Share on Facebook

Main News Page

ੴਸਤਿਗੁਰਪ੍ਰਸਾਦਿ॥
ਸ੍ਰ. ਤਰਸੇਮ ਸਿੰਘ ਅਟਵਾਲ ਜੀ ਨੂੰ ਅਪੀਲ਼

ਸ੍ਰ. ਤਰਸੇਮ ਸਿੰਘ ਅਟਵਾਲ ਜੀ ਨੂੰ ਅਕਾਲ ਤਖਤ ਸਾਹਿਬ ਦੇ ਨਾਂ ਤੇ ਆਇਆ ਪੇਸ਼ੀ ਦਾ ਹੁਕਮ ਅਤੇ ਉਨ੍ਹਾਂ ਦਾ ਪ੍ਰਤੀਕਰਮ ਪੜ੍ਹਿਆ। ਸਭ ਤੋਂ ਵੱਧ ਖੁਸ਼ੀ ਇਹ ਹੋਈ ਕਿ ਵੀਰ ਤਰਸੇਮ ਸਿੰਘ ਜੀ ਸੱਚ ਤੇ ਕਾਇਮ ਰਹਿਣ ਲਈ ਦ੍ਰਿੜ ਹਨ। ਉਨ੍ਹਾਂ ਦੀ ਇਹ ਗੱਲ ਵੀ ਬਹੁਤ ਤਾਰੀਫ ਦੇ ਕਾਬਲ ਹੈ ਕਿ ਉਹ ਪ੍ਰੋ ਦਰਸ਼ਨ ਸਿੰਘ ਦੇ ਸਰੀਰ ਨਾਲ ਨਹੀਂ ਬਲਕਿ ਸੱਚ ਤੇ ਪਹਿਰਾ ਦੇਣ ਦੇ ਸਿਧਾਂਤ ਨਾਲ ਖੜ੍ਹੇ ਹਨ। ਉਨ੍ਹਾਂ ਦੇ ਪ੍ਰਤੀਕਰਮ ਵਿੱਚੋਂ ਅਕਾਲ ਤਖਤ ਸਾਹਿਬ ਵਾਸਤੇ ਸਤਿਕਾਰ ਅਤੇ ਸ਼ਰਧਾ ਛਲਕ ਛਲਕ ਪੈਂਦੇ ਹਨ, ਜੋ ਇਕ ਕੌਮ ਪ੍ਰਸਤ ਸੱਚੇ ਸਿੱਖ ਦੇ ਜੀਵਨ ਵਿੱਚ ਹੋਣਾ ਵੀ ਚਾਹੀਦਾ ਹੈ।

ਇਕ ਗੱਲ ਦੀ ਥੋੜ੍ਹੀ ਜਿਹੀ ਹੈਰਾਨਗੀ ਵੀ ਹੋਈ, ਜੋ ਉਨ੍ਹਾਂ ਅਖੌਤੀ ਜਥੇਦਾਰਾਂ ਅੱਗੇ ਪੇਸ਼ ਹੋਣ ਦਾ ਮਨ ਬਣਾਇਆ ਹੈ। ਸ਼ਾਇਦ ਉਨ੍ਹਾਂ ਦੇ ਮਨ ਵਿੱਚ ਅਜੇ ਵੀ ਅਕਾਲ ਤਖਤ ਸਾਹਿਬ ਅਤੇ ਅਖੌਤੀ ਜਥੇਦਾਰ ਬਾਰੇ ਕੁਝ ਭੁਲੇਖਾ ਹੈ। ਬਹੁਤੇ ਸਿੱਖਾਂ ਦੀ ਤਰ੍ਹਾਂ ਉਹ ਦੋਨਾਂ ਵਿੱਚ ਫਰਕ ਨਹੀਂ ਕਰ ਸਕੇ। ਪਹਿਲਾਂ ਤਾਂ ਅਕਾਲ ਤਖਤ ਸਾਹਿਬ ਇਕ ਸਿਧਾਂਤ ਹੈ ਅਤੇ ਸਿਧਾਂਤ ਦਾ ਕੋਈ ਜਥੇਦਾਰ ਨਹੀਂ ਹੁੰਦਾ। ਸਿੱਖ ਦੇ ਮਨ ਵਿੱਚ ਸਤਿਕਾਰ ਉਸ ਸਿਧਾਂਤ ਦਾ ਹੋਣਾ ਚਾਹੀਦਾ ਹੈ, ਇਸ ਬਹਾਨੇ ਕਿਸੇ ਵਿਅਕਤੀ ਨੂੰ ਸਰਵਉਚ ਹੋਣ ਦੀ ਮਾਨਤਾ ਦੇਣੀ, ਕੌਮ ਲਈ ਬਹੁਤ ਘਾਤਕ ਹੁੰਦਾ ਹੈ ਅਤੇ ਕੌਮ ਪਹਿਲਾਂ ਹੀ ਇਸ ਦਾ ਵੱਡਾ ਸੰਤਾਪ ਭੋਗ ਰਹੀ ਹੈ।

