Share on Facebook

Main News Page

ਵੈਸਾਖੀ ਮੌਕੇ ਗੁਰਦੁਆਰਿਆਂ ਵਿਚ ਰਾਗੀਆਂ ਵੱਲੋਂ “ਗੁਰ ਸਿਮਰਿ ਮਨਾਈ ਕਾਲਕਾ” ਪੜ੍ਹਨਾ ਦਰਸਾਉਂਦਾ ਹੈ ਕਿ ਗੁਰਦੁਆਰਿਆਂ ਉਪਰ ਕਾਲਕਾ ਦੇਵੀ ਦੇ ਉਪਾਸ਼ਕਾਂ ਦਾ ਕਬਜ਼ਾ ਹੋ ਜਾਣਾ ਹੈ

* ਗੁਰੂ ਗੋਬਿਦ ਸਿੰਘ ਜੀ ਨੇ ਖਾਲਸੇ ਦੀ ਸੰਪੂਰਨਤਾ ਵੇਲੇ ਕਾਲਕਾ ਨੂੰ ਨਹੀਂ ਸੀ ਸਿਮਰਿਆ: ਸੁਰਿੰਦਰ ਸਿੰਘ ਫ਼ਰੀਦਾਬਾਦ

(ਫ਼ਰੀਦਾਬਾਦ : 13 ਅਪ੍ਰੈਲ 2011, ਬਸੰਤ ਕੌਰ)

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਹਰ ਮਹੀਨੇਂ ਦੀ 13 ਨੂੰ ਕਾਲਾ ਦਿਵਸ ਮਨਾਉਂਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪਤ ਜੱਥੇਬੰਦੀ ਦਸ਼ਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਨਟਰਨੈਸ਼ਨਲ ਦੇ ਕੋਆਡੀਨੇਟਰ ਸ੍ਰ. ਸੁਰਿੰਦਰ ਸਿੰਘ ਹੋਰਾਂ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ ਅਖੌਤੀ ਦਸਮ ਗ੍ਰੰਥ ਦੀ ਰਚਨਾ ਵਿਚ ਗੁਰੁ ਗੋਬਿੰਦ ਸਿੰਘ ਜੀ ਨੂੰ ਚੰਡੀ ਚਰਿਤ੍ਰਾਂ ਦਾ ਕਰਤਾ ਦਸ ਕੇ ਦੇਵੀ ਦੇਵਤਾਵਾਂ ਦੀ ਹੋਂਦ ਨੂੰ ਪੈਦਾ ਕਰ ਦਿੱਤਾ ਉਸੇ ਤਰ੍ਹਾਂ ਗੁਰੁ ਦੋਖੀਆਂ ਨੇ ਭਾਈ ਗੁਰਦਾਸ ਦੂਜਾ ਨਾਮ ਦਾ ਵਿਅਕਤੀ ਪੈਦਾ ਕਰ ਕੇ ਉਸ ਦੇ ਮੁੱਖ ਤੋਂ ਵੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਕਢੱਵਾ ਕੇ ਇਥੋਂ ਤਕ ਆਖ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਪਾਹੁਲ ਛਕਾਉਣ ਵੇਲੇ ਕਾਲਕਾ ਨੂੰ ਮਨਾਇਆ ਸੀ (ਗੁਰ ਸਿਮਰਿ ਮਨਾਈ ਕਾਲਕਾ) ਜੋ ਕਿ ਸਰਾਸਰ ਝੂਠ ਹੈ । ਵੈਸਾਖੀ ਮੌਕੇ ਗੁਰਦੁਆਰਿਆਂ ਵਿਚ ਰਾਗੀਆਂ ਵੱਲੋਂ “ਗੁਰ ਸਿਮਰਿ ਮਨਾਈ ਕਾਲਕਾ” ਪੜ੍ਹਨਾ ਦਰਸਾਉਂਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਗੁਰਦੁਆਰਿਆਂ ਉਪਰ ਜਲਦੀ ਹੀ ਕਾਲਕਾ ਦੇਵੀ ਦੇ ਉਪਾਸ਼ਕਾਂ ਦਾ ਪੂਰਨ ਕਬਜ਼ਾ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਬੜੇ ਜਤਨਾਂ ਅਤੇ ਸ਼ਹੀਦੀਆਂ ਦੇ ਕੇ ਸਿੱਖਾਂ ਨੇ ਗੁਰਦੁਆਰਿਆਂ ਵਿਚੋਂ ਦੇਵੀ ਦੇਵਤਾਵਾਂ ਦੀ ਮੂਰਤੀਆਂ ਤਾਂ ਹਟਵਾ ਦਿੱਤੀਆਂ ਪਰ ਦੇਵੀ ਦੀ ਉਸਤਤਿ ਅੱਜ ਵੀ ਸਾਡੇ ਗੁਰਦੁਆਰਿਆਂ ਵਿਚ ਹੋ ਰਹੀ ਹੈ। ਉਨ੍ਹਾਂ ਕਿਹਾ ਕਿ 1708 ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਗੁਰੁ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ ਸੀ ਉਸ ਵਿਚ ਦੇਵੀ ਦੇਵਤਾਵਾਂ ਦੀ ਹੋਂਦ ਨੂੰ ਰੱਦ ਕੀਤਾ ਹੈ ਫਿਰ ਕਵੀ ਸਿਯਾਮ ਦੀ ਰਚਨਾ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਵਿਚ ਦਰਜ਼ ਸ੍ਰੀ ਭਗੌਤੀ ਜੀ ਸਹਾਇ ਅਤੇ ਦੇਹਿ ਸ਼ਿਵਾ ਬਰ ਮੋਹਿ ਆਖ ਕੇ ਸ਼ਿਵ ਜੀ ਦੀ ਪਤਨੀ ਤੋਂ ਵਰ ਮੰਗਣ ਵਾਲਾ ਕੰਮ ਗੁਰੁ ਗੋਬਿੰਦ ਸਿੰਘ ਜੀ ਕਿਸ ਤਰ੍ਹਾਂ ਕਰ ਸਕਦੇ ਸਨ ? ਉਨ੍ਹਾਂ ਕਿਹਾ ਕਿ ਵਰ ਮੰਗਣਾ ਗੁਰਮਤਿ ਦਾ ਸਿਧਾਂਤ ਨਹੀਂ । ਅਖੌਤੀ ਦਸਮ ਗ੍ਰੰਥ ਦੀ ਸਭ ਤੋਂ ਵੱਧ ਅਸ਼ਲੀਲ ਰਚਨਾ ਚਰਿਤਰੋਪਖਿਆਨ ਵਿਚੋਂ “ਕ੍ਰਿਪਾ ਕਰ ਸਯਾਮ ਇਹ ਬਰ ਦੀਜੈ” ਆਖ ਕੇ ਦੇਵੀ ਦੁਰਗਾ ਤੋਂ ਵਰ ਦੀ ਜਾਚਨਾ ਕਵੀ ਸਿਆਮ ਤਾਂ ਕਰ ਸਕਦਾ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਨਹੀਂ।

