Share on Facebook

Main News Page

ਭੱਠਾ ਮਜ਼ਦੂਰੀ ਕਰ ਰਹੇ ਹਨ ਸ਼ਹੀਦ ਊਧਮ ਸਿੰਘ ਦੇ ਵਾਰਸ

ਬਠਿੰਡਾ, 22 ਅਪ੍ਰੈਲ (ਹਰਜੀਤ ਸਿੰਘ ਪਟਿਆਲਾ): ਬਰਤਾਨਵੀ ਹਕੂਮਤ ਤਹਿਤ ਆਪਣੇ ਦੇਸ਼ ਵਾਸੀਆਂ ਨੂੰ ਭੁੱਖੇ ਮਰਦਿਆਂ ਤੱਕ ਕੇ ਚਲਾਈਆਂ ਗੋਲੀਆਂ ਬਦਲੇ ਦਹਾਕਿਆਂ ਦੀ ਕੈਦ ਜਾਂ ਮੌਤ ਦੀ ਸਜ਼ਾ ਵੀ ਮਿਲੇ ਤਾਂ ਮੈਨੂੰ ਕੋਈ ਅਫਸੋਸ ਨਹੀਂ, ਫਾਂਸੀ ਲੱਗਣ ਤੋਂ ਚਾਰ ਮਹੀਨੇ 18 ਦਿਨ ਪਹਿਲਾਂ ਲੰਡਨ ਵਿਖੇ ਮਾਈਕਲ ਉਡਵਾਇਰ ਨੂੰ ਕਤਲ ਕਰਨ ਵਾਲੇ ਜਿਸ ਮਹਾਨ ਸ਼ਹੀਦ ਊਧਮ ਸਿੰਘ ਨੇ ਇਹ ਵਿਚਾਰ ਪ੍ਰਗਟ ਕੀਤੇ ਸਨ, ਦੇਸ਼ ਦੇ ਆਜ਼ਾਦ ਹੋਣ ਤੋਂ 64 ਸਾਲ ਬਾਅਦ ਉਸ ਦੇ ਖਾਨਦਾਨੀ ਵਾਰਸਾਂ ਦੀ ਹਾਲਤ ਅੱਜ ਵੀ ਭੁੱਖਮਰੀ ਵਰਗੀ ਹੀ ਹੈ। 26 ਦਸੰਬਰ 1899 ਨੂੰ ਪੰਜਾਬ ਦੇ ਸ਼ਹਿਰ ਸੁਨਾਮ ਵਿਖੇ ਪਿਤਾ ਟਹਿਲ ਸਿੰਘ ਦੇ ਘਰ ਪੈਦਾ ਹੋਏ ਸ਼ੇਰ ਸਿੰਘ ਦੀ ਉਮਰ ਅਜੇ 7 ਵਰ੍ਹਿਆਂ ਦੀ ਵੀ ਨਹੀਂ ਸੀ ਹੋਈ ਕਿ ਮਾਪਿਆਂ ਦੀ ਮੌਤ ਹੋ ਜਾਣ ਦੀ ਵਜ੍ਹਾ ਕਾਰਨ ਭਰਾ ਮੁਕੰਦ ਸਿੰਘ ਸਮੇਤ ਉਹ ਯਤੀਮ ਹੋ ਗਿਆ। 24 ਅਕਤੂਬਰ 1907 ਨੂੰ ਜਦ ਦੋਵੇਂ ਭਰਾ ਕੇਂਦਰੀ ਖਾਲਸਾ ਯਤੀਮਖਾਨਾ ਅੰਮ੍ਰਿਤਸਰ ਵਿਖੇ ਭਰਤੀ ਹੋ ਗਏ, ਤਾਂ ਪ੍ਰਬੰਧਕਾਂ ਨੇ ਉਹਨਾਂ ਦੇ ਨਾਂਅ ਤਬਦੀਲ ਕਰਕੇ ਊਧਮ ਸਿੰਘ ਤੇ ਸਾਧੂ ਸਿੰਘ ਰੱਖ ਦਿੱਤੇ।13 ਅਪਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਲ੍ਹਿਆਂਵਾਲੇ ਬਾਗ ਅੰਮ੍ਰਿਤਸਰ ਵਿਖੇ ਇਕ ਹਜ਼ਾਰ ਤੋਂ ਵੀ ਵੱਧ ਬੇਗੁਨਾਹਾਂ ਨੂੰ ਗੋਲੀਆਂ ਨਾਲ ਭੁੰਨ ਕੇ ਜਨਰਲ ਡਾਇਰ ਵਲੋਂ ਵਰਪਾਏ ਕਤਲੇਆਮ ਨੂੰ ਤੱਕ ਕੇ ਜੁਆਨੀ ਵਿਚ ਪੈਰ ਰੱਖਣ ਵਾਲੇ ਊਧਮ ਸਿੰਘ ਦਾ ਮਨ ਬਦਲੇ ਨਾਲ ਅੱਗ ਬਬੂਲਾ ਹੋ ਉਠਿਆ।

