Share on Facebook

Main News Page

ਹਰ ਕੀਮਤ ‘ਤੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਪਹੁੰਚਾਂਗੇ: ਸਿਮਰਨਜੀਤ ਸਿੰਘ ਮਾਨ

12 April 2011 ਬਠਿੰਡਾ: . ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸਾਨੂੰ ਪਾਰਟੀ ਦੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਦੀਵਾਨ ਹਾਲ ਤਖਤ ਸ਼੍ਰੀ ਦਮਦਮਾ ਸਾਹਿਬ ਜਿੱਥੇ ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਨਾਨਕਸ਼ਾਹੀ ਕੈਲੰਡਰ (ਪੁਰੇਵਾਲ) ਨੂੰ ਜਾਰੀ ਕਰਨਾ ਸੀ, ਉਸ ਵਿੱਚ ਵੀ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਨਾਇਬ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਅਤੇ ਐਸ ਜੀ ਪੀ ਸੀ ਦੇ ਪ੍ਰਧਾਨ ਸ: ਅਵਤਾਰ ਸਿੰਘ ਮੱਕੜ੍ਹ ਨੇ ਕਾਨਫਰੰਸ ਕਰਨ ਤੋ ਰੁਕਾਵਟ ਪਾ ਦਿੱਤੀ ਹੈ ਕਿਉਂਕਿ ਇਹ ਗੈਰ ਪੰਥਕ ਬਾਦਲ ਦਲ, ਬੀਜੇਪੀ-ਆਰ ਐਸ ਐਸ ਅਤੇ ਕਾਂਗਰਸ ਪਾਰਟੀ ਦੇ ਹੁਕਮਾਂ ਉੱਤੇ ਨਾਨਕਸ਼ਾਹੀ ਕੈਲੰਡਰ (ਪੁਰੇਵਾਲ) ਨੂੰ ਜਾਰੀ ਕਰਨ ਦੇ ਹੱਕ ਵਿੱਚ ਨਹੀਂ ਹੈ। ਇਹ ਕੱਟੜਵਾਦੀ ਹਿੰਦੂ ਮਤ ਦੀਆਂ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਜੋ ਸੰਵਿਧਾਨ ਦੀ 25 ਧਾਰਾ ਮੁਤਾਹਿਤ ਸਿੱਖ ਕੌਮ ਨੂੰ ਹਿੰਦੂ ਧਰਮ ਦਾ ਇੱਕ ਦਰਜਾ ਦਿੱਤਾ ਗਿਆ ਹੈ, ਇਸਦੇ ਵਿੱਚ ਕੋਈ ਵਿਘਨ ਪਵੇ ਅਤੇ ਤਬਦੀਲੀ ਹੋਵੇ।

ਇਸ ਕਰਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਦਲ ਦਲੀਏ ਅਤੇ ਹਿੰਦੂਤਵਾ ਪਾਰਟੀਆਂ ਦੇ ਅਨੁਸਾਰ ਨਵਾਂ ਹੁਕਮ ਜਾਰੀ ਕਰ ਦਿੱਤਾ ਹੈ ਕਿ ਦੀਵਾਨ ਹਾਲ ਵਿੱਚ ਕੋਈ ਵੀ ਕਾਨਫਰੰਸ ਨਹੀਂ ਹੋਵੇਗੀ ਅਤੇ ਇਸ ਅਸਥਾਨ ਉੱਤੇ ਐਸ ਜੀ ਪੀ ਸੀ ਵੱਲੋ ਲੰਗਰ ਲਗਾਇਆ ਜਾਵੇਗਾ। ਅਸੀਂ ਸਮਝਦੇ ਹਾਂ ਕਿ ਲੰਗਰ ਲਗਾਉਣਾ ਬਹੁਤ ਵੱਡੀ ਸੇਵਾ ਹੈ ਅਤੇ ਅਸੀਂ ਵੀ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਨਮਸਤਕ ਹੋਣ ਉਪਰੰਤ ਅਰਦਾਸ ਤੋਂ ਬਾਅਦ ਇੱਥੇ ਹੀ ਲੰਗਰ ਛਕਾਗੇ। ਇਸ ਲਈ ਐਸ ਜੀ ਪੀ ਸੀ ਅਤੇ ਬਾਦਲ ਦਲੀਆਂ ਨੂੰ ਚਾਹੀਦਾ ਹੈ ਕਿ ਸੰਗਤਾਂ ਵਾਸਤੇ ਇੱਕਦਮ ਵਧੀਆ ਲੰਗਰ ਦਾ ਪ੍ਰਬੰਧ ਕਰਨ।