ਯੰਗ ਸਿੱਖ ਐਸੋਸਿਏਸ਼ਨ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਹੁਣ ਸਿੱਖੀ ਸਰੂਪ ਧਾਰਣ ਕਰਣ ਵਾਲਿਆਂ ਵਿਚ ਦੇਵੀ ਦੀ ਪੂਜਾ ਆਮ ਪ੍ਰਚਲਤ ਹੁੰਦੀ ਜਾ ਰਹੀ ਹੈ ਜਿਸ ਦਾ ਇਕ ਕਾਰਣ ਤਾਂ ਅਗਿਆਨਤਾ ਹੈ ਪਰ ਜੇ ਅਖੌਤੀ ਦਸਮ ਗ੍ਰੰਥ ਨੂੰ ਸਿੱਖੀ ਦੇ ਵੇੜੇ ਤੋਂ ਦੂਰ ਨਹੀਂ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੌਂ ਸਿੱਖੀ ਸਰੂਪ ਅਤੇ ਗਾਤਰੇ ਪਹਿਨਣ ਵਾਲਿਆਂ ਦੀ ਦੇਵੀ ਦੇ ਮੰਦਰਾਂ ਵਿਚ ਲਾਈਨਾਂ ਨਜ਼ਰ ਆਉਣੀਆਂ ਹਨ ਕਿਉਂਕਿ ਉਨ੍ਹਾਂ ਕੋਲ ਮਜ਼ਬੂਤ ਦਲੀਲ ਇਹੀ ਹੋਣਗੀਆਂ ਕਿ ਅਖੌਤੀ ਦਸਮ ਗ੍ਰੰਥ ਵਿਚ ਹੀ ਤਾਂ ਦੇਵੀ ਦੇਵਤਾਵਾਂ ਦੀ ਪੂਜਾ ਅਤੇ ਉਨ੍ਹਾਂ ਤੋਂ ਵਰਦਾਨ ਮੰਗਣ ਦੀ ਗੱਲ ਲਿਖੀ ਹੈ। ਉਨ੍ਹਾਂ ਗੁਰੁ ਗ੍ਰੰਥ ਸਾਹਿਬ ਜੀ ਨੂੰ ਗੁਰੁ ਮੰਨਣ ਵਾਲਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਚਾਹੁੰਦੇ ਹੋ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਸ਼ੇ ਕਰਨ ਵਾਲੇ ਦੇਵੀ ਦੇਵਤਾਵਾਂ ਦੇ ਮਗਰ ਲਗ ਕੇ ਅਪਣਾ ਜੀਵਨ ਤਬਾਹ ਨਾ ਕਰਣ ਤਾਂ ਇਸ ਅਖੌਤੀ ਦਸਮ ਗ੍ਰੰਥ ਦੇ ਪੋਥੇ ਨੂੰ ਸਿੱਖੀ ਦੇ ਵੇੜੇ ਵਿਚੋਂ ਜਲਦ ਬਾਹਰ ਕੱਢ ਕੇ ਇਸ ਭਿਆਨਕ ਗ੍ਰੰਥ ਅਤੇ ਇਸ ਦੀ ਸਿੱਖਿਆਵਾਂ ਤੋਂ ਜਾਣੂ ਕਰਾ ਦਿਓ ਤਾਂ ਜੁ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦਾ ਬਚਾਅ ਹੋ ਸਕੇ। ਇਸ ਮੌਕੇ ਯੰਗ ਸਿੱਖ ਐਸੋਸਿਏਸ਼ਨ ਵੱਲੋਂ ਅਖੌਤੀ ਦਸਮ ਗ੍ਰੰਥ ਦੀ ਸਚਾਈ ਨੂੰ ਉਜਾਗਰ ਕਰਦਾ ਇਸ਼ਤਿਹਾਰ ਵੀ ਸੰਗਤਾਂ ਵਿਚ ਵੰਡਿਆ ਗਿਆ । ਇਸ ਵੇਲੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਖਾਲਸਾ ਨਾਰੀ ਮੰਚ ਫ਼ਰੀਦਾਬਾਦ, ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ, ਦੁਰਮਤਿ ਸੋਧਕ ਗੁਰਮਤਿ ਲਹਿਰ, ਯੰਗ ਸਿੱਖ ਐਸੋਸਿਏਸ਼ਨ ਆਦਿ ਜੱਥੇਬੰਦੀਆਂ ਦੇ ਨੁੰਮਾਇੰਦੇ ਵੀ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top