Share on Facebook

Main News Page

ਵੈਨਕੂਵਰ ’ਚ ਵਿਸਾਖੀ ਸਬੰਧੀ ਵਿਸ਼ਾਲ ਨਗਰ ਕੀਰਤਨ

ਪ੍ਰੋ: ਦਰਸ਼ਨ ਸਿੰਘ ਖਾਲਸਾ, ਪ੍ਰਧਾਨ ਮੰਤਰੀ ਸਟੀਫਨ ਹਾਰਪਰ, ਬ੍ਰਿਟਿਸ਼ ਕੋਲੰਬੀਆ ਦੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਅਤੇ ਕਈ ਕੈਬੀਨਟ ਮੰਤ੍ਰੀ ਸ਼ਾਮਿਲ ਹੋਏ

ਵੈਨਕੂਵਰ, 17 ਅਪ੍ਰੈਲ (ਗੁਰਵਿੰਦਰ ਸਿੰਘ ਧਾਲੀਵਾਲ) ਖਾਲਸਾ ਪੰਥ ਦੇ ਸਿਰਜਨਾ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਸਜਾਇਆ ਗਿਆ, ਜਿਸ ਵਿਚ ਕੈਨੇਡਾ ਭਰ ਦੇ ਵੱਖ-ਵੱਖ ਹਿੱਸਿਆਂ ’ਚੋਂ ਸਿੱਖ ਸੰਗਤਾਂ ਸ਼ਾਮਿਲ ਹੋਈਆਂ।

ਸਮਾਗਮਾਂ ਦੀ ਆਰੰਭਤਾ ਮੌਕੇ ਪ੍ਰੋ: ਦਰਸ਼ਨ ਸਿੰਘ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ, ਅੰਮ੍ਰਿਤਸਰ ਵੱਲੋਂ ਸ਼ਬਦ ਕੀਰਤਨ ਤੇ ਗੁਰਮਤਿ ਵਿਚਾਰਾਂ ਕੀਤੀਆਂ ਗਈਆਂ। ਉਪਰੰਤ ਬ੍ਰਿਟਿਸ਼ ਕੋਲੰਬੀਆ ਦੀ ਪ੍ਰੀਮੀਅਰ ਕ੍ਰਿਸਟੀ ਕਲਾਰਕ, ਕੇਂਦਰੀ ਸਿਟੀਜ਼ਨਸ਼ਿਪ ਮੰਤਰੀ ਰਹੇ ਜੇਸਨ ਕੇਨੀ, ਐਮ.ਪੀ. ਸੁਖਮਿੰਦਰ ਸਿੰਘ (ਸੁੱਖ) ਧਾਲੀਵਾਲ, ਉਜਲ ਦੁਸਾਂਝ, ਪੀਟਰ ਜੂਲੀਅਨ, ਬ੍ਰਿਟਿਸ਼ ਕੋਲੰਬੀਆ ਵਿਧਾਇਕ ਰਾਜ ਚੌਹਾਨ ਸਮੇਤ ਬਹੁਤ ਸਾਰੇ ਸਿਆਸੀ ਤੇ ਧਾਰਮਿਕ ਆਗੂਆਂ ਨੇ ਹਾਜ਼ਰੀ ਲੁਆਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ-ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਤੋਂ ਜੈਕਾਰਿਆਂ ਦੀ ਗੂੰਜ ’ਚ ਆਰੰਭ ਹੋਇਆ।

ਵੈਨਕੂਵਰ ਦੀ ਪੰਜਾਬੀ ਮਾਰਕੀਟ ਦੀ ਵਿਸ਼ਾਲ ਸਟੇਜ ’ਤੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਸਿੱਖ ਕੌਮ ਨੂੰ ਜਿੱਥੇ ਵਿਸਾਖੀ ਦੀ ਹਾਰਦਿਕ ਵਧਾਈ ਦਿੱਤੀ, ਉਥੇ ਕੈਨੇਡਾ ਦੀ ਤਰੱਕੀ ’ਚ ਸਿੱਖਾਂ ਵੱਲੋਂ ਪਾਏ ਬੇਮਿਸਾਲ ਯੋਗਦਾਨ ਦੀ ਭਰਪੂਰ ਪ੍ਰਸੰਸਾ ਵੀ ਕੀਤੀ। ਨਗਰ ਕੀਰਤਨ ਦੌਰਾਨ 2 ਮਈ ਨੂੰ ਹੋ ਰਹੀਆਂ ਕੈਨੇਡਾ ਦੀਆਂ ਚੋਣਾਂ ’ਚ ਟੋਰੀ ਪਾਰਟੀ ਦੇ ਉਮੀਦਵਾਰਾਂ ਸਮੇਤ ਪੁੱਜੇ ਪ੍ਰਧਾਨ ਮੰਤਰੀ ਦਾ ਭਾਸ਼ਣ ਚਾਹੇ ਸਿੱਖਾਂ ਦੀ ਕੈਨੇਡਾ ਨੂੰ ਦੇਣ ’ਤੇ ਕੇਂਦਰਿਤ ਰਿਹਾ, ਪ੍ਰੰਤੂ ਸਿਆਸੀ ਮਾਹਿਰਾਂ ਅਨੁਸਾਰ ਉਹ ਇਹ ਫੇਰੀ ਰਾਹੀਂ ਵੈਨਕੂਵਰ ਦੱਖਣੀ ਹਲਕੇ ਤੋਂ ਆਪਣੀ ਉਮੀਦਵਾਰ ਵੇਅ ਯੰਗ ਦੀ ਚੋਣ ਮੁਹਿੰਮ ਨੂੰ ਵੀ ਹੁਲਾਰਾ ਦੇ ਗਏ।

