Share on Facebook

Main News Page

ਚਿੰਤਾ ਵਿੱਚ ਡੁੱਬੇ ਬਾਦਲ ਨੇ ‘ਸੰਤ ’ਹੰਸਾਲੀ ਵਾਲਿਆਂ ਨੂੰ ਪਹਿਲਾਂ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਬਾਅਦ ਵਿੱਚ ਮੱਥਾ ਟੇਕਿਆ

ਫ਼ਤਹਿਗੜ ਸਾਹਿਬ, 23 ਅਪਰੈਲ (ਗੁਰਪ੍ਰੀਤ ਮਹਿਕ) : ਚਿੰਤਾ ਵਿੱਚ ਡੁੱਬੇ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ‘ਸੰਤ' ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਡੇਰਾ ਹੰਸਾਲੀ ਖੇੜਾ ਵਿਖੇ ਮੱਥਾ ਟੇਕਿਆ। ਬਾਦਲ ਨਾਲ ਪੰਜਾਬ ਪੁਲਿਸ ਦੇ ਸਾਬਕਾ ਮੁੱਖੀ ਐਨ ਪੀ ਐਸ ਔਲਖ, ਜੋਕਿ ਇਸ ਡੇਰੇ ਦੇ ਪੱਕੇ ਸ਼ਰਧਾਲੂ ਵੀ ਹਨ, ਨੇ ਵੀ ਸੰਤ ਹੰਸਾਲੀ ਵਾਲਿਆਂ ਦੇ ਡੇਰੇ ਮੱਥਾ ਟੇਕਿਆ।

ਸਖਤ ਸੁਰੱਖਿਆਂ ਪ੍ਰਬੰਧਾਂ ਹੇਠ ਬਾਦਲ ਸ਼ਾਮ 4 55 ਤੇ ਡੇਰੇ ਪੁੱਜੇ ਅਤੇ 40 ਮਿੰਟ ਦੇ ਕਰੀਬ ਉਥੇ ਰਹੇ। ਡੇਰੇ ਪੁੱਜਣ ਤੋ ਬਾਅਦ ਬਾਦਲ ਸਿੱਧਾ ਹੀ ਸੰਤ ਹੰਸਾਲੀ ਵਾਲਿਆਂ ਨੂੰ ਮਿਲਣ ਚਲੇ ਗਏ। ਉਥੇ ਉਨਾਂ 15 ਮਿੰਟ ਦੇ ਕਰੀਬ ਸੰਤ ਹੰਸਾਲੀ ਵਾਲਿਆਂ ਨਾਲ ਗੁਪਤ ਮੀਟਿੰਗ ਕੀਤੀ। ਡੇਰੇ ਦੇ ਸੂਤਰਾਂ ਮੁਤਾਬਿਕ ਬਾਦਲ ਨੇ ਸੰਤ ਹੰਸਾਲੀ ਵਾਲਿਆਂ ਕੋਲ ਆਪਣੀ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਦੀ ਛੇਤੀ ਸਿਹਤਯਾਬੀ ਲਈ ਅਰਦਾਸ ਕੀਤੀ।

ਉਨ੍ਹਾਂ ਪਰਿਵਾਰ ਦੇ ਦੂਜੇ ਮੈਂਬਰ ਮੈਬਰਾਂ ਤੇ ਵੀ ਕ੍ਰਿਪਾ ਦਾ ਹੱਥ ਰੱਖਣ ਲਈ ਕਿਹਾ। ਉਨ੍ਹਾਂ ਆਪਣੀ ਸਰਕਾਰ ਤੇ ਵੀ ਮਿਹਰ ਭਰਿਆਂ ਹੱਥ ਰੱਖਣ ਲਈ ਬੇਨਤੀ ਕੀਤੀ।  ਸੰਤ ਹੰਸਾਲੀ ਵਾਲਿਆਂ ਨੇ ਸ: ਬਾਦਲ ਨੂੰ ਕਿਹਾ, ਕਿ ਉਹ ਨਾ ਕੇਵਲ ਭਾਰਤ ਬਲਕਿ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਦੀ ਚੰਗੀ ਦੇਖਭਾਲ ਲਈ ਯਤਨ ਕਰਨ। ਬਾਦਲ ਨੇ ਬਾਬਾ ਜੀ ਦੀਆਂ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆ। ਬਾਦਲ ਨੇ ‘ਸੰਤਾਂ' ਨੂੰ ਮਿਲਣ ਤੋ ਬਾਅਦ ਡੇਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਅੱਗੇ ਮੱਥਾ ਟੇਕਿਆ।

ਸ: ਬਾਦਲ ਦੀ ਡੇਰਾ ਫੇਰੀ ਸਮੇਂ ਹਲਕਾ ਸਰਹਿੰਦ ਦੇ ਵਿਧਾਇਕ ਦੀਦਾਰ ਸਿੰਘ ਭੱਟੀ, ਸੀਨੀਅਰ ਅਕਾਲੀ ਨੇਤਾ ਰਣਜੀਤ ਸਿੰਘ ਲਿਬੜਾ, ਸਤਨਾਮ ਸਿੰਘ ਬਰਾਸ ਆਦਿ ਹਾਜਰ ਸਨ, ਜਦੋ ਕਿ ਸ਼੍ਰੋਮਣੀ ਅਕਾਲੀ ਦੱਲ ਦੇ ਜਿਲਾ ਜਥੇਦਾਰ ਜਗਦੀਪ ਸਿੰਘ ਚੀਮਾ, ਉਨਾਂ ਦੇ ਪਿਤਾ ਅਤੇ ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾ ਸਮੇਤ ਜਿਲੇ ਦੇ ਕਈ ਸੀਨੀਅਰ ਅਕਾਲੀ ਨੇਤਾ ਗੈਰ ਹਾਜਰ ਰਹੇ।

ਪੁਲਿਸ ਵੱਲੋ ਕੀਤੇ ਸਖਤ ਸੁਰੱਖਿਆ ਪ੍ਰਬੰਧਾ ਕਾਰਨ ਸ਼ਰਧਾਲੁਆਂ ਨੂੰ ਮੁਸ਼ਕਲਾਂ ਦਾ ਸਾਮਣਾ ਕਰਨਾ ਪਿਆ। ਇਸ ਮੌਕੇ ਲੁਧਿਆਣਾ ਰੇਂਜ ਦੇ ਡੀ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ, ਫ਼ਤਹਿਗੜ ਸਾਹਿਬ ਦੇ ਐਸ ਐਸ ਪੀ ਰਣਵੀਰ ਸਿੰਘ ਖੱਟੜਾ, ਐਸ ਪੀ ਗੁਰਮੀਤ ਸਿੰਘ, ਫ਼ਤਹਿਗੜ ਸਾਹਿਬ ਦੇ ਡੀ ਸੀ ਯਸ਼ਵੀਰ ਮਹਾਜਨ, ਏ ਡੀ ਸੀ ਧਰਮਪਾਲ ਗੁਪਤਾ, ਐਸ ਡੀ ਐਮ ਗੁਰਪਾਲ ਸਿੰਘ ਚਾਹਲ ਆਦਿ ਵੀ ਹਾਜਰ ਸਨ।

ਧੰਨਵਾਦ ਸਹਿਤ ਪੰਜਾਬ ਸਪੈਕਟ੍ਰਮ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top