Share on Facebook

Main News Page

ਮਨੁੱਖ ਨੇ ਮਨ ਦੇ ਪਿਛੇ ਨਹੀਂ ਚਲਣਾ, ਬਲਕਿ ਸ਼ਬਦ ਦੀ ਵੀਚਾਰ ਰਾਹੀਂ ਇਸ ਨੂੰ ਵੱਸ ਵਿੱਚ ਕਰਨਾ ਹੈ: ਭਾਈ ਪੰਥਪ੍ਰੀਤ ਸਿੰਘ
ਸਤਿਕਾਰਯੋਗ ਭਗਤ ਸਾਹਿਬਾਨ ਨੂੰ ਜਾਤਾਂ ਨਾਲ ਜੋੜ ਕੇ, ਇਨ੍ਹਾਂ ਦੀ ਬਾਣੀ ਦੇ ਵੱਖਰੇ ਵੱਖਰੇ ਗ੍ਰੰਥ ਤਿਆਰ ਕਰਕੇ ਸਾਨੂੰ ਮੂਰਖ ਗਵਾਰ ਨਹੀਂ ਬਣਨਾ ਚਾਹੀਦਾ

ਬਠਿੰਡਾ, 29 (ਅਪ੍ਰੈਲ ਕਿਰਪਾਲ ਸਿੰਘ): ਮਨੁੱਖ ਨੇ ਮਨ ਦੇ ਪਿਛੇ ਨਹੀਂ ਚਲਣਾ ਬਲਕਿ ਸ਼ਬਦ ਦੀ ਵੀਚਾਰ ਰਾਹੀਂ ਇਸ ਨੂੰ ਵੱਸ ਵਿੱਚ ਕਰਨਾ ਹੈ। ਇਹ ਸ਼ਬਦ ਅੱਜ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਝੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 485 ’ਤੇ ਆਸਾ ਰਾਗ ਵਿੱਚ ਭਗਤ ਨਾਮਦੇਵ ਜੀ ਦੇ ਦਰਜ਼ ਸ਼ਬਦ ‘ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ ॥ ਮਪਿ ਮਪਿ ਕਾਟਉ ਜਮ ਕੀ ਫਾਸੀ ॥1॥’ ਦੀ ਕਥਾ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ ਭਾਈ ਭਾਈ ਬਖਤੌਰ ਵਾਲਿਆਂ ਨੇ ਕਹੇ। ਗੱਲ ਸਮਝਾਉਣ ਲਈ ਉਨ੍ਹਾਂ ਇੱਕ ਸਿੱਖ ਫੌਜੀ ਨਾਲ ਹੋਈ ਵਾਰਤਾਲਾਪ ਸਾਂਝੀ ਕਰਦਿਆਂ ਕਿਹਾ ਕਿ ਉਸ ਗੁਰਸਿੱਖ ਨੇ ਪੁਛਿਆ ਕਿ ਜਿਸ ਵੇਲੇ ਉਹ ਗੁਰਬਾਣੀ ਦਾ ਪਾਠ ਜਾਂ ਸਿਮਰਨ ਕਰਦੇ ਹਨ ਤਾਂ ਉਸ ਸਮੇਂ ਮਨ ਟਿਕਦਾ ਹੀ ਨਹੀਂ ਤਾਂ ਪਾਠ ਕਰਨ ਦਾ ਕੀ ਲਾਭ ਹੈ? ਭਾਈ ਪੰਥਪ੍ਰੀਤ ਸਿੰਘ ਅਨੁਸਾਰ ਉਨ੍ਹਾਂ ਨੇ ਉਸ ਤੋਂ ਪੁੱਛਿਆ ਕਿ ਭਾਈ ਤੁਸੀਂ ਕਿੰਨੇ ਦਿਨਾਂ ਦੀ ਛੁੱਟੀ ਆਏ ਹੋ? ਛੁੱਟੀ ਦੇ ਦਿਨ ਪੂਰੇ ਹੋਣ ਪਿਛੋਂ ਕੀ ਤੁਹਾਡਾ ਮਨ ਮਾਤਾ ਪਿਤਾ ਭੈਣ ਭਰਾ ਪ੍ਰੀਵਾਰ ਨੂੰ ਛੱਡ ਕੇ ਤੁਹਾਡਾ ਮਨ ਵਾਪਸ ਜਾਣ ਨੂੰ ਕਰਦਾ ਹੈ? ਜੇ ਨਹੀਂ ਤਾਂ ਤੁਸੀਂ ਕੀ ਕਰਦੇ ਹੋ? ਉਸ ਸਿੱਖ ਫੌਜੀ ਨੇ ਕਿਹਾ ਜਾਣ ਨੂੰ ਮਨ ਕਰਦਾ ਤਾਂ ਨਹੀਂ ਪਰ ਫਿਰ ਵੀਚਾਰ ਕਰਦਾ ਹਾਂ ਕਿ ਜੇ ਨਾ ਗਿਆ ਤਾਂ ਫੌਜ ਵਾਲਿਆਂ ਨੇ ਆ ਕੇ ਪਿੱਠੂ ਲਾ ਕੇ ਲੈ ਜਾਣਾ ਹੈ ਤੇ ਲੇਟ ਜਾਣ ਦੀ ਉਥੇ ਫਿਰ ਸਜਾ ਮਿਲਣੀ ਹੈ। ਸੋ ਜਦੋਂ ਇਹ ਵੀਚਾਰ ਕਰੀਦੀ ਹੈ ਤਾਂ ਫਿਰ ਜਾਣ ਲਈ ਮਨ ਬਣਾਉਣਾ ਹੀ ਪੈਂਦਾ ਹੈ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਇਥੇ ਮਨ ਨੂੰ ਵੀਚਾਰ ਰਾਹੀਂ ਜਾਣ ਲਈ ਤਿਆਰ ਕਰ ਲਿਆ ਇਸੇ ਤਰ੍ਹਾਂ ਮਨ ਦੇ ਪਿਛੇ ਲੱਗ ਕੇ ਭ੍ਰਮ ਭਟਕਣਾ ਵਿੱਚ ਨਹੀਂ ਪੈਣਾ ਸਗੋਂ ਮਨ ਨੂੰ ਗੁਰੂ ਦੇ ਸ਼ਬਦ ਦੀ ਵੀਚਾਰ ਰਾਹੀਂ ਮੋੜਨਾ ਹੈ। ਉਨ੍ਹਾਂ ਕਿਹਾ ਇਸ ਸ਼ਬਦ ਵਿੱਚ ਭਗਤ ਨਾਮਦੇਵ ਜੀ ਵੀ ਇਹ ਸਮਝਾ ਰਹੇ ਹਨ ਕਿ ਜੇ ਮਨ ਦੇ ਪਿਛੇ ਲੱਗੇ ਰਹੇ ਤਾਂ ਜਮਾਂ ਦੀ ਫਾਂਸੀ ਗਲ ਵਿੱਚ ਪੈਣੀ ਹੈ। ਜਮਾ ਦੀ ਇਸ ਫਾਸੀ ਨੂੰ ਮਿਣ ਮਿਣ ਮਿਣ ਕੇ ਕੱਟਣ ਲਈ ਮੈਂ ਤਾਂ ਆਪਣੇ ਮਨ ਨੂੰ, ਗਜ ਬਣਾ ਲਿਆ, ਮੇਰੀ ਜੀਭ ਕੈਂਚੀ (ਬਣ ਗਈ ਹੈ), (ਪ੍ਰਭੂ ਦੇ ਨਾਮ ਨੂੰ ਮਨ ਵਿਚ ਵਸਾ ਕੇ ਤੇ ਜੀਭ ਨਾਲ ਜਪ ਕੇ) ਮੈਂ (ਆਪਣੇ ਮਨ-ਰੂਪ ਗਜ਼ ਨਾਲ) ਮਿਣ ਮਿਣ ਕੇ (ਜੀਭ-ਕੈਂਚੀ ਨਾਲ) ਮੌਤ ਦੇ ਡਰ ਦੀ ਫਾਹੀ ਕੱਟੀ ਜਾ ਰਿਹਾ ਹਾਂ ।1।

