Share on Facebook

Main News Page

ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਸਖਤ ਵਿਰੋਧ ਦੇ ਬਾਵਜੂਦ, ਸਿਮਰਨਜੀਤ ਸਿੰਘ ਮਾਨ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅਸਲੀ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ

* ਕਾਂਗਰਸ ਅਤੇ ਅਕਾਲੀ ਦਲ ਬਾਦਲ ਦੋਵੇਂ ਇੱਕੇ ਸਿੱਕੇ ਦੋ ਪਹਿਲੂ
* ਲੜਾਈ ਉਸ ਸਮੇਂ ਤੱਕ ਜਾਰੀ ਰਹੇਗੀ ਜਿੰਨਾ ਚਿਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਸੁਪਨਾ ਸਾਕਾਰ ਨਹੀਂ ਹੁੰਦਾ: ਮਾਨ

ਬਠਿੰਡਾ, 14 ਅਪਰੈਲ (ਕਿਰਪਾਲ ਸਿੰਘ, ਤੁੰਗਵਾਲੀ) : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਆਪਣੇ ਮਿਥੇ ਪ੍ਰੋਗਰਾਮ ਅਨੁਸਾਰ ਤਖ਼ਤ, ਸ਼੍ਰੀ ਦਮਦਮਾ ਸਾਿਹਬ ਵਿਖੇ ਅਸਲੀ ਨਾਨਕਸ਼ਾਹੀ ਕੈਲੰਡਰ ਜਾਰੀ ਕਰਨ ਵਿੱਚ ਸਫਲ ਹੋ ਗਿਆ। ਉਹਨਾਂ ਆਪਣੇ ਸੈਂਕੜੇ ਸਮਰਥਕਾਂ ਸਮੇਤ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਈ ਗਈ ਵਿਸ਼ੇਸ਼ ਧਾਰਮਿਕ ਸਟੇਜ਼ ’ਤੇ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਕੈਲੰਡਰ ਦੀ ਇੱਕ ਕਾਪੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਭੇਂਟ ਕੀਤੀ, ਦੂਸਰੀ ਰਾਗੀ ਜਥੇ ਕੋਲ ਭੇਂਟ ਕੀਤੀ ਅਤੇ ਇਸ ਤੋਂ ਉਪਰੰਤ ਹਾਜਰ ਸੰਗਤਾਂ ਵਿੱਚ ਮੀਡੀਏ ਦੀ ਹਾਜਰੀ ਵਿੱਚ ਜਾਰੀ ਕੀਤੀ।

ਇਸ ਮੌਕੇ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਤੇ ਚੱਲ ਰਹੇ ਕੀਰਤਨ ਦਾ ਵਾਸਤਾ ਪਾ ਕੇ ਵਾਰ ਵਾਰ ਹੱਥ ਜੋੜ ਕੇ ਸਿਮਰਨਜੀਤ ਸਿੰਘ ਮਾਨ ਨੂੰ ਕੈਲੰਡਰ ਜਾਰੀ ਨਾ ਕਰਨ ਦੀ ਬੇਨਤੀ ਕਰ ਰਹੇ ਸਨ ਪਰ ਦੂਸਰੇ ਪਾਸੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਮੈਨੇਜਰ ਜਸਪਾਲ ਸਿੰਘ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਦਵਿੰਦਰ ਕੌਰ ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਤਾਇਨਾਤ ਕੀਤੀ ਗਈ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਕੈਲੰਡਰ ਰਿਲੀਜ਼ ਕਰਨ ਵਿੱਚ ਵਿਘਨ ਪਾਇਆ ਤੇ ਹੱਥੋਪਾਈ ਕੀਤੀ। ਇਸ ਸਮਾਗਮ ਦੀ ਕਵਰੇਜ਼ ਕਰ ਰਹੇ ਮੀਡੀਆ ਕਰਮੀਆਂ ਨੂੰ ਕਵਰੇਜ਼ ਕਰਨ ਤੋਂ ਰੋਕਣ ਲਈ ਧੱਕੇ ਮਾਰੇ ਤੇ ਗੁਰੂ ਗ੍ਰੰਥ ਸਾਹਿਬ ਦੀ ਮਰਯਾਦਾ ਦਾ ਭੋਰਾ ਭਰ ਵੀ ਖਿਆਲ ਨਹੀਂ ਰੱਖਿਆ। ਇਹ ਵੀ ਜ਼ਿਕਰਯੋਗ ਹੈ ਕਿ ਵਿਰੋਧੀ ਅਕਾਲੀ ਦਲਾਂ ਨੂੰ ਤਾਂ ਇਹ ਕਹਿ ਕੇ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਗੁਰਦੁਆਰਾ ਹਦੂਦ ਅੰਦਰ ਕੋਈ ਵੀ ਸਿਆਸੀ ਕਾਨਫਰੰਸ ਨਹੀਂ ਕਰਨ ਦਿੱਤੀ ਜਾਵੇਗੀ ਪਰ ਦੂਸਰੇ ਪਾਸੇ ਬਹੁਜਨ ਸਮਾਜ ਪਾਰਟੀ ਅਤੇ ਲੋਕ ਜਨ ਸ਼ਕਤੀ ਪਾਰਟੀ ਦੀਆਂ ਕਾਨਫਰੰਸਾਂ ਸ਼੍ਰੋਮਣੀ ਕਮੇਟੀ ਦੀ ਹਦੂਦ ਦੇ ਅੰਦਰ ਹੀ ਚੱਲ ਰਹੀਆਂ ਸਨ।

