[http://www.khalsanews.org/top.html]

 
 Share on Facebook

Main News Page

ਗੁਰਦੁਆਰਾ ਨਾਨਕ ਨਿਵਾਸ, ਰਿਚਮੰਡ, ਬੀ.ਸੀ ਵਿਖੇ ਪ੍ਰੋ. ਦਰਸ਼ਨ ਸਿੰਘ ਖਾਲਸਾ ਵਲੋਂ ਕੀਰਤਨ

15 April 2011 ਨੂੰ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਗੁਰਦੁਆਰਾ ਨਾਨਕ ਨਿਵਾਸ, ਰਿਚਮੰਡ, ਬੀ.ਸੀ ਵਿਖੇ

ਪਉੜੀ ॥ ਓਥੈ ਅੰਮ੍ਰਿਤੁ ਵੰਡੀਐ ਸੁਖੀਆ ਹਰਿ ਕਰਣੇ ॥ ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ ॥ ਜਿਸ ਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ ॥ ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ ॥ ਪੇਖਿ ਦਰਸਨੁ ਨਾਨਕੁ ਜੀਵਿਆ ਮਨ ਅੰਦਰਿ ਧਰਣੇ ॥੯॥ {ਪੰਨਾ 320}

ਪਉੜੀ ਦਾ ਗਾਇਨ ਕੀਤਾ।

ਉਉਨ੍ਹਾਂ ਕਿਹਾ ਕਿ ਅੰਮ੍ਰਿਤ ਦਾ ਸਿਧਾਂਤ ਸਿੱਖ ਹਾਲੇ ਤੱਕ ਨਹੀਂ ਸਮਝ ਪਾਇਆ ਹੈ। ਅੰਮ੍ਰਿਤ ਛਕਣ ਵਾਲਾ ਅਤੇ ਨਾ ਛਕਣ ਵਾਲਾ ਸਿੱਖ, ਦੋਵੇਂ ਹੀ ਇਸ ਦਾਤ ਦੀ ਗਿਆਨ ਤੋਂ ਸੱਖਣੇ ਨੇ। ਉਨ੍ਹਾਂ ਉਦਾਹਰਣ ਦੇ ਤੌਰ 'ਤੇ ਕਿਹਾ ਕਿ ਜਿਸ ਤਰ੍ਹਾਂ ਪੁਰਾਣੇ ਜਮਾਨੇ 'ਚ ਵੈਦ ਪੁੜੀਆਂ ਬੰਨ ਕੇ ਦੇ ਦਿੰਦਾ ਸੀ, ਅਤੇ ਉਸ ਦਵਾਈ ਬਾਰੇ ਕੁੱਝ ਨਹੀਂ ਸੀ ਦੱਸਦਾ, ਨਾ ਹੀ ਖਾਣ ਵਾਲੇ ਨੂੰ ਪਤਾ ਹੁੰਦਾ ਸੀ ਕਿ ਉਸ ਵਿੱਚ ਕੀ ਹੈ, ਪਰ ਅੱਜ ਹਰ ਇਕ ਦਵਾਈ 'ਤੇ ਉਸ ਵਿੱਚ ਪਏ ਹੋਏ ਸਾਲਟ, ਕਿੰਨੀ ਮਾਤਰਾ 'ਚ ਹਨ, ਉਹ ਵੀ ਲਿਖਿਆ ਹੁੰਦਾ। ਇਸੇ ਤਰ੍ਹਾਂ ਸਿੱਖ ਨੂੰ ਵੀ ਗੁਰੂ ਨੇ ਸਭ ਕੁਝ ਦੱਸਿਆ, ਪਰ ਸਿੱਖ ਸਮਝ ਨਾ ਸਕਿਆ। ਅੰਮ੍ਰਿਤ ਦਾ ਸਿਧਾਂਤ ਹੈ, ਆਪਸੀ ਊਚ ਨੀਚ ਛੱਡ ਕੇ, ਹਉਮੈ ਤਿਆਗ ਕੇ, ਇਕਮਿੱਕ ਹੋਣਾ, ਆਪਾ ਭਾਵ ਤਿਆਗਣਾ, ਪਰ ਅਸੀਂ ਤਾਂ ਨਿੱਕੀ ਨਿੱਕੀ ਗੱਲ ਉਤੇ ਹੀ ਝਗੜੇ ਖੜੇ ਕਰੀ ਜਾਂਦੇ ਹਾਂ।