ਕਹਾ ਕਰਉ ਜਾਤੀ ਕਹ ਕਰਉ ਪਾਤੀ ॥ ਰਾਮ ਕੋ ਨਾਮੁ ਜਪਉ ਦਿਨ ਰਾਤੀ ॥1॥ ਰਹਾਉ ॥’ ਰਹਾਉ ਦੀ ਇਸ ਤੁਕ ਵਿੱਚ ਭਗਤ ਨਾਮਦੇਵ ਜੀ ਉੱਚੀ ਜ਼ਾਤ ਦਾ ਮਾਣ ਕਰਨ ਵਾਲਿਆਂ ਨੂੰ ਸਮਝਾ ਰਹੇ ਹਨ ਕਿ ਤੁਹਾਡੇ ਭਾਣੇ ਮੈਂ ਨੀਵੀਂ ਜ਼ਾਤ ਦਾ ਛੀਂਬਾ ਹਾਂ, ਪਰ ਮੈਨੂੰ ਹੁਣ ਇਹ ਡਰ-ਖ਼ਤਰਾ ਜਾਂ ਨਮੋਸ਼ੀ ਨਹੀਂ ਰਹੀ। ਮੈਨੂੰ ਹੁਣ ਕਿਸੇ (ਉੱਚੀ-ਨੀਵੀਂ) ਜ਼ਾਤ-ਗੋਤ ਦੀ ਪਰਵਾਹ ਨਹੀਂ ਰਹੀ, ਕਿਉਂਕਿ ਮੈਂ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹਾਂ ।ਰਹਾਉ।

ਗੁਰਬਾਣੀ ਵਿੱਚ ਜਾਤ ਪਾਤ ਦਾ ਸਖਤ ਖੰਡਨ ਕੀਤਾ ਹੈ। ਗੁਰੂ ਅਮਰਦਾਸ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 1127 ’ਤੇ ਜਾਤ ਦਾ ਅਭਿਮਾਨ ਕਰਨ ਵਾਲਿਆਂ ਨੂੰ ਸਖ਼ਤ ਝਾੜ ਪਾਉਂਦੇ ਹੋਏ ਮੂਰਖ ਤੇ ਗਵਾਰ ਕਹਿ ਰਹੇ ਹਨ ਤੇ ਸਮਝਾ ਰਹੇ ਹਨ ਕਿ ਕਹਿਣ ਨੂੰ ਭਾਵੇ ਸਾਰੇ ਹੀ ਚਾਰ ਵਰਣਾਂ ਦੀ ਗੱਲ ਕਰ ਰਹੇ ਹਨ ਪਰ ਸਾਰਿਆਂ ਦੀ ਉਤਪਤੀ ਦਾ ਮੁੱਢ ਬ੍ਰਹਮ ਹੀ ਹੈ ਅਤੇ ਇਸੇ ਤਰ੍ਹਾਂ ਹੈ, ਜਿਵੇਂ ਇੱਕੋ ਤਰ੍ਹਾਂ ਦੀ ਮਿੱਟੀ ਤੋਂ ਘੁਮਿਆਰ ਨੇ ਕਈ ਤਰ੍ਹਾਂ ਦੇ ਭਾਂਡੇ ਘੜ ਲਏ ਹਨ:- ’ਜਾਤਿ ਕਾ ਗਰਬੁ ਨ ਕਰੀਅਹੁ ਕੋਈ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥1॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥1॥ ਰਹਾਉ ॥ ਚਾਰੇ ਵਰਨ ਆਖੈ ਸਭੁ ਕੋਈ ॥ ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥2॥ ਮਾਟੀ ਏਕ ਸਗਲ ਸੰਸਾਰਾ ॥ ਬਹੁ ਬਿਧਿ ਭਾਂਡੇ ਘੜੈ ਕੁਮਾਰਾ ॥3॥

