Share on Facebook

Main News Page

ਗੁਰਬਚਨ ਸਿੰਘ ਨੇ ਮਾਰੀ ਫੋਕੀ ਬੜ੍ਹਕ "ਅਖੇ ਮੈਂ ਰਹਾਂ ਜਾਂ ਨਾਂ ਰਹਾਂ, ਕਿਸੇ ਗੁਰਮਤਿ ਵਿਰੋਧੀ ਕੰਮ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਬੇਸ਼ੱਕ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ"
* ਭਾਈ ਸਿਰਸਾ ਨੇ ਸਬੂਤ ਵਿਖਾਏ ਕਿ ਬੀਬੀ ਹਰਸਿਮਰਤ ਕੌਰ ਬਾਦਲ ਸ਼ਿਵਲਿੰਗ ਪੂਜਾ ਕਰ ਰਹੀ ਹੈ, ਸੁਰਿੰਦਰ ਕੌਰ ਬਾਦਲ ਉਨ੍ਹਾਂ ਥਾਵਾਂ 'ਤੇ ਅਖੰਡਪਾਠ ਕਰਵਾ ਰਹੀ ਹੈ ਜਿਥੇ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੀ ਅਕਾਲ ਤਖ਼ਤ ਸਾਹਿਬ ਵਲੋਂ ਮਨਾਹੀ ਕੀਤੀ ਹੋਈ ਹੈ, ਪ੍ਰਕਾਸ਼ ਸਿੰਘ ਬਾਦਲ ਮੁਕਟ ਪਹਿਨ ਕੇ ਹਵਨ ਕਰਾ ਰਿਹਾ ਹੈ, ਸ਼੍ਰੋਮਣੀ ਕਮੇਟੀ ਵਲੋਂ ਸਿੱਖ ਇਤਿਹਾਸ ਨੂੰ ਕਲੰਲਤ ਕਰਨ ਵਾਲੀਆਂ ਪੁਸਤਕਾਂ ਛਪਵਾਈਆਂ, ਪਰ ਕਿਸੇ 'ਤੇ ਕੋਈ ਕਾਰਵਾਈ ਨਹੀਂ ਹੋਈ

* ਉਕਤ ਸਾਰੇ ਸਵਾਲਾਂ ਦੇ ਜਵਾਬ ਦੇਣ ਸਮੇਂ ਜਥੇਦਾਰ ਨੇ 'ਜੱਟ ਮਚਲਾ ਖ਼ੁਦਾ ਨੂੰ ਲੈ ਗਏ ਚੋਰ' ਵਾਲੀ ਨੀਤੀ ਧਾਰਨ ਕੀਤੀ
* ਜੇ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਤਾਂ ਸਿੰਘਾਂ ਨੂੰ ਵੀ ਗ੍ਰਿਫ਼ਤਾਰ ਕਰਨਾ ਪੈਣਾ ਹੈ ਦੀ ਦਲੀਲ ਦੇਣ ਵਾਲਾ ਗਿਆਨੀ ਗੁਰਬਚਨ ਸਿੰਘ ਇਹ ਕਿਉਂ ਨਹੀਂ ਮੰਨਦਾ ਕਿ ਜੇ ਉਸ ਨੇ ਬੀਬੀ ਜੰਗੀਰ ਕੌਰ ਤੇ ਹੋਰਨਾਂ ਵਿਰੁੱਧ ਗਿਆਨੀ ਪੂਰਨ ਸਿੰਘ ਵਲੋਂ ਜਾਰੀ ਹੋਏ ਹੁਕਨਾਮੇ ਰੱਦ ਕਰਨ ਵਾਲੇ ਹੁਕਮਨਾਮੇ 'ਤੇ ਦਸਤਖ਼ਤ ਕੀਤੇ ਸਨ ਤਾਂ ਹੁਣ ਵੀ ਗਲਤ ਹੁਕਮਨਾਮੇ ਰੱਦ ਕੀਤੇ ਜਾ ਸਕਦੇ ਹਨ

ਬਠਿੰਡਾ, 17 ਅਪ੍ਰੈਲ (ਕਿਰਪਾਲ ਸਿੰਘ): ਮੈਂ ਰਹਾਂ ਜਾਂ ਨਾਂ ਰਹਾਂ, ਕਿਸੇ ਗੁਰਮਤਿ ਵਿਰੋਧੀ ਕੰਮ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਬੇਸ਼ੱਕ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ। ਇਹ ਸ਼ਬਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਪਿਛਲੇ ਦਿਨੀਂ ਮਿਲੇ ਡੈਲੀਗੇਸ਼ਨ ਨਾਲ ਗੱਲ ਕਰਦਿਆਂ ਕਹੇ। ਜਥੇਦਾਰ ਜੀ ਦਾ ਇਹ ਬਿਆਨ ਤਾਂ ਹੈਰਾਨੀਜਨਕ ਲੱਗ ਰਿਹਾ ਸੀ ਪਰ ਉਸ ਮੀਟਿੰਗ ਦੀ ਵੀਡੀਓ ਵੇਖਣ ਤੋਂ ਪਤਾ ਲਗਦਾ ਹੈ ਕਿ ਭਾਈ ਸਿਰਸਾ ਵਲੋਂ ਅਖ਼ਬਾਰਾਂ ਵਿੱਚ ਛਪੀਆਂ ਫ਼ੋਟੋ ਸਹਿਤ ਖ਼ਬਰਾਂ ਤੇ ਸ਼੍ਰੋਮਣੀ ਕਮੇਟੀ ਵਲੋਂ ਛਾਪੀਆਂ ਪੁਸਤਕਾਂ 