Share on Facebook

Main News Page

ਸਿੱਖ ਦਾ ਸਰੂਪ, ਬਿਨਾਂ ਅੰਦਰਲੇ ਗੁਣ, ਗੁਰਬਾਣੀ ਤੋਂ ਸੱਖਣੇ ਹੋਣ ਕਾਰਨ, ਭੇਖ ਬਣ ਚੁਕਿਆ ਹੈ: ਪ੍ਰੋ. ਦਰਸ਼ਨ ਸਿੰਘ ਖਾਲਸਾ

23 April 2011 ਨੂੰ ਗੁਰੂ ਗ੍ਰੰਥ ਸਾਹਿਬ ਅਕੈਡਮੀ, ਬਰੈਂਪਟਨ, ਕੈਨੇਡਾ ਵਿਖੇ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਵਿਸਾਖੀ ਦੇ ਦਿਹਾੜੇ ਮਃ੩॥ ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ॥ ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ॥ ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ॥ ਜੋ ਤਿਸੁ ਭਾਵੈ ਸੋ ਥੀਐ ਇਨ ਬਿਧਿ ਕੰਤ ਮਿਲੀ॥੨॥ {ਪੰਨਾ 785} ਸ਼ਬਦ ਦਾ ਗਾਇਨ ਕੀਤਾ।

ਉਨ੍ਹਾਂ ਕਿਹਾ ਕਿ ਅਸੀਂ ਦਿਹਾੜੇ, ਦਿਨ ਕਰ ਕੇ ਨਾ ਮਨਾਈਏ, ਦਿਲ ਕਰਕੇ ਮਨਾਈਏ। ਗੁਰੂ ਇਸ ਦਿਨ ਸਾਨੂੰ ਵੇਸ ਦਿੱਤਾ, ਪਰ ਦੋ ਸੌ ਸਾਲ ਗੁਰਬਾਣੀ ਨਾਲ ਸਿੰਜਣ ਤੋਂ ਬਾਅਦ। ਅੱਜ ਅਸੀਂ ਸਿਰਫ ਦਿਖਾਵੇ ਮਾਤਰ ਵੇਸ ਤਾਂ ਧਾਰਣ ਕਰੀ ਜਾਂਦੇ ਹਾਂ, ਪਰ ਗੁਰਬਾਣੀ ਨਾਲੋਂ ਦੂਰ ਹੋਈ ਜਾ ਰਹੇ ਹਾਂ, ਜਿਸ ਕਰਕੇ ਉਹ ਵੇਸ ਇੱਕ ਭੇਖ ਬਣ ਚੁਕਾ ਹੈ। ਇੱਕ ਬਹੁਤ ਵੱਡਾ ਭੁਲੇਖਾ ਸਿੱਖਾਂ ਵਿੱਚ ਪਾਇਆ ਜਾ ਰਿਹਾ ਹੈ, ਕਿ ਕੇਸ ਵੀ ਸਾਨੂੰ ਦਿੱਤੇ, ਕੀ ਇਸ ਦਿਨ ਤੋਂ ਪਹਿਲਾਂ ਸਿੱਖ ਕੇਸਾਂ ਤੋਂ ਬਿਨਾਂ ਸਨ? ਨਹੀਂ, ਕੇਸ ਭੇਖ ਨਹੀਂ, ਇਹ ਸ਼ਰੀਰ ਦਾ ਅਨਿਖੜਵਾਂ ਹਿੱਸਾ ਹਨ। ਬਾਕੀ ਕਕਾਰ ਤਾਂ ਬਾਹਰੋਂ ਪਾਏ ਜਾਂਦੇ ਹਨ, ਪਰ ਕੇਸ ਪਾਏ ਜਾਂ ਰੱਖੇ ਨਹੀਂ ਜਾਂਦੇ, ਇਹ ਤਾਂ ਸ਼ਰੀਰ ਦਾ ਹਿੱਸਾ ਹਨ। ਬਾਕੀ ਚਾਰ ਕਕਾਰ, ਕੇਸਾਂ ਤੋਂ ਬਿਨਾਂ ਕੋਈ ਮਾਅਨਾ ਨਹੀਂ ਰੱਖਦੇ, ਇਸੇ ਕਰਕੇ ਹੀ ਸਿੱਖ ਰਹਿਤ ਮਰਿਯਾਦਾ ਵਿੱਚ ਵੀ ਚਾਰ ਕੁਰਿਹਤਾਂ 'ਚ ਕੇਸਾਂ ਦੀ ਬੇਅਦਬੀ ਦਾ ਜ਼ਿਕਰ ਹੈ, ਬਾਕੀਆਂ ਦਾ ਨਹੀਂ। ਸਿੱਖ ਨੇ ਕੀ ਪਹਿਨਣਾ ਹੈ, ਉਸ ਤੇ ਕੋਈ ਪਾਬੰਦੀ ਨਹੀਂ, ਸਿਵਾਏ ਦਸਤਾਰ ਅਤੇ ਕਛਿਹਰੇ ਦੇ। ਸਿੱਖ ਚੋਲ਼ਾ ਪਾਵੇ, ਪੈਂਟ ਪਾਵੇ ਜਾਂ ਹੋਰ ਕੋਈ ਪਹਿਰਾਵਾ, ਦਸਤਾਰ ਅਤੇ ਕਛਿਹਰਾ, ਸਿੱਖ ਲਈ ਲਾਜ਼ਮੀ ਹੈ।