ਇਸੇ ਤਰ੍ਹਾਂ ਭਗਤ ਕਬੀਰ ਜੀ ਤਾਂ ਇਸ ਤੋਂ ਵੀ ਸਖ਼ਤ ਸ਼ਬਦਾਂ ਵਿੱਚ ਜਾਤਿ ਅਭਿਮਾਨੀ ਬ੍ਰਾਹਮਣ ਨੂੰ ਸਬੋਧਨ ਕਰ ਕੇ ਕਹਿ ਰਹੇ ਹਨ: ’ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥1॥’ ਸਾਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼ ਤੋਂ (ਹੋ ਰਹੀ) ਹੈ (ਭਾਵ, ਸਭ ਦਾ ਮੂਲ ਕਾਰਨ ਪਰਮਾਤਮਾ ਆਪ ਹੈ); ਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ ।1।
’ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥1॥ ਰਹਾਉ ॥’ ਰਹਾਉ ਦੀ ਇਸ ਤੁਕ ਵਿੱਚ ਪੁੱਛ ਰਹੇ ਹਨ- ਦੱਸ, ਹੇ ਪੰਡਿਤ! ਤੁਸੀ ਬ੍ਰਾਹਮਣ ਕਦੋਂ ਦੇ ਬਣ ਗਏ ਹੋ? ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ (ਅਹੰਕਾਰ ਵਿਚ ਅਜਾਈਂ) ਨਾਹ ਗਵਾਓ ।1।ਰਹਾਉ।

ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥2॥’ (ਤੂੰ ਆਖਦਾ ਹਾਂ ਕਿ ਬ੍ਰਹਮਣ ਬ੍ਰਹਮਾ ਦੇ ਮੂੰਹ ਵਿੱਚੋਂ, ਖੱਤਰੀ ਬਾਹਾਂ ਵਿੱਚੋਂ, ਵੈਸ਼ ਪੱਟਾਂ ਵਿੱਚੋਂ ਤੇ ਸ਼ੂਦਰ ਪੈਰਾਂ ਵਿੱਚੋਂ ਪੈਦਾ ਹੋਏ ਹਨ।ਜੇ ਇਹ ਸੱਚ ਹੈ ਤਾਂ ਹੇ ਪੰਡਿਤ ਤੂੰ ਦੱਸ!) ਜੇ ਤੂੰ (ਸੱਚ-ਮੁੱਚ) ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ, ਤਾਂ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ? ।2।

ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥3॥’ (ਹੇ ਪੰਡਿਤ!) ਤੁਸੀ ਕਿਵੇਂ ਬ੍ਰਾਹਮਣ (ਬਣ ਗਏ)? ਅਸੀ ਕਿਵੇਂ ਸ਼ੂਦਰ (ਰਹਿ ਗਏ)? ਸਾਡੇ ਸਰੀਰ ਵਿਚ ਕਿਹੜਾ (ਨਿਰਾ) ਲਹੂ ਹੀ ਹੈ? ਤੁਹਾਡੇ ਸਰੀਰ ਵਿਚ ਕਿਹੜਾ (ਲਹੂ ਦੀ ਥਾਂ) ਦੁੱਧ ਹੈ? ।3।

ਰਾਂਗਨਿ ਰਾਂਗਉ ਸੀਵਨਿ ਸੀਵਉ ॥ ਰਾਮ ਨਾਮ ਬਿਨੁ ਘਰੀਅ ਨ ਜੀਵਉ ॥2॥’ ਜਾਤ ਪਾਤ ਦੀ ਪ੍ਰਵਾਹ ਨਾ ਮੰਨਦੇ ਹੋਏ ਭਗਤ ਨਾਮਦੇਵ ਜੀ ਇਸ ਪਦੇ ਵਿੱਚ ਆਪਣੇ ਪਿਤਾ ਪੁਰਖੀ ਕਿੱਤੇ ਦੀ ਦੂਜੀ ਉਦਾਹਰਣ ਦਿੰਦੇ ਹੋਏ ਫ਼ੁਰਮਾਉਂਦੇ ਹਨ: (ਇਸ ਸਰੀਰ) ਮੱਟੀ ਵਿਚ ਮੈਂ (ਆਪਣੇ ਆਪ ਨੂੰ ਨਾਮ ਨਾਲ) ਰੰਗ ਰਿਹਾ ਹਾਂ ਤੇ ਪ੍ਰਭੂ ਦੇ ਨਾਮ ਦੀ ਸੀਊਣ ਸੀਊਂ ਰਿਹਾ ਹਾਂ, ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਇਕ ਘੜੀ ਭਰ ਭੀ ਨਹੀਂ ਜੀਉ ਸਕਦਾ ।2।

