Share on Facebook

Main News Page

ਮਾਇਆ ਦੇ ਪ੍ਰਭਾਵ ਤੋਂ ਬਹੁ ਗਿਣਤੀ ਧਰਮ ਸਥਾਨ ਤੇ ਧਾਰਮਿਕ ਵਿਅਕਤੀ ਵੀ ਨਹੀਂ ਬਚੇ: ਭਾਈ ਪੰਥਪ੍ਰੀਤ ਸਿੰਘ

ਬਠਿੰਡਾ, 27 ਅਪ੍ਰੈਲ (ਕਿਰਪਾਲ ਸਿੰਘ): ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 485 ’ਤੇ ਆਸਾ ਰਾਗ ਵਿੱਚ ਦਰਜ਼ ਭਗਤ ਨਾਮਦੇਵ ਜੀ ਦੇ ਸ਼ਬਦ ’ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥ ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ ॥1॥’ ਦੀ ਕਥਾ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖ਼ਤੌਰ ਵਾਲਿਆਂ ਨੇ ਕਿਹਾ, ਭਗਤ ਜੀ ਇਸ ਸ਼ਬਦ ਵਿੱਚ ਸਮਝਾ ਰਹੇ ਹਨ ਕਿ ਇੱਕ ਪਰਮਾਤਮਾ ਅਨੇਕ ਰੂਪ ਧਾਰ ਕੇ ਹਰ ਥਾਂ ਮੌਜੂਦ ਹੈ ਤੇ ਭਰਪੂਰ ਹੈ; ਮੈਂ ਜਿੱਧਰ ਤੱਕਦਾ ਹਾਂ, ਉਧਰ ਪਰਮਾਤਮਾ ਹੀ ਮੌਜੂਦ ਹੈ। ਪਰ ਆਮ ਤੌਰ ’ਤੇ ਜੀਵ ਮਾਇਆ ਦੇ ਰੰਗਾ-ਰੰਗ ਦੇ ਰੂਪਾਂ ਵਿਚ ਚੰਗੀ ਤਰ੍ਹਾਂ ਮੋਹੇ ਪਏ ਹਨ ਇਸ ਕਾਰਣ ਇਸ ਭੇਤ ਨੂੰ ਕੋਈ ਵਿਰਲਾ ਬੰਦਾ ਹੀ ਸਮਝਦਾ ਹੈ, ਕਿ ਪਰਮਾਤਮਾ ਆਪਣੀ ਇਸ ਰਚੀ ਸ੍ਰਿਸ਼ਟੀ ਵਿਚ ਹਰ ਥਾਂ ਮੌਜੂਦ ਹੈ। ਗੁਰੂ ਦੀ ਕਿਰਪਾ ਨਾਲ ਮਨੁੱਖ ਨੂੰ ਇਹ ਸੂਝ ਪੈਂਦੀ ਹੈ। ਉਨ੍ਹਾਂ ਕਿਹਾ ਇਹ ਗੱਲ ਵੀ ਨਹੀਂ ਕਿ ਮਾਇਆ ਦੇ ਪ੍ਰਭਾਵ ਤੋਂ ਆਮ ਮਨੁਖ ਤੇ ਗ੍ਰਿਸਤੀ ਨਹੀਂ ਬਚੇ ਬਲਕਿ ਅਸਲੀਅਤ ਇਹ ਹੈ ਕਿ ਬਹੁ ਗਿਣਤੀ ਧਰਮ ਸਥਾਨ ਤੇ ਧਾਰਮਿਕ ਵਿਅਕਤੀ ਵੀ ਨਹੀਂ ਬਚੇ।