ਉਨ੍ਹਾਂ ਕਿਹਾ ਕਿ ਸਿੱਖ ਦਾ ਬਾਣਾ, ਉਸ ਦੀ ਪਹਿਚਾਣ ਹੈ। ਜਿਸ ਤਰ੍ਹਾਂ ਕੋਈ ਆਈ ਡੀ (ID) ਦਿਖਾਉਂਦਾ ਹੈ ਤਾਂ, ਪਰਖਣ ਵਾਲਾ ਪਹਿਲਾਂ ਆਈ ਡੀ ਵਲ ਦੇਖਦਾ ਹੈ, ਫਿਰ ਚੇਹਰੇ ਵੱਲ, ਇਹ ਦੇਖਣ ਲਈ ਕਿ ਜਿਸਦੀ ਇਹ ਆਈ ਡੀ ਹੈ, ਉਸ ਦੀ ਸ਼ਕਲ ਉਸ ਦੇ ਨਾਲ ਮਿਲਦੀ ਵੀ ਹੈ। ਉਸੇ ਤਰ੍ਹਾਂ ਜੇ ਸਾਡੀ ਸ਼ਕਲ ਤਾਂ ਸਿੱਖ ਵਾਲੀ ਹੋਵੇ, ਤਾਂ ਗੁਰੂ ਵੀ ਉਸ ਦੀ ਆਈ ਡੀ ਵਲ ਦੇਖਕੇ ਇਹ ਪਹਿਚਾਣ ਕਰਦਾ ਹੈ, ਕੀ ਵਾਕਿਆ ਹੀ ਇਸ ਦੀ ਸ਼ਕਲ ਅਤੇ ਅੰਦਰ ਦਾ ਮੇਲ ਹੈ, ਜਾਂ ਸਿਰਫ ਭੇਖ ਹੀ ਹੈ।

ਉਨ੍ਹਾਂ ਕਿਹਾ ਕਿ. ਹੁਣ ਤਾਂ ਭੇਖ ਨੂੰ ਹੀ ਮੁੱਖ ਰੱਖ ਲਿਆ ਗਿਆ ਹੈ, ਜਿਸਨੇ ਲੰਮਾ ਚੋਲ਼ਾ ਪਾਇਆ ਹੋਵੇ, ਗੋਲ਼ ਦਸਤਾਰ ਬੰਨੀ ਹੋਵੀ, ਚੌੜਾ ਗਾਤਰਾ ਪਾਇਆ ਹੋਵੇ, ਵੱਡੀ ਕਿਰਪਾਨ ਪਾਈ ਹੋਵੇ, ਉਹ ਬਹੁਤ ਵੱਡਾ ਸਿੱਖ। ਤੇ ਜਿਸਨੇ ਆਮ ਪੱਗ ਬੰਨੀ ਹੋਵੇ, ਪੈਂਟ ਪਾਈ ਹੋਵੇ, ਉਹ ਛੋਟਾ ਸਿੱਖ। ਉਹ ਲੋਕ "ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ॥" ਅਨੁਸਾਰ ਆਪਣੇ ਆਪ ਨੂੰ ਤਾਂ ਬਹੁਤ ਵਡੇ ਅੱਖਰ ਮੰਨਦੇ ਹਨ, ਬਾਕੀਆਂ ਨੂੰ ਲਗਾਂ ਮਾਤਰਾਵਾਂ ਹੀ ਮੰਨਦੇ ਹਨ।