'ਚ ਗੁਰਮਤਿ ਤੇ ਸਿੱਖ ਇਤਿਹਾਸ ਦੀਆਂ ਧੱਜੀਆਂ ਉਡਾਉਣ ਦੀਆਂ ਤੱਥਾਂ ਸਹਿਤ ਮਿਸਾਲਾਂ ਦਿੱਤੀਆਂ ਤਾਂ ਉਕਤ ਸਾਰੇ ਸਵਾਲਾਂ ਦੇ ਜਵਾਬ ਦੇਣ ਸਮੇਂ ਜਥੇਦਾਰ ਨੇ 'ਜੱਟ ਮਚਲਾ ਖ਼ੁਦਾ ਨੂੰ ਲੈ ਗਏ ਚੋਰ' ਵਾਲੀ ਨੀਤੀ ਧਾਰਨ ਕਰਦਿਆਂ ਸਿਰਫ ਆਪਣੀ ਸਥਿਤੀ ਹੀ ਹਾਸੋਹੀਣੀ ਨਹੀਂ ਬਣਾਈ ਸਗੋਂ ਅਕਾਲ ਤਖ਼ਤ ਵਰਗੀ ਉਂਚ ਸੰਸਥਾ ਦੇ ਮਹਾਨ ਅਹੁਦੇ ਦਾ ਰੁਤਬਾ ਵੀ ਪੈਰਾਂ ਵਿੱਚ ਰੋਲਿਆ। ਡੈਲੀਗੇਸ਼ਨ ਨਾਲ ਹੋਈ ਗੱਲਬਾਤ ਦੇ ਵੰਨਗੀਮਾਤਰ ਕੁਝ ਅੰਸ਼ ਇੱਥੇ ਦਿੱਤੇ ਜਾ ਰਹੇ ਹਨ:-

ਭਾਈ ਸਿਰਸਾ ਨੇ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਫ਼ੋਟੋ ਸਮੇਤ ਛਪੀਆਂ ਖ਼ਬਰਾਂ ਦੀਆਂ ਕਤਾਰਾਂ ਵਿਖਾਉਂਦੇ ਹੋਏ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਸ਼ਿਵਲਿੰਗ ਪੂਜਾ ਕਰ ਰਹੀ ਹੈ, ਸੁਰਿੰਦਰ ਕੌਰ ਬਾਦਲ ਉਨ੍ਹਾਂ ਥਾਵਾਂ 'ਤੇ ਅਖੰਡਪਾਠ ਕਰਵਾ ਰਹੀ ਹੈ ਜਿਥੇ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੀ ਅਕਾਲ ਤਖ਼ਤ ਸਾਹਿਬ ਵਲੋਂ ਮਨਾਹੀ ਕੀਤੀ ਹੋਈ ਹੈ, ਪ੍ਰਕਾਸ਼ ਸਿੰਘ ਬਾਦਲ ਬਿਆਨ ਦੇ ਰਿਹਾ ਹੈ ਕਿ ਜਿੰਨੀ ਸ਼ਾਂਤੀ  ਉਨ੍ਹਾਂ ਨੂੰ ਗਊਸ਼ਾਲਾ ਵਿੱਚ ਜਾ ਕੇ ਮਿਲੀ ਹੈ ਇਤਨੀ ਹੋਰ ਕਿਸੇ ਧਾਰਮਿਕ ਸਥਾਨ 'ਤੇ ਜਾ ਕੇ ਨਹੀਂ ਮਿਲਦੀ। ਇਸ ਦਾ ਭਾਵ ਇਹ ਹੈ ਕਿ ਉਸ ਨੂੰ ਸ਼੍ਰੀ ਹਰਿੰਦਰ ਸਾਹਿਬ ਅੰਮ੍ਰਿਤਸਰ, ਅਨੰਦਪੁਰ ਸਾਹਿਬ ਤੇ ਦਮਦਮਾ ਸਾਹਿਬ ਜਾ ਕੇ ਉਹ ਸ਼ਾਂਤੀ ਨਹੀਂ ਮਿਲਦੀ ਜੋ ਉਸ ਨੂੰ ਗਊਸ਼ਾਲਾ ਵਿੱਚ ਜਾ ਜਾ ਕੇ ਮਿਲੀ। ਗਿਆਨੀ ਗੁਰਬਚਨ ਸਿੰਘ ਨੇ ਸ਼੍ਰੀ ਬਾਦਲ ਦਾ ਬਚਾਓ ਕਰਦੇ ਹੋਏ ਕਿਹਾ ਕਿ ਕਈ ਵਾਰ ਨੇਤਾ ਬਿਆਨ ਕੁਝ ਦਿੰਦਾ ਹੈ ਪਰ ਅਖ਼ਬਾਰਾਂ ਵਾਲੇ ਉਸ ਦੇ ਬਿਆਨ ਨੂੰ ਤੋੜ ਮਰੋੜ ਕੇ ਜੁਝ ਹੋਰ ਬਣਾ ਦਿੰਦੇ ਹਨ। ਭਾਈ ਸਿਰਸਾ ਨੇ ਕਿਹਾ ਕਿ ਜੇ ਐਸੀ ਗੱਲ ਸੀ ਤਾਂ ਅਗਲੇ ਦਿਨ ਉਸ ਨੂੰ ਉਸ ਖ਼ਬਰ ਦਾ ਖੰਡਨ ਕਰਨਾ ਚਾਹੀਦਾ ਸੀ ਕਿ ਉਸ ਨੇ ਇੱਦਾਂ ਨਹੀਂ ਇਸ ਤਰ੍ਹਾਂ ਕਿਹਾ ਸੀ। ਚਲੋ ਇਸ ਖ਼ਬਰ ਨੂੰ ਛੱਡ ਵੀ ਦਿੰਦੇ ਹਾਂ ਇਸ ਫ਼ੋਟੋ ਵਿੱਚ ਬਾਦਲ ਸਾਹਿਬ ਮੁਕਟ ਪਹਿਨ ਕੇ ਹਵਨ ਕਰ ਰਿਹਾ ਹੈ ਇਹ ਫ਼ੋਟੋ ਤਾਂ ਅਖ਼ਬਾਰਾਂ ਵਾਲਿਆਂ ਨੇ ਤੋੜ ਮਰੋੜ ਕੇ ਨਹੀਂ ਛਾਪੀ।