1920 ਵਿਚ ਉਹ ਅਮਰੀਕਾ ਨੂੰ ਪ੍ਰਵਾਸ ਕਰ ਗਿਆ, ਜਿੱਥੇ ਬੱਬਰ ਅਕਾਲੀਆਂ ਦਾ ਅਸਰ ਕਬੂਲ ਕੇ ਉਹ ਮੁੜ ਆਪਣੇ ਦੇਸ਼ ਪਰਤ ਆਇਆ। ਕੁਝ ਪਿਸਤੌਲਾਂ ਦੀ ਬਰਾਮਦਗੀ ਕਰਦਿਆਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਅਸਲਾ ਐਕਟ ਅਧੀਨ ਮਿਲੀ ਸਜ਼ਾ ਕੱਟ ਕੇ 1931 ਵਿਚ ਰਿਹਾਅ ਹੋਣ ਉਪਰੰਤ ਉਹ ਆਪਣੇ ਜੱਦੀ ਸ਼ਹਿਰ ਸੁਨਾਮ ਆ ਗਿਆ। ਸ਼ਹੀਦ-ਏ-ਆਜ਼ਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਤੇ ਰਾਮ ਪ੍ਰਸਾਦ ਬਿਸਮਿਲ ਦੀਆਂ ਕੁਰਬਾਨੀਆਂ ਤੇ ਦੇਸ਼ ਭਗਤੀ ਦੇ ਗੀਤਾਂ ਨਾਲ ਉਸ ਦਾ ਝੁਕਾਅ ਸਮਾਜਵਾਦੀ ਵਿਚਾਰਧਾਰਾ ਵਲ ਹੋ ਗਿਆ। 1930ਵਿਆਂ ਦੇ ਅੱਧ ਵਿਚ ਊਧਮ ਸਿੰਘ ਤੋਂ ਰਾਮ ਮੁਹੰਮਦ ਸਿੰਘ ਆਜ਼ਾਦ ਬਣਿਆ ਇਹ ਗੈਰਤਮੰਦ ਵਿਦਰੋਹੀ ਇੰਗਲੈਂਡ ਚਲਾ ਗਿਆ। ਦਹਾਕਿਆਂ ਤੋਂ ਬਦਲੇ ਦੀ ਤਾਕ ਵਿਚ ਫਿਰਦੇ ਰਾਮ ਮੁਹੰਮਦ ਸਿੰਘ ਆਜ਼ਾਦ ਨੂੰ 13 ਮਾਰਚ 1940 ਸ਼ਾਮ ਦੇ ਸਾਢੇ 4 ਵਜੇ ਉਦੋਂ ਮੌਕਾ ਮਿਲ ਗਿਆ, ਜਦੋਂ ਕੈਕਸਟਨ ਹਾਲ ਲੰਡਨ ਵਿਖੇ ਈਸਟ ਇੰਡੀਆ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਆਪਣੇ ਪਿਸਤੌਲ ਵਿਚੋਂ ਚਲਾਈਆਂ ਗੋਲੀਆਂ ਨਾਲ ਜਦ ਉਸ ਨੇ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਵੇਲੇ ਪੰਜਾਬ ਦੇ ਗਵਰਨਰ ਮਾਈਕਲ ਉਡਵਾਇਰ ਨੂੰ ਢੇਰ ਕਰ ਦਿੱਤਾ।ਮਾਈਕਲ ਉਡਵਾਇਰ ਨੂੰ ਕਤਲ ਕਰਨ ਦੇ ਦੋਸ਼ ਹੇਠ ਰਾਮ ਮੁਹੰਮਦ ਸਿੰਘ ਆਜ਼ਾਦ ਨੂੰ 31 ਜੁਲਾਈ 1940 ਨੂੰ ਲੰਡਨ ਦੀ ਪੈਂਟਨਵਿਲੇ ਜੇਲ੍ਹ ਵਿਚ ਫਾਂਸੀ ਦੇ ਦਿੱਤਾ। ਉਹ ਖੁਦ ਕੁਆਰਾ ਸੀ, ਜਦਕਿ ਉਸਦੇ ਭਰਾ ਮੁਕੰਦ ਸਿੰਘ ਉਰਫ ਸਾਧੂ ਸਿੰਘ ਦੀ ਜਵਾਨੀ ਵਿਚ ਪੈਰ ਧਰਨ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ।