ਪਰ ਗੁਰੂ ਤਾਂ ਕਹਿੰਦੇ ਨੇ ਕੀ ਗੁਰਬਾਣੀ ਗੁਰਮਤਿ ਦੇ ਨਾਲ ਜੱਦ ਵੇਸ ਦਾ ਸੁਮੇਲ ਹੋਏਗਾ ਤਾਂ ਸਿੱਖ ਬਣੇਗਾ। ਜਦੋਂ ਪੁਛਿਆ ਗਿਆ ਗੁਰੂ ਜੀ

ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥ ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥੧੨੬॥
(ਹੇ ਭੈਣ!) ਉਹ ਕੇਹੜਾ ਅੱਖਰ ਹੈ? ਉਹ ਕੇਹੜਾ ਗੁਣ ਹੈ? ਉਹ ਕੇਹੜਾ ਸ਼ਿਰੋਮਣੀ ਮੰਤਰ ਹੈ? ਉਹ ਕੇਹੜਾ ਵੇਸ ਮੈਂ ਕਰਾਂ ਜਿਸ ਨਾਲ (ਮੇਰਾ) ਖਸਮ (ਮੇਰੇ) ਵੱਸ ਵਿਚ ਆ ਜਾਏ? ।126।

ਤਾਂ ਜਵਾਬ ਮਿਲਿਆ

ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥ ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥੧੨੭॥
ਹੇ ਭੈਣ! ਨਿਊਣਾ ਅੱਖਰ ਹੈ, ਸਹਾਰਨਾ ਗੁਣ ਹੈ, ਮਿੱਠਾ ਬੋਲਣਾ ਸ਼ਿਰੋਮਣੀ ਮੰਤਰ ਹੈ । ਜੇ ਇਹ ਤਿੰਨ ਵੇਸ ਕਰ ਲਏਂ ਤਾਂ (ਮੇਰਾ) ਖਸਮ (ਤੇਰੇ) ਵੱਸ ਵਿਚ ਆ ਜਾਇਗਾ ।127।

ਤੇ ਇਹ ਤਿੰਨ ਗੁਣ ਸਿੱਖ ਵਿੱਚ ਹੋਣੇ ਜ਼ਰੂਰੀ ਹਨ। ਪਰ ਇਹ ਸਾਰੇ ਗੁਣ ਛੱਡ ਅਸੀਂ ਸਿਰਫ ਬਾਹਰਲੇ ਸਰੂਪ ਤੱਕ ਹੀ ਸੀਮਿਤ ਰਹਿ ਗਏ ਹਾਂ, ਜਿਹੜਾ ਜ਼ਰੂਰੀ ਤਾਂ ਹੈ, ਪਰ ਬਿਨਾਂ ਅੰਦਰਲੇ ਗੁਣ, ਗੁਰਬਾਣੀ ਤੋਂ ਸੱਖਣੇ ਹੋਣ ਕਾਰਨ ਭੇਖ ਬਣ ਚੁਕਿਆ ਹੈ। ਗੁਰੂ ਰਹਿਮਤ ਕਰੇ ਕਿ ਅਸੀਂ ਅੰਦਰੋਂ ਬਾਹਰੋਂ ਇਕੋ ਜਿਹੇ ਹੋਈਏ, ਤਾਂ ਸਾਡੀ ਆਈ ਡੀ ਅਸਲੀ ਸਾਬਿਤ ਹੋਵੇ, ਭੇਖ ਨਹੀਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top