ਇਸ ਗੁਰਦੁਆਰੇ 'ਚ ਲੰਗਰ ਕੁਰਸੀਆਂ ਮੇਜਾਂ ਉਤੇ ਛਕਿਆ ਜਾਂਦਾ ਹੈ। ਪ੍ਰੋ. ਦਰਸ਼ਨ ਸਿੰਘ ਨੇ ਕੁਰਸੀਆਂ ਅਤੇ ਤੱਪੜਾਂ ਦਾ ਝਗੜਾ ਛੱਡ ਕੇ, ਲੰਗਰ ਨੂੰ ਇੱਕ ਮਨੁੱਖੀ ਸੇਵਾ ਦੇ ਉਪਰਾਲੇ ਦੇ ਰੂਪ 'ਚ ਕਰਨ ਦਾ ਹੋਕਾ ਦਿੱਤਾ। ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਲੰਗਰ ਕਿਸ ਤਰ੍ਹਾਂ ਛਕਣਾ ਹੈ, ਇਹ ਕੋਈ ਵਿਵਾਦ ਦਾ ਵਿਸ਼ਾ ਨਹੀਂ, ਲੰਗਰ ਦਾ ਮਕਸਦ ਹੈ ਭੁਖੇ ਨੂੰ ਰੋਟੀ ਪਾਣੀ ਛਕਾਉਣੀ, ਉਹ ਕਿਥੇ ਬੈਠ ਕੇ ਛਕਣੀ ਹੈ, ਇਹ ਛਕਣ ਵਾਲੇ ਦੀ ਮਰਜ਼ੀ, ਭਾਵੇਂ ਉਹ ਥੱਲੇ ਬੈਠ ਕੇ ਛਕੇ, ਜਾਂ ਕੁਰਸੀਆਂ - ਮੇਜਾਂ 'ਤੇ, ਇਸ ਦਾ ਧਰਮ ਨਾਲ ਕੋਈ ਸੰਬੰਧ ਨਹੀਂ।

ਇਸ ਦੀਵਾਨ ਦੀ ਵੱਡੀ ਪ੍ਰਾਪਤੀ ਸੀ ਪ੍ਰਬੰਧਕਾਂ ਵਲੋਂ ਸੰਗਤ ਵਿੱਚ ਇਹ ਬਚਨ ਲੈਣਾ ਕਿ ਕੁਰਸੀਆਂ ਤੱਪੜਾਂ ਦਾ ਝਗੜਾ ਖਤਮ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਕੁੱਝ ਸਮਾਂ ਮੰਗਿਆ ਗਿਆ ਅਤੇ ਇਹ ਝਗੜਾ ਸੁਲਝਾਉਣ ਦਾ ਵਾਅਦਾ ਕੀਤਾ। ਇਹ ਸਾਰਾ ਸਮਾਗਮ ਖਾਲਸਾ ਨਿਊਜ਼ 'ਤੇ ਸਿੱਧਾ ਪ੍ਰਸਾਰਿਤ ਕੀਤਾ ਜਾ ਰਿਹਾ ਸੀ।

ਦੀਵਾਨ ਦੀ ਸ਼ੁਰੂਆਤ 'ਚ ਪ੍ਰੀਤ ਸੰਧੂ ਜੀ ਨੇ ਸੰਗਤਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਅੱਜ ਵੀ ਹਰ ਗਲਤ ਹੁਕੁਮਨਾਮਿਆਂ ਦੇ ਖਿਲਾਫ ਹਾਂ ਅਤੇ ਰਹਾਂਗੇ। ਉਨ੍ਹਾਂ ਕਿਹਾ ਕਿ 1998 ਵਿੱਚ ਜਦੋਂ ਕੁਰਸੀਆਂ ਮੇਜਾਂ 'ਤੇ ਲੰਗਰ ਛਕਾਉਣ ਕਾਰਣ 7 ਸਿੱਖਾਂ ਨੂੰ ਛੇਕਿਆ ਗਿਆ ਸੀ, ਉਸ ਸਮੇਂ ਵੀ ਉਸ ਗਲਤ ਫੈਸਲਾ ਦਾ ਉਨ੍ਹਾਂ ਵਿਰੋਧ ਕੀਤਾ ਸੀ, ਤੇ ਅੱਜ ਵੀ ਪ੍ਰੋ. ਦਰਸ਼ਨ ਸਿੰਘ ਖਿਲਾਫ ਜਾਰੀ ਅਖੌਤੀ ਹੁਕਮਨਾਮੇ ਦਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਲਈ ਤਾਂ ਪ੍ਰੋ. ਦਰਸ਼ਨ ਸਿੰਘ ਖਾਲਸਾ ਹੀ ਜੱਥੇਦਾਰ ਹਨ, ਜਿਨ੍ਹਾਂ ਹਰ ਵੇਲੇ ਸਿੱਖਾਂ ਸੰਗਤਾਂ ਨੂੰ ਜਾਗਰੂਕ ਕੀਤਾ ਹੈ। 

ਦੀਵਾਨ ਦੀ ਸਮਾਪਤੀ ਉਪਰੰਤ ਗੁਰਦੁਆਰੇ ਦੇ ਹੈਡ ਗ੍ਰੰਥੀ ਸਿੰਘ ਨੇ ਪ੍ਰੋ. ਦਰਸ਼ਨ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। 17 ਅਪ੍ਰੈਲ ਨੂੰ ਪ੍ਰੋ. ਦਰਸ਼ਨ ਸਿੰਘ ਹੇਠ ਲਿਖੇ ਗੁਰਦੁਆਰੇ ਅਤੇ ਸਮੇਂ 'ਤੇ ਕੀਰਤਨ ਕਰਨਗੇ।
ਗੁਰਦੁਆਰਾ ਰੌਸ ਸਟ੍ਰੀਟ ਵੈਨਕੂਵਰ, ਬੀ.ਸੀ
Vancouver Time
08:30 am, Toronto Time 11:30 am
ਗੁਰਦੁਆਰਾ ਅਕਾਲੀ ਸਿੰਘ ਵੈਨਕੂਵਰ, ਬੀ.ਸੀ
Vancouver Time
06:30 pm, Toronto Time 09:30 pm


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top