Share on Facebook

Main News Page

ਪੰਥ ਦੇ ਆਗੂਆਂ, ਪ੍ਰਚਾਰਕਾਂ ਤੇ ਵਿਦਵਾਨਾਂ ਅੱਗੇ ਇੱਕ ਭਖਦਾ ਸਵਾਲ

ਪਿਛਲੇ ਹਫਤੇ ਅਨਮਤਿ ਦੇ ਲੋਕ ਨਵਰਾਤੇ ਦੇ ਮੌਕੇ ਤੇ ਕਈ ਥਾਂਵਾਂ ਤੇ ਜਗਰਾਤਿਆਂ ਦੇ ਪ੍ਰੋਗਰਾਮ ਕਰ ਰਹੇ ਸਨ। ਰਾਤ ਦੇ ਲਗਭਗ 10 ਵਜ ਚੁਕੇ ਸਨ, ਮੈਂ ਮੋਟਰ ਸਾਇਕਿਲ ਤੇ ਅਪਣੇ ਘਰ ਜਾ ਰਿਹਾ ਸੀ। ਇਕ ਥਾਂ ਤੇ ਜਗਰਾਤਾ ਹੋ ਰਿਹਾ ਸੀ। ਉਸ ਜਗਰਾਤੇ ਵਿਚ ਦੋ ਸਾਬਤ ਸੂਰਤ 22-25 ਸਾਲ ਦੇ ਸਿੱਖ ਨੌਜਵਾਨ ਬੱਚੇ ਥਾਲ ਲੈ ਕੇ ਦੇਵੀ ਦੀ ਮੂਰਤੀ ਅਗੇ ਆਰਤੀ ਕਰ ਰਹੇ ਸੀ ਤੇ ਭੇਟਾਂ ਗਾ ਰਹੇ ਸੀ। ਵੇਖ ਕੇ ਮੈਂ ਉਥੇ ਹੀ ਰੁਕ ਗਇਆ ਤੇ ਉਨਾਂ ਨੂੰ ਵੇਖ ਵੇਖ ਕੇ ਅਪਣੇ ਆਪ ਨੂੰ ਤੇ ਕੌਮ ਦੀ ਡਿਗਦੀ ਹਾਲਤ ਤੇ ਮਲਾਲ ਕਰਨ ਲਗ ਪਿਆ। ਲੇਕਿਨ ਮੈਂ ਇਹ ਫੈਸਲਾ ਕਰ ਲਿਆ ਸੀ ਕੇ ਭਾਵੇ ਕੁਝ ਹੋ ਜਾਵੇ ਮੈਂ ਇਨਾਂ ਸਿੱਖ ਬਚਿਆਂ ਨੂੰ ਮਿਲ ਕੇ ਹੀ ਜਾਵਾਂਗਾ ਤੇ ਇਨਾਂ ਕੋਲੋਂ ਪੁਛਾਂਗਾ ਕੇ ਤੁਸੀ ਸਿੱਖ ਹੋ ਕੇ ਇਹ ਅਨਮਤਿ ਦਾ ਕਰਮ ਕਾਂਡ ਕਿਊ ਕਰ ਰਹੇ ਹੋ? ਉਨਾਂ ਦਾ ਇੰਤਜਾਰ ਕਰਦੇ ਕਰਦੇ ਰਾਤ ਦੇ ਗਿਆਰਾਂ ਵਜ ਗਏ ਤੇ ਮੈ ਅਪਣੀ ਮੋਟਰ ਸਾਈਕਲ ਨੂੰ ਵਡੇ ਸਟੇਂਡ ਤੇ ਖੜਾ ਕਰਕੇ ਉਸ ਉਪਰ ਹੀ ਬੈਠ ਗਇਆ ਸੀ। ਘਰੋਂ ਦੋ ਵਾਰ ਫੋਨ ਆ ਚੁਕਾ ਸੀ ਕੇ ਤੁਸੀ ਕਿਥੇ ਹੋ, ਕਿਊਕੇ ਮੈਂ ਜਿਸ ਕੰਮ ਲਈ ਗਇਆ ਸੀ, ਉਸ ਵਿਚ ਪਹਿਲਾਂ ਹੀ ਦੇਰ ਹੋ ਚੁਕੀ ਸੀ। ਉਹ ਸਿੱਖ ਬੱਚੇ ਬਾਹਰ ਨਹੀਂ ਆ ਰਹੇ ਸਨ, ਬਹੁਤ ਵਡਾ ਪੰਡਾਲ ਲਗਾ ਹੋਇਆ ਸੀ।

