Share on Facebook

Main News Page

ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਬਰੁੱਕਸਾਈਡ ਗੁਰਦੁਆਰਾ ਕਨੇਡੀਅਨ ਰਾਮਗੜ੍ਹੀਆ ਸੁਸਾਇਟੀ, ਸਰੀ, 'ਚ ਕੀਰਤਨ ਕੀਤਾ

17 ਅਪ੍ਰੈਲ 2011 ਨੂੰ ਬਰੁੱਕਸਾਈਡ ਗੁਰਦੁਆਰਾ ਕਨੇਡੀਅਨ ਰਾਮਗੜ੍ਹੀਆ ਸੁਸਾਇਟੀ, ਸਰੀ, 'ਚ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਕੀਰਤਨ ਕੀਤਾ, ਜਿਥੇ ਉਨ੍ਹਾਂ ਨੇ

ਮਃ ੪ ॥ ਸਤਿਗੁਰੁ ਦਾਤਾ ਦਇਆਲੁ ਹੈ ਜਿਸ ਨੋ ਦਇਆ ਸਦਾ ਹੋਇ ॥ ਸਤਿਗੁਰੁ ਅੰਦਰਹੁ ਨਿਰਵੈਰੁ ਹੈ ਸਭੁ ਦੇਖੈ ਬ੍ਰਹਮੁ ਇਕੁ ਸੋਇ ॥ ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ ਤਿਨ ਵਿਚਹੁ ਤਿਸਟਿਆ ਨ ਕੋਇ ॥ ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ ॥ ਸਤਿਗੁਰ ਨੋ ਜੇਹਾ ਕੋ ਇਛਦਾ ਤੇਹਾ ਫਲੁ ਪਾਏ ਕੋਇ ॥ ਨਾਨਕ ਕਰਤਾ ਸਭੁ ਕਿਛੁ ਜਾਣਦਾ ਜਿਦੂ ਕਿਛੁ ਗੁਝਾ ਨ ਹੋਇ ॥੨॥ {ਪੰਨਾ 302}

ਸ਼ਬਦ  ਦਾ ਗਾਇਨ ਕੀਤਾ।

ਉਨ੍ਹਾਂ ਕਿਹਾ "ਜੇ ਸਿੱਖਾਂ ਨੂੰ ਹੀ ਦੱਸਣਾ ਪਵੇ ਕਿ ਉਨ੍ਹਾਂ ਦਾ ਗੁਰੂ ਕੌਣ ਹੈ, ਤਾਂ ਇਸ ਤੋਂ ਜ਼ਿਆਦਾ ਹੈਰਾਨੀ ਵਾਲੀ ਗੱਲ ਕਿਹੜੀ ਹੋਵੇਗੀ?" ਗੁਰੂ ਤਾਂ ਸਭਦਾ ਭਲਾ ਮੰਗਦਾ ਹੈ, ਤਾਂ ਉਸ ਦਾ ਬੁਰਾ ਕਿਵੇਂ ਹੋ ਸਕਦਾ ਹੈ। ਅਸੀਂ ਹਰ ਰੋਜ਼ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ, ਇਥੇ ਕਿਸੇ ਫਿਰਕੇ, ਜ਼ਾਤ ਜਾਂ ਬਿਰਾਦਰੀ ਦੇ ਭਲੇ ਦੀ ਗੱਲ ਨਹੀਂ, ਸਭ ਦੇ ਭਲੇ ਦੀ ਗੱਲ ਹੈ। ਪਰ ਅਸੀਂ ਤਾਂ ਆਪਸ ਵਿੱਚ ਹੀ ਉਲਝੀ ਜਾਂਦੇ ਹਾਂ।