ਇਸ ਮਹਾਨ ਸ਼ਹੀਦ ਦੇ ਖਾਨਦਾਨ ਵਿਚ ਬਾਕੀ ਬਚੀ ਉਸ ਦੀ ਇਕੋ ਇਕ ਭੈਣ ਆਸ ਕੌਰ ਸੀ, ਜਿਸ ਦਾ ਵਾਰਸ ਉਸ ਦਾ ਪੁੱਤਰ ਬਚਨ ਸਿੰਘ ਬਣਿਆ। ਅੱਗੋਂ ਬਚਨ ਸਿੰਘ ਦੇ ਵਾਰਸ ਉਸ ਦੇ ਦੋ ਪੁੱਤਰ ਅਜੀਤ ਸਿੰਘ ਸ਼ਮਸ਼ੇਰ ਸਿੰਘ ਤੋਂ ਬਿਨਾ ਚਾਰ ਧੀਆਂ ਸਲੋਚਨਾ ਦੇਵੀ, ਦਿਆਲ ਕੌਰ, ਸੱਤਿਆ ਅਤੇ ਰਣਜੀਤ ਕੌਰ ਹਨ।ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਸ਼ਹੀਦ ਏ ਆਜ਼ਮ ਭਗਤ ਸਿੰਘ ਤੋਂ ਲੈ ਕੇ ਊਧਮ ਸਿੰਘ ਆਦਿ ਤੱਕ ਦੀ ਮਨਸ਼ਾ ਹਕੂਮਤ ਕਰਨ ਵਾਲਿਆਂ ਦੇ ਰੰਗ ਜਾਂ ਨਸਲ ਬਦਲਣ ਤੱਕ ਹੀ ਸੀਮਤ ਨਹੀਂ, ਬਲਕਿ ਉਹਨਾਂ ਉਸ ਸਿਸਟਮ ਨੂੰ ਤਬਦੀਲ ਕਰਨ ਲਈ ਫਾਂਸੀਆਂ 'ਤੇ ਝੂਟੇ ਲਏ ਸਨ, ਜੋ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਦੀ ਇਸ ਕਦਰ ਇਜਾਜ਼ਤ ਦਿੰਦਾ ਹੈ ਕਿ ਇਕ ਪਾਸੇ ਦੌਲਤਾਂ ਦੇ ਢੇਰ ਹੋਣ ਤੇ ਦੂਜੇ ਪਾਸੇ ਮਿਹਨਤਕਸ਼ ਆਵਮ ਭੁੱਖਮਰੀ ਦਾ ਸਾਹਮਣਾ ਕਰੇ। ਦੇਸ਼ ਨੂੰ ਆਜ਼ਾਦ ਹੋਇਆਂ 64 ਸਾਲ ਹੋ ਚੁੱਕੇ ਹਨ, ਆਮ ਆਦਮੀ ਦੀ ਹੋਣ ਦੀ ਜਾਇਜ਼ਾ ਲੈਣ ਵਾਸਤੇ ਸ਼ਹੀਦਾਂ ਦੇ ਪਰਿਵਾਰਾਂ ਦੀ ਹਾਲਤ ਦਿਖਾਉਣੀ ਜ਼ਿਆਦਾ ਬੇਹਤਰ ਹੋਵੇਗੀ। ਜਿਥੋਂ ਤੱਕ ਊਧਮ ਸਿੰਘ ਦੇ ਖਾਨਦਾਨੀ ਵਾਰਸਾਂ ਦਾ ਸੁਆਲ ਹੈ, ਉਹਨਾਂ ਦੇ ਭਾਣਜੇ ਬਚਨ ਸਿੰਘ ਦਾ ਪੁੱਤਰ ਅਜੀਤ ਸਿੰਘ ਸੁਨਾਮ ਲਾਗੇ ਇਕ ਭੱਠੇ 'ਤੇ ਮਜ਼ੂਦਰੀ ਕਰਕੇ ਆਪਣੇ ਤੇ ਆਪਣੇ ਪਰਿਵਾਰ ਦੇ ਪੇਟ ਦੀ ਭੁੱਖ ਨੂੰ ਬੁਝਾਉਣ ਲਈ ਤਰਲੋਮੱਛੀ ਹੋ ਰਿਹੈ।

ਇਸ ਮਹਾਨ ਸ਼ਹੀਦ ਦੇ ਭਾਣਜੇ ਦੀ ਬੇਟੀ ਸੱਤਿਆ ਸੁਨਾਮ ਦੇ ਹੀ ਇਕ ਮੈਰਿਜ ਪੈਲੇਸ ਵਿਖੇ ਪੋਚੇ ਲਾਉਣ ਤੋਂ ਲੈ ਕੇ ਭਾਂਡੇ ਮਾਂਜਣ ਦੀ ਮੁਸ਼ਕਤ ਰਾਹੀਂ ਦਿਨ ਕਟੀ ਕਰਨ ਲਈ ਮਜਬੂਰ ਹੈ। ਸਿਆਸਤਦਾਨਾਂ ਦਾ ਰੰਗ ਚਿੱਟਾ, ਨੀਲਾ ਜਾਂ ਬਸੰਤੀ ਵੀ ਕਿਉਂ ਨਾ ਹੋਵੇ ਆਪਣੀਆਂ ਰੋਟੀਆਂ ਸੇਕਣ ਲਈ ਉਹ ਉਹਨਾਂ ਦੇ ਜਨਮ ਤੇ ਸ਼ਹੀਦੀ ਮੌਕਿਆਂ ਵਾਲੇ ਉਹਨਾਂ ਦੀਆਂ ਯਾਦਗਾਰਾਂ 'ਤੇ ਲੰਮੇ ਚੌੜੇ ਭਾਸ਼ਣਾਂ ਰਾਹੀਂ ਬੁੱਤਾ ਸਾਰ ਦਿੰਦੇ ਹਨ, ਸੁਪਨਿਆਂ ਨੂੰ ਸਾਕਾਰ ਕਰਨਾ ਨਾ ਉਹਨਾਂ ਦੀ ਮਨਸ਼ਾ ਹੈ ਤੇ ਨਾ ਹੀ ਟੀਚਾ। ਸ਼ਹੀਦ ਏ ਆਜ਼ਮ ਊਧਮ ਸਿੰਘ ਦੇ ਪਰਿਵਾਰ ਦੀ ਕਹਾਣੀ ਕਦੇ ਵੀ ਜਨਤਕ ਨਹੀਂ ਸੀ ਹੋਣੀ, ਜੋ ਵਿਸਾਖੀ ਦੇ ਮੇਲੇ ਮੌਕੇ ਅਕਾਲੀ ਦਲ ਪੰਚ ਪ੍ਰਧਾਨੀ ਉਹਨਾਂ ਨੂੰ ਲੱਭ ਕੇ ਸਨਮਾਨਤ ਨਾ ਕਰਦਾ। ਇਸ ਮੌਕੇ ਦਲ ਦੇ ਨੇਤਾਵਾਂ ਦਰਸ਼ਨ ਸਿੰਘ ਜਗਾ ਰਾਮ ਤੀਰਥ, ਹਰਪਾਲ ਸਿੰਘ ਚੀਮਾ, ਅਮਰੀਕ ਸਿੰਘ ਈਸੜੂ, ਬਲਦੇਵ ਸਿੰਘ ਸਿਰਸਾ ਅਤੇ ਮਾਤਾ ਮਲਕੀਤ ਕੌਰ ਆਦਿ ਨੇ ਆਪਣੇ ਵਿੱਤ ਅਨੁਸਾਰ ਅਜੀਤ ਸਿੰਘ ਤੇ ਸੱਤਿਆ ਨੂੰ 51 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ। ਇਸ ਤੋਂ ਪਹਿਲਾਂ ਦਿੱਲੀ ਦੀ ਇਕ ਗੈਰ ਸਰਕਾਰੀ ਸੰਸਥਾ ਨੇ ਸ਼ਹੀਦ ਊਧਮ ਸਿੰਘ ਦੇ ਵਾਰਸ ਪਰਿਵਾਰ ਦੀ ਭਾਲ ਕੀਤੀ ਸੀ ਅਤੇ ਉਹਨਾਂ ਦੀ ਲੱਖਾਂ ਰੁਪਏ ਦੀ ਮਦਦ ਕੀਤੀ ਸੀ। ਇਹ ਮਾਲੀ ਮਦਦ ਸ਼ਹੀਦ ਦੇ ਪਰਿਵਾਰ 'ਚ ਕਲੇਸ਼ ਦਾ ਕਾਰਨ ਬਣੀ ਹੋਈ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top