ਦਾਸ ਨੇ ਉਨਾਂ ਬਚਿਆਂ ਨੂੰ ਅੰਦਰ ਜਾ ਕੇ ਮਿਲਨ ਦਾ ਫੈਸਲਾ ਕੀਤਾ ਕਿਊਕੇ ਦੇਰ ਬਹੁਤ ਹੋ ਚੁਕੀ ਸੀ। ਇਕ ਬੱਚਾ ਪਿਛੇ ਹੀ ਬੈਠਾ ਸੀ, ਉਸ ਨੂੰ ਜਾ ਕੇ ਮੈਂ ਇਹ ਕਹਿਆ ਕੇ ਮੈਂ ਬਾਹਰ ਆਪ ਜੀ ਨੂੰ ਮਿਲਨਾਂ ਚਾਉਂਦਾ ਹਾਂ ਤੇ ਆਪ ਜੀ ਦੇ ਉਸ ਨਾਲ ਵਾਲੇ ਸਿੱਖ ਨੌਜਵਾਨ ਨੂੰ ਵੀ ਮਿਲਨਾਂ ਚਾਉਂਦਾ ਹਾਂ ਜੋ ਪਹਿਲਾਂ ਆਰਤੀ ਕਰ ਰਿਹਾ ਸੀ। ਉਸ ਨੇ ਬਹੁਤ ਨਿਮ੍ਰਤਾ ਨਾਲ ਉੱਤਰ ਦਿਤਾ , ‘ਅੰਕਲ ਜੀ ਉਸ ਨੂੰ ਬੁਲਾ ਕੇ ਮੈਂ ਹੁਣੇ ਆਇਆ’।ਕੁਝ ਹੀ ਮਿਨਟਾਂ ਵਿਚ ਦੋਵੇਂ ਬਾਹਰ ਆ ਗਏ। ਦਾਸ ਨੇ ਸਮਾਂ ਨਾਂ ਗਵਾਂਦੇ ਹੋਏ ਉਨਾਂ ਕੋਲੋਂ ਸਵਾਲ ਕੀਤਾ।‘ਬੱਚਿਉ, ਤੁਸੀ ਤੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਬੱਚੇ ਹੋ ਤੁਸੀ ਇਸ ਦੇਵੀ ਦੀ ਆਰਤੀ ਕਿਊ ਕਰਦੇ ਹੋ, ਤੇ ਇਹ ਇਕ ਸਿੱਖ ਨੂੰ ਸੋਭਾ ਨਹੀ ਦੇਂਦਾ? ਉਨਾਂ ਪੌਨ ਸਟੇ ਜਵਾਬ ਦਿਤਾ- ‘ਅੰਕਲ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਤੇ ਦੇਵੀ ਦੀ ਉਸਤਤ ਕੀਤੀ ਸੀ ਤੇ ਉਨਾਂ ਕਾਲਕਾ ਦੀ ਅਰਾਧਨਾਂ ਕਰਕੇ ਉਸ ਨੂੰ ਪ੍ਰਗਟ ਕੀਤਾ ਸੀ। ਜੇ ਅਸੀ ਕਰ ਰਹੇ ਹਾਂ ਤੇ ਇਸ ਵਿਚ ਕੀ ਬੁਰਾਈ ਹੈ? ਦਾਸ ਨੇ ਦੂਜਾ ਸਵਾਲ ਕੀਤਾ ਇਹ ਤੇ ਬਚਿਤ੍ਰ ਨਾਟਕ ਦਾ ਖੇਡ ਹੈ ਜੋ ਗੁਰੂ ਦੀ ਨਹੀ ਕਿਸੇ ਦੇਵੀ ਪੂਜਕ ਸਾਕਤ ਮਤ ਦੇ ਕਵੀ ਦੀ ਲਿਖਤ ਹੈ।