ਸਾਡੀ ਪਾਰਟੀ ਨੂੰ ਨਜ਼ਰ ਆ ਰਿਹਾ ਹੈ ਕਿ ਬਾਦਲ ਦਲੀਏ, ਹਿੰਦੂ ਰਾਸ਼ਟਰ ਦੇ ਹੁਕਮ ‘ਤੇ ਨਰੈਣੂ ਮਹੰਤ ਜਿਸਨੇ ਨਨਕਾਣਾ ਸਾਹਿਬ ਵਿਖੇ ਸਿੱਖਾਂ ਸ਼ਰਧਾਲੂਆਂ ਦਾ ਕਤਲੇਆਮ ਕੀਤਾ, ਬਾਦਲ ਦਲੀਆ ਨੇ ਬਦਮਾਸ਼ੀ ਅਤੇ ਗੁੰਡੇਬਾਜ਼ੀ ਕੱਥੂ ਨੰਗਲ ਵਿਖੇ ਕੀਤੀ, ਇਸੇ ਤਰ੍ਹਾ ਵਿਸਾਖੀ ਦੇ ਮੌਕੇ ‘ਤੇ ਵੀ ਖੂਨ ਖਰਬਾ ਕਰ ਸਕਦੇ ਹਨ। ਚਾਹੇ ਜੋ ਕੁਝ ਵੀ ਹੋਵੇ ਸਾਡੀ ਪਾਰਟੀ ਨੇ ਦਮਦਮਾ ਸਾਹਿਬ ਵਿਖੇ 14 ਅਪ੍ਰੈਲ 2011 ਨੂੰ ਵਿਸਾਖੀ ਦੇ ਦਿਹਾੜੇ ‘ਤੇ ਤਖਤ ਸਾਹਿਬ ਵਿਖੇ ਅਰਦਾਸ ਜ਼ਰੂਰ ਕਰਨੀ ਹੈ। ਸਿੱਖ ਮਜ਼੍ਹਬ ਦੇ ਵਿੱਚ ਸ਼ਹਾਦਤ ਨੂੰ ਸਭ ਤੋ ਉੱਪਰਲਾ ਦਰਜਾ ਦਿੱਤਾ ਗਿਆ ਹੈ ਅਤੇ ਹਰੇਕ ਸਿੱਖ ਜੋ ਸ਼ਹੀਦੀ ਪ੍ਰਾਪਤ ਕਰਦਾ ਹੈ, ਬਾਬਾ ਅਜੀਤ ਸਿਘ, ਬਾਬਾ ਜੁਝਾਰ ਸਿੰਘ , ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਦੇ ਚਰਨਾਂ ਵਿੱਚ ਜਾ ਕੇ ਮੁਕਤੀ ਵੀ ਹਾਸਿਲ ਕਰਦਾ ਹੈ, 84 ਲੱਖ ਜੂਨਾਂ ਦੇ ਗੇੜ ਵਿੱਚੋ ਵੀ ਨਿਕਲ ਜਾਂਦਾ ਹੈ ਅਤੇ ਸੱਚਖੰਡ ਦਾ ਨਿਵਾਸੀ ਬਣ ਜਾਂਦਾ ਹੈ।

