Share on Facebook

Main News Page

ਜਦੋਂ ਗੁਰੂ ਗ੍ਰੰਥ ਦੀ ਵਿਚਾਰ ਬਰਦਾਸ਼ਤ ਨਾਂ ਕਰਕੇ, ਸਾਧ ਦੇ ਉਪਾਸ਼ਕ ਬੁਖਲਾ ਉੱਠੇ!

ਗੁਰੂ ਨਾਨਕ ਮਿਸ਼ਨ ਬੀ ਸਟਰੀਟ ਲਵਿੰਸਟਨ ਦੇ ਸਕੱਤਰ ਸ੍ਰ. ਸੇਵਾ ਸਿੰਘ, ਗੁਰਮੁਖ ਪ੍ਰੇਮੀ ਸ੍ਰ. ਸੰਪੂਰਨ ਸਿੰਘ, ਮੁੱਖ ਗ੍ਰੰਥੀ ਭਾਈ ਜਸਵੰਤ ਸਿੰਘ ਅਤੇ ਗੁਰੂ ਕੀਆਂ ਸੰਗਤਾਂ ਦੇ ਸੱਦੇ ਤੇ 3 ਅਪ੍ਰੈਲ 2011 ਦਿਨ ਐਤਵਾਰ ਨੂੰ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂਐਸਏ” ਦੇ ਪ੍ਰਚਾਰਕ ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਅਮਰੀਕਨ ਬੀਬੀ ਹਰਸਿਮਰਤ ਕੌਰ ਖਾਲਸਾ ਵਿਸ਼ੇਸ਼ ਤੌਰ ਤੇ ਪਹੁੰਚੇ। ਗੁਰਦੁਆਰੇ ਵਿਖੇ ਵਿਸ਼ੇਸ਼ ਦਿਵਾਨ ਸਜਿਆ ਹੋਇਆ ਸੀ। ਭਾਈ ਜਸਵੰਤ ਸਿੰਘ ਜੀ ਦੇ ਜਥੇ ਨੇ ਪਹਿਲਾਂ ਗੁਰਬਾਣੀ ਦਾ ਕੀਰਤਨ ਕੀਤਾ, ਉਪ੍ਰੰਤ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਗਟਾਰ ਨਾਲ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਵਿਆਖਿਆ ਸਹਿਤ ਕਰਦੇ ਦਸਿਆ ਕਿ ਜੇ ਮੈਂ ਇੱਕ ਅਮਰੀਕਨ ਹੋਣ ਤੇ ਵੀ ਗੁਰਮੁਖੀ ਸਿੱਖ ਕੇ, ਗੁਰਬਾਣੀ ਦਾ ਪਾਠ, ਕੀਰਤਨ ਅਤੇ ਵਿਆਖਿਆ ਕਰ ਸਕਦੀ ਹਾਂ ਤਾਂ ਆਪ ਸਭ ਦੀ ਤਾਂ ਮਾਂ ਬੋਲੀ ਪੰਜਾਬੀ-ਗੁਰਮੁਖੀ ਹੈ ਫਿਰ ਤੁਸੀਂ ਕਿਉਂ ਨਹੀਂ ਅਜਿਹਾ ਕਰ ਸਕਦੇ? ਸੰਗਤਾਂ ਹਰਸਿਮਰਤ ਕੌਰ ਖਾਲਸਾ ਦੇ ਨਾਲ ਕੀਰਤਨ ਗਾ ਰਹੀਆਂ ਸਨ, ਬੜਾ ਅਨੰਦ ਬਣਿਆਂ ਹੋਇਆ ਸੀ। ਇਸ ਤੋਂ ਬਾਅਦ ਭਾਈ ਅਵਤਾਰ ਸਿੰਘ ਮਿਸ਼ਨਰੀ ਨੇ “ਮਹਿਮਾ ਸਾਧੂ ਸੰਗ ਕੀ ਸੁਣਹੁ ਮੇਰੇ ਮੀਤਾ” ਵਾਲੇ ਸ਼ਬਦ ਦੀ ਕਥਾ-ਵਿਚਾਰ ਆਰੰਭ ਕੀਤੀ ਜੋ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਹਿਬ ਜੀ ਦੇ ਪੰਨਾ ਨੰਬਰ 809-10 ਤੇ ਬਿਲਾਵਲ ਰਾਗ ਵਿਖੇ ਸੁਭਾਇਮਾਨ ਹੈ। ਦਾਸ ਸ਼ਬਦ ਦੀ ਵਿਆਖਿਆ ਕਰ ਰਿਹਾ ਸੀ ਸੰਗਤਾਂ ਬੜੇ ਧਿਆਨ ਨਾਲ ਸੁਣ ਰਹੀਆਂ ਸਨ। ਉਸ ਦਿਨ ਦੁਪਹਿਰੇ ਸਤਿਕਾਰਯੋਗ ਬਜੁਰਗ ਮਾਤਾ ਪ੍ਰਕਾਸ਼ ਕੌਰ ਜੀ ਦਾ ਫਿਊਨਰਲ ਵੀ ਸੀ ਇਸ ਕਰਕੇ ਪ੍ਰਬੰਧਕਾਂ ਅਤੇ ਸਬੰਧੀਆਂ ਨੂੰ ਓਧਰ ਵੀ ਜਾਣਾ ਪੈ ਗਿਆ।

ਜਦ ਦਾਸ ਨੇ ਅਜੇ ਅੱਧੇ ਕੁ ਸ਼ਬਦ ਦੀ ਵਿਆਖਿਆ ਕੀਤੀ ਸੀ ਅਤੇ ਵਿਆਖਿਆ ਕਰਦਿਆਂ ਜਦ ਇਹ ਸ਼ਬਦ ਕਹੇ ਕਿ ਅੱਜ ਚੋਲਾਧਾਰੀ ਸਾਧਾਂ-ਸੰਤਾਂ ਨੇ ਸਿੱਖ ਪੰਥ ਵਿੱਚ ਬਹੁਤ ਦੁਫੇੜਾਂ ਪਾ ਦਿੱਤੀਆਂ ਹਨ। ਵੇਖੋ ਅਕਾਲ ਪੁਰਖ ਇੱਕ ਹੈ, ਗੁਰੂ ਇੱਕ ਹੈ, ਸਿੱਖਾਂ ਦਾ ਵਿਧਾਨ ਅਤੇ ਨਿਸ਼ਾਨ ਇੱਕ ਹੈ ਪਰ ਸਾਧਾਂ ਨੇ ਨਾਂ ਸਿੱਖ ਪੰਥ ਇੱਕ ਰਹਿਣ ਦਿੱਤਾ ਨਾਂ ਗ੍ਰੰਥ, ਨਾਂ ਮਰਯਾਦਾ, ਨਾਂ ਨਿਸ਼ਾਨ ਅਤੇ ਨਾਂ ਹੀ ਨਾਨਕਸ਼ਾਹੀ ਕੈਲੰਡਰ ਜੋ ਪੰਥ ਦੀ ਵੱਖਰੀ ਹੋਂਦ ਦਾ ਪ੍ਰਤੀਕ ਹੈ। ਅੱਜ ਅਸੀਂ ਗੁਰੂ ਨੂੰ ਭੁਲਦੇ ਅਤੇ ਸਾਧਾਂ ਨਾਲ ਜੁੜਦੇ ਜਾ ਰਹੇ ਹਾਂ, ਇਸ ਦਾ ਪ੍ਰਤੱਖ ਪ੍ਰਮਾਨ ਹੈ ਕਿ ਜਦੋਂ ਗੁਰੂ ਸਾਹਿਬ, ਕਿਸੇ ਭਗਤ ਜਾਂ ਸ਼ਹੀਦ ਦਾ ਪੁਰਬ ਹੋਵੇ ਤਾਂ ਸੰਗਤਾਂ ਨੂੰ ਅਪੀਲਾਂ ਕਰਨੀਆਂ ਪੈਂਦੀਆਂ ਹਨ ਤਾਂ ਕਿਤੇ ਸੰਗਤ ਆਉਂਦੀ ਹੈ ਪਰ ਜੇ ਕਿਤੇ ਸਾਧ ਦੀ ਬਰਸੀ ਹੋਵੇ ਤਾਂ ਲੋਕਾਂ ਦਾ ਤਾਂਤਾ ਲੱਗ ਜਾਂਦਾ ਹੈ, ਸਾਨੂੰ ਸਾਧਾਂ ਦੀਆਂ ਬਰਸੀਆਂ ਅਤੇ ਮਸਿਆ ਪੁੰਨਿਆਂ ਤਾਂ ਯਾਦ ਹਨ ਪਰ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਸਾਨੂੰ ਯਾਦ ਨਹੀਂ।

