Share on Facebook

Main News Page

ਪੱਗ ਦਾ ਅਪਮਾਨ, ਦੋਸ਼ੀਆਂ ਲਈ ਸਜ਼ਾ ਕੀ ਹੋਣੀ ਚਾਹੀਦੀ ਹੈ?

(ਪੰਜਾਬ ਵਿਚ ਵਾਪਰੀਆਂ ਦੋ ਘਟਨਾਵਾਂ ਦੇ ਸੰਧਰਭ ਵਿਚ)

ਪੱਗ ਦੇ ਸਤਿਕਾਰ ਨੂੰ ਲੈ ਕੇ ਪਿਛਲੇ ਸਮੇਂ ਵਿਚ ਸਿਖਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਜੂਦਾ ਦੌਰ ਵਿਚ ਇਹ ਸਮੱਸਿਆ ਫਰਾਂਸ ਤੋਂ ਸ਼ੁਰੂ ਹੋਈ। ਫਰਾਂਸ ਸਰਕਾਰ ਵਲੋਂ ਬਣਾਏ ਇਕ ਨਿਯਮ ਮੁਤਾਬਿਕ ਕੋਈ ਵੀ ਬੱਚਾ ਸਕੂਲ ਵਿਚ ਧਾਰਮਿਕ ਚਿੰਨ੍ਹ ਪਹਿਨ ਕੇ ਨਹੀਂ ਆ ਸਕਦਾ। ਸਿੱਖਾਂ ਦੀ ਪਗੜੀ ਵੀ ਇਸ ਨਿਯਮ ਦੇ ਘੇਰੇ ਵਿਚ ਆ ਗਈ। ਉਸ ਸਮੇਂ ਤੋਂ ਹੀ ਸਿੱਖਾਂ ਵਲੋਂ ਵੱਖ-ਵੱਖ ਪੱਧਰ ’ਤੇ ਇਸ ਗਲਤ ਨਿਯਮ ਵਿਰੁਧ ਆਵਾਜ਼ ਉਠਾਈ ਜਾ ਰਹੀ ਹੈ। ਇਸ ਸਮੇਂ ਤੱਕ ਇਨ੍ਹਾਂ ਜਤਨਾਂ ਵਿਚ ਕੋਈ ਪ੍ਰਤੱਖ ਕਾਮਯਾਬੀ ਨਹੀਂ ਮਿਲੀ, ਪਰ ਆਸ ਹੈ ਕਿ ਜਲਦ ਹੀ ਕਾਮਯਾਬੀ ਮਿਲ ਜਾਵੇਗੀ।

ਫਰਾਂਸ ਦਾ ਇਹ ਮਸਲਾ ਬੇਸ਼ਕ ਸੰਜੀਦਾ ਹੈ ਪਰ ਇਸ ਪਿੱਛੇ ਇਕ ਸਰਕਾਰੀ ਨਿਯਮ ਕੰਮ ਕਰ ਰਿਹਾ ਹੈ, ਜੋ ਵਿਸ਼ੇਸ਼ ਰੂਪ ਵਿਚ ਸਿੱਖਾਂ (ਜਾਂ ਹੋਰ ਕਿਸੇ ਘਟਗਿਣਤੀ) ਪ੍ਰਤੀ ਨਫਰਤ ਵਜੋਂ ਹੋਂਦ ਵਿਚ ਨਹੀਂ ਆਇਆ। ਸਪਸ਼ਟ ਹੈ ਕਿ ਇਹ ਨਿਯਮ ਸਿਰਫ ਸਿਖਾਂ ਦੀ ਦਸਤਾਰ ’ਤੇ ਹੀ ਲਾਗੂ ਨਹੀਂ ਹੁੰਦਾ, ਬਲਕਿ ਇਸ ਅਧੀਨ ਸਭ ਧਰਮਾਂ ਦੇ ਚਿੰਨ੍ਹ ਆ ਜਾਂਦੇ ਹਨ। ਇਸ ਲਈ ਇਸ ਨੂੰ ਕਿਸੇ ਖਾਸ ਧਰਮ ਪ੍ਰਤੀ ਸੰਕੀਰਣਤਾ ਨਹੀਂ ਕਿਹਾ ਜਾ ਸਕਦਾ। ਹਾਂ ਇਤਨਾ ਜ਼ਰੂਰ ਹੈ ਕਿ ਇਹ ਕਾਨੂੰਨ ‘ਧਾਰਮਿਕ ਆਜ਼ਾਦੀ’ ਦੇ ਮੁੱਢਲੇ ਮਨੁੱਖੀ ਹੱਕਾਂ ਦੀ ਖਿਲਾਫਤ ਕਰਦਾ ਹੈ, ਜਿਸ ਨੂੰ ਜਲਦ ਸੁਧਾਰਿਆ ਜਾਣਾ ਬੇਹੱਦ ਜ਼ਰੂਰੀ ਹੈ।