ਇਹ ਦੱਸਣਯੋਗ ਹੈ ਕਿ ਇਹ ਕਦਮ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੁਆਰਾ ਵਿਸਾਖੀ ਮੇਲੇ ਦੌਰਾਨ ਪਾਰਟੀ ਨੂੰ ਕਾਨਫਰੰਸ ਕਰਨ ਲਈ ਜਗ੍ਹਾ ਨਾ ਦਿੱਤੇ ਜਾਣ ਦੇ ਰੋਸ ਵਜੋਂ ਚੁੱਕਿਆ। ਕੈਲੰਡਰ ਜਾਰੀ ਕਰਨ ਤੋਂ ਬਾਅਦ ਸਿਮਰਨਜੀਤ ਸਿੰਘ ਨੂੰ ਬੋਲਣ ਦੀ ਇਜਾਜਤ ਨਾ ਦਿੱਤੇ ਜਾਣ ’ਤੇ ਬੁਰਜ ਬਾਬਾ ਦੀਪ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਸਟੇਜ਼ ਦੇ ਨਜ਼ਦੀਕ ਹੀ ਛੋਟੇ ਸਪੀਕਰਾਂ ਰਾਹੀਂ ਆਪਣੇ ਸਮੱਰਥਕਾਂ ਅਤੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਾਂਗਰਸ ਅਤੇ ਅਕਾਲੀ ਦਲ ਬਾਦਲ ਦੋਵੇਂ ਇੱਕੇ ਸਿੱਕੇ ਦੋ ਪਹਿਲੂ ਹਨ। ਕੇਂਦਰ ਤੇ ਪੰਜਾਬ ਸਰਕਾਰ ਵਲੋਂ ਅੱਜ ਵੀ ਕਾਨੂੰਨੀ, ਭੂਗੋਲਿਕ, ਸੱਭਿਆਚਾਰਕ, ਆਰਥਿਕ, ਧਾਰਮਿਕ ਅਤੇ ਸਿਆਸੀ ਤੌਰ ’ਤੇ ਸਿੱਖਾਂ ਨਾਲ ਘੋਰ ਵਿਤਕਰਾ ਕੀਤਾ ਜਾ ਰਿਹਾ ਹੈ, ਪੱਗਾਂ ਰੋਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਇਹ ਵਿਤਕਰ ਉਸ ਸਮੇਂ ਤੱਕ ਜਿੰਨਾ ਚਿਰ ਵੱਖਰਾ ਸਿੱਖ ਰਾਜ ਕਾਇਮ ਨਹੀਂ ਹੁੰਦਾ। ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦੀ ਲੜਾਈ ਉਸ ਸਮੇਂ ਤੱਕ ਜਾਰੀ ਰਹੇਗੀ ਜਿੰਨਾ ਚਿਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਸੁਪਨਾ ਸਾਕਾਰ ਨਹੀਂ ਹੁੰਦਾ ਇਸ ਉਪ੍ਰੰਤ ਉਹ ਸ਼ਾਂਤੀ ਨਾਲ ਬਾਹਰ ਚਲੇ ਗਏ। ਉਨ੍ਹਾਂ ਨਾਲ ਪਾਰਟੀ ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਸਿਮਰਜੋਤ ਕੌਰ, ਸਾਬਕਾ ਸਾਂਸਦ ਧਿਆਨ ਸਿੰਘ ਮੰਡ, ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂ ਵਾਲੀ, ਸੁਖਦੇਵ ਸਿੰਘ ਕਿੰਗਰਾ, ਰਾਮ ਸਿੰਘ ਲੇਲੇਵਾਲਾ, ਮਹਿੰਦਰ ਸਿੰਘ ਖ਼ਾਲਸਾ, ਪ੍ਰੈੱਸ ਸਕੱਤਰ ਸੁਖਦੇਵ ਸਿੰਘ ਕਾਲਾ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਸ਼ਾਮਲ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top