ਦਾਸ ਇਹ ਸ਼ਬਦ ਕਹਿ ਹੀ ਰਿਹਾ ਸੀ ਕਿ ਸੰਗਤ ਵਿੱਚੋਂ ਦੋ ਆਦਮੀ ਉੱਠੇ ਜਿਨ੍ਹਾਂ ਨੇ ਬਾਣਾ ਪਾਇਆ ਅਤੇ ਨੀਲੀਆਂ ਪੱਗਾਂ ਬੰਨੀਆਂ ਹੋਈਆਂ ਸਨ। ਸੰਗਤ ਵਿੱਚ ਖਲਲ ਪਾਉਂਦਿਆਂ ਉੱਚੀ ਦੇਣੀ ਕਹਿਣ ਲੱਗੇ ਸਾਧਾਂ ਦੀ ਨਿੰਦਾ ਬੰਦ ਕਰ ਅਤੇ ਮੱਇਕ ਵੀ ਖੋ ਲਿਆ। ਸਾਧ ਸੰਗਤ ਜੀ ਸੰਗਤ ਵਿੱਚ ਕਥਾ ਕੀਰਤਨ ਜਾਂ ਵਖਿਆਨ ਕਰਦੇ ਵਿਦਵਾਨ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ, ਜੇ ਕਿਸੇ ਦੇ ਵਿਚਾਰ ਨਹੀਂ ਮਿਲਦੇ ਜਾਂ ਸਮਝ ਨਹੀਂ ਲਗਦੇ ਤਾਂ ਅਸੀਂ ਸੰਗਤ ਚੋਂ ਉੱਠ ਕੇ ਰੋਕ ਨਹੀਂ ਸਕਦੇ। ਦਾਸ ਨੇ ਉਨ੍ਹਾਂ ਸੱਜਨਾਂ ਨੂੰ ਬੇਨਤੀ ਕੀਤੀ ਸੰਗਤ ਵਿੱਚ ਆਪ ਹੁਦਰੇ ਨਹੀਂ ਹੋਈਦਾ, ਆਪ ਦਾਸ ਨਾਲ ਬੈਠ ਕੇ ਵੀਚਾਰ ਕਰ ਸਕਦੇ ਹੋ ਜਦ ਉਹ ਕੋਈ ਗੱਲ ਸੁਣਨ ਨੂੰ ਤਿਆਰ ਨਾਂ ਹੋਏ ਤਾਂ ਦਾਸ ਕਿਸੇ ਝਗੜੇ ਵਿੱਚ ਨਾਂ ਪੈਂਦਾ ਹੋਇਆ ਬਾਹਰ ਆਪਣੀ ਧਾਰਮਿਕ ਸਟਾਲ ਤੇ ਚਲਾ ਗਿਆ। ਇਹ ਲੋਕ ਹਰਸਿਮਰਤ ਕੌਰ ਖਾਲਸਾ ਨਾਲ ਵੀ ਖਹਿਬੜ ਪਏ ਪਰ ਦਲੀਲ ਨਾਲ ਕੋਈ ਜਵਾਬ ਨਾਂ ਦੇ ਸੱਕੇ, ਉਨ੍ਹਾਂ ਨੂੰ ਸੰਗਤ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਅਤੇ ਕੁਝ ਸੱਜਨਾਂ ਦੇ ਦੱਸਣ ਮੁਤਾਬਕ ਇਹ ਦੋਵੇਂ ਪਿਉ-ਪੁੱਤਰ ਜੋ ਟਰਲਕ ਤੋਂ ਆਏ ਹੋਏ ਸਨ ਬਿਨਾ ਲੰਗਰ ਛਕੇ ਹੀ ਚਲੇ ਗਏ।

