Share on Facebook

Main News Page

ਇੱਕ ਪਾਸੇ ਤਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਟਿਕਟਾਂ ਦੇਣ ਦੀਆਂ ਸਾਰੀਆਂ ਹੀ ਪਾਰਟੀਆਂ ਵਾਅਦੇ ਕਰ ਰਹੀਆਂ ਹਨ, ਪਰ ਦੂਸਰੇ ਪਾਸੇ ਸ਼ਹੀਦ ਊਧਮ ਸਿੰਘ ਦੀ ਭੈਣ ਦਾ ਪੋਤਰਾ ਤੇ ਪੋਤਰੀ ਭੱਠੇ ’ਤੇ ਇੱਟਾਂ ਪੱਥ ਕੇ ਗੁਜ਼ਾਰਾ ਕਰ ਰਹੇ ਹਨ: ਹਰਪਾਲ ਸਿੰਘ ਚੀਮਾ

ਬਠਿੰਡਾ, 14 ਅਪਰੈਲ (ਕਿਰਪਾਲ ਸਿੰਘ, ਤੁੰਗਵਾਲੀ) : ਸ਼ਹੀਦਾਂ ਦੇ ਨਾਮ ਦਾ ਮੁੱਲ ਵੱਟਣ ਲਈ ਅੱਜ ਕਲ੍ਹ ਸਾਰੀਆਂ ਹੀ ਮੁੱਖ ਸਿਆਸੀ ਪਾਰਟੀਆਂ ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਟਿਕਟਾਂ ਦੇਣ ਦੀਆਂ ਟਾਹਰਾਂ ਮਾਰ ਰਹੇ ਹਨ ਪਰ ਦੂਸਰੇ ਪਾਸੇ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਦਾ ਬਦਲਾ ਲੈਣ ਵਾਲੇ ਮਹਾਨ ਸ਼ਹੀਦ ਊਧਮ ਸਿੰਘ ਦੀ ਭੈਣ ਆਸ ਕੌਰ ਦਾ ਪੋਤਰਾ ਜੀਤ ਸਿੰਘ ਤੇ ਪੋਤਰੀ ਸੱਤਿਆ ਕੌਰ ਇੱਕ ਭੱਠੇ ’ਤੇ ਇੱਟਾਂ ਪੱਥ ਕੇ ਗੁਜਰ ਬਸਰ ਕਰਨ ਲਈ ਮਜ਼ਬੂਰ ਹਨ ਤੇ ਕੋਈ ਵੀ ਪਾਰਟੀ ਉਨ੍ਹਾਂ ਦਾ ਹਾਲ ਜਾਣਨ ਲਈ ਤਿਆਰ ਨਹੀਂ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਪ੍ਰਜ਼ੀਡੀਅਮ ਦੇ ਕਾਰਜਕਾਰੀ ਚੇਅਰਮੈਨ ਹਰਪਾਲ ਸਿੰਘ ਚੀਮਾ ਨੇ ਦਮਦਮਾ ਸਾਹਿਬ ਵਿਖੇ ਵਿਸਾਖੀ ਮੌਕੇ ਚੱਲ ਰਹੀ ਕਾਨਫਰੰਸ ਵਿੱਚ ਕਹੇ। ਉਨ੍ਹਾਂ ਕਿਹਾ ਕਿ ਇਹ ਸ਼ਾਇਦ ਇਸੇ ਕਰਕੇ ਹੈ ਕਿ ਸ਼ਹੀਦ ਊਧਮ ਸਿੰਘ ਇੱਕ ਸਾਬਤ ਸੂਰਤ ਸਿੱਖ ਸਨ ਜਦੋਂ ਕਿ ਦੂਸਰੇ ਪਾਸੇ ਸ਼ਹੀਦਾਂ ਦੇ ਪਤਿਤ ਵਾਰਸਾਂ ਨੂੰ ਟਿਕਟਾਂ ਦੇਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਇਸਦਾ ਸਿੱਧਾ ਭਾਵ ਹੈ ਕਿ ਇਹ ਸਿਆਸੀ ਪਾਰਟੀਆਂ ਪੰਥ ਵਿਰੋਧੀ ਤਾਕਤਾਂ ਦੀਆਂ ਖੁਸ਼ੀਆਂ ਲੈਣ ਲਈ ਹੀ ਸਿੱਖੀ ਸਰੂਪ ਨਾਲ ਨਫਰਤ ਕਰਦੀਆਂ ਜਾਪਦੀਆਂ ਹਨ। ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਵਿਰੋਧੀ ਦਲ ਵੀ ਵਕਤੀ ਮੁੱਦੇ ਚੁੱਕ ਕੇ ਸਿਆਸਤ ਕਰਦੇ ਜਾਪਦੇ ਹਨ ਜਦੋਂ ਕਿ ਪੰਥ ਦੀ ਹੋਂਦ ਨੂੰ ਖ਼ਤਰਾ ਪੈਦਾ ਕਰਨ ਵਾਲੀਆਂ ਅਲਾਮਤਾਂ- ਪਤਿਤਪੁਣਾ, ਵਧ ਰਹੇ ਨਸ਼ਿਆਂ ਦਾ ਸੇਵਨ, ਡੇਰਾਵਾਦ, ਸਿਖ ਨੌਜਵਾਨਾਂ ’ਤੇ ਵਧ ਰਿਹਾ ਸਰਕਾਰੀ ਤਸ਼ੱਦਦ ਅਤੇ ਝੂਠੇ ਕੇਸਾਂ ਅਧੀਨ ਜੇਲ੍ਹਾਂ ਵਿੱਚ ਰੁਲਣਾ,ਅਤੇ ਪੰਜਾਬ ਦੀਆਂ ਮੁੱਖ ਮੰਗਾਂ ਪਾਣੀ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਆਦਿ ਦੀ ਕੋਈ ਗੱਲ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਚਾਹੀਦਾ ਹੈ ਕਿ ਪੰਥ ਦੀ ਹੋਂਦ ਅਤੇ ਪੰਜਾਬ ਦੇ ਭਲੇ ਲਈ ਲੰਬੇ ਸਮੇਂ ਦੀਆਂ ਸਕੀਮਾਂ ਬਣਾ ਕੇ ਕੰਮ ਕਰਨ।

ਪਾਰਟੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਵਿਸਾਖੀ ਦੇ ਦਿਨ ਤਾਂ ਸਾਰੀਆਂ ਜਾਤਾਂ ਪਾਤਾਂ ਅਤੇ ਧਰਮਾਂ ਦੇ ਭੇਦ ਭਾਵ ਮਿਟਾ ਕੇ ਖਾਲਸਾ ਸਾਜਿਆ ਸੀ ਅਤੇ ਸਭ ਨੂੰ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਹੋਣ ਦਾ ਉਪਦੇਸ਼ ਦਿੱਤਾ ਸੀ ਪਰ ਅੱਜ ਇਸ ਉਪਦੇਸ਼ ’ਤੇ ਕੰਮ ਕਰਨ ਦੀ ਥਾਂ ਸਾਰੇ ਹੀ ਦਲ ਆਪੋ ਆਪਣੀਆਂ ਵੱਖਰੀਆਂ ਸਟੇਜਾਂ ਲਾ ਕੇ ਇੱਕ ਦੂਜੇ ’ਤੇ ਸਿਆਸੀ ਚਿੱਕੜ ਸੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਚਾਹੀਦਾ ਇਹ ਸੀ ਕਿ ਸ਼੍ਰੋਮਣੀ ਕਮੇਟੀ ਸਾਰੀਆਂ ਪੰਥਕ ਧਿਰਾਂ ਲਈ ਇੱਕ ਸਾਂਝੀ ਸਟੇਜ ਬਣਾਉਂਦੀ ਤੇ ਹਰ ਵੱਖਰੀ ਸੋਚ ਵਾਲੇ ਆਗੂਆਂ ਨੂੰ ਆਪਣੇ ਵਿਚਾਰ ਦੱਸਣ ਦਾ ਯੋਗ ਸਮਾਂ ਦਿੰਦੀ ਤਾਂ ਕਿ ਪੰਥਕ ਏਕਤਾ ਲਈ ਕੋਈ ਰਾਹ ਨਿਕਲ ਸਕੇ।

ਇਸ ਕਾਨਫਰੰਸ ਦੌਰਾਨ ਸਿੱਖਾਂ ਦੀ ਆਜ਼ਾਦ ਹਸਤੀ ਬਰਕਰਾਰ ਰੱਖਣ, ਸਿੱਖਾਂ ਦੀ ਯੋਜਨਾਬੱਧ ਨਸਲਕੁਸ਼ੀ ਦੀ ਨਿਖੇਧੀ, ਪੰਚ ਪ੍ਰਧਾਨੀ ਚੇਅਰਮੈਨ ਦਲਜੀਤ ਸਿੰਘ ਬਿੱਟੂ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੇ ਨੌਜਵਾਨ ਸਿੱਖ ਆਗੂ ਭਾਈ ਮਨਧੀਰ ਸਿੰਘ ਅਤੇ ਹੋਰ ਬੇਕਸੂਰ ਸਿੱਖ ਨੌਜਵਾਨਾਂ ਨੂੰ ਜੇਲ੍ਹੀਂ ਬੰਦ ਕਰਨ ਦੀ ਨਿਖੇਧੀ, ਦਹਾਕੇ ਭਰ ਤੋਂ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਦਵਿੰਦਰਪਾਲ ਸਿੰਘ ਭੁੱਲਰ ਦੀ ਵਿਗੜ ਰਹੀ ਸਿਹਤ ’ਤੇ ਚਿੰਤਾ ਦਾ ਪ੍ਰਗਟਾਵਾ ਕਰਕੇ ਨਿਖੇਧੀ, 29 ਅਪਰੈਲ 1986 ਨੂੰ ਸ਼੍ਰੀ ਅਕਾਲ ਤਖ਼ਤ ’ਤੇ ਜੁੜੇ ਖਾਲਸਾ ਪੰਥ ਵੱਲੋਂ ਖਾਲਿਸਤਾਨ ਦੇ ਐਲਾਨ ਕੀਤੇ ਮਤੇ ਦੀ ਪ੍ਰੋੜਤਾ, ਪੰਜਾਬ ਵਿੱਚ ਥਾਂ ਥਾਂ ਸਿੱਖ ਦੀ ਰੁਲ ਰਹੀ ਦਸਤਾਰ ਅਤੇ ਬੀਬੀਆਂ ਦੀ ਚੁੰਨੀ ’ਤੇ ਚਿੰਤਾ ਅਤੇ ਪੰਜਾਬ ਵਿੱਚ ਗੁਰੂਆਂ ਦੁਆਰਾ ਦਰਸਾਏ ਮੀਰੀ ਪੀਰੀ ਦੇ ਸਿਧਾਂਤ ਆਧਾਰਿਤ ਸੱਚੀ ਸੁੱਚੀ ਸਿਆਸਤ ਨੂੰ ਲਾਗੂ ਕਰਾਉਣ, ਲਈ ਛੇ ਮਤੇ ਪਾਸ ਕੀਤੇ ਗਏ।

ਇਸ ਮੌਕੇ ਸ਼੍ਰੋ.ਅ.ਦ ਪੰਚ ਪ੍ਰਧਾਨੀ ਦੇ ਕੌਮੀ ਪੰਚ ਭਾਈ ਕਮਿੱਕਰ ਸਿੰਘ ਮੁਕੰਦਪੁਰ, ਮੁਖੀ ਧਾਰਮਿਕ ਵਿੰਗ ਬਾਬਾ ਹਰਦੀਪ ਸਿੰਘ ਗੁਰੂ ਸਰ ਮਹਿਰਾਜ, ਜਨਰਲ ਸਕੱਤਰ ਭਾਈ ਅਮਰੀਕ ਸਿੰਘ ਈਸੜੂ ਤੇ ਜਸਵੀਰ ਸਿੰਘ ਖੰਡੂਰ, ਵਿਸ਼ੇਸ਼ ਸਕੱਤਰ ਭਾਈ ਸੰਤੋਖ ਸਿੰਘ ਸਲਾਣਾ, ਜਥੇਬੰਦਕ ਸਕੱਤਰ ਭਾਈ ਦਰਸ਼ਨ ਸਿੰਘ ਜਗਾ ਰਾਮਤੀਰਥ ਤੇ ਜਰਨੈਲ ਸਿੰਘ ਹੁਸੈਨਪੁਰਾ, ਪ੍ਰਧਾਨ ਇਸਤਰੀ ਵਿੰਗ ਮਾਤਾ ਮਲਕੀਤ ਕੌਰ ਜਗ੍ਹਾ ਰਾਮਤੀਰਥ, ਪ੍ਰਧਾਨ ਏਕਨੂਰ ਖ਼ਾਲਸ ਫੌਜ ਭਾਈ ਬਲਜਿੰਦਰ ਸਿੰਘ ਖਾਲਸਾ, ਪ੍ਰਧਾਨ ਗੁਰੂ ਗੰ੍ਰਥ ਸਾਹਿਬ ਸਤਿਕਾਰ ਕਮੇਟੀ ਹਰਿਆਣਾ ਭਾਈ ਸੁਖਵਿੰਦਰ ਸਿੰਘ ਖਾਲਸਾ, ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਭਾਈ ਪਰਮਜੀਤ ਸਿੰਘ ਗਾਜੀ, ਕਨਵੀਨਰ ਖ਼ਾਲਸਾ ਐਕਸ਼ਨ ਕਮੇਟੀ ਭਾਈ ਮੋਹਕਮ ਸਿੰਘ, ਪ੍ਰਧਾਨ ਆਲ ਇੰਡੀਆ ਫਾਰਮਰਜ਼ ਐਸੋਸੀਏਸ਼ਨ ਸੱਤਨਾਮ ਸਿੰਘ ਬਹਿਰੂ, ਬੀਬੀ ਸੋਹਣਜੀਤ ਕੌਰ ਕੱਲਰ ਭੈਣੀ ਅਤੇ ਸ਼ਹੀਦ ਊਧਮ ਸਿੰਘ ਦੀ ਭੈਣ ਦੀ ਪੋਤਰੀ ਸੱਤਿਆ ਕੌਰ ਆਦਿ ਵੀ ਹਾਜ਼ਰ ਸਨ ਅਤੇ ਇਨ੍ਹਾਂ ਵਿਚੋਂ ਬਹੁਤਿਆਂ ਨੇ ਸਬੋਧਨ ਵੀ ਕੀਤਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top