Share on Facebook

Main News Page

ਜਿਸ ਭਾਜਪਾ ਨੂੰ ਭਾਰਤ ਵਿੱਚ ਘੱਟ ਗਿਣਤੀਆਂ ਦੇ ਹੋਏ ਕਤਲ ਨਹੀਂ ਦਿੱਸਦੇ, ਉਸ ਨੂੰ ਕੀ ਹੱਕ ਹੈ ਕਿ ਉਹ ਪਾਕਿਸਤਾਨ ਦੀ ਸਥਿਤੀ ’ਤੇ ਸ਼ੋਰ ਹੱਲਾ ਕਰੇ: ਭਾਈ ਸਿਰਸਾ

* 1984 ਵਿਚ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਤਲ ਪਿੱਛੋਂ 3000 ਤੋਂ ਵੱਧ ਸਿੱਖ ਦਿੱਲੀ ਤੇ ਹੋਰਨਾਂ ਸ਼ਹਿਰਾਂ ਵਿੱਚ ਕਤਲ ਕੀਤੇ ਗਏ ਤੇ ਜਿਉਂਦੇ ਅੱਗ ਵਿੱਚ ਸਾੜੇ ਗਏ ਤੇ ਉਨ੍ਹਾਂ ਦੇ ਘਰ ਘਾਟ ਉਜਾੜ ਦਿੱਤੇ ਗਏ
* 27 ਫਰਵਰੀ 2002 ਨੂੰ ਮੁੱਖ ਮੰਤਰੀ ਹਾਊਸ ਵਿੱਚ ਹੋਈ ਮੀਟਿੰਗ ਵਿੱਚ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਹਿੰਦੂਆਂ ਦੀ ਭਾਵਨਾ ਭੜਕੀ ਹੈ ਇਸ ਲਈ ੳਨ੍ਹਾਂ ਨੂੰ ਆਪਣਾ ਗੁੱਸਾ ਕੱਢਣ ਦਿਓ
* 2008 ’ਚ ਕਰਨਾਟਕਾ ਤੇ ਉੜੀਸਾ ਵਿੱਚ ਭਾਜਪਾ ਸਰਕਾਰਾਂ ਦੀ ਨਿਗਰਾਨੀ ਹੇਠ ਈਸਾਈਆਂ ਦੇ ਵੱਡੀ ਪੱਧਰ ’ਤੇ ਕਤਲ ਹੋਏ ਤੇ ਚਰਚਾਂ ਨੂੰ ਅੱਗਾਂ ਲਾਈਆਂ ਗਈਆਂ
* ਹਿੰਦੂਆਂ ਦੇ ਹੱਕਾਂ ਲਈ ਭਾਰਤ, ਮੁਸਲਮਾਨਾਂ ਲਈ ਅਰਬ ਦੇਸ਼ ਤੇ ਈਸਾਈਆਂ ਲਈ ਪੂਰਾ ਯੂਰਪ ਆਵਾਜ਼ ਉਠਾ ਰਿਹਾ ਹੈ ਪਰ ਸਿੱਖਾਂ ਲਈ ਆਵਾਜ਼ ਕੌਣ ਉਠਾਏ?
