Share on Facebook

Main News Page

ਗੁਰਸਿੱਖੀ ਵਿੱਚ ‘ਦਸਤਾਰ’ ਮਨੁੱਖ ਦੇ ਸਾਬਿਤ-ਸੂਰਤ ਤੇ ਪਤਵੰਤਾ ਹੋਣ ਦੀ ਨਿਸ਼ਾਨੀ ਹੈ: ਗਿਆਨੀ ਜਾਚਕ

9 ਅਪ੍ਰੈਲ ਮੈਲਬੌਰਨ (ਸੁਮੀਤ ਟੰਡਨ): ਦਸਤਾਰ ਅਥਵਾ ਪੱਗੜੀ ਭਾਵੇਂ ਮਨੁੱਖੀ ਸਭਿਅਤਾ ਦੇ ਮੁੱਢ ਤੋਂ ਹੀ ਮਨੁੱਖ ਦੀ ਆਨ, ਸ਼ਾਨ, ਇਜ਼ਤ, ਮੈਤਰੀ-ਸਾਂਝ, ਜ਼ਿਮੇਂਵਾਰੀ ਤੇ ਸਿਰਦਾਰੀ ਦੀ ਪ੍ਰਤੀਕ ਮੰਨੀ ਆ ਰਹੀ ਹੈ । ਪਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਖਵਾਕ ‘ਸਾਬਿਤ ਸੂਰਤ ਦਸਤਾਰ ਸਿਰਾ’ ਮੁਤਾਬਿਕ ਕਿਸੇ ਵੀ ਵਿਅਕਤੀ ਦੇ ਸਿਰ ’ਤੇ ਸਜਾਈ ਹੋਈ ‘ਦਸਤਾਰ’ ਰੱਬੀ ਰਜ਼ਾ ਅਨੁਸਾਰ ਜੀਵਨ ਗੁਜ਼ਾਰਦਿਆਂ ਉਸ ਦੇ ਸਾਬਿਤ-ਸੂਰਤ ਤੇ ਪਤਵੰਤਾ ਹੋਣ ਦੀ ਪ੍ਰਮੁਖ ਨਿਸ਼ਾਨੀ ਹੈ । ਇਹੀ ਕਾਰਨ ਹੈ ਕਿ ਪੰਥਕ ਵਿਧਾਨ ਵਿੱਚ ਵੀ ‘ਦਸਤਾਰ’ ਸਿੱਖੀ ਪੁਸ਼ਾਕ ਦਾ ਮੁੱਖ ਅੰਗ ਮੰਨੀ ਗਈ ਹੈ । ਗਿਆਨੀ ਜਗਤਾਰ ਸਿੰਘ ਜਾਚਕ ਜੀ ਨੇ ਇਹ ਵਿਚਾਰ ਮੈਲਬੌਰਨ ਵਿਖੇ ਟਾਰਨੈਟ ਇਲਾਕੇ ਦੇ ਸਿੱਖ ਨੌਜਾਵਨਾਂ ਦੀ ਇੱਕ ਵਿਸ਼ੇਸ਼ ਇਕੱਤ੍ਰਤਾ ਵਿੱਚ ਕਹੇ ।