ਬਾਦਲ-ਬੀਜੇਪੀ ਸਰਕਾਰ ਨੇ ਸਾਰੇ ਪੰਜਾਬ ਤੋ ਪੁਲਿਸ ਦੇ ਦਸਤੇ ਦਮਦਮਾ ਸਾਹਿਬ ਵਿਖੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸਾਡੀ ਪਾਰਟੀ ਪੁਲਿਸ ਅਤੇ ਫੌਜ ਨੂੰ ਇਹ ਸੁਨੇਹਾ ਦਿੰਦੀ ਹੈ ਕਿ ਅਮਨ ਪਸੰਦ ਲੋਕਾਂ ਦੇ ਖਿਲਾਫ਼ ਤਾਕਤ ਦੀ ਵਰਤੋਂ ਕਰਨਾ ਇੱਕ ਤਰ੍ਹਾ ਦਾ ਜੰਗੀ ਜੁਲਮ ਹੁੰਦਾ ਹੈ ਜਨੇਵਾ ਕਨਵੈਨਸ਼ਨ ਆਫ਼ ਵਾਰ ਦੀ ਉਲੰਘਣਾ ਹੈ। ਜਿਸਦੇ ਸਿੱਟੇ ਇੰਟਰਨੈਸਨਲ ਕ੍ਰੀਮੀਨਲ ਕੋਰਟ ਆਫ਼ ਹੇਗ ਵਿੱਚ ਭੁਗਤਣੇ ਪੈਦੇ ਹਨ। ਮਿਸਰ ਦੇ ਵਿੱਚ ਅਮਨ ਪਸੰਦ, ਜਮਹੂਰੀਅਤ ਦੇ ਹੱਕ ਵਿੱਚ ਇਨਕਲਾਬ ਆਇਆ ਹੈ। ਉਸ ਵਿੱਚ ਮਿਸਰ ਦੀ ਪੁਲਿਸ ਅਤੇ ਫੌਜ ਨੇ ਅਮਨ ਪਸੰਦ, ਜਮਹੂਰੀਅਤ ਦੀ ਆਵਾਜ਼ ਚੁੱਕਣ ਵਾਲੀਆਂ ਭੀੜਾਂ ‘ਤੇ ਕੋਈ ਜ਼ਬਰ ਨਹੀਂ ਕੀਤਾ। ਅਸੀਂ ਹਿੰਦੂ ਰਾਸ਼ਟਰ ਨੂੰ ਸੁਚੇਤ ਕਰਦੇ ਹਾਂ ਕਿ ਜੇ ਤੁਸੀ ਅਮਨ ਪਸੰਦ ਸਿੱਖਾਂ ਦਾ ਖੂਨ ਡੋਲਿਆ ਤਾਂ ਯੂ ਐਨ ਸਕਿਉਰਟੀ ਕੌਸਿਲ ਲੀਬੀਆ ਵਾਂਗ ਸਿੱਖ ਵੱਸੋ ਵਾਲੇ ਇਲਾਕਿਆਂ ਪੰਜਾਬ, ਰਾਜਸਥਾਨ, ਹਰਿਆਣਾ, ਯੂ ਟੀ ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਲੱਦਾਖ ਉਤੇ ਨੋ ਫਲਾਈ ਜ਼ੋਨ ਦਾ ਹੁਕਮ ਵੀ ਲਾਗੂ ਕਰ ਸਕਦੀ ਹੈ ਅਤੇ ਕੱਲ੍ਹ ਹੀ ਲੋਕਾਂ ਦੇ ਕਤਲੇਆਮ ਮਚਾਉਣ ‘ਤੇ ਯੂ ਐਨ ਸਕਿਉਰਟੀ ਕੌਸਿਲ ਨੇ ਆਈਵਰੀ ਕੋਸਟ ਵਿੱਚ ਵੀ ਫੌਜੀ ਦਖਲ ਅੰਦਾਜ਼ੀ ਦਾ ਹੁਕਮ ਦੇ ਦਿੱਤਾ ਹੈ। ਹੁਣ ਸ: ਪ੍ਰਕਾਸ਼ ਸਿੰਘ ਬਾਦਲ, ਸ: ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਚੰਮ ਦੀਆਂ ਨਹੀਂ ਚਲਾ ਸਕਣਗੇ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਧੂਮ ਧਾਮ ਨਾਲ ਖਾਲਸੇ ਦੇ ਜਨਮ ਦਿਨ ਦਮਦਮਾ ਸਾਹਿਬ ਵਿਖੇ ਮਨਾਏਗੀ । ਮੈ ਖੁਦ ਸਿੱਖ ਕੌਮ ਦੇ ਜਥੇ ਦੀ ਅਗਵਾਈ ਕਰਾਂਗਾ। ਸਰਕਾਰਾਂ ਆਪਣਾ ਜਬਰ ਜਾਰੀ ਰੱਖੇ, ਸਿੱਖ ਕੌਮ ਨੇ ਅਮਨ ਪਸੰਦ ਤਰੀਕੇ ਨਾਲ ਅੱਗੇ ਵੱਧਦੇ ਰਹਿਣਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top