* ਦੇਸ਼ ਦੀ ਇੱਜਤ ਆਬਰੂ ਦੀ ਰਾਖੀ ਅਤੇ ਆਜ਼ਾਦੀ ਲਈ ਬੇਅੰਤ ਕੁਰਬਾਨੀਆਂ ਕਰਨ ਵਾਲੇ ਸਿਖਾਂ ਨੂੰ ਅੱਜ ਆਪਣੇ ਹੀ ਦੇਸ਼ ਵਿੱਚ ਅਤਿਵਾਦੀਆਂ ਤੇ ਵੱਖਵਾਦੀਆਂ ਦੇ ਨਾਮ ਦੇ ਕੇ ਬਦਨਾਮ ਕੀਤਾ ਜਾ ਰਿਹਾ ਹੈ

ਬਠਿੰਡਾ, 23 ਅਪ੍ਰੈਲ (ਕਿਰਪਾਲ ਸਿੰਘ): ਪਾਕਿਸਤਾਨ ਵਿੱਚ ਘੱਟ ਗਿਣਤੀਆਂ ’ਤੇ ਹੋ ਰਹੇ ਤਸ਼ੱਦਦ ’ਤੇ ਚਿੰਤਾ ਪ੍ਰਗਟ ਕਰਨ ਵਾਲੇ, ਭਾਰਤ ਵਿੱਚ ਘੱਟ ਗਿਣਤੀਆਂ ’ਤੇ ਢਾਹੇ ਜਾ ਰਹੇ ਜ਼ੁਲਮਾਂ ’ਤੇ ਵੀ ਕੁਝ ਚਾਨਣਾ ਪਉਣ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਹੇ। ਇਹ ਦੱਸਣਯੋਗ ਹੈ ਕਿ ਬੀਤੀ ਰਾਤ ਪੀਟੀਸੀ ਨਿਊਜ਼ ਚੈਨਲ ’ਤੇ ਵਿਖਾਏ ਜਾ ਰਹੇ ਇੱਕ ਪ੍ਰੋਗਰਾਮ ਵਿੱਚ ਚੱਲ ਰਹੀ ਵੀਚਾਰ ਚਰਚਾ ਦੌਰਾਨ ਪਾਕਿਸਤਾਨ ਵਿੱਚ ਘੱਟ ਗਿਣਤੀਆਂ, ਖ਼ਾਸ ਕਰਕੇ ਹਿੰਦੂ ਸਿੱਖਾਂ ’ਤੇ, ਮੁਸਲਮਾਨ ਕੱਟੜ ਪੰਥੀਆਂ ਵਲੋਂ ਢਾਹੇ ਜਾ ਰਹੇ ਜ਼ੁਲਮਾਂ ’ਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਵਿਨਾਸ਼ ਰਾਏ ਖੰਨਾ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਕਹਿ ਰਹੇ ਸਨ ਇਨ੍ਹਾਂ ਵਿੱਚੋਂ ਜਿਹੜੇ ਭਾਰਤ ਵਿੱਚ ਰਹਿਣਾ ਚਾਹੁੰਦੇ ਹਨ ਤੇ ਜਿਨ੍ਹਾਂ ਦੇ ਕਾਗਜ਼-ਪੱਤਰ ਪੂਰੇ ਹਨ, ਉਨ੍ਹਾਂ ਨੂੰ ਭਾਰਤ ਸਰਕਾਰ ਸਥਾਈ ਵੀਜ਼ੇ ਦੇਵੇ ਅਤੇ ਬਾਕੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਅੰਤਰਾਸ਼ਟਰੀ ਪੱਧਰ ’ਤੇ ਡਿਪਲੋਮੈਟਿਕ ਦਬਾਓ ਬਣਾਇਆ ਜਾਵੇ। ਪਾਕਿਸਤਾਨ ਹਿਊਮਨ ਰਾਈਟਸ ਕਮਿਸ਼ਨ ਵਲੋਂ ਜਾਰੀ ਕੀਤੀ ਰੀਪੋਰਟ ਵਿੱਚ ਦੱਸਿਆ ਗਿਆ ਕਿ ਪਿਛਲੇ ਸਮੇਂ ਵਿੱਚ ਔਰਕਜ਼ਈ ਇਲਾਕੇ ਵਿੱਚ 628 ਹਿੰਦੂ ਤੇ ਸਿੱਖ ਕਤਲ ਕੀਤੇ ਗਏ। ਜ਼ਜ਼ੀਆ ਟੈਕਸ ਵਸੂਲੇ ਜਾਣ ਦੀ ਦਹਿਸ਼ਤ ਕਾਰਣ 500 ਹਿੰਦੂ ਪ੍ਰਵਾਰ ਪ੍ਰਭਾਵਤ ਹੋ ਕੇ ਭਾਰਤ ਆਉਣ ਲਈ ਮਜ਼ਬੂਰ ਹੋਏ ਹਨ।

ਇਸ ਵੀਚਾਰ ਚਰਚਾ ਵਿੱਚ ਸ਼੍ਰੀ ਖੰਨਾ ਤੋਂ ਇਲਾਵਾ ਐੱਚ.ਐੱਸ. ਬਾਠ ਭਾਗ ਲੈ ਰਹੇ ਸਨ, ਜਿਨ੍ਹਾਂ ਨਾਲ ਗੱਲਬਾਤ ਟੀਵੀ ਐਂਕਰ ਸ਼੍ਰੀ ਰੀਤੇਸ਼ ਲੱਖੀ ਕਰ ਰਹੇ ਸਨ। ਸ਼੍ਰੀ ਬਾਠ ਦੱਸ ਰਹੇ ਸਨ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਘੱਟ ਗਿਣਤੀਆਂ ਨੂੰ ਕੱਟੜਪੰਥੀਆਂ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਐਸੀ ਵੀ ਕੋਈ ਗੱਲ ਨਹੀਂ ਕਿ ਪਾਕਿਸਤਾਨ ਵਿੱਚ ਬਹੁਗਿਣਤੀ ਨਾਲ ਸਬੰਧਤ ਫਿਰਕੇ ਦੇ ਲੋਕ ਸ਼ਰੇਆਮ ਜਦੋਂ ਚਾਹੁਣ ਘੱਟ ਗਿਣਤੀਆਂ ਦੇ ਘਰਾਂ ਵਿੱਚ ਦਾਖ਼ਲ ਹੋ ਕੇ ਉਨ੍ਹਾਂ ਦਾ ਕਤਲ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਿਰਫ ਹਿੰਦੂ ਸਿੱਖ ਹੀ ਨਹੀਂ ਬਲਕਿ ਈਸਾਈ ਤੇ ਮੁਸਲਮਾਨਾਂ ਦੇ ਦੂਸਰੇ ਘੱਟ ਗਿਣਤੀ ਫਿਰਕੇ ਜਿਵੇਂ ਕਿ ਅਹਿਮਦੀ, ਸੂਫ਼ੀ, ਸ਼ੀਆ ਆਦਿ ਵੀ ਤਸ਼ੱਦਦ ਦਾ ਸ਼ਿਕਾਰ ਹੋ ਰਹੇ ਹਨ। ਅਸਲ ਵਿੱਚ ਪਾਕਿਸਤਾਨ ਸਰਕਾਰ ਖ਼ੁਦ ਵੀ ਕੱਟੜਪੰਥੀਆਂ ਦੀ ਸ਼ਿਕਾਰ ਹੈ ਤੇ ਉਨ੍ਹਾਂ ਅੱਗੇ ਮਜ਼ਬੂਰ ਹੈ, ਜਿਵੇਂ ਕਿ ਇੱਕ ਗਵਰਨਰ ਦਾ ਵੀ ਕਤਲ ਹੋ ਚੁੱਕਾ ਹੈ।

ਭਾਈ ਸਿਰਸਾ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਵਿੱਚ ਵੱਧ ਰਹੇ ਤਾਲਿਬਾਨੀ ਕੱਟੜਵਾਦ ਕਾਰਣ ਹਿੰਦੂ ਸਿੱਖ ਦਹਿਸ਼ਤ ਦੇ ਭਾਰੀ ਸ਼ਾਏ ਹੇਠ ਹਨ ਤੇ ਭਾਰਤ ਤੇ ਪਾਕਿਸਤਾਨ ਸਰਕਾਰ ਨੂੰ ਇਸ ਦਾ ਕੋਈ ਹੱਲ ਲੱਭਣਾ ਚਾਹੀਦਾ ਹੈ। ਪਰ ਦੂਸਰੇ ਪਾਸੇ ਪਾਕਿਸਤਾਨ ਵਿੱਚ ਹਿੰਦੂਆਂ ’ਤੇ ਢਾਹੇ ਜਾ ਰਹੇ ਜ਼ੁਲਮਾਂ ’ਤੇ ਚਿੰਤਾ ਪ੍ਰਗਟ ਕਰਨ ਵਾਲੀ ਭਾਜਪਾ ਤੇ ਇਸ ਦੇ ਸਾਬਕਾ ਪੰਜਾਬ ਪ੍ਰਧਾਨ ਸ਼੍ਰੀ ਅਵਿਨਾਸ਼ ਰਾਏ ਖੰਨਾ ਨੂੰ ਭਾਰਤ ਵਿੱਚ ਘੱਟ ਗਿਣਤੀਆਂ ’ਤੇ ਢਾਹੇ ਜਾ ਰਹੇ ਜ਼ੁਲਮ ਕਿਉਂ ਨਹੀਂ ਦਿੱਸਦੇ? ਉਨ੍ਹਾਂ ਕਿਹਾ ਇਥੇ ਪਾਕਿਸਤਾਨ ਸਰਕਾਰ ਤੋਂ ਉਲਟ ਕੇਂਦਰ ਤੇ ਸਤਾਧਾਰੀ ਪਾਰਟੀਆਂ ਦੇ ਆਗੂ ਖ਼ੁਦ ਹੀ ਗੁੰਡਾ ਅਨਸਰਾਂ ਦੀ ਭੀੜ ਇਕੱਠੀ ਕਰਕੇ ਘੱਟ ਗਿਣਤੀਆਂ ਦਾ ਸਮੂਹਿਕ ਕਤਲ ਕਰਨ ਲਈ, ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦੇ ਹਨ, ਜਿਹੜਾ ਕਿ ਦੁਨੀਆਂ ਦੀ ਸਭ ਤੋਂ ਵੱਡੀ ਲੋਕਤੰਤਰਿਕ ਤੇ ਅਮਨ ਪਸੰਦ ਕਹਾਉਣ ਵਾਲੀ ਸਰਕਾਰਾਂ ਤੇ ਵੱਡਾ ਕਾਲਾ ਧੱਬਾ ਹੈ। ਭਾਈ ਸਿਰਸਾ ਨੇ ਕਿਹਾ ਕਿ 1984 ਵਿਚ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਤਲ ਪਿੱਛੋਂ 3000 ਤੋਂ ਵੱਧ ਸਿੱਖ ਦਿੱਲੀ ਤੇ ਹੋਰਨਾਂ ਸ਼ਹਿਰਾਂ ਵਿੱਚ ਉਨ੍ਹਾਂ ਦੇ ਘਰਾਂ ਵਿਚੋਂ ਕੱਢ ਕੇ ਕਤਲ ਕੀਤੇ ਗਏ ਤੇ ਜਿਉਂਦੇ ਅੱਗ ਵਿੱਚ ਸਾੜੇ ਗਏ ਤੇ ਉਨ੍ਹਾਂ ਦੇ ਘਰ ਘਾਟ ਉਜਾੜ ਦਿੱਤੇ ਗਏ। 26 ਸਾਲ ਲੰਘ ਜਾਣ ਪਿਛੋਂ ਵੀ ਅੱਜ ਤੱਕ ਕਿਸੇ ਇੱਕ ਵੀ ਦਰਿੰਦੇ ਨੂੰ ਸਜਾ ਨਹੀਂ ਹੋਈ।