ਜਾਚਕ ਜੀ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ਼ਟ ਗੁਰੂ ਮੰਨ ਕੇ ਸੀਸ ਝਕਾਉਣ ਵਾਲੇ ਸਿੱਖ ਭਾਈਚਾਰੇ ਦਾ ਕੋਈ ਵੀ ਮੈਂਬਰ, ਜਦੋਂ ਦਾੜੀ ਕੇਸ਼ ਕਟਾ ਕੇ ਆਪਣੀ ਸਾਬਿਤ ਸੂਰਤ ਵਿਗਾੜ ਲੈਂਦਾ ਹੈ, ਤਾਂ ਸਮਝੋ ਲਓ ਕਿ ਉਹ ਭੁੱਲੜ ਵੀਰ ਆਪਣੀ ਪੱਗ ਆਪਣੇ ਹੱਥੀਂ ਲਾਹ ਰਿਹਾ ਹੁੰਦਾ ਹੈ । ਇਸ ਲਈ ਕਿਸੇ ਅਜਿਹੇ ਰਾਜਸੀ ਨੇਤਾ ਜਾਂ ਅਧਿਕਾਰੀ ਤੋਂ ਆਸ ਨਹੀਂ ਰੱਖੀ ਜਾ ਸਕਦੀ ਕਿ ਉਹ ਸਿੱਖ ਦੀ ਦਸਤਾਰ ਦਾ ਰਖਵਾਲਾ ਬਣੇਗਾ । ਯਾਦ ਰੱਖੋ ! ਦੇਸ਼ ਵਿਦੇਸ਼ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਮੰਨ ਕੇ ਹੀ ‘ਦਸਤਾਰ’ ਦੀ ਸ਼ਾਨ ਬਹਾਲ ਰੱਖੀ ਜਾ ਸਕਦੀ ਹੈ । ਉਨ੍ਹਾਂ ਇਹ ਵੀ ਕਿਹਾ ਕਿ ਜੇ ਕੁਝ ਸੱਤਾਧਾਰੀ ਪ੍ਰਵਾਰ ਆਪਣੇ ਸੁਆਰਥ ਅਤੇ ਪੰਥ ਵਿਰੋਧੀ ਸ਼ਾਕਤੀਆਂ ਦੀ ਸ਼ਹਿ ’ਤੇ ਖ਼ਾਲਸਾ ਕਾਲਜ ਸ੍ਰੀ ਅਮ੍ਰਿਤਸਰ ਨੂੰ ਹੜੱਪਣ ਦੇ ਯਤਨ ਕਰ ਰਹੇ ਹਨ । ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਕੌਮ ਦੀ ਪੱਗ ਨੂੰ ਹੱਥ ਪਾ ਰਹੇ ਹਨ । ਕਿਉਂਕ, ਕਾਲਜ ਸਿੱਖ ਕੌਮ ਦੀ ਵਿਰਾਸਤੀ ਸ਼ਾਨ ਹੈ।

ਇਸ ਲਈ ਕਾਲਜ ਦੀ ਕੌਮੀ ਸੰਪਤੀ ਨੂੰ ਪ੍ਰਵਾਰਕ ਸੰਪਤੀ ਬਨਾਉਣ ਵਾਲੇ ਭੈੜੇ ਮਨਸੂਬਿਆਂ ਨੂੰ ਅਸਫਲ ਬਣਾਉਣ ਲਈ ਸਮੁੱਚੇ ਪੰਥ ਨੂੰ ਇੱਕ-ਜੁੱਟ ਹੋ ਕੇ ਓਵੇਂ ਹੀ ਸਘੰਰਸ਼ ਕਰਨ ਦੀ ਲੋੜ ਹੈ । ਜਿਵੇਂ, ਇੱਕ ਸਿੱਖ ਨੌਜਵਾਨ ਦੀ ਦਸਤਾਰ ਉਤਾਰਨ ਦਾ ਮਸਲਾ ਲੈ ਕੇ ਪੰਜਾਬ ਪੁਲੀਸ ਦੇ ਵਰਤਾਰੇ ਦੀ ਨਿਖੇਧੀ ਕਰਦਿਆਂ ਜ਼ਿਮੇਵਾਰ ਅਧਿਕਾਰੀਆਂ ਨੂੰ ਸਜ਼ਾ ਦੇਣ ਦੀ ਜ਼ੋਰਦਾਰ ਮੰਗ ਉਠਾਈ ਗਈ । ਜਿਸ ਦੇ ਸਿੱਟੇ ਵਜੋਂ ਰਾਜਸੀ ਮੱਦ ਵਿੱਚ ਅੰਧੀ ਬੋਲ਼ੀ ਹੋਈ ਪੰਜਾਬ ਸਰਕਾਰ ਨੂੰ ਜ਼ਿਮੇਂਵਾਰ ਪੁਲੀਸ ਅਧਿਕਾਰੀਆਂ ਵਿਰੁਧ ਸ਼ਕਾਇਤੀ ਪਰਚਾ ਦਰਜ਼ ਕਰਨ ਦਾ ਫੈਸਲਾ ਲੈਣਾ ਪਿਆ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top