ਇਸ ਸੰਸਥਾ ਦੀ ਗੱਲ ਵੀ ਕਰੀਏ ਤਾਂ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਅੱਜ ਇਸ ਸੰਸਥਾ ਤੇ ਪੰਥ ਅਤੇ ਗੁਰਮਤਿ ਦੇ ਦੋਖੀ ਕਾਬਜ਼ ਹਨ। ਲਾਲ ਕਿਲਾ ਆਪਣੇ ਹੋਂਦ ਵਿੱਚ ਆਉਣ ਤੋਂ ਹੀ ਭਾਰਤ ਦੀ ਸਤਾ ਦਾ ਪ੍ਰਤੀਕ ਰਿਹਾ ਹੈ। 15 ਅਗਸਤ, ਸੰਨ 1947 ਤੋਂ ਪਹਿਲਾਂ ਭਾਰਤ ਵਿੱਚ ਅੰਗ੍ਰੇਜ਼ਾਂ ਦਾ ਰਾਜ ਸੀ ਅਤੇ ਲਾਲ ਕਿਲੇ ਤੇ ਯੂਨੀਅਨ ਜੈਕ ਝੂਲਦਾ ਸੀ। ਕੋਈ ਵੀ ਕੌਮ ਪ੍ਰਸਤ ਭਾਰਤੀ ਉਸ ਵੇਲੇ, ਲਾਲ ਕਿਲੇ ਅੱਗੇ ਸਿਰ ਨਹੀਂ ਸੀ ਝੁਕਾਉਂਦਾ। ਹਾਂ ਕੁਝ ਝੋਲੀ ਚੁੱਕ ਕਿਸਮ ਦੇ ਘਟੀਆ ਲੋਕ ਤਾਂ ਆਪਣੇ ਸੁਆਰਥਾਂ ਲਈ, ਹਰ ਕਿਸੇ ਅੱਗੇ ਝੁਕਦੇ ਹੀ ਰਹਿੰਦੇ ਹਨ। ਸੱਚੇ ਦੇਸ਼ ਭਗਤ ਉਸ ਸਮੇਂ ਅੰਗਰੇਜ਼ੀ ਰਾਜ ਖਿਲਾਫ, ਅਜ਼ਾਦੀ ਲਈ ਸੰਘਰਸ਼ ਕਰਦੇ ਸਨ। ਉਨ੍ਹਾਂ ਕੌਮ ਪ੍ਰਸਤਾਂ ਦੀਆਂ ਕੁਰਬਾਨੀਆਂ ਸਦਕਾ, 15 ਅਗਸਤ, ਸੰਨ 1947 ਨੂੰ ਭਾਰਤ ਅਜ਼ਾਦ ਹੋ ਗਿਆ, ਲਾਲ ਕਿਲੇ ਤੇ ਭਾਰਤ ਦਾ ਝੰਡਾ ਝੁਲ ਗਿਆ, ਅੱਜ ਭਾਰਤੀ ਲੋਕ ਉਸ ਦਾ ਸਨਮਾਨ ਕਰਨ ਵਿੱਚ ਫਖ਼ਰ ਮਹਿਸੂਸ ਕਰਦੇ ਹਨ।