ਭਾਈ ਸਿਰਸਾ ਨੇ ਕਿਹਾ ਕਿ 2002 ਵਿੱਚ ਹੋਏ ਦੰਗਿਆਂ ਦੌਰਾਨ ਗੁਜਰਾਤ ਵਿੱਚ ਤਾਇਨਾਤ ਇੱਕ ਸੀਨੀਅਰ ਆਈਪੀਐੱਸ ਅਧਿਕਾਰੀ ਸੰਜੀਵ ਭੱਟ ਨੇ, 22 ਅਪ੍ਰੈਲ 2011 ਨੂੰ ਸੁਪ੍ਰੀਮ ਕੋਰਟ ਵਿੱਚ ਦਾਇਰ ਕੀਤੇ 18 ਪੰਨਿਆਂ ਦੇ ਹਲਫ਼ਨਾਮੇ ਵਿੱਚ ਦੋਸ਼ ਲਾਇਆ ਹੈ ਕਿ 27 ਫਰਵਰੀ 2002 ਨੂੰ ਮੁੱਖ ਮੰਤਰੀ ਹਾਊਸ ਵਿੱਚ ਹੋਈ ਮੀਟਿੰਗ ਵਿੱਚ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਹਿੰਦੂਆਂ ਦੀ ਭਾਵਨਾ ਭੜਕੀ ਹੈ ਇਸ ਲਈ ੳਨ੍ਹਾਂ ਨੂੰ ਆਪਣਾ ਗੁੱਸਾ ਕੱਢਣ ਦਿਓ। ਮੁੱਖ ਮੰਤਰੀ ਦੇ ਸੰਵਿਧਾਨਕ ਉੱਚ ਅਹੁੱਦੇ ’ਤੇ ਬੈਠੇ ਮੋਦੀ ਵਲੋਂ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਨ ਵਾਲੇ ਪ੍ਰਸ਼ਾਸ਼ਨਿਕ ਤੇ ਪੁਲਿਸ ਅਧਿਕਾਰੀਆਂ ਨੂੰ ਅਜਿਹੇ ਨਿਰਦੇਸ਼ ਦੇਣੇ ਸਿਰਫ ਘੱਟ ਗਿਣਤੀਆਂ ਦਾ ਹੀ ਕਤਲ ਨਹੀਂ ਬਲਕਿ ਸੰਵਿਧਾਨ ਦਾ ਵੀ ਕਤਲ ਹੈ। ਮੋਦੀ ਦੀ ਇਸ ਮਨੁਖਤਾ ਤੇ ਸੰਵਿਧਾਨ ਵਿਰੋਧੀ ਕਾਰਵਾਈ ਬਦਲੇ ਉਸ ਨੂੰ ਤੁਰੰਤ ਫਾਂਸੀ ਦਿੱਤੇ ਜਾਣੇ ਚਾਹੀਦਾ ਸੀ ਪਰ ਉਸ ਦੀ ਅਗਵਾਈ ਵਿੱਚ ਮੁਸਲਮਾਨਾਂ ਦੇ ਵੱਡੇ ਗਿਣਤੀ ਵਿੱਚ ਕਤਲ ਕੀਤੇ ਜਾਣ ਦੇ ਇਨਾਮ ਵਜੋਂ ਉਸ ਨੂੰ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਬਣਾਇਆ ਗਿਆ ਹੈ ਤੇ ਹੁਣ ਪ੍ਰਧਾਨ ਮੰਤਰੀ ਦੇ ਅਹੁੱਦੇ ਲਈ ਉਭਾਰਿਆ ਜਾ ਰਿਹਾ ਹੈ। 2008 ’ਚ ਕਰਨਾਟਕਾ ਤੇ ਉੜੀਸਾ ਵਿੱਚ ਭਾਜਪਾ ਸਰਕਾਰਾਂ ਦੀ ਨਿਗਰਾਨੀ ਹੇਠ ਈਸਾਈਆਂ ਦੇ ਵੱਡੀ ਪੱਧਰ ’ਤੇ ਕਤਲ ਹੋਏ ਤੇ ਚਰਚਾਂ ਨੂੰ ਅੱਗਾਂ ਲਾਈਆਂ ਗਈਆਂ।

ਭਾਈ ਸਿਰਸਾ ਨੇ ਕਿਹਾ ਕਿ ਭਾਰਤ ਵਿੱਚ ਅੱਤਿਵਾਦ ਦਾ ਰੌਲਾ ਪਾਉਣ ਵਾਲੇ ਦੱਸਣ ਕਿ ਹਿੰਦੂ ਅਤਿਵਾਦ ਨਾਲੋਂ ਦੁਨੀਆਂ ਵਿੱਚ ਹੋਰ ਕਿਹੜਾ ਵੱਡਾ ਅਤਿਵਾਦ ਹੈ ਜਿਸ ਦੀਆਂ ਸਰਕਾਰਾਂ ਖ਼ੁਦ ਗਿਣੀ ਮਿਥੀ ਸਾਜਿਸ਼ ਅਧੀਨ ਘੱਟ ਗਿਣਤੀਆਂ ਦਾ ਸਮੂਹਿਕ ਕਤਲੇਆਮ ਕਰਵਾ ਰਹੀਆਂ ਹਨ ਤੇ ਅੱਜ ਤੱਕ ਕਿਸੇ ਇੱਕ ਵੀ ਕਾਤਲ ਨੂੰ ਸਜਾ ਨਹੀਂ ਹੋਈ, ਜਦੋਂ ਕਿ ਇੱਕਾ ਦੁੱਕਾ ਅਤਿਵਾਦੀ ਘਟਨਾਵਾਂ ਦੇ ਬਹਾਨੇ ਕਿਤਨੇ ਹੀ ਸਿੱਖਾਂ ਤੇ ਮੁਸਲਮਾਨਾਂ ਨੂੰ ਫਾਂਸੀ ਦੇ ਫੰਧੇ ’ਤੇ ਲਟਕਾ ਦਿੱਤਾ ਗਿਆ ਹੈ ਤੇ ਕਿਤਨੇ ਹੀ ਲਟਕਣ ਦੀ ਉਡੀਕ ਵਿੱਚ ਕਾਲ ਕੋਠੜੀਆਂ ਵਿੱਚ ਬੰਦ ਹਨ। ਭਾਈ ਸਿਰਸਾ ਨੇ ਕਿਹਾ ਹਿੰਦੂਆਂ ਦੇ ਹੱਕਾਂ ਲਈ ਭਾਰਤ, ਮੁਸਲਮਾਨਾਂ ਲਈ ਅਰਬ ਦੇਸ਼ ਤੇ ਈਸਾਈਆਂ ਲਈ ਪੂਰਾ ਯੂਰਪ ਆਵਾਜ਼ ਉਠਾ ਰਿਹਾ ਹੈ ਪਰ ਸਿੱਖਾਂ ਲਈ ਆਵਾਜ਼ ਕੌਣ ਉਠਾਏ? ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਕੋਈ ਵੀ ਅਜਿਹਾ ਦੇਸ਼ ਨਹੀਂ ਜਿਥੇ ਧਾਰਮਿਕ ਘੱਟ ਗਿਣਤੀ ਦੇ ਮਨੁਖੀ ਅਧਿਕਾਰਾਂ ਤੇ ਛਾਪਾ ਨਹੀਂ ਮਾਰਿਆ ਗਿਆ ਜਾਂ ਮਾਰਿਆ ਜਾ ਰਿਹਾ। ਇੱਕੋ ਇੱਕ ਬਾਬਾ ਬੰਦਾ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਸਨ ਜਿਥੇ ਧਰਮ ਦੇ ਨਾਂ ’ਤੇ ਕਿਸੇ ਨਾਲ ਧੱਕਾ ਨਹੀਂ ਕੀਤਾ ਗਿਆ ਸੀ ਤੇ ਸਭ ਧਰਮਾਂ ਵਾਲਿਆਂ ਨੂੰ ਪੂਰਨ ਧਾਰਮਿਕ ਆਜਾਦੀ ਸੀ। ਇਸ ਦੇ ਬਾਵਜੂਦ ਦੇਸ਼ ਦੀ ਇੱਜਤ ਆਬਰੂ ਦੀ ਰਾਖੀ ਅਤੇ ਆਜ਼ਾਦੀ ਲਈ ਬੇਅੰਤ ਕੁਰਬਾਨੀਆਂ ਕਰਨ ਵਾਲੇ ਸਿਖਾਂ ਨੂੰ ਅੱਜ ਆਪਣੇ ਹੀ ਦੇਸ਼ ਵਿੱਚ ਅਤਿਵਾਦੀਆਂ ਤੇ ਵੱਖਵਾਦੀਆਂ ਦੇ ਨਾਮ ਦੇ ਕੇ ਬਦਨਾਮ ਕੀਤਾ ਜਾ ਰਿਹਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top