ਉਨਾਂ ਵਿਚੋਂ ਇਕ ਫੋਰਨ ਬੋਲਿਆ ਕੇ ਅੰਕਲ ਜੀ ਇਹ ਦਸਮ ਗ੍ਰੰਥ ਨਹੀ ਭਾਈ ਗੁਰਦਾਸ ਜੀ ਦੀ ਰਚਨਾਂ ਹੈ ਕੇ ‘ਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ’ ਦਾਸ ਸਭ ਕੁਝ ਜਾਂਣਦਾ ਹੋਇਆ ਵੀ ਉਨਾਂ ਨੂੰ ਘਟ ਸਮੈਂ ਵਿਚ ਭਾਈ ਗੁਰਦਾਸ ਦੀਆਂ ਵਾਰਾਂ ਦੇ ਗਲਗਡ ਹੋਣ ਦੀ ਹਕੀਕਤ ਨਹੀ ਸਮਝਾ ਸਕਦਾ ਸੀ।

ਇਸ ਬਾਰੇ ਕੋਈ ਦੂਜੀ ਗਲ ਕਰਦਾ ਇਸ ਤੋਂ ਪਹਿਲਾ ਹੀ ਉਨਾਂ ਵਿਚੋਂ ਇਕ ਬੋਲਿਆ, ‘ਅੰਕਲ ਜੀ ਤੁਹਾਡੇ ਵਰਗੇ ਲੋਕ ਕੌਮ ਵਿਚ ਭਬਲਭੁਸੇ ਪਾ ਕੇ ਗੁਰੂ ਗੋਬਿੰਦ ਸਿੰਘ ਦੀਆਂ ਬਾਣੀਆਂ ਨੂੰ ਕਿੰਤੂ ਕਰਦੇ ਹੋ।ਜੇ ਤੁਸਾਂ ਇਸ ਬਾਰੇ ਕੋਈ ਸਵਾਲ ਕਰਨਾਂ ਹੈ ਤੇ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਨੂੰ ਕਰੋ। ਜੇ ਉਹ ਕਹਿ ਰਹੇ ਨੇ ਕੇ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਹੈ ਤੇ ਤੁਸੀ ਸਾਨੂੰ ਵਰਗਲਾ ਕੇ ਕੁਰਾਹੇ ਨਾਂ ਪਾਉ’।ਉਹ ਬੋਲਦਾ ਹੀ ਜਾ ਰਿਹਾ ਸੀ ‘ਇਸ ਦਾ ਮਤਲਬ ਹੈ ਕੇ ਤੁਸੀ ਜਾਪ ਸਾਹਿਬ ਤੇ ਚੌਪਈ ਜੋ ਨਿਤਨੇਮ ਦੀਆਂ ਬਾਣੀਆਂ ਹਨ ਉਨਾਂ ਨੂੰ ਵੀ ਗੁਰੂ ਕ੍ਰਿਤ ਨਹੀ ਮੰਨਦੇ’ ।ਮੇਰੇ ਹਥ ਦੇ ਤੋਤੇ ਉਡ ਚੁਕੇ ਸਨ ਕਿਊਕੇ ਲੇਖ ਲਿਖ ਲਿਖ ਕੇ ਤੇ ਅਸੀ ਬੜੇ ਸਹਿਜ ਨਾਲ ਇਸ ਗਲ ਨੂੰ ਸਮਝਾ ਲੈਦੇ ਹਾਂ ਤੇ ਬਹੁਤ ਸਾਰੇ ਪ੍ਰਮਾਣ ਵੀ ਇਕੱਠੇ ਕਰ ਲੇਂਦੇ ਹਾਂ।ਬਹੁਤੀ ਵਾਰ ਇਹ ਵੀ ਵੇਖਿਆ ਜਾਂਦਾ ਹੈ ਕੇ ਅਸੀ ਆਪਸ ਵਿਚ ਹੀ ਲੜਦੇ ਹਾਂ ਕੇ ਅਸੀ ਅਪਣਾਂ ਸਟੇਂਡ ਨਿਤਨੇਮ ਦੀਆਂ ਬਾਣੀਆਂ ਤੇ ਸਪਸ਼ਟ ਕਰੀਏ ਫੇਰ ਏਕੇ ਦੀ ਗਲ ਕਰੀਏ। ਫੁਟਪਾਥ ਤੇ ਖੜੇ ਹੋਕੇ 5-10 ਮਿੰਟਾਂ ਵਿਚ ਇਨਾਂ ਨੂੰ ਮੈਂ ਕਿਵੇ ਸਮਝਾਂਵਾਂ ਕੇ ਅਸਲਿਅਤ ਕੀ ਹੈ।