ਇਸੇ ਆਪਸੀ ਖਿਚੋਤਾਣ ਦਾ ਨਤੀਜਾ ਹੈ, ਇੰਨੇ ਸਾਰੇ ਗੁਰਦੁਆਰੇ। ਸਿੱਖ ਆਰਥਿਕ ਤੌਰ 'ਤੇ ਮਜ਼ਬੂਤ ਹਨ, ਪਰ ਆਪਣਾ ਪੈਸਾ ਗੁਰਦੁਆਰਿਆਂ 'ਤੇ ਲਾਉਣ ਦੀ ਬਜਾਏ, ਸਕੂਲ, ਹਸਪਤਾਲ, ਯੂਨੀਵਰਸਟੀਆਂ 'ਤੇ ਲਾਉਣ, ਜਿਸ ਨਾਲ ਨੌਜਵਾਨ ਪੜ੍ਹ ਲਿੱਖ ਕੇ ਚੰਗੇ ਇਨਸਾਨ ਬਣਨ ਅਤੇ ਦੇਸ਼ ਕੌਮ ਦੀ ਸੇਵਾ ਕਰਨ।  ਗੁਰਦੁਆਰੇ ਸਿੱਖੀ ਦਾ ਸਕੂਲ ਹਨ, ਜਿਥੇ ਸਿੱਖ ਨੂੰ ਗੁਰਮਤਿ ਦਾ ਗਿਆਨ ਮਿਲੇ, ਪਰ ਐਸਾ ਹੋ ਨਹੀਂ ਰਿਹਾ ਹੈ। ਜ਼ਰੂਰਤ ਹੈ, ਇੱਕ ਗੁਰੂ ਨਾਲ ਜੁੜਨ ਦੀ ਅਤੇ ਗੁਰਮਤਿ ਧਾਰਣ ਕਰਨ ਦੀ।

ਸਮਾਗਮ ਦੇ ਆਰੰਭ 'ਚ ਕੈਲੋਨਾ ਦੇ ਇੰਦਰਜੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਿਤ ਕੀਤਾ। ਪ੍ਰੋ. ਦਰਸ਼ਨ ਸਿੰਘ ਖਾਲਸਾ ਦੀ ਵੈਨਕੂਵਰ ਫੇਰੀ ਦਾ ਇਹ ਆਖਰੀ ਦੀਵਾਨ ਸੀ। ਸੰਗਤਾਂ ਨਾਲ ਹਾਲ ਨੱਕੋ ਨੱਕ ਭਰਿਆ ਪਿਆ ਸੀ। ਸੰਗਤਾਂ ਨੇ ਅਥਾਹ ਪਿਆਰ ਨਾਲ ਕੀਰਤਨ ਸਰਵਣ ਕੀਤਾ, ਅਤੇ ਕੀਰਤਨ ਤੋਂ ਬਾਅਦ ਹਰ ਕੋਈ ਪ੍ਰੋ. ਸਾਹਿਬ ਨੂੰ ਮਿਲਣ ਲਈ ਆਤੁਰ ਸੀ।

ਪ੍ਰਬੰਧਕਾਂ ਨੇ ਬੇਮਿਸਾਲ ਪ੍ਰਬੰਧ ਕੀਤਾ ਹੋਇਆ ਸੀ। ਕਿਸੇ ਵੀ ਤਰ੍ਹਾਂ ਦੇ ਮਾਹੌਲ ਨੂੰ ਨਿਪਟਣ ਲਈ ਤਿਆਰ ਬਰ ਤਿਆਰ ਸੀ।

ਵੈਨਕੂਵਰ ਦੇ ਸਾਰੇ ਸਮਾਗਮ ਬੇਹੱਦ ਸਫਲ ਰਹੇ। ਪ੍ਰੋ. ਦਰਸ਼ਨ ਸਿੰਘ ਜਿਸ ਵੀ ਗੁਰਦੁਆਰੇ ਗਏ, ਸੰਗਤਾਂ ਦਾ ਹੱੜ ਜਿਹਾ ਆ ਗਿਆ ਲਗਦਾ ਸੀ, ਜਿਸ ਤੋਂ ਸਾਫ ਜ਼ਾਹਿਰ ਹੈ ਕਿ ਹੁਣ ਸੰਗਤ ਜਾਗ ਚੁਕੀ ਹੈ, ਅਤੇ ਅਖੌਤੀ ਜਥੇਦਾਰਾਂ ਦੇ ਕੂੜਨਾਮਿਆਂ ਦਾ ਜਾਗਰੂਕ ਸਿੱਖਾਂ 'ਤੇ ਕੋਈ ਅਸਰ ਨਹੀਂ। ਸੰਗਤਾਂ ਅਕਾਲ ਤਖਤ ਨਾਲ ਜੁੜੀਆਂ ਹਨ, ਪਰ ਉਥੋਂ ਜਾਰੀ ਜਿੰਨੇ ਵੀ ਗਲਤ ਫੈਸਲੇ ਜਾਰੀ ਹੁੰਦੇ ਹਨ, ਸੰਗਤਾਂ ਹੁਣ ਉਸ ਦਾ ਵਿਰੋਧ ਕਰਨ ਲੱਗ ਪਈਆਂ ਹਨ। ਜਿਸ ਤੋਂ ਅਖੌਤੀ ਜਥੇਦਾਰਾਂ ਨੂੰ ਕੁੱਝ ਸਿੱਖਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top