ਓਧਰੋਂ ਫਿਊਨਰਲ ਤੋਂ ਸੰਗਤਾਂ ਪ੍ਰਬੰਧਕਾਂ ਸਮੇਤ ਵਾਪਸ ਗੁਰਦੁਆਰੇ ਆ ਗਈਆਂ, ਉਠਾਲੇ ਦੇ ਕੀਰਤਨ ਅਤੇ ਅਰਦਾਸ ਤੋਂ ਬਾਅਦ ਜਦ ਪ੍ਰਬੰਧਕ ਸੱਜਨਾਂ ਨੂੰ ਸੰਗਤ ਵਿੱਚ ਖਲਲ ਪਾਉਣਵਾਲੇ ਦੋ ਜਣਿਆਂ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਕਾਰਵਾਈ ਦਾ ਬਹੁਤ ਬੁਰਾ ਮਨਾਇਆ ਅਤੇ ਦਾਸ ਨਾਲ ਗਲਬਾਤ ਕਰਦਿਆਂ ਸੌਰੀ ਕਹੀ ਅਤੇ ਦੱਸਿਆ ਕਿ ਇਹ ਸੱਜਨ ਇਸ ਸ਼ਹਿਰ ਲਵਿੰਗਸਟਨ ਦੇ ਨਹੀਂ ਹਨ ਅਤੇ ਨਾਂ ਹੀ ਇਸ ਗੁਰੂ ਘਰ ਦੇ ਮੈਂਬਰ ਹਨ। ਅਗਾਂਹ ਤੋਂ ਅਜਿਹੇ ਓਪਰੇ ਬੰਦਿਆਂ ਦਾ ਖਿਆਲ ਰੱਖਿਆ ਜਾਇਆ ਕਰੇਗਾ। ਸਾਧ ਸੰਗਤ ਜੀ ਇਸ ਗੁਰੂ ਘਰ ਦੇ ਪ੍ਰਬੰਧਕ, ਰਾਗੀ ਅਤੇ ਸੰਗਤਾਂ ਪੰਥ ਅਤੇ ਗ੍ਰੰਥ ਨੂੰ ਸਮਰਪਿਤ ਹਨ, ਪਿਛੇ ਜਿਹੇ ਇਨ੍ਹਾਂ ਨੇ ਅਸਲੀ ਨਾਨਕਸ਼ਾਹੀ ਕੈਲੰਡਰ (ਪੁਰੇਵਾਲ ਵਾਲਾ) ਦੀ ਡਟ ਕੇ ਹਮਾਇਤ ਕੀਤੀ ਹੈ। ਇੱਥੋਂ ਦੀਆਂ ਸੰਗਤਾਂ ਬੜੇ ਪਿਆਰ ਵਾਲੀਆਂ ਹਨ। ਇੱਥੇ ਬਹੁਤ ਸਾਰੇ ਸੱਜਨ ਮਿਲੇ ਜੋ ਦਾਸ ਦੇ ਲੇਖ ਅਖਬਾਰਾਂ, ਰਸਾਲਿਆਂ ਅਤੇ ਵੈਬਸਾਈਟਾਂ ਤੇ ਪੜ੍ਹਦੇ ਹਨ। ਇਨ੍ਹਾਂ ਵਿੱਚੋਂ ਹੀ ਸ੍ਰ. ਸੰਪੂਰਨ ਸਿੰਘ ਜੀ ਗੁਰਮੁਖ ਪਿਆਰੇ ਹਨ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਕਥਾ, ਕੀਰਤਨ ਕੀਤਾ ਅਤੇ ਗੁਰਮਤਿ ਦਾ ਸਟਾਲ ਵੀ ਲਾਇਆ ਜਿਸ ਵਿੱਚ ਪੰਥ ਦੇ ਚੰਗੇ ਵਿਦਵਾਨਾਂ ਦੀਆਂ ਸੀਡੀਆਂ, ਪੁਸਤਕਾਂ ਅਤੇ ਕੰਘੇ ਕੜੇ ਸਨ।

ਅਸੀਂ ਬੀ ਸਟਰੀਟ ਗੁਰਦੁਆਰੇ ਦੀ ਸਮੁੱਚੀ ਕਮੇਟੀ, ਸੰਗਤ ਅਤੇ ਰਾਗੀ ਗ੍ਰੰਥੀ ਸਿੰਘਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਗੁਰਮਤਿ ਪ੍ਰਚਾਰ ਕਰਨ ਦਾ ਮੌਕਾ ਦਿੱਤਾ। ਮੈਂ ਦੁਬਾਰਾ ਫਿਰ ਬੇਨਤੀ ਕਰਦਾ ਹਾਂ ਕਿ ਗੁਰੂ ਨੇ ਖਾਲਸਾ ਪੰਥ ਸਾਜਿਆ ਸੀ ਨਾਂ ਕਿ ਕੋਈ ਸਾਧਾਂ ਦਾ ਡੇਰਾ ਜਾਂ ਕੋਈ ਸੰਪ੍ਰਦਾ-ਟਕਸਾਲ। ਜੇ ਅਸੀਂ ਆਪਣੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਿੱਖ ਮਿਸਲਾਂ ਤੱਕ ਕਿਸੇ ਵੀ ਗੁਰਸਿੱਖ ਨੇ ਸੰਤ ਨਹੀਂ ਕਹਾਇਆ ਜਾਂ ਉਸ ਨੂੰ ਸੰਤ ਨਹੀਂ ਕਿਹਾ ਗਿਆ ਸਗੋਂ ਬਹੁਤੀ ਵਾਰ ਭਾਈ ਅਤੇ ਥੋੜੀਵਾਰ ਬਾਬਾ ਸ਼ਬਦ ਹੀ ਵਰਤਿਆ ਹੈ ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਸਾਥੀ ਭਾਈ ਮਰਦਾਨਾਂ ਜੀ, ਬਾਬਾ ਬੁੱਢਾ ਜੀ, ਭਾਈ ਮਨਸੁਖ, ਭਾਈ ਭਗੀਰਥ, ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ, ਬਾਬਾ ਮੱਖਨਸ਼ਾਹ ਲੁਬਾਣਾ, ਭਾਈ ਮਤੀ ਦਾਸ, ਸਤੀ ਦਾਸ, ਭਾਈ ਸੰਗਤ ਸਿੰਘ, ਭਾਈ ਘਨੀਆ ਜੀ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਸ.੍ਰ ਜੱਸਾ ਸਿੰਘ ਆਹਲੂਵਾਲੀਆ, ਅਤੇ ਰਾਮਗੜੀਆ, ਬਾਬਾ ਦੀਪ ਸਿੰਘ ਸ਼ਹੀਦ, ਬੇਬੇ ਨਾਨਕੀ, ਮਾਤਾ ਖੀਵੀ ਜੀ, ਮਾਤਾ ਗੰਗਾ, ਮਾਤਾ ਗੁਜਰੀ, ਮਾਈ ਭਾਗ ਕੌਰ, ਬੀਬੀ ਸ਼ਰਨ ਕੌਰ, ਬਾਬਾ ਬੋਤਾ ਸਿੰਘ-ਗਰਜਾ ਸਿੰਘ, ਸ੍ਰ ਹਰੀ ਸਿੰਘ ਨਲੂਆ, ਸ੍ਰ ਸ਼ਾਮ ਸਿੰਘ ਅਟਾਰੀ ਵਾਲਾ, ਅਕਾਲੀ ਫੂਲਾ ਸਿੰਘ, ਪੁਰਾਤਨ ਪੰਥ ਪ੍ਰਕਾਸ਼ ਦੇ ਕਰਤਾ ਸ੍ਰ. ਰਤਨ ਸਿੰਘ ਭੰਗੂ, ਕੁਦਰਤ ਦੇ ਕਵੀ ਭਾਈ ਵੀਰ ਸਿੰਘ, ਗੁਰੂ ਗ੍ਰੰਥ ਸਾਹਿਬ ਦੇ ਟੀਕਾਕਾਰ ਪ੍ਰੋ. ਸਾਹਿਬ ਸਿੰਘ, ਗੁਰਬਾਣੀ ਦੇ ਰਸੀਏ ਭਾਈ ਰਣਧੀਰ ਸਿੰਘ ਹੋਰ ਵੀ ਬਹੁਤ ਸਾਰੇ ਮਾਈ ਭਾਈ ਜੋ ਕਿਸੇ ਨੂੰ ਵੀ ਸੰਤ ਨਹੀਂ ਸੀ ਕਿਹਾ ਜਾਂਦਾ ਸਗੋਂ ਭਾਈ, ਬਾਬਾ ਜਾਂ ਸਰਦਾਰ ਜੀ ਕਹਿ ਕੇ ਬੁਲਾਇਆ ਜਾਂਦਾ ਸੀ।