ਇੱਕ ਕਿਤਾਬ ਵਿਖਾਉਂਦਿਆਂ ਕਿਹਾ ਇਹ ਕਿਤਾਬ ਸ਼੍ਰੋਮਣੀ ਕਮੇਟੀ ਵਲੋਂ ਛਪਵਾਈ ਗਈ ਹੈ ਇਸ ਵਿੱਚ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦਸੇ ਗੁਰੂ, ਕ੍ਰਿਸ਼ਨ ਜੀ ਦੇ ਅਵਤਾਰ ਹਨ। ਆਹ ਦੂਸਰੀ ਕਿਤਾਬ ਸਿੱਖ ਇਤਿਹਾਸ ਹਿੰਦੀ ਵਿੱਚ ਸਿੱਖ ਇਤਿਹਾਸ ਤੇ ਗੁਰੂ ਸਾਹਿਬਾਨ ਦੇ ਆਚਰਣ ਨੂੰ ਕਲੰਕਤ ਕੀਤਾ ਗਿਆ ਹੈ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਇਹ ਕਿਤਾਬ ਵਾਪਸ ਲੈ ਲਈ ਗਈ ਹੈ। ਭਾਈ ਸਿਰਸਾ ਨੇ ਕਿਹਾ ਕਿ ਸਪੋਕਸਮੈਨ ਨੇ ਵੀ 16 ਮਾਰਚ 2010 ਵਾਲਾ ਛਪਿਆ ਆਪਣਾ ਲੇਖ ਵਾਪਸ ਲੈ ਲਿਆ ਸੀ ਜਿਸ ਤਰ੍ਹਾਂ ਉਹ ਇਤਰਾਜਯੋਗ ਲੇਖ ਵਾਪਸ ਲੈਣ ਪਿੱਛੋਂ ਵੀ ਉਸ ਵਿਰੁਧ ਕੇਸ ਦਰਜ਼ ਕੀਤਾ ਗਿਆ ਹੈ ਤੇ ਉਸ ਨੂੰ ਕਈ ਵਾਰ ਤਫ਼ਤੀਸ਼ ਲਈ ਪੁਲਿਸ ਨੇ ਅੰਮ੍ਰਿਤਸਰ ਬੁਲਾਇਆ ਹੈ ਉਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਗਈ? ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਹ ਕੇਸ ਤੁਸੀਂ ਅਦਾਲਤ ਵਿੱਚ ਲੈ ਗਏ ਹੋ। ਜੇ ਤੁਸੀਂ ਚਾਹੁੰਦੇ ਹੋ ਕਿ ਕਮੇਟੀ ਵਿਰੁੱਧ ਧਾਰਮਿਕ ਤੌਰ 'ਤੇ ਕਾਰਵਾਈ ਹੋਵੇ ਤਾਂ ਤੁਸੀਂ ਅਦਾਲਤ ਵਿੱਚੋਂ ਕੇਸ ਵਾਪਸ ਲੈ ਕੇ ਸਾਨੂੰ ਦੇਵੋ ਅਸੀਂ ਕਾਰਵਾਈ ਕਰਾਂਗੇ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਮੇਰੇ ਸਮੇਂ ਤੋਂ ਪਹਿਲਾਂ ਜੋ ਹੋ ਗਿਆ ਉਸ ਲਈ ਮੈਂ ਜਿੰਮੇਵਾਰ ਨਹੀਂ, ਆਪਣੇ ਸਮੇਂ 'ਚ ਹੁਣ 'ਕਿਸੇ ਨੂੰ ਟੰਗਤਾ ਤੇ ਕਿਸੇ ਨੂੰ ਛਡਤਾ' ਵਾਲੀ ਨੀਤੀ ਨਹੀਂ ਅਪਨਾਉਣਗੇ। ਹੁਣ ਸਾਡੇ ਪਾਸ ਕੀਤੂ ਦੀ ਸ਼ਿਕਾਇਤ ਆਈ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਉਸ ਨੂੰ ਸਿੱਖ ਹੀ ਨਹੀਂ ਮੰਨਦਾ ਕਿਉਂਕਿ ਉਹ ਦਾਹੜੀ ਕੱਟਦਾ ਹੈ। ਜੇ ਕਿਸੇ ਕੇਸਾਧਾਰੀ ਸਿੱਖ ਦੀ ਸ਼ਿਕਾਇਤ ਆਈ ਤਾਂ ਉਸ ਵਿਰੁਧ ਜਰੂਰ ਕਾਰਵਾਈ ਹੋਵੇਗੀ।


ਭਾਈ ਸਿਰਸਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕੇਸ ਤਾਂ ਅਦਾਲਤ ਵਿੱਚ ਨਹੀਂ ਗਿਆ, ਉਸ ਵਿੱਚ ਬਾਦਲ ਦੀ ਪੰਥਕ ਸਰਕਾਰ ਨੇ 'ਸਤਿਗੁਰੂ ਰਾਮ ਸਿੰਘ ਚੇਅਰ' ਸਥਾਪਤ ਕੀਤੀ, ਬਾਦਲ ਉਨ੍ਹਾਂ ਦੇ ਸਮਾਗਮਾਂ ਵਿੱਚ ਜਾ ਕੇ ਨਾਮਧਾਰੀਆਂ ਦੇ ਗੁਰੂ ਨੂੰ ਸਤਿਗੁਰੂ ਜਗਜੀਤ ਸਿੰਘ ਕਹਿ ਕੇ ਸੰਬੋਧਨ ਕਰਦਾ ਹੈ। ਕੀ ਕੋਈ ਸਿੱਖ 10 ਗੁਰੂਆਂ ਤੇ ਗੁਰੂ ਗਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਗੰਥ ਜਾਂ ਵਿਅਕਤੀ ਨੂੰ ਗੁਰੂ ਕਹਿ ਸਕਦਾ ਹੈ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੁਣ ਤਾਂ ਸਾਰੇ ਹੀ ਕਹਿ ਰਹੇ ਹਨ। ਭਾਈ ਸਿਰਸਾ ਨੇ ਕਿਹਾ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਸਿਰਫ ਪੰਥਕ ਆਗੂਆਂ ਦੀ ਗੱਲ ਕਰਦਾ ਹਾਂ। ਗਿਅਨੀ ਗੁਰਬਚਨ ਸਿੰਘ ਨੇ ਕਿਹਾ ਇਹ ਜਿਹੜੇ ਸਿਆਸੀ ਆਗੂ ਹੁੰਦੇ ਹਨ ਇਨ੍ਹਾਂ ਦੇ ਕਈ ਤਰ੍ਹਾਂ ਦੇ ਵੀਚਾਰ ਹੁੰਦੇ ਹਨ, ਇਨ੍ਹਾਂ ਨੂੰ ਕਈ ਥਾਵਾਂ 'ਤੇ ਜਾਣਾ ਪੈਂਦਾ ਹੈ ਤੇ ਉਥੇ ਕਈ ਕੁਝ ਕਹਿਣਾ ਪੈ ਜਾਂਦਾ ਹੈ। ਇਹ ਜੇ ਰਵਿਦਾਸੀਆਂ ਦੇ ਸਮਾਗਮ ਵਿੱਚ ਜਾਣਗੇ ਤਾਂ ਉਨ੍ਹਾਂ ਦੀ ਬੋਲੀ ਬੋਲਣਗੇ ਜੇ ਨਾਮਧਾਰੀਆਂ ਦੇ ਜਾਣਗੇ ਤਾਂ ਉਨ੍ਹਾਂ ਦੀ ਬੋਲੀ ਬੋਲਣਗੇ। ਜਰੂਰੀ ਨਹੀਂ ਜੋ ਕਿਸੇ ਨੇ ਕਹਿ ਦਿੱਤਾ ਉਹ ਉਸ ਨੇ ਮੰਨ ਹੀ ਲਿਆ। ਦੂਸਰੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਿਰੋਲ ਪੰਥਕ ਪਾਰਟੀ ਨਹੀਂ ਹੈ, ਇਸ ਵਿੱਚ ਸਿੱਖ ਵੀ ਹਨ, ਹਿੰਦੂ ਵੀ ਹਨ, ਮੁਸਲਮਾਨ ਵੀ ਹਨ, ਈਸਾਈ ਵੀ ਹੋ ਸਕਦਾ ਹੈ। ਭਾਈ ਸਿਰਸਾ ਸਮੇਤ ਹੋਰਨਾਂ ਕਈਆਂ ਨੇ ਕਿਹਾ ਕਿ ਅਸੀਂ ਤੁਹਾਡੀ ਗੱਲ ਮੰਨ ਲੈਂਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਨਹੀਂ ਹੈ ਪਰ ਬਾਦਲ ਕੀਤੂ ਵਰਗਿਆਂ ਨੂੰ ਟਿਕਟ ਦਿੰਦਾ ਹੈ ਤੇ ਸਟੇਜਾਂ 'ਤੇ ਕਹਿੰਦਾ ਹੈ ਇਹ ਪੰਥਕ ਉਮੀਦਵਾਰ ਹੈ ਸਾਰਾ ਪੰਥ ਇਸ ਨੂੰ ਵੋਟਾਂ ਪਾਵੇ। ਹੁਣ ਤੁਸੀਂ ਸਾਡੀ ਇੱਕ ਗੱਲ ਮੰਨ ਕੇ ਇਹ ਐਲਾਨ ਕਰ ਦੇਵੋ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਨਹੀਂ ਹੈ, ਬਾਦਲ ਇਸ ਨਾਲ ਪੰਥਕ ਸ਼ਬਦ ਦੀ ਵਰਤੋਂ ਕਰਕੇ ਪੰਥ ਨੂੰ ਗੁਮਰਾਹ ਨਾ ਕਰੇ। ਜੇ ਤੁਸੀਂ ਇਹ ਐਲਾਨ ਕਰ ਦੇਵੋ ਤਾਂ ਅਸੀਂ ਤੁਹਾਡੇ ਕੋਲ ਕੋਈ ਸ਼ਿਕਾਇਤ ਲੈ ਕੇ ਨਹੀਂ ਆਵਾਂਗੇ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜੇ ਉਹ ਪੰਥਕ ਨਹੀਂ ਤਾਂ ਤੁਸੀਂ ਉਨ੍ਹਾਂ ਨੂੰ ਵੋਟਾਂ ਨਾ ਪਾਓ। ਡੈਲੀਗੇਸ਼ਨ ਵਿਚੋਂ ਕਈਆਂ ਦੀ ਆਵਾਜ਼ ਆਉਂਦੀ ਹੈ ਸਿੱਖਾਂ ਦੀ ਤਾਂ ਵੋਟ ਹੀ ਨਹੀਂ ਬਣਦੀ, ਵੋਟ ਤਾਂ ਬਣਦੀ ਹੈ ਦਾੜ੍ਹੀ ਕੇਸ ਕੱਟਣ ਵਾਲਿਆਂ ਦੀ, ਸ਼ਰਾਬਾਂ ਪੀਣ ਵਾਲਿਆਂ ਦੀ। ਆਹ ਤੁਹਾਡੇ ਕੋਲ ਜੋ ਆਏ ਹਨ ਪੁੱਛੋ ਇਨ੍ਹਾਂ ਵਿੱਚੋਂ ਕਿਸੇ ਦੀ ਸ਼੍ਰੋਮਣੀ ਕਮੇਟੀ ਦੀ ਵੋਟ ਬਣੀ ਹੈ? ਗਿਆਨੀ ਗੁਰਬਚਨ ਸਿੰਘ ਨੇ ਕਿਹਾ ਫਿਰ ਤੁਸੀਂ ਵੋਟਾਂ ਬਣਾਈਆਂ ਕਿਉਂ ਨਹੀਂ?

