Share on Facebook

Main News Page

ਇਹ ਅਕਾਲ ਤਖਤ ਦਾ ਮੁਲਾਜਿਮ ਹੈ ਕਿ ਥਾਣੇਦਾਰ?

ਪੰਥ ਦੇ ਮਹਾਨ ਪ੍ਰਚਾਰਕ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕਰਨ ਵਾਲੇ ਵੀਰ, ਤਰਸੇਮ ਸਿੰਘ ਜਰਮਨੀ ਵਾਲਿਆਂ ਨੂੰ ਅਕਾਲ ਤਖਤ ਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਲਾਜਿਮ ਗਿਆਨੀ ਗੁਰਬਚਨ ਸਿੰਘ ਵਲੋਂ ਇੱਕ ਚਿੱਠੀ ਭੇਜੀ ਗਈ ਹੈ, ਜੋ ਕਲ ਖਾਲਸਾ ਨਿਊਜ ਤੇ ਹੋਰ ਵੈਬਸਾਈਟਾਂ ‘ਤੇ ਵੀ ਛਪੀ ਹੈ। ਇਸ ਚਿੱਠੀ ਵਿੱਚ ਉਨ੍ਹਾਂ ਨੂੰ ਅਗਲੀ ਤਾਰੀਖ ਨੂੰ ‘ਸਕੱਤਰੇਤ’ ਤੇ ਪੇਸ਼ ਹੋਣ ਲਈ ਚੇਤਾਵਨੀ ਦਿਤੀ ਗਈ ਹੈ। ਜਦੋਂ ਕੇ ਇਸ ਚਿੱਠੀ ਵਿਚ ਮੁਹਰ ਤੇ ਲੈਟਰ ਪੈਡ ਅਕਾਲ ਤਖਤ ਦਾ ਵਰਤਿਆ ਗਇਆ ਹੈ।

ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਾ ਹਰ ਸੁਚੇਤ ਸਿੱਖ ਅਤੇ ਹਰੇਕ ਪੰਥਕ ਧਿਰ, ਵੀਰ ਤਰਸੇਮ ਸਿੰਘ ਹੋਰਾਂ ਨੂੰ ਅਪੀਲ ਕਰਦੀ ਹੈ, ਕਿ ਅਸੀਂ ਸਾਰੇ ਉਨ੍ਹਾਂ ਦੇ ਨਾਲ ਖੜੇ ਹਾਂ, ਉਹ ਇਕਲੇ ਨਹੀਂ ਹਨ ਤੇ ਉਹ ਇਸ ਪੁਜਾਰੀ ਦੀ ਕਿਸੇ ਗਿਦੱੜ ਭਬਕੀ ਵਿੱਚ ਨਾ ਆਉਣ। ਉਨਾਂ ਨੂੰ ਨਾ ਤੇ ਇਨ੍ਹਾਂ ਪੁਜਾਰੀਆਂ ਦੇ ‘ਸਕੱਤਰੇਤ’ ਨਾਮ ਦੀ ‘ਅਰਾਮਗਾਹ’ ਵਿੱਚ ਪੇਸ਼ ਹੋਣਾ ਚਾਹੀਦਾ ਹੈ, ਤੇ ਨਾ ਹੀ ਕਿਸੇ ਖੱਤ ਰਾਹੀਂ ਕੋਈ ਸਪਸ਼ਟੀਕਰਣ ਭੇਜਣਾ ਚਾਹੀਦਾ ਹੈ। ਬਲਕਿ ਇਨ੍ਹਾਂ ਥਾਣੇਦਾਰ ਬਣ ਬੈਠੇ ‘ਧਾਰਮਿਕ ਮਾਫੀਆ’ ਦੇ ਖਿਲਾਫ ਇਸ ਖੱਤ ਦਾ ਵਿਰੋਧ ਕਰਨਾ ਚਾਹੀਦਾ ਹੈ। ਇਨ੍ਹਾਂ ਪੁਜਾਰੀਆਂ ਦੀ ਬਣਾਈ ਕਾਲ ਕੋਠਰੀ ( ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵੀ ਨਹੀਂ ਹੈ) ਵਿੱਚ ਹਾਜਿਰ ਹੋਣਾ ਅਕਾਲ ਤਖਤ ਤੇ ਗੁਰੂ ਸਿਧਾਂਤ ਨੂੰ ਪਿੱਠ ਵਖਾਉਣ ਦੇ ਬਰਾਬਰ ਹੈ। ਹਰ ਸੁਚੇਤ ਸਿੱਖ ਨੂੰ ਇਸ ਤਰ੍ਹਾਂ ਦੇ ਕੂੜਨਾਮਿਆਂ ਦੇ ਖਿਲਾਫ ਇੱਕ ਜੁੱਟ ਹੋ ਕੇ ਇਸ ਦਾ ਵਿਰੋਧ ਕਰਨਾ ਬਣਦਾ ਹੈ।

ਇਸ ਲੜੀ ਵਿਚ ਦਾਸ ਸਭ ਤੋਂ ਪਹਿਲਾਂ ਇਸ ਪੁਜਾਰੀ ਨੂੰ ਅਗਾਹ ਕਰਦਾ ਹੈ ਕਿ, ਕਾਨਪੁਰ ਦੀਆਂ ਜਾਗਰੂਕ ਸੰਗਤਾਂ ਨੇ ਵੀ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਨੂੰ ਸਨਮਾਨਿਤ ਕੀਤਾ ਸੀ। ਉਨਾਂ ਨੂੰ ਛੇਕੇ ਜਾਣ ਤੋਂ ਬਾਅਦ ਇੱਕ ਵਾਰ ਨਹੀਂ, ਕਈ ਵਾਰ ਸਨਮਾਨਿਤ ਕਰ ਕੇ ਗੁਰੂ ਦੀ ਬਖਸ਼ਿਸ਼ ਨਾਲ ਕੀਰਤਨ ਦੀਵਾਨ ਕਰਵਾਏ, ਜਿਸ ਵਿਚ ਸੰਗਤਾਂ ਹੁੰਮ ਹੁੰਮਾ ਕੇ ਪੁੱਜੀਆਂ ਤੇ ਅਸੀਂ ਉਨ੍ਹਾਂ ਨਾਲ ਕਈ ਵਾਰ ਨਾਲ ਨਾਲ ਬਹਿ ਕੇ ਲੰਗਰ ਛੱਕਿਆ ਹੈ। ਆਪਨੇ ਸਾਨੂੰ ਇੱਕ ਵੀ ਚਿੱਠੀ ਅਜ ਤਕ ਕਿਉਂ ਨਹੀਂ ਭੇਜੀ। ਜਦ ਕਿ ਇਨ੍ਹਾਂ ਪ੍ਰੋਗਰਾਮਾਂ ਦੀ ਕਵਰਿੰਗ ਤੇ ਖਬਰ ਸਾਰੀਆਂ ਵੈਬਸਾਈਟਾਂ ਤੇ ਅਖਬਾਰਾਂ ਵਿੱਚ ਵਡੇ ਪੱਧਰ ਤੇ ਛਪੀ। ਚਲੋ ਕੋਈ ਗਲ ਨਹੀਂ, ਜੇ ਆਪ ਜੀ ਨੇ ਉਹ ਖਬਰਾਂ ਨਹੀਂ ਪੜ੍ਹੀਆਂ ਤੇ ਅਸੀਂ ਆਪ ਇਸ ਗਲ ਦੀ ਸੂਚਨਾ ਆਪ ਜੀ ਨੂੰ ਦੇ ਰਹੇ ਹਾਂ, ਤੇ ਇਸ ਗਲ ਦਾ ਇਕਬਾਲ ਕਰਦੇ ਹਾਂ, ਕਿ ਅਸੀਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਖਾਲਸਾ ਦਾ ਪੰਥ ਦੇ ਇੱਕ ਨਿਡਰ ਅਤੇ ਮਹਾਨ ਪ੍ਰਚਾਰਕ ਹੋਣ ਦੇ ਨਾਤੇ ਉਨ੍ਹਾਂ ਦਾ ਸਨਮਾਨ ਕਰਦੇ ਹਾਂ, ਤੇ ਹਮੇਸ਼ਾਂ ਕਰਦੇ ਰਹਾਂਗੇ ਤੇ ‘ਸਕੱਤਰੇਤ’ ਨਾਮ ਦੀ ਕਾਲੀ ਕੋਠਰੀ ਦੇ ਕੂੜਨਾਮਿਆਂ ਨੂੰ ਮੂਢੋਂ ਹੀ ਖਾਰਿਜ ਕਰਦੇ ਹਾਂ। ਜੇ ਆਪ ਵਿੱਚ ਹਲੀ ਵੀ ਕੋਈ ਜ਼ਮੀਰ ਨਾਮ ਦੀ ਚੀਜ਼ ਬਾਕੀ ਹੈ, ਤੇ ਸਾਨੂੰ ਪੁਜਾਰੀਆਂ ਦੇ ਬਣਾਏ ਉਸ ਝੂਠੇ ਕਮਰੇ ਤੋਂ ਨੋਟਿਸ ਭੇਜ ਕੇ ਵੇਖੋ, ਅਸੀਂ ਉਸ ਤੇ ਪੇਸ਼ ਹੋਣ ਦੀ ਬਜਾਇ ਆਪ ਨੂੰ ਉਸ ਦਾ ਭਰਵਾਂ ਜਵਾਬ ਦੇਵਾਂਗੇ। ਤੁਹਾਡੇ ਪਾਸੋਂ ਜਾਰੀ ਕੀਤੇ ਗਏ ਇਹ ਡਰਾਉਣ ਧਮਕਾਉਣ ਵਾਲੇ ਗੈਰ ਸਿਧਾਂਤਕ ਤੇ ਗੈਰ ਕਾਨੂਨੀ ਕੂੜਨਾਮੇ ਹੁਣ ਤੁਹਾਡੇ ਗਲੇ ਵਿੱਚ ਫਸੀ ਹੋਈ ਉਹ ਹੱਡੀ ਬਣ ਚੁਕੇ ਹਨ, ਜਿਸਨੂੰ ਤੁਸੀਂ ਨਾ ਤੇ ਨਿਗਲ ਪਾ ਰਹੇ ਹੋ, ਤੇ ਨਾ ਉਗਲ ਪਾ ਰਹੇ ਹੋ। ਤੁਸੀਂ ਸਾਨੂੰ ‘ਸਕਤਰੇਤ’ ਵਿੱਚ ਇੱਕ ਵਾਰ ਸੱਦਾ ਦੇ ਕੇ ਤੇ ਵੇਖੋ, ਅਸੀਂ ਤੁਹਾਡੇ ਕੱਚੇ ਚਿੱਠੇ ਕੌਮ ਦੀ ਕਚਿਹਿਰੀ ਵਿੱਚ ਖੋਲ ਕੇ ਰਖ ਦੇਵਾਂਗੇ, ਜੋ ‘ਪੁਜਾਰੀਵਾਦ’ ਤੇ ‘ਮਹੰਤਵਾਦ’ ਦੇ ਤਾਬੂਤ ਦੀ ਅਖੀਰਲੀ ਕਿਲ ਸਾਬਿਤ ਹੋਵੇਗੀ।

ਆਪਣੇ ਆਪ ਨੂੰ ਪੰਥ ਦਾ ਠੇਕੇਦਾਰ ਸਮਝਣ ਵਾਲੇ ਤੇ ਤਨਖਾਹ ਤੇ ਅਕਾਲ ਤਖਤ ਦੀ ਨੌਕਰੀ ਕਰਨ ਵਾਲੇ ਪੁਜਾਰੀ, ਇਹ ਗਲ ਨਾ ਭੁਲ ਜਾਣ ਕਿ ‘ਅਕਾਲ ਤਖਤ’ ਗੁਰੂ ਦਾ ਸਿਰਜਿਆ ਇਕ ‘ਸਿਧਾਂਤ’ ਹੈ ਕੋਈ ਕੰਕਰੀਟ ਦੀ ਇਮਾਰਤ ਨਹੀਂ। ਅਕਾਲ ਤਖਤ ਦਾ ਇਹ ਸਿਧਾਂਤ ਖਾਲਸਾ ਪੰਥ ਦੀ ‘ਅੱਡਰੀ ਹੋਂਦ’ ਤੇ ‘ਸਵੈਮਾਨ’ ਦਾ ਪ੍ਰਤੀਕ ਹੈ। ਹਰ ਸਿੱਖ ਦੇ ਜੀਵਨ ਵਿੱਚ ਇਸ ਦਾ ਖਾਸ ਮਹਤੱਵ ਤੇ ਸਨਮਾਨ ਹੈ। ਹਰ ਸਿੱਖ ਉਸ ਅਦਾਰੇ ਦੇ ਸਿਧਾਂਤ ਅੱਗੇ ਸਿਰ ਝੁਕਾਂਉਦਾ ਹੈ। ਲੇਕਿਨ ਆਏ ਦਿਨ ਅਕਾਲ ਤਖਤ ਦੀ ਮੁਹਰ ਹੇਠ, ਇਸ ਅਦਾਰੇ ਦਾ ਅਪਮਾਨ ਕੀਤਾ ਜਾ ਰਿਹਾ ਹੈ, ਤੇ ਅਪਣੇ ਸਵਾਰਥਾਂ ਲਈ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ। ਪੁਲਿਸ ਅਫਸਰਾਂ ਨੂੰ ਕੀਰਤਨ ਪ੍ਰੋਗਰਾਮ ਰੋਕਣ ਲਈ ‘ਯੋਰ ਆਨਰ’ ਕਹਿ ਕੇ ਪੰਥ ਦੇ ਇਸ ਮੁੱਕਦਸ ਅਦਾਰੇ ਦੇ ਲੈਟਰ ਪੈਡ ਵਰਤੇ ਜਾ ਰਹੇ ਨੇ। ਕੀ ਤੁਸੀਂ ਐਸਾ ਕਰਕੇ ‘ਅਕਾਲ ਤਖਤ’ ਦਾ ਅਪਮਾਨ ਨਹੀਂ ਕਰ ਰਹੇ? ਆਏ ਦਿਨ ਇਸ ਉੱਚ ਅਦਾਰੇ ਤੋਂ ਇਸ ਤਰ੍ਹਾਂ ਦੀਆਂ ਸਾਧਾਰਣ ਚਿੱਠੀਆਂ ਜਾਰੀ ਕਰਨ ਕਰਕੇ, ਆਪ ਜੀ ਨੇ ਇਸ ਦਾ ਅਪਮਾਨ ਕੀਤਾ ਹੈ, ਤੇ ਇਸ ਦੇ ਰੁਤਬੇ ਤੇ ਸਿੱਖਾਂ ਦੀ ਭਾਵਨਾਂ ਨੂੰ ਠੇਸ ਪਹੁੰਚਾਈ ਹੈ। ਸਿੱਖ ਜਗਤ ਦਾ ਹਿਰਦਾ ਵਲੂੰਧਰਿਆ ਜਾ ਚੁਕਾ ਹੈ, ਜੋ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਸ ਤਖਤ ਦਾ ਮਾਲਿਕ ਇਕ ਹੈ, ਤੇ ਉਸ ਤੇ ਉਹ ਹੀ ਬਹਿ ਸਕਦਾ ਹੈ, ਜੋ ਉਸ ਦੇ ਲਾਇਕ ਹੋਵੇ। ਗੁਰੂ ਦਾ ਫੁਰਮਾਣ ਵੀ ਹੈ ਕੇ ‘ਤਖਤਿ ਬਹੈ ਤਖਤੈ ਕੇ ਲਾਇਕ॥’ ਤਨਖਾਹ ਲੈਣ ਵਾਲਾ ਕੋਈ ‘ਪੁਜਾਰੀ’ ਉਸ ਤੇ ਬਹਿ ਕੇ ਕੌਮੀ ਫੈਸਲੇ ਕਰੇ, ਤੇ ਜਿਸਨੂੰ ਚਾਹੇ ਪੰਥ ਤੋ ਛੇਕ ਦੇਵੇ, ਇਹ ਨਾਂ ਤਾਂ ਗੁਰੂ ਸਿਧਾਂਤ ਹੈ, ਤੇ ਨਾਂ ਹੀ ਇਸ ਤਰ੍ਹਾਂ ਦਾ ਕੋਈ ਵਿਧਾਨ ਜਾਂ ਨਿਯਮ ਸਿੱਖੀ ਵਿਚ ਮੌਜੂਦ ਹੈ।

ਤਖਤਾਂ ਦੇ ਪੁਜਾਰੀ ਜੋ ਆਪ ਅਕਾਲ ਤਖਤ ਤੋਂ ਜਾਰੀ ਹੁਕਮਨਾਮਿਆਂ ਨੂੰ ਨਹੀਂ ਮੰਨਦੇ, ਉਹ ਕਿਸੇ ਨੂੰ ਉਥੇ ਪੇਸ਼ ਹੋਣ ਲਈ ਕਿਵੇਂ ਕਹਿ ਸਕਦੇ ਨੇ। ਹੁਣ ਤਾਂ ਤੁਸੀਂ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ ਨੇ। ਪਹਿਲਾਂ ਤੁਸੀਂ ਅਕਾਲ ਤਖਤ ਸਾਹਿਬ ਦਾ ਲੈਟਰ ਪੈਡ ਵਰਤਨ ਵੇਲੇ, ਅਕਾਲ ਤਖਤ ‘ਤੇ ਪੇਸ਼ ਹੋਣ ਲਈ ਕਹਿੰਦੇ ਸੀ, ਹੁਣ ਤੇ ਤੁਸੀਂ ‘ਸਕੱਤਰੇਤ’ ਤੇ ਪੇਸ਼ ਹੋਣ ਜਾਂ ਉਸ ਤੋਂ ਜਾਰੀ ਚਿੱਠੀ ਹੋਣ ਦਾ ਖੁਲੇ ਆਮ ਜਿਕਰ ਕਰਨ ਲਗ ਪਏ ਹੋ। ਇਸ ਸ਼ਬਦ ਦੀ ਵਰਤੋਂ ਤੁਸਾਂ ਭਾਈ ਤਰਸੇਮ ਸਿੰਘ ਨੂੰ ਭੇਜੀ ਚਿੱਠੀ ਵਿੱਚ ਵੀ ਕੀਤੀ ਹੈ। ਪੁਜਾਰੀ ਸਾਹਿਬ! ਆਪ ਜੀ ਨੇ 2003 ਵਿੱਚ ਅਕਾਲ ਤਖਤ ਤੋਂ ਜਾਰੀ ਤੇ ਪੰਥ ਪਾਸੋਂ ਪ੍ਰਵਾਨ ਕਰ ਲਏ ਹੋਏ, ਨਾਨਕਸ਼ਾਹੀ ਕੈਲੰਡਰ ਨੂੰ ਆਪਣੇ ‘Employer’ ਦੇ ਕਹਿਣ ‘ਤੇ ਵਿਕ੍ਰਤ ਕਰ ਕੇ ਆਪ ‘ਅਕਾਲ ਤਖਤ” ਸਾਹਿਬ ਦਾ ਅਪਮਾਨ ਕੀਤਾ ਹੈ, ਤੁਸੀਂ ਤੇ ਆਪ ਪੰਥ ਦੀ ਕਚਿਹਰੀ ਵਿੱਚ ਇੱਕ ਗੁਨਾਹਗਾਰ ਹੋ। ਇਕ ਗੁਨਾਹਗਾਰ, ਦੂਜੇ ਦੇ ਗੁਨਾਹ ਦਾ ਫੈਸਲਾ ਕਿਸ ਤਰ੍ਹਾਂ ਕਰ ਸਕਦਾ ਹੈ? ਤੁਸੀਂ ਸਾਨੂੰ ਚਿੱਠੀ ਕੀ ਪਾਉਣੀ ਹੈ, ਅਸੀਂ ਤੇ ਆਪ ਜੀ ਨੂੰ ਅਕਾਲ ਤਖਤ ਦੇ ਹੁਕਮਨਾਮੇ ਦਾ ਉਲੰਘਣ ਕਰਨ ਦੇ ਦੋਸ਼ ਅਤੇ ਕੌਮ ਦੇ ਸਵੈਮਾਨ ਤੇ ਉਸ ਦੀ ਵਖਰੀ ਪਛਾਣ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਵਿਕ੍ਰਤ ਕਰਨ ਦੇ ਦੋਸ਼ ਵਿਚ ਗੁਰੂ ਗ੍ਰੰਥ ਦੇ ਪੰਥ ਵਿਚੋਂ ਪਹਿਲਾਂ ਹੀ ਛੇਕ ਚੁਕੇ ਹਾਂ।

ਭੋਲੇ ਭਾਲੇ ਸਿੱਖਾਂ ਨੂੰ ਤੁਸੀ ‘ਪੁਜਾਰੀਆਂ’ ਦੇ ਬਣਾਏ ‘ਸਕੱਤਰੇਤ’ ਨਾਮ ਦੇ ਕਮਰੇ ਤੋ ਚਿੱਠੀਆਂ ਪਾ ਕੇ ਡਰਾੳਣ ਤੇ ਧਮਕਾਉਣ ਦਾ ਜੋ ਕੰਮ ਕਰ ਰਹੇ ਹੋ, ਉਹ ਗੈਰ ਸਿਧਾਂਤਕ ਤੇ ਗੈਰ ਕਾਨੂਨੀ ਵੀ ਹੈ। ਕਿਸੇ ਨੂੰ ਡਰਾਉਣਾ ਤੇ ਧਮਕਾਉਣਾ ਗੈਰ ਕਾਨੂਨੀ ਹੈ। ਆਪ ਜੀ ਦਾ ਇਹ ਕਮਰਾ ਜਿਥੋਂ ਇਹ ਨੋਟਿਸ ਭੇਜੇ ਜਾਂਦੇ ਨੇ, ਸਿੱਖ ਇਤਿਹਾਸ ਵਿੱਚ ਇਸ ਦਾ ਕੋਈ ਜਿਕਰ ਨਹੀਂ ਹੈ, ਤੇ ਨਾ ਹੀ ਇਸਨੂੰ ਪੰਥ ਤੋਂ ਕੋਈ ਮਾਨਤਾ ਪ੍ਰਾਪਤ ਹੈ।‘ਸਕੱਤਰੇਤ’ ਨਾਮ ਦੀ ਇਸ ਕਾਲ ਕੋਠਰੀ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵੀ ਨਹੀਂ ਹੈ, ਨੂੰ ਜਿੰਨੀ ਛੇਤੀ ਹੋ ਸਕੇ, ਤਾਲਾ ਲਾ ਕੇ ਬੰਦਿਆਂ ਵਾਂਗ ‘ਅਕਾਲ ਤਖਤ” ਸਾਹਿਬ ‘ਤੇ ਜਾ ਕੇ, ਆਪ ਜੀ ਨੂੰ ਉਥੇ ਪਾਠ ਤੇ ਸੇਵਾ ਸ਼ੁਰੂ ਕਰ ਦੇਣੀ ਚਾਹੀਦੀ ਹੈ, ਜੋ ਆਪ ਜੀ ਦੀ ਡਿਊਟੀ ਹੈ। ਆਪ ਜੀ ਨੂੰ ਪੰਥ, ਅਕਾਲ ਤਖਤ ਦੇ ਗ੍ਰੰਥੀ ਹੋਣ ਲਈ ਤਨਖਾਹ ਦੇਂਦਾ ਹੈ, ਨਾ ਕਿ ਪੰਥ ਦੇ ਅਹਿਮ ਫੈਸਲੇ ਕਰਨ ਦਾ ਹੱਕ ਆਪ ਜੀ ਨੂੰ ਪ੍ਰਾਪਤ ਹੈ, ਤੇ ਨਾ ਹੀ ਆਪ ਕੋਈ ਪੰਥ ਦੇ ਹਾਕਿਮ ਜਾਂ ਜੱਜ ਹੋ। ਪੰਥ ਦੇ ਅਹਿਮ ਫੈਸਲੇ ਕਰਨ ਦਾ ਹੱਕ ਕੇਵਲ ਤੇ ਕੇਵਲ ‘ਸਰਬਤ ਖਾਲਸਾ’ ਨੂੰ ਪ੍ਰਾਪਤ ਹੈ। ਅਕਾਲ ਤਖਤ ਦੇ ਜਥੇਦਾਰ ਦਾ ਇਹ ਅਹੁਦਾ ਤੁਹਾਡੇ ਪੁਜਾਰੀ ਵਰਗ ਦਾ ਹੀ ਸਿਰਜਿਆ ਹੋਇਆ ਹੈ। ਸਿੱਖ ਸਿਧਾਂਤ ਅਨੁਸਾਰ ਇਸ ਔਹਦੇ ਦਾ ਕੋਈ ਵਿਧਾਨ ਨਹੀਂ ਹੈ।

ਖਾਲਸਾ ਜੀ! ਪੰਥ ਦੇ ਇਨਾਂ ਵਡੇ ਤੇ ਸਤਕਾਰਤ ਅਦਾਰਿਆਂ ਤੇ ਕਾਬਜ਼ ਇਸ ਤਰ੍ਹਾਂ ਦੇ ਪੁਜਾਰੀਆਂ ( ਜੋ ਪੁਰਾਤਨ ਮਹੰਤਾਂ ਤੇ ਪੁਜਾਰੀਆਂ ਵਾਂਗ ਗੁਰੂ ਘਰ ਤੇ ਕਬਜਾ ਕਰਕੇ, ਇਸ ਦੇ ਸਵੈਮਾਨ ਤੇ ਸਤਿਕਾਰ ਨੂੰ ਆਏ ਦਿਨ ਢਾਹ ਲਾ ਰਹੇ ਹਨ) ਨੂੰ ਲਾੰਭ੍ਹੇ ਕਰਨ ਦਾ ਵਕਤ ਆ ਚੁਕਾ ਹੈ। ਇਕ ਜੁੱਟ ਹੋ ਕੇ, ਇਕ ਆਵਾਜ਼ ਨਾਲ ਗੁਰੂ ਸਿਧਾਂਤਾਂ ਦੀ ਪਹਿਰੇਦਾਰੀ ਲਈ, ਇਕ ਜੋਰਦਾਰ ਹੰਬਲਾ ਮਾਰਨ ਦੀ ਜਰੂਰਤ ਹੈ। 1904 ਦਾ ਇਤਿਹਾਸ ਫੇਰ ਦੋਹਰਾਇਆ ਜਾ ਸਕਦਾ ਹੈ, ਬਸ ਜਰੂਰਤ ਹੈ ਕੌਮ ਵਿਚ ਮੌਜੂਦ ਗਿਆਨੀ ਦਿੱਤ ਸਿੰਘ ਤੇ ਗੁਰਮੁਖ ਸਿੰਘ ਵਰਗੇ ਸਿੱਖਾਂ ਦੇ ਖੁਲ ਕੇ ਸਾਮ੍ਹਣੇ ਆਉਣ ਦੀ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top