ਇਹ ਸਾਧ ਲਾਣਾ ਤਾਂ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਖੁੰਬਾਂ ਵਾਂਗ ਉੱਠਿਆ, ਉਦਾਸੀਆਂ, ਬੇਦੀਆਂ, ਸੋਢੀਆਂ ਅਤੇ ਨਿਰਮਲਿਆਂ ਦੇ ਰੂਪ ਵਿੱਚ ਪਣਪਿਆ ਬਾਅਦ ਵਿੱਚ ਕਈ ਭੇਖਾਂ ਤੇ ਰੂਪਾਂ ਦੇ ਸੰਤ-ਸਾਧ ਅਤੇ ਡੇਰੇ ਪੈਦਾ ਹੋ ਗਏ, ਕੋਈ ਨਾਨਕਸਰੀਆ, ਕੋਈ ਰਾੜੇਵਾਲਾ, ਕੋਈ ਨੀਲਧਾਰੀ, ਕੋਈ ਨਾਮਧਾਰੀ, ਕੋਈ ਰਾਧਾਂ ਸੁਆਮੀ, ਕੋਈ ਨਿਰੰਕਾਰੀ, ਕੋਈ ਸਰਸੇਵਾਲਾ, ਕਈ ਭਨਿਆਰੇਵਾਲਾ, ਕੋਈ ਵਡਭਾਗੀਆ, ਕੋਈ ਕੰਬਲੀਵਾਲਾ, ਕੋਈ ਮੋਰਾਂਵਾਲਾ ਅੱਜ ਸਾਧਾਂ ਦੀਆਂ ਵਣਗੀਆਂ ਦਾ ਕੋਈ ਅੰਤ ਹੀ ਨਹੀਂ। ਲੰਮਾਂ ਸਮਾਂ ਕੌਮ ਸੰਘਰਸ਼ ਵਿੱਚ ਰਹੀ ਅਤੇ ਇਹ ਡੇਰੇਦਾਰ ਸੇਵਾ ਦੇ ਬਹਾਨੇ ਇੰਟਰ ਹੁੰਦੇ ਗਏ। ਜੋ ਵੀਰ ਅੱਜ ਸਾਧਾਂ ਦੇ ਨਾਂ ਤੇ ਭੜਕ ਪੈਂਦੇ ਹਨ ਉਨ੍ਹਾਂ ਦਾ ਕੋਈ ਕਸੂਰ ਨਹੀਂ ਕਿਉਂਕਿ ਉਨ੍ਹਾਂ ਵੀਰਾਂ ਨੇ ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਮੁੱਚਾ ਸਿਧਾਂਤ ਡੀਪਲੀ ਨਹੀਂ ਵਾਚਿਆ ਅਸੀਂ ਅਰਦਾਸ ਕਰਦੇ ਹਾਂ ਕਿ ਕਰਤਾਪੁਰਖ ਇਨ੍ਹਾਂ ਵੀਰਾਂ ਨੂੰ ਸੁਮਤਿ ਬਖਸ਼ੇ ਤਾਂ ਕਿ ਇਹ ਵੀ ਕਰਤਾਪੁਰਖ, ਪੰਥ-ਗ੍ਰੰਥ ਦੀ ਅਜਮਤ ਤੋਂ ਜਾਣੂੰ ਹੋ ਕੇ, ਜਣੇ ਖਣੇ ਸਾਧ ਦੇ ਡੇਰੇ ਤੇ ਜਾਣਾ ਬੰਦ ਕਰਕੇ ਗੁਰੂ ਕੋਲ ਅਤੇ ਗੁਰਧਾਮਾਂ ਤੇ ਹੀ ਜਾਣ!

ਅਵਤਾਰ ਸਿੰਘ ਮਿਸ਼ਨਰੀ (5104325827)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top