ਭਾਈ ਬਲਦੇਵ ਸਿੰਘ ਨੇ ਕਿਹਾ ਸਾਡੀਆਂ ਵੋਟਾਂ ਬਣਦੀਆਂ ਹੀ ਕਿੱਥੇ ਹਨ? ਆਹ ਵੇਖੋ ਮੈਂ ਹਾਈ ਕੋਰਟ ਵਿੱਚ ਰਿਟ ਕੀਤੀ ਤੇ ਸੂਚੀ ਦੇ ਕੇ ਦੱਸਿਆ ਕਿ ਆਹ ਬੰਦੇ ਗੈਰ ਸਿੱਖ ਹਨ, ਇਨ੍ਹਾਂ ਦੇ ਸਿਰ ਮੂੰਹ ਮੁੰਨੇ ਹੋਏ ਹਨ, ਇਹ ਸ਼ਰਾਬ ਪੀਂਦੇ ਹਨ, ਇਨ੍ਹਾਂ ਸਾਰਿਆਂ ਦੀਆਂ ਤਾਂ ਵੋਟਾਂ ਬਣ ਗਈਆਂ ਹਨ ਪਰ ਆਹ ਸੂਚੀ ਕੇਸਾਧਾਰੀ ਪੂਰਨ ਗੁਰਸਿੱਖਾਂ ਦੀ ਹੈ ਇਨ੍ਹਾਂ ਵਿਚੋਂ ਕਿਸੇ ਦੀ ਵੋਟ ਨਹੀਂ ਬਣੀ। ਹਾਈ ਕੋਰਟ ਨੇ ਡੀਸੀ ਨੂੰ ਹੁਕਮ ਕੀਤਾ ਕਿ ਯੋਗ ਵੋਟਾਂ ਬਣਾਈਆਂ ਜਾਣ ਤੇ ਅਯੋਗ ਵੋਟਾਂ ਕੱਟੀਆਂ ਜਾਣ। ਡੀਸੀ ਨੇ ਉਸ ਦਾ ਗੋਲ ਮੋਲ ਜਵਾਬ ਦੇ ਦਿੱਤਾ। ਮੈਂ ਯੋਗ ਵੋਟਰਾਂ ਲੈ ਕੇ ਡੀਸੀ ਕੋਲ ਗਿਆ ਕਿ ਤੁਸੀਂ ਜਵਾਬ ਗੋਲਮੋਲ ਦਿੱਤਾ ਹੈ, ਦੱਸੋ ਇਨ੍ਹਾਂ ਯੋਗ ਵੋਟਰਾਂ ਦੀਆਂ ਵੋਟਾਂ ਕਿਉਂ ਨਹੀਂ ਬਣੀਆਂ? ਡੀਸੀ ਨੇ ਹੱਥ ਖੜ੍ਹੇ ਕਰ ਦਿੱਤੇ ਕਿ ਉਪਰੋਂ ਹੁਕਮ ਹੈ ਮੈਂ ਇਹ ਯੋਗ ਵੋਟਾਂ ਨਹੀਂ ਬਣਾ ਸਕਦਾ। ਬੇਸ਼ਰਮੀ ਵਾਲੀ ਹਾਸੀ ਹੱਸਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜੇ ਜਿਲ੍ਹੇ ਦੇ ਮਾਲਕ ਡੀਸੀ ਨੇ ਹੱਥ ਖੜ੍ਹੇ ਕਰ ਦਿੱਤੇ ਤਾਂ ਮੈਂ ਦੱਸੋ ਕੀ ਕਰ ਸਕਦਾ ਹਾਂ? ਨਾਲੇ ਤੁਸੀਂ ਇਹ ਦੱਸੋ ਕਿ ਉਸ ਨੇ ਅਯੋਗ ਵੋਟਾਂ ਕਿਉਂ ਬਣਾ ਦਿਤੀਆਂ? ਡੈਲੀਗੇਸ਼ਨ ਵਿੱਚੋਂ ਅਵਾਜ਼ ਆਈ ਕਿ ਸਤਾਧਾਰੀ ਪਾਰਟੀ ਸਾਡੀਆਂ ਵੋਟਾਂ ਤਾਂ ਬਣਨ ਹੀ ਨਹੀਂ ਦਿੰਦੀ, ਸਿਰਫ ਉਨ੍ਹਾਂ ਦੀ ਵੋਟਾਂ ਬਣਾਉਂਦੀ ਹੀ ਹੈ ਜਿਨ੍ਹਾਂ ਦਾ ਉਨ੍ਹਾਂ ਨੂੰ ਪਤਾ ਹੋਵੇ ਕਿ ਇਹ ਵੋਟਾਂ ਉਨ੍ਹਾਂ ਨੂੰ ਹੀ ਪਾਉਣਗੇ। ਅਖੌਤੀ ਸਰਬਉਂਚ ਜਥੇਦਾਰ ਦੇ ਬਚਨ ਸੁਣੋ! ਕਹਿੰਦਾ ਬਈ ਜਿਸ ਨੇ ਵੋਟਾਂ ਬਣਾਈਆਂ ਉਨ੍ਹਾਂ ਨੂੰ ਹੀ ਪਾਉਣੀਆਂ ਹਨ। ਤੁਸੀਂ ਪਵਾਉਣੀਆਂ ਹਨ ਤਾਂ ਆਪਣੀਆਂ ਵੋਟਾਂ ਆਪ ਬਣਵਾਓ।

ਦੂਸਰਾ ਸਵਾਲ ਪੁੱਛਿਆ ਗਿਆ ਕਿ ਪ੍ਰੋ ਦਰਸ਼ਨ ਸਿੰਘ ਦਾ ਕੀਰਤਨ ਰੋਕਣ ਲਈ ਤਾਂ ਤੁਸੀਂ ਮਹਾਂਰਾਸ਼ਟਰ ਦੇ ਡੀਜੀਪੀ ਤੇ ਗ੍ਰਹਿ ਸਕੱਤਰ ਨੂੰ ਲੇਲੜੀਆਂ ਕਢਦਾ ਬੇਨਤੀ ਪੱਤਰ ਲਿਖ ਦਿੱਤਾ, ਪਰ ਪੰਜਾਬ ਵਿੱਚ ਸੌਦਾ ਸਾਧ ਦੀਆਂ ਨਾਮਚਰਚਾਵਾਂ ਸਰਕਾਰੀ ਸੁਰੱਖਿਆ ਅਧੀਨ ਕਰਵਾਉਣ, ਸਿੱਖਾਂ ਦੀ ਸ਼ਰੇਆਮ ਪੱਗ ਉਤਾਰਨ ਅਤੇ ਭਾਈ ਦਲਜੀਤ ਸਿੰਘ ਬਿੱਟੂ ਸਮੇਤ ਹੋਰਨਾਂ ਬੇਕਸੂਰ ਸਿੰਘਾਂ ਨੂੰ ਝੂੱਠੇ ਮੁਕੱਦਮਿਆਂ ਦੀ ਆੜ ਹੇਠ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਰੱਖਣ ਵਿਰੁੱਧ ਤੁਸੀਂ ਕਿਸੇ ਨੂੰ ਕੋਈ ਪੱਤਰ ਨਹੀਂ ਲਿਖਿਆ। ਗਿਆਨੀ ਗੁਰਬਚਨ ਸਿੰਘ ਦਾ ਜਵਾਬ ਸੀ ਜੇ ਮੈਂ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿਖ ਦਿੱਤੀ ਤਾਂ ਫਿਰ ਤੁਸੀਂ ਕਹਿਣਾ ਹੈ ਕਿ ਚਿੱਠੀ ਕਿਉਂ ਲਿਖੀ? ਅੱਗੇ ਮੈਨੂੰ ਕਿੰਨੇ ਹੀ ਫ਼ੋਨ ਤੇ ਚਿੱਠੀਆਂ ਆਈਆਂ ਕਿ ਮਹਾਂਰਾਸ਼ਟਾਰ ਦੇ ਡੀਜੀਪੀ ਨੂੰ ਚਿੱਠੀ ਕਿਉਂ ਲਿਖੀ? ਡੈਲੀਗੇਸ਼ਨ ਵਿਚੋਂ ਆਵਾਜ਼ਾਂ ਆਈਆਂ ਕਿ ਸਾਡੇ ਵਿਚੋਂ ਤਾਂ ਕਿਸੇ ਨੇ ਅਖ਼ਬਾਰਾਂ ਵਿੱਚ ਤੁਹਾਡਾ ਖੰਡਨ ਨਹੀਂ ਕੀਤਾ। ਗੁਰਬਚਨ ਸਿੰਘ ਨੇ ਕਿਹਾ ਤੁਹਾਨੂੰ ਉਨ੍ਹਾਂ ਦਾ ਖੰਡਨ ਕਰਨਾ ਚਾਹੀਦਾ ਸੀ ਜਿਹੜੇ ਮੈਨੂੰ ਗਲਤ ਕਹਿੰਦੇ ਹਨ, ਤੁਹਾਨੂੰ ਕਹਿਣਾ ਚਾਹੀਦਾ ਸੀ ਕਿ ਜਥੇਦਾਰ ਸਾਹਿਬ ਨੇ ਜੋ ਕੀਤਾ ਉਹ ਠੀਕ ਹੈ, ਇਨ੍ਹਾਂ ਦੀ ਅਲੋਚਨਾ ਕਰਨ ਵਾਲੇ ਗਲਤ ਹਨ। ਭਾਈ ਸਿਰਸਾ ਨੇ ਪ੍ਰੇਮੀ ਲਿੱਲੀ ਕੁਮਾਰ ਕਤਲ ਕੇਸ ਦਾ ਹਵਾਲਾ ਦੇ ਕੇ ਦੱਸਿਆ ਕਿ ਉਸ ਨੂੰ ਪਿੰਡ ਦੇ ਬੰਦਿਆਂ ਨੇ ਮਾਰਿਆ, ਮ੍ਰਿਤਕ ਦੇ ਭਰਾ ਨੇ ਉਨ੍ਹਾਂ ਵਿਰੁੱਧ ਕੇਸ ਦਰਜ਼ ਕਰਵਾਇਆ ਪਰ ਪੰਜਾਬ ਸਰਕਾਰ ਨੇ ਉਹ ਐਂਫਆਈਆਰ ਰੱਦ ਕਰਕੇ ਭਾਈ ਦਲਜੀਤ ਸਿੰਘ ਤੇ ਹੋਰਨਾਂ ਸਿੰਘਾਂ ਤੇ ਕੇਸ ਦਰਜ਼ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਜਦੋਂ ਕਿ ਮ੍ਰਿਤਕ ਦਾ ਭਰਾ ਜੱਜ ਦੇ ਸਾਹਮਣੇ ਗਵਾਹੀ ਦੇ ਰਿਹਾ ਹੈ ਕਿ ਮੇਰੇ ਭਰਾ ਦੇ ਕਾਤਲ ਇਹ ਨਹੀਂ, ਕਾਤਲ ਤਾਂ ਉਹ ਹਨ ਜਿਨ੍ਹਾਂ ਵਿਰੁੱਧ ਉਸ ਨੇ ਐਂਫਆਈਆਰ ਦਰਜ਼ ਕਰਵਾਈ ਹੈ। ਭਾਈ ਸਿਰਸਾ ਨੇ ਕਿਹਾ ਕਿਹਾ ਕਿ ਜੇ ਤੁਸੀਂ ਡੀਜੀਪੀ ਪੰਜਾਬ ਨੂੰ ਭਾਈ ਦਲਜੀਤ ਸਿੰਘ ਅਤੇ ਸਿਰਸਾ ਸਾਧ ਦੇ ਸਬੰਧ ਵਿੱਚ ਝੂਠੇ ਕੇਸਾਂ ਵਿਚ ਬੰਦ ਕੀਤੇ ਨੌਜਵਾਨਾਂ ਨੂੰ ਰਿਹਾ ਕਰਨ ਸਬੰਧੀ ਡੀਜੀਪੀ ਪੰਜਾਬ ਨੂੰ ਚਿੱਠੀ ਲਿਖਦੇ ਹੋ ਤਾਂ ਸਾਡੇ ਵਿੱਚੋਂ ਕੋਈ ਵੀ ਇਸ ਦਾ ਵਿਰੋਧ ਨਹੀਂ ਕਰੇਗਾ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਸਟੇਜਾਂ 'ਤੇ ਤਾਂ ਅਸੀਂ ਕਹਿੰਦੇ ਹੀ ਰਹਿੰਦੇ ਹਾਂ ਕਿ ਸਾਰੇ ਝੂਠੇ ਕੇਸ ਵਾਪਸ ਲੈ ਲਏ ਜਾਣ। ਅਸੀਂ ਤਾਂ ਸਿਰਫ ਕਹਿ ਹੀ ਸਕਦੇ ਹਾਂ ਇਹ ਤਾਂ ਉਨ੍ਹਾਂ ਨੇ ਵੇਖਣਾ ਹੈ ਕਿ ਉਹ ਕਿੰਨੀ ਕੁ ਗੰਭੀਰਤਾ ਨਾਲ ਇਸ ਨੂੰ ਲੈਂਦੇ ਹਨ। ਹੁਣ ਇਸ ਨੂੰ ਪੰਜਾਂ ਸਿੰਘਾਂ ਦੀ ਮੀਟਿੰਗ ਵਿੱਚ ਵੀ ਵੀਚਾਰ ਲਵਾਂਗੇ।

