕਿ ਮੇਰਾ ਬੀਠਲ ਤਾਂ ਪਹਿਲਾਂ ਹੀ (ਉਸ ਭੌਰੇ ਵਿਚ) ਵੱਸਦਾ ਸੀ (ਤੇ ਸੁਗੰਧੀ ਲੈ ਰਿਹਾ ਸੀ, ਤਾਂ ਫਿਰ ਇਹਨਾਂ ਫੁੱਲਾਂ ਨਾਲ) ਮੂਰਤੀ ਦੀ ਪੂਜਾ ਮੈਂ ਕਾਹਦੇ ਲਈ ਕਰਾਂ? ।2।

ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥ (ਫਿਰ ਸੋਚਿਆ) ਦੁੱਧ ਲਿਆ ਕੇ ਖੀਰ ਰਿੰਨ੍ਹਾ ਕੇ ਜੇ ਮੈਂ ਇਹ ਖਾਣ ਵਾਲਾ ਉੱਤਮ ਪਦਾਰਥ ਮੂਰਤੀ ਅੱਗੇ ਭੇਟ ਰੱਖਾਂ। ’ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥3॥’ ਇਸ ਦੇ ਨਾਲ ਹੀ ਖਿਆਲ ਆਇਆ ਕਿ ਦੁੱਧ ਚੋਣ ਵੇਲੇ ਪਹਿਲਾਂ ਵੱਛੇ ਨੇ ਦੁੱਧ ਜੂਠਾ ਕਰ ਦਿੱਤਾ ਸੀ; ਜੂਠਾ ਹੋਣ ਕਰ ਕੇ ਭੋਜਨ ਪਰਵਾਨ ਨਹੀਂ। ਪਰ ਇਸ ਦੇ ਨਾਲ ਹੀ ਖਿਆਲ ਆਇਆ ਕਿ (ਮੇਰਾ) ਬੀਠਲ (ਮਾਇਆ ਦੇ ਪ੍ਰਭਾਵ ਤੋਂ ਪਰੇ ਹਰੀ) ਤਾਂ ਪਹਿਲਾਂ ਹੀ (ਉਸ ਵੱਛੇ ਵਿਚ) ਵੱਸਦਾ ਸੀ (ਤੇ ਦੁੱਧ ਪੀ ਰਿਹਾ ਸੀ, ਤਾਂ ਇਸ ਮੂਰਤੀ ਅੱਗੇ) ਮੈਂ ਕਿਉਂ ਭੇਟ ਧਰਾਂ? ।3।

ਅਖੀਰ’ਤੇ ਭਗਤ ਨਾਮਦੇਵ ਜੀ ਫ਼ੁਰਮਾਉਂਦੇ ਹਨ ’ਈਭੈ ਬੀਠਲੁ, ਊਭੈ ਬੀਠਲੁ, ਬੀਠਲ ਬਿਨੁ ਸੰਸਾਰੁ ਨਹੀ ॥ ਥਾਨ ਥਨੰਤਰਿ, ਨਾਮਾ ਪ੍ਰਣਵੈ, ਪੂਰਿ ਰਹਿਓ ਤੂੰ ਸਰਬ ਮਹੀ ॥4॥2॥’ ਭਾਵ (ਜਗਤ ਵਿਚ) ਹੇਠਾਂ ਉਤਾਂਹ (ਹਰ ਥਾਂ) ਬੀਠਲ ਹੀ ਬੀਠਲ ਹੈ, ਬੀਠਲ ਤੋਂ ਸੱਖਣਾ ਜਗਤ ਰਹਿ ਹੀ ਨਹੀਂ ਸਕਦਾ । ਨਾਮਦੇਵ ਉਸ ਬੀਠਲ ਅੱਗੇ ਬੇਨਤੀ ਕਰਦਾ ਹੈ-(ਹੇ ਬੀਠਲ!) ਤੂੰ ਸਾਰੀ ਸ੍ਰਿਸ਼ਟੀ ਵਿਚ ਹਰ ਥਾਂ ਵਿਚ ਭਰਪੂਰ ਹੈਂ ।4।2।