ਦਾਸ ਨੇ ਇਕ ਦੋ ਗੁਰਬਾਣੀ ਦੇ ਦੇਵੀ ਦੇਵਤਾ ਦੀ ਪੂਜਾ ਦਾ ਖੰਡਨ ਕਰਨ ਵਾਲੇ ਪ੍ਰਮਾਣ ਵੀ ਦੇ ਕੇ ਉਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ।ਲੇਕਿਨ ਉਨਾਂ ਵਿਚ ਇਕ ਥੋੜਾ ਗੁੱਸੇ ਵਿਚ ਆਕੇ ਬੋਲਿਆ ‘ਗੋਲਡੀ ਵੀਰ ਜੀ ਟਾਈਮ ਖਰਾਬ ਨਾਂ ਕਰੋ ਚਲੋ ਇਹ ਅੰਕਲ ਵੀ ਲਗਦਾ ਹੈ ਕਾਲੇ ਅਫਗਾਨੇ ਦੇ ਸਾਥੀ ਹਨ’। ਇਹ ਕਹਿ ਕੇ ਉਹ ਅੰਦਰ ਨੂੰ ਤੁਰ ਗਏ।

ਦਾਸ ਨੇ ਯੂ ਟਿਯੂਬ ਤੇ ਅਕਾਲ ਤਖਤ ਦੇ ਮੁਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਦੇ ਲੇਕਚਰ ਦੀ ਇਕ ਵੀਡੀਉ ਵੇਖੀ ਸੀ ਜਿਸ ਵਿਚ ਉਹ ਅਖੋਤੀ ਬਚਿਤਰ ਨਾਟਕ ਨਾਮ ਦੀ ਕੂੜ ਕਿਤਾਬ ਨੂੰ ਗੁਰੂ ਕ੍ਰਿਤ ਸਿਧ ਕਰਨ ਲਈ ਬਹੁਤ ਵਡੇ ਵਡੇ ਪ੍ਰਮਾਣ ਦੇ ਰਹੇ ਹਨ ਤੇ ਇਹ ਕਹਿ ਰਹੇ ਹਨ ਕੇ ‘ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਦਾ ਹੈ ਉਹ ਹੀ ਵਿਸ਼ਾ ਦਸਮ ਗ੍ਰੰਥ ਸਾਹਿਬ ਦਾ ਹੈ’।“……ਗੁਰੂ ਗ੍ਰੰਥ ਸਾਹਿਬ ਸਿੱਖ ਨੂੰ ਸੰਤ ਬਣਾਂਉਦਾ ਹੈ ਤੇ ਦਸਮ ਗ੍ਰੰਥ ਸਿੱਖ ਨੂੰ ਸਿਪਾਹੀ ਬਣਾਂਉਦਾ ਹੈ”। ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਲੇਖਨ ਕਲਾ ਦਾ ਇਕ ਲਾਸਾਨੀ ਮੁਜਸੱਮਾਂ ਹੈ।ਇਸ ਵੀਡੀਉ ਬਾਰੇ ਸੋਚਦੇ ਹੋਏ ਦਾਸ ਨੇ ਬਹੁਤ ਭਾਰੇ ਮਨ ਨਾਲ ਅਪਣੀ ਮੋਟਰ ਸਾਇਕਿਲ ਸਟਾਰਟ ਕੀਤੀ ਤੇ ਘਰ ਆ ਗਇਆ ।

