Share on Facebook

Main News Page

ਪੰਥਕ ਖਬਰ ਤਰਾਸ਼ੀ

(1) ਖਬਰ:- ਮੱਕੜ ਨੇ ਸ਼੍ਰੋਮਣੀ ਕਮੇਟੀ ’ਤੇ ਅਕਾਲੀ ਦਲ ਦੇ ਪ੍ਰਭਾਵ ਦੀ ਗੱਲ ਕਬੂਲੀ
ਟਿੱਪਣੀ:- ਇਹ ਗੱਲ ਤਾਂ ਪਹਿਲਾਂ ਹੀ ਜਗਜ਼ਾਹਿਰ ਹੈ, ਮੱਕੜ ਜੀ ਦੇ ਮੰਨਣ ਜਾਂ ਨਾ ਮੰਨਣ ਨਾਲ ਬਹੁਤਾ ਫਰਕ ਨਹੀਂ ਪੈਂਦਾ। ਕਮੇਟੀ ਤਾਂ ਹਮੇਸ਼ਾ ਹੀ ਅਕਾਲੀ ਦਲ ਦੇ ਪ੍ਰਭਾਵ ਹੇਠਾਂ ਰਹੀ ਹੈ। ਪਰ ਇਸ ਵੇਲੇ ਤਾਂ ਇਹ ਅਕਾਲੀ ਦਲ ਬਾਦਲ ਦਾ ਇਕ ‘ਕਮਾਊ ਪੁੱਤ’ ਬਣੀ ਹੋਈ ਲਗਦੀ ਹੈ। ਇਹ ਬਾਦਲ ਦਲ ਦੇ ਦੁਮਛੱਲੇ ਵਾਂਗੂ ਹੀ ਕੰਮ ਕਰਦੀ ਜਾਪਦੀ ਹੈ।

(2) ਖਬਰ:- ਖਾਲਸਾ ਕਾਲਜ ਕੌਮ ਦੀ ਵੱਡਮੁੱਲੀ ਵਿਰਾਸਤ: ਗਿਆਨੀ ਗੁਰਬਚਨ ਸਿੰਘ

ਟਿੱਪਣੀ:- ਮੁੱਖ ਪੁਜਾਰੀ ਜੀ! ਤੁਹਾਡੀ ਤਾਂ ਕੋਈ ਹੈਸੀਅਤ ਹੀ ਨਹੀਂ ਲਗਦੀ ਐਸੇ ਬਿਆਨ ਦੇਣ ਦੀ। ਕੱਲ ਨੂੰ ਉਪਰੋਂ ਜੇ ਘੁੱਰਕੀ ਆ ਗਈ ਤਾਂ ਇਹ ਕਾਲਜ ਤੁਹਾਡੇ ਲਈ ਵਿਰਾਸਤ ਨਹੀਂ ਰਹਿਣਾ, ਬਲਕਿ ਤੁਹਾਡਾ ਇਹ ਬਿਆਨ ਤੁਹਾਡੇ ਗਲੇ ਦੀ ਫਾਂਸ ਬਣ ਜਾਣਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤਾਂ ਇਸ ਮਸਲੇ ’ਤੇ ਬਜਟ ਇਜਲਾਸ ਵਿਚ ਹਿਮਾਇਤ ਕਰਨ ਤੋਂ ਬਾਅਦ ਵੀ ਸਪਸ਼ਟ ਮੁੱਕਰ ਹੀ ਗਏ ਹਨ। ਤੁਹਾਡਾ ਵੀ ਕੀ ਭਰੋਸਾ ਹੈ। ਸੌਧਾ ਸਾਧ ਦੇ ਮਸਲੇ ’ਤੇ ਜਾਰੀ ਹੋਏ ਅਖੌਤੀ ਹੁਕਮਾਨਾਮੇ ਦਾ ਹਸ਼ਰ ਤਾਂ ਸਭ ਦੇ ਸਾਹਮਣੇ ਹੈ ਜੀ। ਗੁਲਾਮ ਜ਼ਮੀਰ ਵਾਲਿਆਂ ਦੀ ਸੋਚ ਕਦੇ ਆਜ਼ਾਦ ਨਹੀਂ ਹੁੰਦੀ।

(3) ਖਬਰ:- ਮਨਪ੍ਰੀਤ ਬਾਦਲ ਲੁੱਕਵਾਂ ਕਮਉਨਿਸਟ ਏਜੰਡਾ ਲਾਗੂ ਕਰਨ ਦੀ ਤਾਕ ਵਿਚ: ਬਿਕਰਮ ਸਿੰਘ ਮਜੀਠੀਆ