ਭਾਈ ਪੰਥਪ੍ਰੀਤ ਸਿੰਘ ਜੀ ਨੇ ਦੱਸਿਆ ਕਿ ਇਸ ਸ਼ਬਦ ਵਿਚ ਲਫ਼ਜ਼ ‘ਠਾਕੁਰ’ ਤੇ ‘ਬੀਠਲ’ ਦੀ ਵਰਤੋਂ ਧਿਆਨ ਨਾਲ ਵੇਖੋ। ਜਿੱਥੇ ‘ਇਸ਼ਨਾਨ, ਪੂਜਾ, ਨੈਵੇਦ’ ਦਾ ਜ਼ਿਕਰ ਹੈ, ਉੱਥੇ ਲਫ਼ਜ਼ ‘ਠਾਕੁਰ’ ਵਰਤਿਆ ਹੈ, ਪਰ ਜਿੱਥੇ ਸਰਬ-ਵਿਆਪਕਤਾ ਦੱਸੀ ਹੈ ਉੱਥੇ ‘ਬੀਠਲ’ ਲਿਖਿਆ ਹੈ । ਮੂਰਤੀ ਦਾ ਜ਼ਿਕਰ ਤਿੰਨ ਵਾਰੀ ਕੀਤਾ ਹੈ, ਤਿੰਨੇ ਹੀ ਵਾਰੀ ਉਸ ਨੂੰ ‘ਠਾਕੁਰ’ ਹੀ ਆਖਿਆ ਹੈ ਤੇ ‘ਬੀਠਲ’ ਦਾ ਨਾਮ ਸਰਬ-ਵਿਆਪਕ ਪਰੀਪੂਰਨ ਪਰਮਾਤਮਾ ਨੂੰ ਦਿੱਤਾ ਹੈ । ਲੋਕਾਂ ਦੀਆਂ ਘੜੀਆਂ ਹੋਈਆਂ ਕਹਾਣੀਆਂ ਤੋਂ ਅਸਾਂ ਇਹ ਯਕੀਨ ਨਹੀਂ ਬਣਾਉਣਾ ਕਿ ਨਾਮਦੇਵ ਜੀ ਕਿਸੇ ਬੀਠੁਲ-ਮੂਰਤੀ ਦੇ ਪੁਜਾਰੀ ਸਨ; ਨਾਮਦੇਵ ਜੀ ਦਾ ਬੀਠਲੁ ਅਸਾਂ ਨਾਮਦੇਵ ਜੀ ਦੀ ਆਪਣੀ ਬਾਣੀ ਵਿਚੋਂ ਵੇਖਣਾ ਹੈ ਕਿ ਕਿਹੋ ਜਿਹਾ ਹੈ; ਉਹ ਬੀਠਲ ਹੈ ‘ਥਾਨ ਥਨੰਤਰਿ’। ਸੋ ਇਸ ਸ਼ਬਦ ਵਿੱਚ ਮੂਰਤੀ-ਪੂਜਾ ਦਾ ਖੰਡਨ ਅਤੇ ਸਰਬ-ਵਿਆਪਕ ਪ੍ਰਭੂ ਦੀ ਭਗਤੀ ਦਾ ਉਪਦੇਸ਼ ਹੈ। ਇਸ ਸਬਦ ਤੋਂ ਸੇਧ ਲੈ ਕੇ ਅਸੀਂ ਮੂਰਤੀ ਪੂਜਾ ਤੋਂ ਬਚਣਾ ਹੈ ਤੇ ੳਸ ਸਰਬ-ਵਿਆਪਕ ਪ੍ਰਭੂ ਦੇ ਗੁਣ ਧਾਰਣ ਕਰਨੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top