ਭਗਤਿ ਕਰਉ ਹਰਿ ਕੇ ਗੁਨ ਗਾਵਉ ॥ ਆਠ ਪਹਰ ਅਪਨਾ ਖਸਮੁ ਧਿਆਵਉ ॥3॥’ ਮੈਂ ਪ੍ਰਭੂ ਦੀ ਭਗਤੀ ਕਰ ਰਿਹਾ ਹਾਂ, ਹਰੀ ਦੇ ਗੁਣ ਗਾ ਰਿਹਾ ਹਾਂ, ਅੱਠੇ ਪਹਿਰ ਆਪਣੇ ਖਸਮ-ਪ੍ਰਭੂ ਨੂੰ ਯਾਦ ਕਰ ਰਿਹਾ ਹਾਂ ।3।
ਸੁਇਨੇ ਕੀ ਸੂਈ ਰੁਪੇ ਕਾ ਧਾਗਾ ॥ ਨਾਮੇ ਕਾ ਚਿਤੁ ਹਰਿ ਸਉ ਲਾਗਾ ॥4॥3॥’ ਮੈਨੂੰ (ਗੁਰੂ ਦਾ ਸ਼ਬਦ ਸੋਨੇ ਦੀ ਸੂਈ ਮਿਲ ਗਈ ਹੈ, (ਉਸ ਦੀ ਬਰਕਤ ਨਾਲ ਮੇਰੀ ਸੁਰਤ ਸ਼ੁੱਧ ਨਿਰਮਲ ਹੋ ਗਈ ਹੈ, ਇਹ, ਮਾਨੋ, ਮੇਰੇ ਪਾਸ) ਚਾਂਦੀ ਦਾ ਧਾਗਾ ਹੈ; (ਇਹ ਸੂਈ ਧਾਗੇ ਨਾਲ) ਮੈਂ ਨਾਮੇ ਦਾ ਮਨ ਪ੍ਰਭੂ ਦੇ ਨਾਲ ਸੀਤਾ ਗਿਆ ਹੈ ।4।3।

ਇਸ ਸ਼ਬਦ ਭਾਵ ਹੈ ਕਿ ਸਿਮਰਨ ਦੀ ਇਹ ਵਡਿਆਈ ਹੈ ਕਿ ਨੀਵੀਂ ਜ਼ਾਤ ਵਾਲਾ ਭੀ ਜੇ ਨਾਮ ਜਪੇ, ਤਾਂ ਉਸ ਨੂੰ ਦੁਨੀਆ ਦੇ ਡਰ ਤਾਂ ਕਿਤੇ ਰਹੇ, ਮੌਤ ਦਾ ਡਰ ਭੀ ਨਹੀਂ ਰਹਿੰਦਾ । ਉਸ ਦੀ ਚਿੱਤ-ਬ੍ਰਿਤੀ ਨਿਰਮਲ ਹੋ ਜਾਂਦੀ ਹੈ, ਤੇ ਉਹ ਸਦਾ ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦਾ ਹੈ। ਭਗਤ ਰਵਿਦਾਸ ਨੂੰ ਉੱਚੀ ਜ਼ਾਤ ਵਾਲਿਆਂ ਬੋਲੀ ਮਾਰੀ ਕਿ ਤੂੰ ਹੈਂ ਤਾਂ ਚਮਿਆਰ ਹੀ, ਤਾਂ ਭਗਤ ਜੀ ਨੇ ਦੱਸਿਆ ਕਿ ਦੇਹ-ਅੱਧਿਆਸ ਕਰ ਕੇ ਸਾਰੇ ਜੀਵ ਚਮਿਆਰ ਬਣੇ ਪਏ ਹਨ-ਵੇਖੋ, ‘ਚਮਰਟਾ ਗਾਠਿ ਨ ਜਨਈ’। ਭਗਤ ਕਬੀਰ ਨੂੰ ਜੁਲਾਹ ਹੋਣ ਦਾ ਮੇਹਣਾ ਦਿੱਤਾ ਤਾਂ ਕਬੀਰ ਜੀ ਨੇ ਕਿਹਾ ਕਿ ਪਰਮਾਤਮਾ ਭੀ ਜੁਲਾਹ ਹੀ ਹੈ, ਇਹ ਕੋਈ ਮੇਹਣੇ ਦੀ ਗੱਲ ਨਹੀਂ-ਵੇਖੋ, ‘ਕੋਰੀ ਕੋ ਕਾਹੂ ਮਰਮੁ ਨ ਜਾਨਾ’ ।