ਨੀਂਦ ਨਹੀ ਸੀ ਆ ਰਹੀ ਤੇ ਸੋਚ ਰਿਹਾ ਸੀ ਕੇ “ਸਾਂਝੀ ਵਾਲਤਾ” ਦੇ ਨਾਮ ਤੇ ਸਾਡੀ ਨਵੀ ਪਨੀਰੀ ਦਾ “ਹਿੰਦੂਕਰਣ” ਕਰ ਦਿਤਾ ਗਇਆ ਹੈ।ਕੌਮ ਨੇ ਉਂਜ ਨਹੀ ਸੀ ਮਰਨਾਂ ਉਹ ਬ੍ਰਾਹਮਣਵਾਦ ਤੇ ਸਾਂਝੀਵਾਲਤਾ ਦੇ ਨਾਮ ਤੇ ਖਤਮ ਕਰ ਦਿਤੀ ਜਾਂਣੀ ਹੈ।ਕੌਮ ਦੇ ਇਸ ਨਿਘਾਰ ਲਈ ਸਿਧੇ ਤੌਰ ਤੇ ਅਸੀ ਆਪ ਹੀ ਜਿੰਮੇਦਾਰ ਹਾਂ, ਜੋ ਪ੍ਰਚਾਰ ਦੇ ਨਾਮ ਤੇ ਬੇਲੋੜੀਆਂ ਬਹਿਸਾਂ ਤੇ ਚਰਚਾ ਦੀ ਦਲਦਲ ਵਿਚ ਫਸੇ ਜਾਂ ਰਹੇ ਹਾਂ।ਅਪਣੀ ਵਿਦਵਤਾ ਦੇ ਝੰਡੇ ਗਡਨਾਂ ਸਾਡੀ ਆਦਤ ਵਿਚ ਸ਼ਾਮਿਲ ਹੋ ਗਇਆ ਹੈ। ਜੋ ਅਸੀ ਲਿਖ ਦੇਈਏ ਜਾਂ ਕਹਿ ਦੇਈਏ ਉਹ ਹੀ ਅੰਤਿਮ ਸੱਚ ਹੈ। ਸਾਰਾ ਟਾਈਮ ਤੇ ਏਨਰਜੀ ਅਸੀ ਇਸੇ ਵਿਚ ਬਰਬਾਦ ਕਰ ਰਹੇ ਹਾਂ ਭਾਵੇ ਚਾਲਾਕ ਚਾਂਣਕਿਆ ਦੇ ਚੇਲੇ ਸਾਡੀ ਕੌਮ ਨੂੰ ਬਰਬਾਦੀ ਦੇ ਅਖੀਰਲੇ ਪੜਾਂ ਤਕ ਲੈ ਜਾ ਚੁਕੇ ਹਨ ।ਸਾਡੇ ਅਖੌਤੀ ਆਗੂ ਤੇ ਪ੍ਰਚਾਰਕ ਇਸ ਅਗ ਵਿਚ ਘਿਉ ਪਾਕੇ ਇਸ ਨੂੰ ਹੋਰ ਵਧਾ ਰਹੇ ਹਨ।ਮੈਂ ਘਰ ਦੇ ਵ੍ਹੇੜੇ ਵਿਚ ਤੁਰਦਾ ਤੁਰਦਾ ਇਹ ਸੋਚ ਰਿਹਾ ਸੀ ਕੇ ਸਾਡੇ ਪ੍ਰਚਾਰਕ ਤੇ ਰਾਗੀ।

‘ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ’ ਤੇ ‘ਕਾਲ ਤੂਂ ਹੀ ਕਾਲੀ ਤੂੰਹੀ’

ਵਰਗੀ ਕੱਚੀ ਬਾਣੀ ਤੇ ਆਏ ਦਿਨ ਗਾਂਦੇ ਹਨ।ਤੇ ਬੈਗ ਭਰ ਭਰ ਕੇ ਮਾਇਆ ਲੈ ਜਾਂਦੇ ਹਨ। ਕੋਈ ਰਾਗੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿਚੋਂ ਹੇਠ ਲਿਖੇ ਇਹ ਸ਼ਬਦ ਕਿਊ ਨਹੀ ਪੜ੍ਹਦੇ ਜਿਨਾਂ ਦੀ ਜਰੂਰਤ ਹੈ। ਜੇ ਇਹ ਸ਼ਬਦ ਆਏ ਦਿਨ ਪੜ੍ਹੇ ਜਾਨ ਤੇ ਫੁਟਪਾਥ ਤੇ ਖੜੇ ਹੋਕੇ ਅਪਣੀ ਨਵੀ ਪਨੀਰੀ ਨੂੰ ਸਮਝਾਉਣ ਦੀ ਲੋੜ ਹੀ ਨਾਂ ਪਵੇ।-

ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥1॥ ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥1॥ ਰਹਾਉ ॥ ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥2॥ ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥3॥ ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥4॥ ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥5॥2॥6॥ ਪੇਜ 874

ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥2॥ ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥3॥ ਹਿੰਦੂ ਅੰਨ੍‍ਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥  ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥4॥3॥7॥ ਪੇਜ 874

ਕਹਿੰਦੇ ਨੇ ਕੇ ਗੁਰਬਾਣੀ ਇਕ ਦਵਾਈ (ਔਖਧ) ਹੈ ਲੇਕਨਿ ਉਸ ਦਾ ਅਸਰ ਕੌਮ ਤੇ ਇੱਸੇ ਕਰਕੇ ਨਹੀ ਹੋ ਰਿਹਾ ਕੇ ਜੇੜ੍ਹੀ ਬੀਮਾਰੀ ਫੈਲੀ ਹੈ ਉਸ ਲਈ ਨੀਯਤ ਦਵਾਈ ਤੇ ਕੌਮ ਨੂੰ ਮਿਲ ਹੀ ਨਹੀ ਰਹੀ।ਜੇ ਸ਼ਹਿਰ ਵਿਚ ਮਲੇਰੀਆ ਫੈਲਿਆ ਹੋਵੇ ਤੇ ਵੇਕਸੀਨ ਚੇਚਕ ਦੀ ਦਿਤੀ ਜਾਵੇ ਤੇ ਮਲੇਰੀਆ ਘਟੱਣ ਦੀ ਬਜਇ ਹੋਰ ਵਧ ਜਾਵੇਗਾ, ਘਟੇਗਾ ਨਹੀ।ਹੋ ਸਕਦਾ ਹੈ ਉਹ ਮਹਾਮਾਰੀ ਦਾ ਰੂਪ ਹੀ ਲੈ ਲਵੇ।ਜਦੋਂ ਕੇ ਦੋਨੋ ਹੀ ਪ੍ਰਕਾਰ ਦੀ ਵੇਕਸੀਨ ਜਾਂ ਦਵਾਈਆਂ ਹੈ ਤਾਂ ਰੋਗਾਂ ਨਾਲ ਲੜਨ ਲਈ।ਇਸ ਵੇਲੇ ਕੌਮ ਵਿਚ ਬੀਮਾਰੀ ‘ਬ੍ਰਾਹਮਣਵਾਦ’ ਦੀ ਫੈਲੀ ਹੋਈ ਹੈ ਜੋ ਇਕ ਮਹਾਮਾਰੀ ਦਾ ਵਿਕਰਾਲ ਰੂਪ ਅਖਤਿਆਰ ਕਰ ਚੁਕੀ ਹੈ। ਅਸੀ ਉਸ ਦੀ ਦਵਾਈ ਜੋ ਉਪਰ ਲਿਖੇ ਸ਼ਬਦ ਹਨ ਨਾਂ ਦੇ ਕੇ ‘ਸਾਂਝੀਵਾਲਤਾ” ਦੇ ਪਾਠ ਪੜ੍ਹਾਈ ਜਾ ਰਹੇ ਹਾਂ।ਇਕ ਨੂੰ ਮੈਂ ਕਹਿਆ ਕੇ ਅਕਾਲ ਤਖਤ ਦਾ ਸਾਬਕਾ ਜਥੇਦਾਰ ਪੂਰਨ ਸਿੰਘ ਤੇ ਸਾਡੇ ਗੁਰੂਆਂ ਨੂੰ ਲਵ ਕੁਸ਼ ਦੀ ਅੰਸ਼ ਦਸਦਾ ਹੈ ਤੇ ਉਹ ਕਹਿਨ ਲਗਾ ਉਹ ਝੂਠ ਥੋੜੀ ਹੀ ਬੋਲਦਾ ਹੈ ਤੁਹਾਡੇ ਦਸਮ ਗ੍ਰੰਥ ਵਿਚ ਲਿਖਿਆ ਹੋਇਆ ਹੈ।ਜੇ ਕਿਸੇ ਨੂੰ ਇਹ ਕਹਿ ਦੇਈਏ ਕੇ ਪੰਜਾਬ ਵਿਚ ਆਸ਼ੂ ਤੋਸ਼ ਕਹਿੰਦਾ ਹੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ਼ਿਵ ਦੀ ਪਤਨੀ ਪਾਰਵਤੀ ਦੀ ਉਸਤਤ ਕਰਕੇ ਉਸ ਤੋਂ ਵਰ ਮੰਗਿਆ ਤੇ ਉਹ ਕਹਿੰਦਾ ਹੈ ਕੇ ਤੁਹਾਡਾ ਤੇ ਰਾਸ਼ਟ੍ਰੀਯ ਗੀਤ ਹੀ ਇਹ ਹੈ ‘ਦੇਹ ਸ਼ਿਵਾ ਬਰ ਮੋਹੇ ਇਹ ਹੇ…..” ਫੇਰ ਉਹ ਅਪਣੇ ਕੋਲੋਂ ਕੀ ਗਲਤ ਕਹਿ ਰਿਹਾ ਹੈ। ਸ਼ਿਵਾ ਦਾ ਅਰਥ ਹੀ ਪਾਰਵਤੀ ਹੈ, ਸ਼ਿਵ ਦੀ ਪਤਨੀ।

ਵੀਰੋ ਆਪਣੇ ਆਪ ਨੂੰ ਸਿਧਾਂਤਕ ਕਹਿਣਾਂ ਤੇ ਦਿਦਵਤਾ ਦੇ ਨਾਮ ਤੇ ਇਕ ਦੂਜੇ ਨੂੰ ਨੀਵਾਂ ਵਖਾਉਣਾਂ, ਵਡੇ ਵਡੇ ਲੇਖ ਲਿਖ ਕੇ ਵਡੀਆਂ ਵਡੀਆਂ ਗਲਾਂ ਕਰਨਾਂ ਤੇ ਬਹੁਤ ਸੌਖਾ ਹੇ ਲੇਕਿਨ ਵਰਗਲਾਈ ਹੋਈ ਨਵੀ ਪੀੜ੍ਹੀ ਨੂੰ ਫੁਟਪਾਥ ਤੇ ਖਲੋ ਕੇ ਦਸ ਮਿੰਟਾਂ ਵਿਚ ਇਹ ਸਮਝਾਂਣਾਂ ਕੇ ਕੀ ਮਨਮਤਿ ਹੈ ਤੇ ਕੀ ਗੁਰਮਤਿ।ਕੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਹਨ ਤੇ ਕੀ ਅਖੌਤੀ ਬਚਿਤ੍ਰ ਨਾਟਕ ਦਾ ਜਹਿਰ।ਇਹ ਸਭ ਇਨਾਂ ਸੌਖਾ ਨਹੀ ਭਾਵੇ ਅਸੀ ਇਸ ਖੁਸ਼ਫਹਮੀ ਵਿਚ ਹੀ ਪਏ ਹੋਏ ਹਾਂ ਕੇ ਸਿੱਖ ਕੌਮ ਨੂੰ ਖਤਮ ਕਰਨਾਂ ਇਨਾਂ ਸੌਖਾ ਨਹੀ।ਕਾਸ਼ ਮੇਰੇ ਵਾਂਗ ਦਸ ਮਿੰਟਾ ਵਿਚ ਜੋ ਤਜੁਰਬਾ ਮੈਨੂੰ ਹੋਇਆ ਉਹ ਤਜੁਰਬਾ ਹਰ ਪ੍ਰਚਾਰਕ ਨੂੰ ਹੂੰਦਾ ਤੇ ਉਸਨੂੰ ਇਹ ਅਹਿਸਾਸ ਹੋ ਜਾਂਦਾ ਕੇ ਕਾਗਜਾਂ ਤੇ ਵੇਬਸਾਈਟਾਂ ਤੇ ਲੇਖ ਲਿਖਣਾਂ। ਗੁਰਪੁਰਬਾਂ ਤੇ ਅਖੌਤੀ ਰਾਗੀ ਜਥਿਆਂ ਨੂੰ ਬੁਲਾ ਕੇ ਉਨਾਂ ਨੂੰ ਮੋਟੇ ਮੋਟੇ ਲਿਫਾਫੇ ਦੇ ਦੇਣਾਂ ਤੇ ਲੰਗਰ ਖਵਾ ਖਵਾ ਕੇ ਵਾਹ ਵਾਹੀ ਲੁਟਣ ਨਾਲ ਕੌਮ ਨੇ ਨਹੀ ਜੇ ਬਚਨਾਂ।ਇਸ ਲਈ ਤੇ ਸਾਨੂੰ ਉਪਰ ਦਿਤੇ ਗੁਰੂ ਗ੍ਰੰਥ ਸਾਹਿਬ ਦੇ ਪੇਜ ਨ, 874 ਵਰਗੇ ਹੋਰ ਸ਼ਬਦਾਂ ਦੀ ਦਵਾਈ ਵਡੇ ਪਧਰ ਤੇ ਕੌਮ ਨੂੰ ਦੇਣੀ ਪੈਣੀ ਹੈ। ਜੇ ਵਕਤ ਰਹਿੰਦੇ ਐਸਾ ਨਾਂ ਹੋ ਸਕਿਆ ਤੇ ਅਸੀ ਸਾਰੇ ਉਸ ਦਿਨ ਵਾਂਗ ਫੁਟਪਾਥ ਤੇ ਖੜੇ ਹੋਕੇ ਅਪਣੀ ਨਵੀਂ ਪਨੀਰੀ ਨੂੰ ਸਮਝਾਂਦੇ ਰਹਾਂਗੇ ਤੇ ਕਿਸੇ ਇਕ ਨੇ ਨਹੀ ਜੇ ਸੁਨਣੀ।ਸੱਚੇ ਕਾਲੇ ਅਫਗਾਨੇ ਤੇ ਪ੍ਰੋਫੇਸਰ ਦਰਸ਼ਨ ਸਿੰਘ ਪੰਥ ਤੋਂ ਛੇਕੇ ਜਾਂਦੇ ਰਹਿਨਗੇ ਤੇ ਝੂਠੇ ਕਾਲਕਾ ਦੇ ਪੁਜਾਰੀ ਕੌਮ ਦੇ ‘ਹਿੰਦੂਕਰਣ’ ਦੇ ‘ਮਿਸ਼ਨ” ਵਿਚ ਕਾਮਯਾਬ ਹੋ ਜਾਂਣਗੇ।

ਇੰਦਰ ਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top