ਟਿੱਪਣੀ:- ਮਜੀਠੀਆ ਜੀ! ਮਨਪ੍ਰੀਤ ਸਿੰਘ ਬਾਦਲ ਵਲੋਂ ਤਾਂ ਕਮਿਉਨਿਸਟ ਏਜੰਡਾ ਅਪਨਾਏ ਜਾਣ ਦੀ (ਤੁਹਾਡੇ ਅਨੁਸਾਰ) ਸਿਰਫ ਸੰਭਾਵਨਾ ਮਾਤਰ ਹੈ, ਪਰ ਤੁਹਾਡਾ ਅਕਾਲੀ ਦਲ ਬਾਦਲ ਤਾਂ ਸਿੱਖਾਂ ਦੇ ਬ੍ਰਾਹਮਣੀਕਰਨ ਦਾ ਏਜੰਡਾ ਸਪਸ਼ਟ ਅਪਣਾਈ ਬੈਠਾ ਹੈ। ਪੰਥ ਵਿਰੋਧੀ ਤਾਕਤਾਂ ਦਾ ਹੱਥਠੋਕਾ ਬਣ ਕੇ ਅਕਾਲੀ ਦਲ ਬਾਦਲ ਵਲੋਂ ਅਪਣਾਏ ਇਸ ਏਜੰਡੇ ਬਾਰੇ ਵੀ ਕਦੀਂ ਸਵੈ-ਪੜਚੋਲ ਕਰਨ ਦਾ ਜਤਨ ਕਰ ਲਿਆ ਕਰੋ ਜੀ।

(4) ਖਬਰ:- ਨਿਹੰਗ ਧਰਮ ਸਿੰਘ ਬਾਰੇ ਸੀ. ਬੀ. ਆਈ. ਤੋਂ ਜਾਂਚ ਕਰਾਈ ਜਾਵੇ: ਭਾਈ ਰਤਨ ਸਿੰਘ ਬਠਿੰਡਾ

ਟਿੱਪਣੀ:- ਵੀਰ ਜੀ! ਕੋਈ ਮੰਗ ਕਰਨ ਤੋਂ ਪਹਿਲਾਂ ਸੋਚਣਾ ਬਣਦਾ ਹੈ ਕਿ ਉਸ ਦੇ ਨਤੀਜੇ ਕੀ ਨਿਕਲ ਸਕਦੇ ਹਨ। ਅਖੌਤੀ ਨਿਹੰਗ ਧਰਮ ਸਿੰਘ ਕੂੜ ਗ੍ਰੰਥ ਬਚਿਤ੍ਰ ਨਾਟਕ ਦੀ ਪੁਰਜ਼ੋਰ ਹਿਮਾਇਤ ਕਰਦਾ ਹੈ ਅਤੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਬਾਰੇ ਮਾਰੂ ਟਿੱਪਣੀਆਂ। ਕੀ ਇਸ ਉਪਰੰਤ ਵੀ ਕੋਈ ਸ਼ੱਕ ਰਹਿ ਜਾਂਦਾ ਹੈ ਕਿ ਉਹ ਕਿਸ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਹੈ? ਸੀ. ਬੀ. ਆਈ. ਦੀ ਵਿਸ਼ਵਸਨੀਅਤਾ ਕੈਸੀ ਹੈ ਹਰ ਸੁਚੇਤ ਮਨੁੱਖ ਜਾਣਦਾ ਹੈ। ਸਰਕਾਰ ਦੇ ਪ੍ਰਭਾਵ ਹੇਠ ਵਿਚਰ ਰਹੀਆਂ ਇਨ੍ਹਾਂ ਏਜੰਸੀਆਂ ਨੇ 84 ਦੇ ਕਤਲੇਆਮ, ਸੌਦਾ ਸਾਧ ਦੇ ਮਾਮਲੇ ਵਿਚ ਹਾਲਾਂ ਤੱਕ ਕਿਤਨੀ ਠੀਕ ਕਾਰਵਾਈ ਕੀਤੀ ਹੈ, ਅਸੀਂ ਸਾਰੇ ਜਾਣਦੇ ਹਾਂ। ਜੇ ਕੱਲ ਨੂੰ ਤੁਹਾਡੀ ਮੰਗ ’ਤੇ ਜਾਂਚ ਕਰਕੇ ਇਸ ਏੇਜੰਸੀ ਨੇ ਉਸ ਅਖੌਤੀ ਨਿਹੰਗ ਨੂੰ ਕਲੀਨ ਚਿੱਟ ਦੇ ਦਿਤੀ ਤਾਂ ਫੇਰ ਕੀ ਹੋਵੇਗਾ? ਕੁਝ ਇਹੀ ਸਵਾਲ ਉਨ੍ਹਾਂ ਸਿੱਖਾਂ ਨੂੰ ਅਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ਜੋ ਪੁਜਾਰੀਆਂ ਕੋਲੋਂ ਵਾਰ-ਵਾਰ ਮੰਗ ਕਰ ਰਹੇ ਹਨ ਕਿ ਇਸ ਨੂੰ ‘ਅਕਾਲ ਤਖਤ’ ’ਤੇ ਸੱਦਿਆ ਜਾਵੇ।