ਬੇਸ਼ਕ ਅਕਾਲ ਤਖ਼ਤ ਸਾਹਿਬ ਪੰਥ ਦਾ ਹੈ, ਪਰ ਅੱਜ ਉਥੇ ਅਸਿੱਧੇ ਰੂਪ ਵਿੱਚ ਪੰਥ ਦੋਖੀ ਸ਼ਕਤੀਆਂ ਦਾ ਕਬਜ਼ਾ ਹੈ। ਉਨ੍ਹਾਂ ਦੇ ਹੱਥ ਠੋਕੇ ਅਖੌਤੀ ਜਥੇਦਾਰਾਂ ਅੱਗੇ ਪੇਸ਼ ਹੋਣਾ, ਉਨ੍ਹਾਂ ਪੰਥ ਦੋਖੀ ਸ਼ਕਤੀਆਂ ਅੱਗੇ ਸਿਰ ਨਿਵਾਉਣ ਬਰਾਬਰ ਹੈ। ਅੱਜ ਉਨ੍ਹਾਂ ਅਗੇ ਝੁਕਣ ਦੀ ਨਹੀਂ, ਉਨ੍ਹਾਂ ਕੋਲੋਂ ਅਕਾਲ ਤਖਤ ਸਾਹਿਬ ਨੂੰ ਅਜ਼ਾਦ ਕਰਾਉਣ ਦੀ ਲੋੜ ਹੈ।

ਵੀਰ ਤਰਸੇਮ ਸਿੰਘ ਅਟਵਾਲ ਜੀ ਨੇ ਬੜੀ ਸੱਚੀ ਸੁੱਚੀ ਭਾਵਨਾ ਅਧੀਨ ਲਿਖਿਆ ਹੈ ਕਿ ਉਹ ਉਥੇ ਸੱਚ ਬੋਲਣਗੇ ਵੀ ਅਤੇ ਸੱਚ ਤੇ ਕਾਇਮ ਵੀ ਰਹਿਣਗੇ। ਮੁਬਾਰਕ ਹੈ, ਵਾਹਿਗੁਰੂ ਸੱਚ ਤੇ ਕਾਇਮ ਰਹਿਣ ਦੀ ਤਾਕਤ ਅਤੇ ਸਮਰੱਥਾ ਬਖਸ਼ੇ ਪਰ ਉਨ੍ਹਾਂ ਦਾ ਸੱਚ ਬੋਲਿਆ ਸੁਣੇਗਾ ਕੌਣ? ਜਿਨ੍ਹਾਂ ਨੂੰ ਸੁਨਾਉਣ ਚੱਲੇ ਹਨ, ਉਨ੍ਹਾਂ ਦੇ ਕੰਨ ਤਾਂ ਉਨ੍ਹਾਂ ਦੇ ਰਾਜਸੀ ਆਕਾਵਾਂ ਤੋਂ ਸਿਵਾ ਹੋਰ ਕਿਸੇ ਦੀ ਗੱਲ ਸੁਣਦੇ ਹੀ ਨਹੀਂ। ਬੰਦ ਕਮਰੇ ਵਿੱਚ ਹੋਰ ਕਿਸ ਨੂੰ ਸੁਨਾਉਣਗੇ। ਉਨ੍ਹਾਂ ਦੇ ਬਾਹਰ ਅਕਾਲ ਤਖਤ ਸਾਹਿਬ ਤੇ ਆਉਣ ਦਾ ਤਾਂ ਸੁਆਲ ਹੀ ਨਹੀਂ, ਇਹ ਅਸੀਂ ਪ੍ਰੋ. ਦਰਸ਼ਨ ਸਿੰਘ ਹੋਰਾਂ ਦੇ ਕੇਸ ਵਿੱਚ ਵੇਖ ਹੀ ਬੈਠੇ ਹਾਂ। ਸਿਵਾਏ ਇਸ ਦੇ ਕਿ ਤਰਸੇਮ ਸਿੰਘ ਅਟਵਾਲ ਜੀ ਨੂੰ ਬੰਦ ਕਮਰੇ ਵਿੱਚ ਰੱਜ ਕੇ ਜ਼ਲੀਲ ਕਰਨ, ਇਸ ਤੋਂ ਸਿਵਾ, ਹੋਰ ਕੁਝ ਪੱਲੇ ਨਹੀਂ ਪੈਣਾ।

ਤਰਸੇਮ ਸਿੰਘ ਅਟਵਾਲ ਜੀ ਨੇ ਅਤਿ ਨਿਮਰਤਾ ਵਾਲੀ ਅਵਸਥਾ ਵਿੱਚ ਲਿਖਿਆ ਹੈ, ਕਿ ਉਹ ਨਾ ਤਾਂ ਕੋਈ ਸਿਆਸੀ ਆਗੂ ਹਨ ਅਤੇ ਨਾ ਹੀ ਧਾਰਮਿਕ। ਅਸੀਂ ਤਰਸੇਮ ਸਿੰਘ ਅਟਵਾਲ ਜੀ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ, ਕਿ ਸਤਿਗੁਰੂ ਨੇ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦੀ ਅਜ਼ਾਦੀ ਵਾਸਤੇ ਚਲ ਰਹੇ ਸੰਘਰਸ਼ ਦਾ ਇਕ ਥੰਮ ਬਣਨ ਦਾ ਸੁਭਾਗ ਬਖਸ਼ਿਆ ਹੈ, ਬਸ ਲੋੜ ਇਹ ਹੈ ਕਿ ਥੰਮ ਆਪਣੀ ਜਗ੍ਹਾ ਤੇ ਕਾਇਮ ਰਹੇ। ਇਸ ਸੱਚ ਦੀ ਲੜਾਈ ਵਿੱਚ ਤਰਸੇਮ ਸਿੰਘ ਅਟਵਾਲ ਜੀ ਇਕਲੇ ਨਹੀਂ, ਹਰ ਪੰਥ ਪ੍ਰਸਤ ਸੱਚਾ ਸਿੱਖ ਉਨ੍ਹਾਂ ਦੇ ਨਾਲ ਹੈ ਅਤੇ ਹਰ ਹਾਲਾਤ ਵਿੱਚ ਉਨ੍ਹਾਂ ਦੇ ਨਾਲ ਖੜੇ ਰਹਾਂਗੇ।

ਰਾਜਿੰਦਰ ਸਿੰਘ, (ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ,
ਟੈਲੀਫੋਨ: +91 98761 04726
ਕਰਨਲ ਗੁਰਦੀਪ ਸਿੰਘ
ਸ਼੍ਰੋਮਣੀ ਸਿੱਖ ਸਮਾਜ
ਟੈਲੀਫੋਨ: +91 94654 47897
ਜਸਬਿੰਦਰ ਸਿੰਘ ਖਾਲਸਾ
ਭਾਈ ਲਾਲੋ ਫਾਉਂਡੇਸ਼ਨ
ਟੈਲੀਫੋਨ:+91 98725 44016
ਗੁਰਚਰਨ ਸਿੰਘ
ਗੁਰਮਤਿ ਮਿਸ਼ਨ ਟਰੱਸਟ
ਟੈਲੀਫੋਨ: +91 95696 29442

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top