ਧੱਲੇਕਾ ਪਿੰਡ ਤੋਂ ਆਏ ਇੱਕ ਵਿਅਕਤੀ ਨੇ ਕਿਹਾ ਕਿ ਧੱਲੇਕਾ ਕੇਸ ਵਿੱਚ ਜਿਨ੍ਹਾਂ ਪ੍ਰੇਮੀਆਂ ਤੇ ਸਿੰਘਾਂ ਨੂੰ ਜਖ਼ਮੀ ਕਰਨ ਦਾ ਕੇਸ ਹੈ ਉਹ ਤਾਂ ਦਨਦਨਾਉਂਦੇ ਫਿਰਦੇ ਹਨ, ਉਨ੍ਹਾਂ ਨੂੰ ਤਾਂ ਕੋਈ ਨਹੀਂ ਪੁਛਦਾ ਸਾਡੇ ਮੁੰਡਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਹਰ ਰੋਜ਼ ਹੀ ਛਾਪੇ ਮਾਰੇ ਜਾਂਦੇ ਹਨ। ਜੇ ਚਾਰ ਸਿੱਖ ਗੁਰਦੁਆਰਾ ਸਾਹਿਬ ਅੱਗੇ ਖੜ੍ਹੇ ਹੋ ਜਾਣ ਤਾਂ ਉਨ੍ਹਾਂ ਨੂੰ ਤਾਂ ਪੁਲਿਸ ਵਾਲੇ ਖੜ੍ਹਨ ਨਹੀਂ ਦਿੰਦੇ, ਪਰ ਪ੍ਰੇਮੀ ਰੋਜ਼ ਆਪਣੇ ਘਰਾਂ ਵਿੱਚ ਨਾਮ ਚਰਚਾ ਕਰਦੇ ਹਨ ਤੇ ਪੁਲਿਸ ਉਨ੍ਹਾਂ ਦੀ ਰਾਖੀ ਕਰਦੀ ਹੈ। ਕੀ ਪੁਲਿਸ ਸਾਨੂੰ ਕੰਟਰੋਲ ਕਰਨ ਵਾਸਤੇ ਹੀ ਹੈ? ਕੀ ਸਿੱਖ ਗੁਰਦੁਆਰੇ ਵੀ ਨਹੀਂ ਜਾ ਸਕਦੇ ਤਾਂ ਹੋਰ ਕਿਥੇ ਜਾਣ? ਗਿਆਨੀ ਗੁਰਬਚਨ ਸਿੰਘ ਨੇ ਕਿਹਾ ਜੇ ਪੁਲਿਸ ਸਾਡੀ ਹੈ ਕੰਟਰੋਲ ਵੀ ਸਾਨੂੰ ਹੀ ਕਰਨਾ ਹੋਇਆ। ਨਾਲੇ ਅਦਾਲਤ ਦਾ ਵੀ ਹੁਕਮ ਹੈ ਕਿ ਆਪਣੇ ਘਰ ਵਿੱਚ ਕੋਈ ਵੀ ਆਪਣੇ ਧਰਮ ਦੀ ਗੱਲ ਕਰ ਸਕਦਾ ਹੈ ਪਰ ਗੁਰਦੁਆਰੇ ਸਾਂਝੀ ਥਾਂ ਹੈ ਇਸ ਲਈ ਉਂਥੋਂ ਰੋਕਦੇ ਹਨ ਤੁਸੀਂ ਆਪਣੇ ਘਰ ਕੋਈ ਵੀ ਪ੍ਰੋਗਰਾਮ ਰੱਖੋ ਤੁਹਾਨੂੰ ਕੋਈ ਨਹੀਂ ਰੋਕੇਗਾ।

ਉਨ੍ਹਾਂ ਹੋਰ ਦਲੀਲ ਦਿੱਤੀ ਕਿ ਸਿੰਘਾਂ 'ਤੇ ਜੋ ਕੇਸ ਹਨ ਉਹ 307 ਦੇ ਹੋਣ ਕਰਕੇ ਜਿਆਦਾ ਗੰਭੀਰ ਹਨ। ਪਰ ਪ੍ਰੇਮੀਆਂ ਵਿਰੁਦ ਮਾਮੂਲੀ ਧਾਰਾਵਾਂ ਲਗੀਆਂ ਹਨ। ਇਸ ਲਈ ਜੇ ਪਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾ ਸਿੰਘ ਵੀ ਕਰਨੇ ਪੈਣਗੇ। ਇਸ ਲਈ ਅਸੀਂ ਇਸ ਸੁਝਾਅ 'ਤੇ ਵੀ ਵੀਚਾਰ ਕੀਤਾ ਜਾ ਰਿਹਾ ਹੈ ਕਿ ਦੋਵਾਂ ਧਿਰਾਂ 'ਤੇ ਦਰਜ਼ ਕੇਸ ਹੀ ਵਾਪਸ ਲੈ ਲਏ ਜਾਣ। ਭਾਈ ਸਿਰਸਾ ਨੇ ਕਿਹਾ ਕਿ ਜੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਤਾਂ ਸੌਦਾ ਸਾਧ ਵਿਰੁਧ ਜਾਰੀ ਹੋਇਆ ਹੁਕਮਨਾਮਾ ਹੀ ਵਾਪਸ ਲੈ ਲਵੋ, ਕਿਉਂਕਿ ਇਸ ਹੁਕਮਨਾਮੇ ਕਾਰਣ ਹੀ ਸਿੱਖ ਪ੍ਰੇਮੀਆਂ ਦਾ ਵਿਰੋਧ ਕਰਦੇ ਸ਼ਹੀਦੀਆਂ ਪਾ ਰਹੇ ਹਨ ਤੇ ਜੇਲ੍ਹਾਂ ਵਿੱਚ ਬੰਦ ਹਨ। ਢੀਠਪੁਣੇ ਦੀ ਹਦ ਵੇਖੋ ਗਿਆਨੀ ਗੁਰਬਚਨ ਸਿੰਘ ਜੀ ਕਹਿ ਰਹੇ ਹਨ ਮੈਂ ਤੁਹਾਨੂੰ ਕਦੋਂ ਕਿਹਾ ਕਿ ਉਸ ਦਾ ਵਿਰੋਧ ਨਾ ਕਰੋ। ਇਸ ਤਰ੍ਹਾਂ ਦੇ ਹੋਰ ਵੀ ਕਈ ਗੰਭੀਰ ਮੁੱਦੇ ਉਠਾਏ ਪਰ ਜਥੇਦਾਰ ਜੀ ਨੇ ਕਿਸੇ ਦੇ ਪੱਲੇ ਕੱਖ ਨਹੀਂ ਪਾਇਆ। ਇਸ ਡੈਲੀਗੇਸ਼ਨ ਵਿੱਚ ਭਾਈ ਸਿਰਸਾ ਤੋਂ ਇਲਾਵਾ ਗੁਰੂ ਗਰੰਥਸਾਹਿਬ ਸਤਿਕਾਰ ਕਮੇਟੀ ਹਰਿਆਣਾ ਦੇ ਭਾਈ ਸੁਖਵਿੰਦਰ ਸਿੰਘ, ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ, ਏਕ ਨੂਰ ਖ਼ਾਲਸਾ ਫੌਜ ਦੇ ਭਾਈ ਬਲਜਿੰਦਰ ਅਤੇ ਭਾਈ ਜਤਿੰਦਰ ਸਿੰਘ ਈਸੜੂ, ਮਨਜੀਤ ਝਬਾਲ, ਪ੍ਰੀਤਮ ਸਿੰਘ ਧੱਲੇਕੇ, ਸੂਬੇਦਾਰ ਜਤਿੰਦਰ ਸਿੰਘ ਬਾਬਾ ਬੁੱਢਾ ਜੀ ਗੁਰਮਤਿ ਗੰ੍ਰਥੀ ਸਭਾ ਸਮੇਤ 100 ਤੋਂ ਵੱਧ ਗੁਰਸਿਖ ਸ਼ਾਮਲ ਸਨ।

ਖ਼ਾਲਸਾ ਗੁਰਦੁਆਰਾ ਪ੍ਰਬੰਧ ਸੁਧਾਰ ਜਥੇ ਦੇ ਪ੍ਰਧਾਨ ਭਾਈ ਰਤਨ ਸਿੰਘ ਨੇ ਉਕਤ ਸੀਡੀ ਵੇਖਣ ਉਪ੍ਰੰਤ ਕਿਹਾ ਸਾਰੇ ਸਵਾਲਾਂ ਦੇ ਜਵਾਬ ਦੇਣ ਸਮੇਂ ਜਥੇਦਾਰ ਨੇ 'ਜੱਟ ਮਚਲਾ ਖ਼ੁਦਾ ਨੂੰ ਲੈ ਗਏ ਚੋਰ' ਵਾਲੀ ਨੀਤੀ ਧਾਰਨ ਕੀਤੀ ਹੈ। ਜੇ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਤਾਂ ਸਿੰਘਾਂ ਨੂੰ ਵੀ ਗ੍ਰਿਫ਼ਤਾਰ ਕਰਨਾ ਪੈਣਾ ਹੈ ਦੀ ਦਲੀਲ ਦੇਣ ਵਾਲਾ ਗਿਆਨੀ ਗੁਰਬਚਨ ਸਿੰਘ ਇਹ ਕਿਉਂ ਨਹੀਂ ਮੰਨਦਾ ਕਿ ਜੇ ਉਸ ਨੇ ਬੀਬੀ ਜਗੀਰ ਕੌਰ ਤੇ ਹੋਰਨਾਂ ਵਿਰੁੱਧ ਗਿਆਨੀ ਪੂਰਨ ਸਿੰਘ ਵਲੋਂ ਜਾਰੀ ਹੋਏ ਹੁਕਨਾਮੇ ਰੱਦ ਕਰਨ ਵਾਲੇ ਹੁਕਮਨਾਮੇ 'ਤੇ ਦਸਤਖ਼ਤ ਕੀਤੇ ਸਨ ਤਾਂ ਹੁਣ ਵੀ ਉਹ ਹੁਕਮਨਾਮੇ ਜੋ ਉਹ ਲਾਗੂ ਨਹੀਂ ਕਰਵਾ ਸਕਦਾ ਉਹ ਰੱਦ ਕੀਤੇ ਜਾ ਸਕਦੇ ਹਨ। ਜਿੰਨਾਂ ਜੋਰ ਪ੍ਰੋ: ਦਰਸ਼ਨ ਸਿੰਘ ਵਿਰੁੱਧ ਜਾਰੀ ਹੁਕਮਨਾਮਾ ਲਾਗੂ ਕਰਵਾਉਣ ਲਈ ਲਾਇਆ ਜਾ ਰਿਹਾ ਹੈ ਉਤਨਾ ਜੋਰ 17 ਮਈ 2007 ਨੂੰ ਸੌਦਾ ਸਾਧ ਵਿਰੁੱਧ ਜਾਰੀ ਹੋਇਆ ਹੁਕਮਨਾਮਾ ਅਤੇ 6 ਜੂਨ 2008 ਨੂੰ ਗੁਰੂ ਗਰੰਥਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਨਾ ਕਰਨ ਵਾਲਾ ਹੁਕਮਨਾਮਾ ਲਾਗੂ ਕਰਵਾਉਣ ਲਈ ਵੀ ਲਾਉਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top