ਦੂਜਿਆਂ ਦੀ ਕੂੜਤਾ ਦੇ ਨਾਂ ’ਤੇ ਅਪਣੀਆਂ ਗਲਤੀਆਂ ਤੋਂ ਮੁੰਹ ਫੇਰ ਲੈਣ ਵਾਲੀ ਦੀ ਸੋਚ ਵੀ ਗੁਰਮਤਿ ਅਨੁਸਾਰੀ ਨਹੀਂ। ਜੇ ਕੋਈ ਕੂੜ ਖਿਲਾਰ ਰਿਹਾ ਹੈ ਤਾਂ ਅਪਣੀਆਂ ਗਲਤੀਆਂ ਵਿਚ ਸੁਧਾਰ ਦੀ ਸਲਾਹ ਦੇ ਰਹੇ ਸੁਚੇਤ ਸਿੱਖਾਂ ਨੂੰ ਇਹ ਤਾਅਨਾ ਦੇਣਾ ਕਿ ਉਹ ਸਲਾਹ ਕਿਉਂ ਦੇ ਰਹੇ ਹਨ, ਕਿਵੇਂ ਜ਼ਾਇਜ਼ ਹੈ?

(5) ਖਬਰ:- ਜਿਹੜੇ ਅਕਾਲ ਤਖਤ ਦੀ ਮਰਿਆਦਾ ਨੂੰ ਨਹੀਂ ਮੰਨਦੇ, ਉਹਨਾਂ ਨੂੰ ‘ਤਖਤਾਂ’ ’ਤੇ ਗੁਰਮਤਿ ਸਮਾਗਮ ਕਰਨ ਦਾ ਕੋਈ ਅਧਿਕਾਰ ਨਹੀਂ ਹੈ: ਗੁਰਬਚਨ ਸਿੰਘ

ਟਿੱਪਣੀ:- ਪੁਜਾਰੀ ਜੀ! ਗੱਲ ਤਾਂ ਤੁਹਾਡੀ ਕਾਫੀ ਠੀਕ ਹੈ ਪਰ ਸਾਨੂੰ ਪਤੈ, ਇਹ ਗੱਲ ਸਿਰਫ ਬਿਆਨ ਲਈ ਹੈ, ਅਮਲ ਕਰਨਾ ਜਾਂ ਕਰਵਾਉਣਾ ਤੁਹਾਡੀ ਚਾਹਤ ਨਹੀਂ ਜਾਂ ਤੁਹਾਡੇ ਵੱਸ ਤੋਂ ਬਾਹਰ ਦੀ ਗੱਲ ਹੈ। ਕਿਉਂਕਿ ਤੁਹਾਡੀ ਇਸ ਕਸਵੱਟੀ ’ਤੇ ਤੁਹਾਡੇ ਪੁਜਾਰੀਆਂ ਸਮੇਤ ਸ਼੍ਰੋਮਣੀ ਕਮੇਟੀ ਤੇ ਹੋਰ ਸਾਰੇ ਡੇਰੇਦਾਰ ਰੱਦ ਹੋ ਜਾਂਦੇ ਹਨ। ਐਸੀ ਹਾਲਤ ਵਿਚ ਤਾਂ ਸਭ ਤੋਂ ਪਹਿਲਾਂ ਤੁਹਾਨੂੰ ‘ਤਖਤਾਂ’ ਤੋਂ ਕਬਜ਼ਾ ਛੱਡ ਦੇਣਾ ਚਾਹੀਦਾ ਹੈ ਅਤੇ ਮੌਜੂਦਾ ਸ਼੍ਰੋਮਣੀ ਕਮੇਟੀ ਰੱਦ ਹੋਣੀ ਚਾਹੀਦੀ ਹੈ, ਕਿਉਂਕਿ ਇਹ ਆਪ ਹੀ ਮਰਿਯਾਦਾ ਤੋਂ ਉਲਟ ਚਲ ਰਹੇ ਹਨ। ਪਰ ਹਰ ਸੁਚੇਤ ਸਿੱਖ ਜਾਣਦਾ ਹੈ ਕਿ ਪੁਜਾਰੀਆਂ ਵਾਂਗ ਤੁਹਾਡਾ ਇਹ ਬਿਆਨ ‘ਹਾਥੀ ਦੇ ਦੰਦ ਖਾਣ ਦੇ ਹੋਰ, ਵਿਖਾਉਣ ਦੇ ਹੋਰ’ ਵਾਲੀ ਗੱਲ ਹੀ ਹੈ।

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top