ਸੋ ਇਨ੍ਹਾਂ ਸ਼ਬਦਾਂ ਰਾਹੀਂ ਸਿੱਧ ਹੁੰਦਾ ਹੈ ਕਿ ਗੁਰਮਤਿ ਵਿੱਚ ਜਾਤ ਪਾਤ ਨੂੰ ਕੋਈ ਥਾਂ ਨਹੀਂ ਹੈ। ਗੁਰਦੁਆਰਿਆਂ ਵਿੱਚ ਆਮ ਤੌਰ ’ਤੇ ਜਾਤ ਪਾਤ ਦੇ ਆਦਾਰ’ਤੇ ਕੋਈ ਵਿਤਕਰ ਨਹੀਂ ਕਰਦਾ ਪਰ ਜੇ ਕਿਸੇ ਡੇਰੇ ਵਿਚ ਕੀਤਾ ਜਾਂਦਾ ਹੈ ਤਾਂ ਉਸ ਦਾ ਬਹਾਨਾ ਬਣਾ ਕੇ ਅਸੀਂ ਜਾਤ ਪਾਤ ਨੂੰ ਮੰਨ ਕੇ ਗੁਰੂ ਸਾਹਿਬ ਜੀ ਦੇ ਬਚਨਾ ਅਨੁਸਾਰ ਮੂਰਖ ਗਵਾਰ ਨਹੀਂ ਬਣਨਾ ਸਗੋਂ ਉਸ ਡੇਰੇ ਵਿੱਚ ਜਾਣਾ ਬੰਦ ਕਰ ਦੇਣਾ ਚਾਹੀਦਾ ਹੈ। ਗੁਰੂ ਅਰਜਨ ਸਾਹਿਬ ਜੀ ਨੇ ਸਾਰੇ ਰੱਬੀ ਭਗਤਾਂ ਦੀ ਬਾਣੀ ਬਿਨਾ ਕਿਸੇ ਜਾਤ ਪਾਤ ਦੇ ਵਿਤਕਰੇ ਦੇ ਇੱਕ ਗ੍ਰੰਥ ਵਿੱਚ ਦਰਜ਼ ਕਰਕੇ ਕੇ ਸਾਨੂੰ ‘ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥’ ਦਾ ਉਪਦੇਸ਼ ਦੇ ਕੇ ਇੱਕ ਅਕਾਲ ਪੁਰਖ ਦੇ ਪੁੱਤਰ ਹੋਣ ਦਾ ਅਹਿਸਾਸ ਕਰਵਾਇਆ ਹੈ। ਜਿਹੜੇ ਮੇਰੇ ਵੀਰ ਇਹ ਕਹਿੰਦੇ ਹਨ ਕਿ ਭਗਤ ਰਵਿਦਾਸ ਜੀ ਨੂੰ ਗੁਰੂ ਕਿਉਂ ਨਹੀਂ ਕਹਿੰਦੇ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਜਾਤੀ ਵਿਤਕਰੇ ਕਾਰਣ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਧੰਨੇ ਜੱਟ, ਜੈ ਦੇਵ, ਰਾਮਾ ਨੰਦ, ਪੀਪਾ ਆਦਿਕ ਬ੍ਰਹਮਣਾਂ ਨੂੰ ਵੀ ਭਗਤ ਲਿਖਿਆ ਹੈ। ਇਸ ਲਈ ਸਤਿਕਾਰਯੋਗ ਭਗਤ ਸਾਹਿਬਾਨ ਨੂੰ ਜਾਤਾਂ ਨਾਲ ਜੋੜ ਕੇ ਇਨ੍ਹਾਂ ਦੀ ਬਾਣੀ ਦੇ ਵੱਖਰੇ ਵੱਖਰੇ ਗ੍ਰੰਥ ਤਿਆਰ ਕਰਕੇ ਸਾਨੂੰ ਮੂਰਖ ਗਵਾਰ ਨਹੀਂ ਬਣਨਾ ਚਾਹੀਦਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top