ਗੱਲ ਨੂੰ ਸਮਝਾਉਣ ਲਈ ਭਾਈ ਪੰਥਪ੍ਰੀਤ ਸਿੰਘ ਨੇ ਇੱਕ ਸਾਖੀ ਸੁਣਾਈ ਕਿ ਇੱਕ ਪਾਦਰੀ ਨੇ ਸਿਨੇਮੇ ਦੇ ਮੈਨੇਜ਼ਰ ਨੂੰ ਫ਼ੋਨ ਕੀਤਾ, ਕਿ ਉਹ ਉਨ੍ਹਾਂ ਦੇ ਥੀਏਟਰ ਵਿੱਚ ਚੱਲ ਰਹੀ ਫਿਲਮ ਵੇਖਣੀ ਚਾਹੁੰਦੇ ਹਨ, ਬਸ਼ਰਤੇ ਕਿ ਉਹ ਐਸਾ ਪ੍ਰਬੰਧ ਕਰ ਦੇਣ, ਕਿ ਕੋਈ ਵੀ ਮਰਦ ਜਾਂ ਔਰਤ ਉਨ੍ਹਾਂ (ਪਾਦਰੀ) ਨੂੰ ਫਿਲਮ ਵੇਖਦੇ ਹੋਏ ਨੂੰ ਨਾ ਵੇਖ ਸਕੇ। ਕਿਉਂਕਿ ਉਹ ਇੱਕ ਧਾਰਮਿਕ ਵਿਅਕਤੀ ਹਨ, ਤੇ ਲੋਕ ਉਨ੍ਹਾਂ ਨੂੰ ਫਾਦਰ ਕਹਿੰਦੇ ਹਨ, ਇਸ ਲਈ ਉਹ ਨਹੀਂ ਚਾਹੁੰਦੇ ਕਿ ਲੋਕ ਉਨ੍ਹਾਂ ਨੂੰ ਫਿਲਮ ਵੇਖਦੇ ਹੋਏ ਨੂੰ ਵੇਖ ਕੇ, ਉਨ੍ਹਾਂ ਬਾਰੇ ਕੋਈ ਗਲਤ ਧਾਰਨਾ ਬਣਾ ਲੈਣ। ਮੈਨੇਜਰ ਨੇ ਪਾਦਰੀ ਨੂੰ ਕਿਹਾ ਕਿ ਇਸ ਦਾ ਉਨ੍ਹਾਂ ਪਾਸ ਪੂਰਾ ਪ੍ਰਬੰਧ ਹੈ, ਕਿਉਂਕਿ ਹੋਰ ਵੀ ਬਹੁਤ ਸਾਰੇ ਧਾਰਮਿਕ ਸੰਤ ਬਾਬਿਆਂ ਦੀ ਇਸੇ ਤਰ੍ਹਾਂ ਦੀ ਮੰਗ ਆਉਂਦੀ ਰਹਿੰਦੀ ਹੈ, ਇਸ ਲਈ ਉਨ੍ਹਾਂ ਵਾਸਤੇ ਵਿਸ਼ੇਸ਼ ਤੌਰ ’ਤੇ ਬਾਲਕੋਨੀ ਬਣਾਈ ਹੈ ਜਿਸ ਦਾ ਗੇਟ ਪਿਛਲੇ ਪਾਸੇ ਹੈ, ਜਿਥੋਂ ਕੋਈ ਵੀ ਉਨ੍ਹਾਂ ਨੂੰ ਨਹੀਂ ਵੇਖ ਸਕਦਾ। ਅੱਜ ਉਸ ਬਾਲਕੋਨੀ ਦੀ ਕੋਈ ਬੁਕਿੰਗ ਨਹੀਂ ਹੋਈ, ਇਸ ਲਈ ਜੇ ਉਹ ਚਾਹੁਣ ਤਾਂ ਉਹ ਸਕਦੇ ਹਨ। ਮੈਨੇਜਰ ਨੇ ਕਿਹਾ ਇਸ ਗੱਲ ਦੀ ਉਨ੍ਹਾਂ ਦੀ ਗ੍ਰੰਟੀ ਹੈ, ਕਿ ਕੋਈ ਵੀ ਮਰਦ ਜਾਂ ਔਰਤ ਤੁਹਾਨੂੰ ਫਿਲਮ ਵੇਖਦੇ ਨੂੰ ਨਹੀਂ ਵੇਖ ਸਕੇਗਾ, ਪਰ ਇਸ ਦਾ ਪ੍ਰਬੰਧ ਤੁਸੀਂ ਖ਼ੁਦ ਕਰ ਲੈਣਾ ਕਿ ਪ੍ਰਮਾਤਮਾ ਤੁਹਾਨੂੰ ਨਾ ਵੇਖ ਸਕੇ। ਪਾਦਰੀ ਨੇ ਉਸੇ ਸਮੇਂ ਮੈਨੇਜਰ ਅੱਗੇ ਸੀਸ ਝੁਕਾਇਆ, ਕਿ ਜਿਹੜੀ ਗੱਲ ਪਾਦਰੀ ਹੋ ਕੇ ਵੀ ਮੈਂ ਨਹੀਂ ਸਮਝ ਸਕਿਆ, ਉਹ ਸਿਨੇਮਾ ਦਾ ਮੈਨੇਜਰ ਸਮਝੀ ਬੈਠਾ ਹੈ ਕਿ ਪ੍ਰਮਾਤਮਾ ਹਰ ਥਾਂ ਹਾਜ਼ਰ ਨਾਜ਼ਰ ਹੈ, ਤੇ ਉਸ ਤੋਂ ਕੁਝ ਵੀ ਛੁਪਾਇਆ ਨਹੀਂ ਜਾ ਸਕਦਾ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਇਹ ਮਾਇਆ ਦੇ ਚਿਤ੍ਰ ਬਚਿਤ੍ਰ ਹੀ ਹੈ, ਕਿ ਪ੍ਰਮਾਤਮਾ ਨੂੰ ਹਰ ਥਾਂ ਹਾਜ਼ਰ ਨਾਜ਼ਰ ਨਹੀਂ ਸਮਝਿਆ ਜਾ ਰਿਹ,ਾ ਅਤੇ ਇਸੇ ਕਰਕੇ ਹੀ ਧਾਰਮਿਕ ਜਗਤ ਸਮੇਤ ਦੁਨੀਆਂ ਦੇ ਹਰ ਕੋਨੇ ਵਿੱਚ ਪਾਪ ਹੋ ਰਹੇ ਹਨ। ਇਹੋ ਕਾਰਣ ਹੈ ਕਿ ਚਰਚਾਂ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਹੋ ਰਹੇ ਹਨ। ਪਿਛੇ ਜਿਹੇ ਇੱਕ ਟੀਵੀ ਚੈਨਲ ਨੇ ਸਟਿੰਗ ਉਪ੍ਰੇਸ਼ਨ ਕੀਤ,ਾ ਜਿਸ ਵਿਚ ਵਿਖਾਇਆ ਗਿਆ ਕਿ ਮੁਫ਼ਤੀ 3 ਤੋਂ 5 ਹਜ਼ਾਰ ਰੁਪਏ ਲੈ ਕੇ ਉਨ੍ਹਾਂ ਦੀ ਮਰਜ਼ੀ ਅਨੁਸਾਰ ਫ਼ਤਵੇ ਜਾਰੀ ਕਰ ਰਿਹਾ ਹੈ।

ਸਾਡੇ ਸਰਬ ਉੱਚ ਜਥੇਦਾਰ ਨੇ ਮਾਇਆ ਬਦਲੇ ਇੱਕ ਬਲਾਤਕਾਰੀ ਸਾਧ ਨੂੰ ਦੋਸ਼ ਮੁਕਤ ਕਰਾਰ ਦੇ ਦਿੱਤਾ ਜਦੋਂ ਕਿ ਉਸੇ ਕੇਸ ਵਿੱਚ ਅਦਾਲਤ ਨੇ ਉਸ ਸਾਧ ਨੂੰ ਦੋਸ਼ੀ ਪਾਇਆ ਤੇ ਉਸ ਨੂੰ 10 ਸਾਲ ਦੀ ਸਜਾ ਹੋਈ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਉਪ ਪ੍ਰਧਾਨ ਦੀ ਕਾਰ ਦੁਰਘਟਨਾ ਵਿੱਚ ਮੌਤ ਹੋਈ, ਜਿਸ ਦੀ ਕਾਰ ਵਿਚੋਂ ਸ਼ਰਾਬ ਦੀਆਂ ਬੋਤਲਾਂ ਤੇ ਇੱਕ ਅਣਪਛਾਤੀ ਔਰਤ ਦੀ ਲਾਸ਼ ਮਿਲੀ। ਉਸ ਪ੍ਰਧਾਨ ਦੇ ਭੋਗ ਸਮੇਂ ਰਾਗੀ ਸਿੰਘਾਂ ਨੇ ਸ਼ਬਦ ਪੜ੍ਹਿਆ, ਗ੍ਰੰਥੀ ਸਿੰਘ ਨੇ ਅਰਦਾਸ ਕੀਤੀ ’ਗੁਰਮੁਖ ਜਨਮ ਸਵਾਰ ਦਰਗਹ ਚਲਿਆ॥ ਸਚੀ ਦਰਗਹ ਜਾਇ ਸਚਾ ਪਿੜ ਮਲਿਆ॥’ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਇਤਿਹਾਸ ਹਿੰਦੀ ਦੀ ਪੁਸਤਕ ਛਪਵਾਈ ਜਿਸ ਵਿਚ ਗੁਰੂ ਸਾਹਿਬਾਨ ਦੇ ਆਚਰਨ ਤੇ ਸਿੱਖ ਇਤਿਹਾਸ ਨੂੰ ਹੀ ਕਲੰਕਿਤ ਕੀਤਾ ਗਿਆ। ਜੇ ਧਾਰਮਿਕ ਜਗਤ ਦੇ ਉਕਤ ਸਾਰੇ ਹੀ ਵਿਅਕਤੀਆਂ ਉੱਪਰ ਮਾਇਆ ਦਾ ਪ੍ਰਭਾਵ ਨਾਂ ਹੁੰਦਾ ਤੇ ਉਹ ਪ੍ਰਮਾਤਮਾ ਨੂੰ ਹਰ ਥਾਂ ਹਾਜ਼ਰ ਨਾਜ਼ਰ ਵੇਖਦੇ ਹੁੰਦੇ ਤਾਂ ਕਦੀ ਵੀ ਉਹ ਅਜੇਹੇ ਪਾਪ ਨਾਂਹ ਕਰਦੇ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਕੋਈ ਵਿਰਲਾ ਹੀ ਭਾਗਾਂ ਵਾਲਾ ਹੋਵੇਗ,ਾ ਕਿ ਜਿਹੜਾ ਧਰਮ ਕਮਾਉਣ ਲਈ ਧਰਮ ਅਸਥਾਨਾਂ ’ਤੇ ਆਉਂਦਾ ਹੋਵੇ ਨਹੀਂ ਤਾਂ ਬਹੁ ਗਿਣਤੀ ਧਾਰਮਿਕ ਸਥਾਨਾਂ ’ਤੇ ਆ ਕੇ ਵੀ ਮਾਇਆ ਦੇ ਪ੍ਰਭਾਵ ਹੇਠ ਹੀ ਰਹਿੰਦੇ ਹਨ ਤੇ ਮਾਇਆ ਵਾਸਤੇ ਹੀ ਅਰਦਾਸਾਂ ਕਰਦੇ ਹਨ। ਰਾਗੀ ਢਾਡੀ ਤੇ ਪ੍ਰਚਾਰਕ ਪ੍ਰਚਾਰ ਕਰਨ ਤੋਂ ਪਹਿਲਾਂ ਮਾਇਆ ਦੇ ਹੀ ਸੌਦੇ ਕਰਦੇ ਹਨ, ਕਿ ਇੱਕ ਘੰਟਾ ਕੀਰਤਨ ਕਰਨ ਜਾਂ ਪ੍ਰਚਾਰ ਕਰਨ ਦੇ ਏਨੇ ਪੈਸੇ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਧਰਮ ਸਥਾਨ ਵੀ ਮਾਇਆ ਤੋਂ ਮੁਕਤ ਨਹੀਂ। ਇਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰ: 385 ’ਤੇ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੇ ਇਸ ਤਰ੍ਹਾਂ ਕੀਤਾ ਹੈ: ’ਤੀਰਥਿ ਜਾਉ ਤ ਹਉ ਹਉ ਕਰਤੇ ॥ ਪੰਡਿਤ ਪੂਛਉ ਤ ਮਾਇਆ ਰਾਤੇ ॥1॥ ਸੋ ਅਸਥਾਨੁ ਬਤਾਵਹੁ ਮੀਤਾ ॥ ਜਾ ਕੈ ਹਰਿ ਹਰਿ ਕੀਰਤਨੁ ਨੀਤਾ ॥1॥ ਰਹਾਉ ॥ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਅਕਾਲਪੁਰਖ਼ ਅੱਗੇ ਅਰਦਾਸ ਕਰਨੀ ਚਾਹੀਦੀ ਹੈ, ਕਿ ਉਹ ਆਪ ਹੀ ਕ੍ਰਿਪਾ ਕਰਕੇ ਸਾਨੂੰ ਮਾਇਆ ਦੇ ਚਿਤ੍ਰ ਬਚਿਤ੍ਰ ਤੋਂ ਬਚਾ ਲਵੇ ਤੇ ਅਸੀਂ ਅਕਾਲ ਪੁਰਖ਼ ਨੂੰ ਹਰ ਥਾਂ ਹਾਜ਼ਰ ਨਾਜ਼ਰ ਸਮਝਣ ਦੇ ਸਮਰਥ ਹੋ ਕੇ ਸਹੀ ਮਾਹਨਿਆਂ ਵਿੱਚ ਧਰਮ ਕਮਾਉਣ ਦੀ ਜਾਚ ਸਿੱਖ ਸਕੀਏ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top