Share on Facebook

Main News Page

ਜਦੋਂ ਤਕ ਸਿੱਖ ਆਪ "ਦੇਹਿ ਸ਼ਿਵਾ ਬਰ..." ਅਤੇ "ਗੁਰ ਸਿਮਰਿ ਮਨਾਈ ਕਾਲਕਾ..." ਦਾ ਪੱਲਾ ਨਹੀਂ ਛੱਡਦੇ ੳਦੋਂ ਤਕ ਸਿੱਖੀ ਦਾ ਮਜ਼ਾਕ ਉਡਾਉਣ ਵਾਲੇ ਟੀ.ਵੀ ਚੈਨਲਾਂ ਦੇ ਪ੍ਰੋਗਰਾਮਾਂ ਨੂੰ ਮੰਦਭਾਗਾ ਕਹਿਣ ਦਾ ਕੋਈ ਫਾਇਦਾ ਨਹੀਂ: ਸੁਰਿੰਦਰ ਸਿੰਘ ਫਰੀਦਾਬਾਦ

* ਕਸੂਰਵਾਰ ਕੌਣ ? ਟੀ.ਵੀ ਚੈਨਲ ਜਾਂ ਸ਼੍ਰੋਮਣੀ ਕਮੇਟੀ ਤੇ ਜੱਥੇਦਾਰ?: ਸ. ਉਪਕਾਰ ਸਿੰਘ ਫਰੀਦਾਬਾਦ

(9 ਅਪ੍ਰੈਲ 2011 , ਸਤਨਾਮ ਕੌਰ, ਫਰੀਦਾਬਾਦ)

ਕਸੂਰਵਾਰ ਕੌਣ ? ਟੀ.ਵੀ ਚੈਨਲ ਜਾਂ ਸ਼੍ਰੋਮਣੀ ਕਮੇਟੀ ਤੇ ਜੱਥੇਦਾਰ ? ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਨੇ ਕੀਤਾ। ਉਨ੍ਹਾਂ ਸਪੋਕਸਮੈਨ ਵਿਚ ਛੱਪੀ ਖਬਰ ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਇਕ ਟੀ.ਵੀ ਚੈਨਲ ਰਾਹੀਂ ਨੈਣਾ ਦੇਵੀ ’ਤੇ ਤਪ ਅਤੇ ਹਵਨ ਕਰਨ ਦੀ ਗੱਲ ਉਤੇ ਗਿਆਨੀ ਗੁਰਬਚਨ ਸਿੰਘ ਵੱਲੋਂ ਇਸ ਨੂੰ ਮੰਦਭਾਗਾ ਕਹਿਣ ’ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਜੋ ਗੱਲ ਟੀ.ਵੀ ਚੈਨਲ ਨੇ ਵਿਖਾਈ ਹੈ ਹੂ-ਬ-ਹੂ ਇਹੀ ਗੱਲ ਸ਼੍ਰੋਮਣੀ ਕਮੇਟੀ ਵੱਲੋਂ ਛੱਪੀ ਹਿੰਦੀ ਦੀ ਪੁਸਤਕ ਸਿੱਖ ਇਤਿਹਾਸ ਵਿਚ ਵੀ ਦਰਜ਼ ਹੈ ਜਿਸ ਵਿਚ ਲਿਖਿਆ ਹੈ “ਖਾਲਸਾ ਪੰਥ ਦੀ ਸਿਰਜਨਾ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਨੈਨਾ ਨਾਮਕ ਪਹਾੜ ਦੀ ਉੱਚੀ ਚੋਟੀ’ਤੇ ਜਾ ਕੇ ਦੇਵੀ ਮੰਦਰ ਵਿਚ ਕਠੋਰ ਤਪਸਯਾਚਰਣ ਕਿਆ ਥਾ” ਕੀ ਹੁਣ ਗਿਆਨੀ ਗੁਰਬਚਨ ਸਿੰਘ ਸ਼੍ਰੋਮਣੀ ਕਮੇਟੀ ਵੱਲੋਂ ਛੱਪੀ ਇਸ ਹਿੰਦੀ ਦੀ ਪੁਸਤਕ ਬਾਰੇ ਮੰਦਭਾਗਾ ਸ਼ਬਦ ਵਰਤਣਗੇ ? ਸ. ਉਪਕਾਰ ਸਿੰਘ ਨੇ ਕਿਹਾ ਕਿ ਸਿੱਖ ਵਿਰੋਧੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਸਾਬਤ ਕਰਣ ਦਾ ਪੂਰਾ ਜ਼ੋਰ ਲਾ ਰਖਿਆ ਹੈ, ਇਸ ਲਈ ਉਨ੍ਹਾਂ ਨੇ ਬਚਿੱਤਰ ਨਾਟਕ ਅਖੌਤੀ ਦਮਸ ਗ੍ਰੰਥ ਵਿਚ ਕਾਲੀ ਦੇਵੀ, ਸ਼ਿਵਾ, ਦੁਰਗਾ, ਚੰਡੀ, ਭੈਰਵੀ, ਸ਼ੀਤਲਾ, ਤੋਤਲਾ, ਕਾਲਕਾ ਅਤੇ ਮਹਾਕਾਲ ਨੂੰ ਇਸ਼ਟ ਬਣਾ ਕੇ ਉਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੱਖ ਦਿੱਤਾ ਹੈ ਜਿਸ ਵਿਚ ਦੇਵੀ ਦੇਵਤਿਆਂ ਦੀ ਹੋਂਦ ਨੂੰ ਰੱਦ ਕੀਤਾ ਹੈ ।

ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਜੀ, ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਦੱਸਣ ਵਾਲੇ ਬਚਿੱਤਰ ਨਾਟਕ ਗ੍ਰੰਥ ਅੱਗੇ ਆਪ ਪਜਾਮੇ ਲਾਹ ਕੇ ਮੱਥਾ ਟੇਕਦੇ ਹਨ । ਸ. ਉਪਕਾਰ ਸਿੰਘ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਸਿੱਖੀ ਵਿਚ ਦੇਵੀ ਦੇਵਤਿਆਂ ਦੀ ਉਸਤਤਿ ਨੂੰ ਜ਼ਬਰਨ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਰਾਹੀਂ ਵਾੜ ਕੇ ਤੁਸੀਂ ਵੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਨਕਾਰ ਰਹੇ ਹੋ ? ਕੀ ਤੁਹਾਡੇ ਵੱਲੋਂ ਕੀਤੀਆਂ ਇਹ ਹਰਕਤਾਂ ਮੰਦਭਾਗੀਆਂ ਨਹੀਂ ? ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਸਿੱਖਾਂ ਦੇ ਗੁਰਦੁਆਰਿਆਂ ਵਿਚ ਆਰਤੀ ਵੇਲੇ ਰੋਜ਼ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਵਿਚੋਂ ਦੁਰਗਾ ਪਾਠ ਪੜਿਆ ਜਾ ਰਿਹਾ ਹੈ । ਇਤਿਹਾਸਕ ਗੁਰਦੁਆਰਿਆਂ ਦੇ ਬਾਹਰ ਦੇਹਿ ਸਿਵਾ ਬਰ ਮੋਹਿ ਇਹੈ ਲਿਖਿਆ ਹੋਇਆ ਹੈ ਉਸ ਨੂੰ ਅੱਜ ਤਕ ਕਿਸੇ ਜੱਥੇਦਾਰ ਵੱਲੋਂ ਮੰਦਭਾਗਾ ਨਹੀਂ ਕਿਹਾ ਫਿਰ ਟੀ.ਵੀ ਚੈਨਲ ਵੱਲੋਂ ਉਹੀ ਹਰਕਤ ਕਰਣ ’ਤੇ ਉਸ ਨੂੰ ਮੰਦਭਾਗਾ ਕਿਉਂ ਕਿਹਾ ਜਾ ਰਿਹਾ ਹੈ ?

 ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਤਕ ਸਿੱਖ ਆਪ “ਦੇਹਿ ਸ਼ਿਵਾ ਬਰ” ਅਤੇ “ਗੁਰ ਸਿਮਰਿ ਮਨਾਈ ਕਾਲਕਾ” ਦਾ ਪੱਲਾ ਨਹੀਂ ਛੱਡਦੇ ੳਦੋਂ ਤਕ ਸਿੱਖੀ ਦਾ ਮਜ਼ਾਕ ਉਡਾਉਣ ਵਾਲੇ ਟੀ.ਵੀ ਚੈਨਲਾਂ ਦੇ ਪ੍ਰੋਗਰਾਮਾਂ ਨੂੰ ਮੰਦਭਾਗਾ ਕਹਿਣ ਦਾ ਕੋਈ ਫਾਇਦਾ ਨਹੀਂ। ਉਨ੍ਹਾਂ ਕਿਹਾ ਕਿ ਪਿੰਡ ਧਨੌਲਾ ਵਿਖੇ ਗਿਆਨੀ ਗੁਰਬਚਨ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਰਾਮ, ਸੀਤਾ ਅਤੇ ਹਨੂੰਮਾਨ ਦੀ ਉਸਤਤਿ ਕਰਣਾ ਸਪਸ਼ਟ ਕਰਦਾ ਹੈ ਕਿ ਸਿੱਖੀ ’ਤੇ ਕਾਬਜ਼ ਇੰਨ੍ਹਾਂ ਮਹੰਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਹੁਣ ਸੱਚ ਦੀ ਗੱਲ ਕਰਨੀ ਵੀ ਚੰਗੀ ਨਹੀਂ ਲਗਦੀ । ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਦੇ 24 ਅਵਤਾਰ ਦੀ ਰਾਮਅਵਤਾਰ ਰਚਨਾ ਵਿਚ ਵੀ ਰਾਮਚੰਦਰ ਦੀ ਕਥਾ ਨੂੰ ਜੁਗੋ ਜੁਗ ਅਟਲ ਕਿਹਾ ਹੈ ਅਤੇ ਇਸੇ ਰਚਨਾ ਵਿਚ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਤਕ ਦਸਿਆ ਹੈ ਇਸੇ ਕਰ ਕੇ ਅਖੌਤੀ ਦਸਮ ਗ੍ਰੰਥ ਦੇ ਉਪਾਸ਼ਕ ਲਵ ਕੁਸ਼ ਦੀ ਔਲਾਦ ਗਿਆਨੀ ਗੁਰਬਚਨ ਸਿੰਘ ਹੁਣ ਸਮਾਗਮਾਂ ਵਿਚ ਰਾਮਾਇਣ ਪੜ੍ਹ ਕੇ ਆਪਣੇ ਬਜ਼ੁਰਗਾਂ ਨੂੰ ਮਾਣ ਸਤਿਕਾਰ ਦਿਵਾਉਣਾ ਚਾਹੁੰਦੇ ਹਨ ।

ਉਨ੍ਹਾਂ ਕਿਹਾ ਕਿ ਧਨੌਲਾ ਵਿਖੇ ਭਰੂਣ ਹੱਤਿਆ, ਦਾਜ ਪ੍ਰੱਥਾ ਅਤੇ ਨਸ਼ਿਆਂ ਵਿਰੁੱਧ ਕਰਵਾਏ ਸਮਾਗਮ ਵਿਚ ਗਿਆਨੀ ਗੁਰਬਚਨ ਸਿੰਘ ਵੱਲੋਂ ਸ਼ਿਰਕਤ ਕਰਣਾ ਉਸੇ ਤਰ੍ਹਾਂ ਸੀ ਜਿਵੇਂ ਕਿਸੇ ਚੌਰ ਨੂੰ ਘਰ ਦੀ ਰਖਵਾਲੀ ਕਰਣ ਲਈ ਜਿੰਮੇਂਵਾਰੀ ਸੌਂਪ ਦਿੱਤੀ ਜਾਂਦੀ ਹੈ। ਕਿਉਂਕਿ ਗਿਆਨੀ ਗੁਰਬਚਨ ਸਿੰਘ ਜਿਸ ਅਖੌਤੀ ਦਸਮ ਗ੍ਰੰਥ ਨੂੰ ਸਿੱਖਾਂ ਦਾ ਦੂਜਾ ਗ੍ਰੰਥ ਕਹਿੰਦੇ ਹਨ ਉਸ ਵਿਚ ਨਸ਼ਿਆਂ ਦਾ ਵਿਰੋਧ ਨਹੀਂ ਸਗੋਂ ਖੁਲ੍ਹ ਕੇ ਨਸ਼ੇ ਪੀਣ ਦੀ ਗੱਲਾਂ ਕੀਤੀਆਂ ਹਨ।ਇਸ ਕਰਕੇ ਅਜਿਹੇ ਸਮਾਗਮਾਂ ਵਿਚ ਇਹੋ ਜਿਹੇ ਆਗੂਆਂ ਨੂੰ ਸੱਦਣਾ ਆਪਣੀ ਰਾਹ ਵਿਚ ਕੰਡੇ ਬਿਖੇਰਣ ਵਾਂਗ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top