Share on Facebook

Main News Page

ਕੀ ਅਕਾਲ ਤਖਤ ਦੇ ਅਖੌਤੀ ਜਥੇਦਾਰ ਦਾ ਰੁਤਬਾ ਇੱਕ ਪੁਲਿਸ ਮੁਖੀ ਤੋਂ ਵੀ ਛੋਟਾ ਹੈ?

ਅੰਮ੍ਰਿਤਸਰ (28 ਅਪ੍ਰੈਲ ,ਅਰੋੜਾ) - ਪਥੰਕ ਮਸਲਿਆਂ ਦੇ ਹੱਲ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਵਖ ਵਖ ਰਾਜਾਂ ਦੇ ਪੁਲਿਸ ਮੁਖੀਆਂ ਨੂੰ ਲਿਖੇ ਪੱਤਰਾਂ ਬਾਅਦ ਪੰਥਕ ਹਲਕਿਆਂ ਵਿਚ ਇਹ ਚਰਚਾ ਜੋਰ ਫੜ ਰਹੀ ਹੈ ਕਿ ਜਥੇਦਾਰ ਵਾਰ ਵਾਰ ਸਿੱਧੇ ਤੌਰ ਤੇ ਪੱਤਰ ਲਿਖ ਸ੍ਰੀ ਅਕਾਲ ਤਖਤ ਸਾਹਿਬ ਦੀ ਅਹਿਮੀਅਤ ਕਿਉਂ ਘਟਾ ਰਹੇ ਹਨ? ਚਰਚਾ ਤਾਂ ਇਹ ਵੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਹੋਏ ਹੁਕਮਨਾਮਿਆਂ ਨੂੰ ਇਲਾਹੀ ਹੁਕਮ ਦੱਸਕੇ ਸਿਆਸੀ ਵਿਰੋਧੀਆਂ ਨੂੰ ਡਰਾ ਰਿਹਾ ਬਾਦਲ ਦਲ ਤੇ ਸ਼੍ਰੋਮਣੀ ਕਮੇਟੀ ਜਥੇਦਾਰ ਵਲੋ ਕੀਤੇ ਜਾ ਰਹੇ ਇਸ ਪੱਤਰ ਵਿਹਾਰ ਨੂੰ ਆਪਣੇ ਜਿੰਮੇ ਕਿਉਂ ਨਹੀ ਲੈ ਰਿਹਾ?

ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਦੀ ਕਾਰਜ ਪ੍ਰਣਾਲੀ ਦਾ ਲੇਖਾ ਕੀਤਾ ਜਾਏ ਤਾਂ ਇਥੌਂ ਜਾਰੀ ਹਰ ਆਦੇਸ਼, ਸੰਦੇਸ਼ ਅਤੇ ਹੁਕਮਨਾਮੇ ਨੂੰ ਸਿੱਖ ਸੰਗਤਾਂ ਵਿਚ ਲਾਗੂ ਕਰਵਾਉਣ ਹਿੱਤ ਉਤਾਰਾ ਸ਼੍ਰੋਮਣੀ ਕਮੇਟੀ ਨੂੰ ਭੇਜਿਆ ਜਾਂਦਾ ਰਿਹਾ ਹੈ। ਇਥੇ ਹੀ ਬੱਸ ਨਹੀ ਵੱਖ ਵੱਖ ਕੌਮੀ ਮਸਲਿਆਂ ਦੇ ਹੱਲ ਲਈ ਯੋਗ ਉਪਰਾਲੇ ਕਰਨ ਲਈ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੱਤਰ ਲਿਖੇ ਜਾਂਦੇ ਰਹੇ ਹਨ ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਜਾਂ ਸਕਤਰੇਤ ਵਲੋਂ ਕਿਸੇ ਪ੍ਰਸ਼ਾਸ਼ਨਿਕ ਜਾਂ ਪੁਲਿਸ ਅਧਿਕਾਰੀ ਨੂੰ ਪੱਤਰ ਲਿਖਿਆ ਜਾਵੇ ਅਜੇਹਾ ਵਿਧੀ ਵਿਧਾਨ ਨਹੀ ਹੈ, ਕਿਉਂਕ ਸੇਵਾਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਹਸਤੀ ਇਨ੍ਹਾਂ ਦੁਨਿਆਵੀ ਅਹੁਦਿਆਂ ਤੋਂ ਉਚੀ ਮੰਨੀ ਜਾਂਦੀ ਹੈ। ਜਿਕਰ ਯੋਗ ਹੈ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪੰਥ ਵਿਚੋਂ ਛੇਕੇ ਜਾਣ ਉਪਰੰਤ ਪ੍ਰੋ. ਦਰਸ਼ਨ ਸਿੰਘ ਦਾ ਇਕ ਸਮਾਗਮ ਰੋਕਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਲੋਂ ਮਹਾਰਾਸ਼ਟਰ ਦੇ ਪੁਲਿਸ ਮੁਖੀ ਨੂੰ ਇਕ ਪੱਤਰ ਲਿਖਿਆ ਗਿਆ ਸੀ ਲੇਕਿਨ ਇਸਦੇ ਬਾਵਜੂਦ ਉਹ ਪ੍ਰੋਗਰਾਮ ਨੇਪਰੇ ਚੜ੍ਹ ਗਿਆ ।

ਬੀਤੇ ਕੱਲ ਹੀ ਗੁਰਬਚਨ ਸਿੰਘ ਨੇ ਖੁਲਾਸਾ ਕੀਤਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜੇਲ ਵਿਚ ਅੰਮ੍ਰਿਤ ਛਕਾਉਣ ਲਈ ਉਨ੍ਹਾ ਜੇਲ ਵਿਭਾਗ ਦੇ ਡੀ .ਜੀ.ਪੀ. ਸ੍ਰੀ ਅਨਿਲ ਕੋਸ਼ਿਕ ਨੂੰ ਪੱਤਰ ਲਿਖਿਆ ਸੀ ਲੇਕਿਨ ਇਕ ਯਾਦ ਪੱਤਰ ਭੇਜਣ ਦੇ ਬਾਵਜੂਦ ਕੋਈ ਉਤਰ ਨਹੀ ਆਇਆ।ਕੁਝ ਦਿਨ ਪਹਿਲਾਂ ਹੀ ਅਖਬਾਰੀ ਖਬਰਾਂ ਸਨ ਕਿ ਜਥੇਦਾਰ ਜੀ ਨੇ ਉਨ੍ਹਾਂ ਨੂੰ ਮਿਲੀ ਪੁਲਿਸ ਸੁਰਖਿਆ ਵਿਚ ਸਰਕਾਰੀ ਪੁਲਿਸ ਪਾਇਲਟ ਜਿਪਸੀ ਸਾਮਿਲ ਕਰਨ ਲਈ ਚਿੱਠੀ ਲਿਖੀ ਹੈ ਕਿਉਂਕਿ ਜਥੇਦਾਰ ਜੀ ਦੀ ਮੋਟਰ ਕਾਰਵਾਈ ਅੱਗੇ ਹੂਟਰ ਮਾਰ ਦੌੜਨ ਵਾਲੀ ਜਿਪਸੀ ਸ਼੍ਰੋਮਣੀ ਕਮੇਟੀ ਮੰਦਭਾਗੀ ਘਟਨਾ ਬਾਰੇ ਕਾਰਵਾਈ ਕੀਤੇ ਜਾਣ ਨੁੰ ਲੈਕੇ ਗਿਆਨੀ ਗੁਰਬਚਨ ਸਿੰਘ ਨੇ ਜਿਲ੍ਹਾ ਪ੍ਰਸ਼ਾਸ਼ਨ ਨੁੰ ਦੋ ਦਿਨ ਦਾ ਸਮਾ ਵੀ ਦਿੱਤਾ ਸੀ,ਲੇਕਿਨ ਇਹ ਅਲਟੀਮੇਟਮ ਵੀ ਠੰਡੇ ਬਸਤੇ ਵਿਚ ਹੀ ਪੈ ਚੁਕਾ ਹੈ ।

ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ ਮਨਜੀਤ ਸਿੰਘ ਦਾ ਕਹਿਣਾ ਕਿ ਹੁਕਮਨਾਮੇ ਤਾਂ ਸੰਗਤ ਦੇ ਸਹਿਯੋਗ ਨਾਲ ਹੀ ਲਾਗੂ ਹੋ ਸਕਦੇ ਹਨ ਅਤੇ ਇਹ ਜਿੰਮੇਵਾਰੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੀ ਹੈ। ਉਨ੍ਹਾਂ ਕਿਹਾ ਕਿ ਹੁਣ ਤਾ ਜਥੇਦਾਰਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਵੀ ਵੋਟ ਰਾਜਨੀਤੀ ਭਾਰੂ ਪੈ ਰਹੀ ਹੈ ,ਹੁਕਮਨਾਮਿਆਂ ਦੀ ਉਲੰਘਣਾ ਵੀ ਇਨ੍ਹਾ ਦੋਨਾਂ ਧਿਰਾਂ ਵਲੋਂ ਕੀਤੀ ਜਾ ਰਹੀ ਹੈ । ਸ੍ਰ ਕਲਕੱਤਾ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਪ੍ਰਗਟਾਈਆਂ ਭਾਵਨਾਵਾ ਨੂੰ ਪ੍ਰਸਾਸ਼ਨ ਤੇ ਸੰਗਤ ਤੀਕ ਪਹੁੰਚਾਣਾ ਸ਼੍ਰੋਮਣੀ ਕਮੇਟੀ ਦਾ ਕੰਮ ਹੈ ਜਥੇਦਾਰ ਜੀ ਜਾ ਸਕਤਰੇਤ ਵਲੋਂ ਸਿਧੇ ਪੱਤਰ ਲਿਖੇ ਜਾਣ ਦਾ ਰੁਝਾਨ ਬੰਦ ਹੋਣਾ ਚਾਹੀਦਾ ਹੈ । ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸ੍ਰ ਸੁਰਿੰਦਰ ਸਿੰਘ ਕਿਸ਼ਨਪੁਰਾ ਦਾ ਕਹਿਣਾ ਹੈ ਕਿ ਖੁਦ ਨੂੰ ਪੰਥ ਦਾ ਵਾਰਸ ਕਹਾਉਣ ਵਾਲੇ ਬਾਦਲਕੇ ਹੀ ਜਥੇਦਾਰ ਨੂੰ ਆਪਣਾ ਮੁਲਾਜਮ ਸਮਝਦੇ ਹੋਣ, ਕੌਮ ਜਥੇਦਾਰ ਪਾਸੋਂ ਹਰ ਸਵਾਲ ਦਾ ਜਵਾਬ ਮੰਗੇ ਤਾਂ ਜਥੇਦਾਰ ਕੀ ਕਰੇ ?ਲੇਕਿਨ ਇਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਤੇ ਜਥੇਦਾਰ ਦੇ ਅਹੁਦੇ ਦੇ ਵਕਾਰ ਨੂੰ ਖੁਦ ਜਥੇਦਾਰ ਤੇ ਕਮੇਟੀ ਢਾਹ ਲਾ ਰਹੇ ਹਨ ।

ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ ਦਾ ਕਹਿਣਾ ਹੈ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪੁਲਿਸ ਮੁਖੀ ਦੇ ਮੋਢੇ ਤੇ ਰੱਖਕੇ ਬਾਦਲ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਬਚਾਉਣ ਦੀ ਕੋਸਿਸ਼ ਨਾ ਕਰਨ । ਪੁਲਿਸ ਪ੍ਰਸ਼ਾਸ਼ਨ ਲੋਕ ਸੇਵਕ ਹਨ, ਇਨ੍ਹਾ ਨੁੰ ਲਿਖਣ ਦੀ ਬਜਾਏ ਸ੍ਰ ਬਾਦਲ ਜਾਂ ਮੱਕੜ ਨੂੰ ਆਦੇਸ ਦਿਉ ,ਜੇਲਾਂ ਵਿਚ ਅੰਮ੍ਰਿਤ ਪਹਿਲਾਂ ਵੀ ਛਕਾਇਆ ਜਾਂਦਾ ਰਿਹਾ ਹੈ । ਉਨ੍ਹਾਂ ਸੁਝਾਅ ਦਿੱਤਾ ਕਿ ਜਥੇਦਾਰ ਦਫਤਰੀ ਮੁਨਸ਼ੀਪੁਣਾ ਛੱਡ ਕੇ ਕੌਮ ਦੀ ਸਵਾਰਨ ਵੱਲ ਧਿਆਨ ਦੇਣ ।

ਇਸ ਅਖੌਤੀ ਜਥੇਦਾਰ ਦਾ ਅਹੁਦਾ ਤਾਂ ਕਿਸੇ ਚਪੜਾਸੀ ਤੋਂ ਵੱਧ ਨਹੀਂ, ਇਹ ਤਾਂ ਵਿਚਾਰਾ ਬਾਦਲ ਦਾ ਨੌਕਰ ਹੈ, ਇਸ ਦੀ ਕੀ ਮਜਾਲ ਕਿ ਇਹ ਕੋਈ ਕੰਮ ਬਾਦਲ ਦੀ ਇੱਛਾ ਤੋਂ ਉਲਟ ਕਰ ਜਾਵੇ।

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top