ਵੈਨਕੂਵਰ ਸ਼ਹਿਰ ਦੇ ਮੇਅਰ ਗਰਿਗ ਰੌਬਿਨਸਨ ਨੇ ਕਿਹਾ ਉਨ੍ਹਾਂ ਨੂੰ ਫਖ਼ਰ ਹੈ, ਕਿ ਅਜਿਹਾ ਨਗਰ ਕੀਰਤਨ ਉਨ੍ਹਾਂ ਦੇ ਖ਼ੂਬਸੂਰਤ ਸ਼ਹਿਰ ’ਚ ਨਿਕਲ ਰਿਹਾ ਹੈ। ਇਸ ਦੌਰਾਨ ਕੈਨੇਡੀਅਨ ਜੰਮਪਲ ਸਿੱਖ ਬੱਚਿਆਂ ਵੱਲੋਂ ਦਸਮੇਸ਼ ਪੰਜਾਬੀ ਸਕੂਲ ਦੀ ਅਗਵਾਈ ’ਚ ਗੱਤਕੇ ਦੇ ਜੌਹਰ ਵਿਖਾਏ ਗਏ। ਗੁਰੂ ਨਾਨਕ ਸਿੱਖ ਐਲੀਮੈਂਟਰੀ ਸਕੂਲ ਦੇ ਪ੍ਰਭਾਵਸ਼ਾਲੀ ਫਲੋਟ ਤੋਂ ਇਲਾਵਾ ਨਗਰ ਕੀਰਤਨ ’ਚ ਖ਼ਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ, ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ, ਗੁਰੂ ਰਵਿਦਾਸ ਸੁਸਾਇਟੀ ਬਰਨਬੀ ਆਦਿ ਜਥੇਬੰਦੀਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਸੁਚੱਜੇ ਢੰਗ ਨਾਲ ਸ਼ਿੰਗਾਰੇ ਵਾਹਣ ਸ਼ਾਮਿਲ ਸਨ ਤੇ ਹਵਾਈ ਜਹਾਜ਼ ਰਾਹੀਂ ਅਕਾਸ਼ ’ਚੋਂ ਫੁੱਲਾਂ ਦੀ ਵਰਖਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੀ ਪਾਲਕੀ ਉਪਰ ਕੀਤੀ ਜਾ ਰਹੀ ਸੀ।

Stephen Harper

ਸਿੱਖਾਂ ਤੋਂ ਇਲਾਵਾ ਚੀਨੀ, ਜਾਪਾਨੀ ਤੇ ਕੋਕੇਸ਼ਨ ਭਾਈਚਾਰੇ ਦੇ ਲੋਕਾਂ ਨੇ ਵੀ ਸੈਂਕੜੇ ਪਕਵਾਨਾਂ ਭਰਪੂਰ ਸਟਾਲਾਂ ਦਾ ਅਨੰਦ ਮਾਣਿਆ। ਇਸ ਮੌਕੇ ’ਤੇ ਗਿੱਧਾ ਤੇ ਭੰਗੜਾ ਟੀਮਾਂ ਅਤੇ ਗਾਇਕ ਕਲਾਕਾਰਾਂ ਨੇ ‘ਵਿਸਾਖੀ ਮੇਲੇ ’ਚ ਹਾਜ਼ਰੀ ਭਰੀ। ਪ੍ਰਧਾਨ ਮੰਤਰੀ ਦੇ ਭਾਸ਼ਣ ਵੇਲੇ ਭਾਰਤੀ ਫੋਟੋਗ੍ਰਾਫਰ ਦਾ ਕੈਮਰਾ ਟੁੱਟਿਆ-ਵੈਨਕੂਵਰ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਲਈ ਪੁੱਜੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਜਦੋਂ ਭਾਸ਼ਣ ਦੇ ਰਹੇ ਸਨ, ਤਾਂ ਉਸ ਵੇਲੇ ਉਘੇ ਭਾਰਤੀ ਫੋਟੋਗ੍ਰਾਫਰ ਸ੍ਰੀ ਚੰਦਰਾ ਬੋਡਾਲੀਆ ਦਾ ਫੋਟੋਆਂ ਲੈਣ ਸਮੇਂ ਕੈਮਰਾ ਟੁੱਟਣ ਦੀ ਘਟਨਾ ਵਾਪਰੀ। ਸ੍ਰੀ ਬੋਡਾਲੀਆ ਅਨੁਸਾਰ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਸੁਰੱਖਿਆ ਅਮਲੇ ਵੱਲੋਂ ਧੱਕਾ ਮਾਰੇ ਜਾਣ ’ਤੇ ਉਹ ਬੱਚਿਆਂ ਉ¤ਪਰ ਜਾ ਡਿੱਗੇ ਤੇ ਕੀਮਤੀ ਕੈਮਰਾ ਚੂਰ-ਚੂਰ ਹੋਣ ਤੋਂ ਇਲਾਵਾ ਉਨ੍ਹਾਂ ਨੂੰ ਗਹਿਰੀ ਚੋਟ ਵੀ ਆਈ। ਪ੍ਰਧਾਨ ਮੰਤਰੀ ਦੇ ਅਧਿਕਾਰੀਆਂ ਵੱਲੋਂ ਇਸ ਘਟਨਾ ਬਾਰੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਗਿਆ।

Source: Ajit Jalandhar


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top