ਦਸਤਾਰ ਦੇ ‘ਸਤਿਕਾਰ’ ਦਾ ਦੂਜਾ ਪਹਿਲੂ ਭਾਰਤ ਨਾਲ ਜੁੜਿਆ ਹੈ। ਵੈਸੇ ਤਾਂ ਦਸਤਾਰ ਭਾਰਤ ਦੇ ਬਹੁਤਾਤ ਮੱਤਾਂ ਵਿਚ ਸਤਿਕਾਰ ਦਾ ਚਿੰਨ੍ਹ ਮੰਨੀ ਜਾਂਦੀ ਹੈ, ਪਰ ਸਿੱਖ ਕੌਮ ਨੇ ਦਸਤਾਰ ਦੀ ਪ੍ਰੰਪਰਾ ਨੂੰ ਸਭ ਤੋਂ ਵੱਧ ਸਹੇਜ ਕੇ ਰੱਖਦੇ ਹੋਏ, ਇਸ ਨੂੰ ਅਪਣੇ ਰੋਜ਼ਾਨਾ ਪਹਿਰਾਵੇ ਦਾ ਅੰਗ ਬਣਾਇਆ ਹੈ। ਭਾਰਤੀ ਸਮਾਜ ਦੇ ਹੋਰ ਵਰਗਾਂ ਵਿਚ ਦਸਤਾਰ ਦੀ ਵਰਤੋਂ ਕੁਝ ਖਾਸ ਮੌਕਿਆਂ ’ਤੇ ਹੁਣ ਵੀ ਹੁੰਦੀ ਹੈ ਪਰ ਇਹ ਸਿੱਖ ਦੇ ਨਿਯਮਤ ਪਹਿਰਾਵੇ ਦਾ ਅੰਗ ਹੈ।

ਪੰਜਾਬ ਸਿੱਖ ਕੌਮ ਦਾ (ਵਸੋਂ) ਕੇਂਦਰ ਮੰਨਿਆ ਜਾਂਦਾ ਹੈ। ਇਸ ਲਈ ਇਸ ਰਾਜ ਵਿਚ ਦਸਤਾਰ ਦਾ ਸਤਿਕਾਰ ਮੁੱਢਲੀ ਜ਼ਰੂਰਤ ਹੈ। ਜੇ ਇਸ ਰਾਜ ਵਿਚ ਦਸਤਾਰ ਦਾ ਪੂਰਨ ਸਤਿਕਾਰ ਹੋਵੇਗਾ ਤਾਂ ਹੀ ਹੋਰ ਥਾਵਾਂ ’ਤੇ ਇਸ ਦੇ ਸਤਿਕਾਰ ਦੀ ਉਮੀਦ ਕੀਤੀ ਜਾ ਸਕਦੀ ਹੈ। ਪਰ ਅਫਸੋਸ! ਦਸਤਾਰ ਦੀ ਬੇਹੁਰਮਤੀ ਦੀਆਂ ਘਟਨਾਵਾਂ ਸਭ ਤੋਂ ਵੱਧ ਪੰਜਾਬ ਵਿਚ ਹੀ ਹੋ ਰਹੀਆਂ ਹਨ। ਉਹ ਵੀ ਅਕਾਲੀ ਸਰਕਾਰ ਵੇਲੇ ਜੋ ‘ਪੰਥਕ’ ਹੋਣ ਦਾ ਦਾਅਵਾ ਕਰਦੀ ਹੈ। ਹੋਰ ਤਾਂ ਹੋਰ ਸਿੱਖਾਂ ਦੇ ਧਾਰਮਿਕ ਸਮਾਗਮਾਂ ਵੇਲੇ ਵੀ ਇਕ ਰਾਜਨੀਤਕ ਧਿਰ ਦੇ ਗੁੰਡਿਆਂ ਵਲੋਂ ਅਪਣੇ ਰਾਜਨੀਤਕ ਵਿਰੋਧੀਆਂ ਨੂੰ ਸ਼ਾਮਿਲ ਹੋਣ ਤੋਂ ਰੋਕਣ ਲਈ ਉਨ੍ਹਾਂ ਦੀ ਖਿੱਚ-ਧੁਹ ਕਰ ਕੇ ਪੱਗਾਂ ਖਿਲਾਰਨ ਦੀਆਂ ਖਬਰਾਂ ਤਸਵੀਰਾਂ ਸਮੇਤ ਸੁਰਖੀਆਂ ਬਣਦੀਆਂ ਰਹੀਆਂ ਹਨ। ਵੈਸੇ ਵੀ ਅਕਾਲੀਆਂ ਨੇ ਪੰਥ ਵਿਦੋਧੀ ਸ਼ਕਤੀਆਂ ਨਾਲ ਸਾਂਝ ਪਾ ਕੇ ਐਸੇ ਮਾਹੌਲ ਦੀ ਸਿਰਜਣਾ ਕਰ ਹੀ ਦਿੱਤੀ ਹੈ, ਜਿਸ ਵਿਚ ਪੱਗ ਤਾਂ ਕੀ ਸਿਰਾਂ ਤੋਂ ਕੇਸ ਵੀ ਅਲੋਪ ਹੋ ਚੁੱਕੇ ਹਨ ਜੋ ਕਿ ਬਹੁਤ ਹੀ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਹੈ।

ਦਸਤਾਰ ਦੀ ਬੇਹੁਰਮਤੀ ਦਾ ਇਕ ਪਹਿਲੂ ਸਰਕਾਰੀ ਨੌਕਰਸ਼ਾਹੀ ਨਾਲ ਵੀ ਸੰਬੰਧਿਤ ਹੈ। ਵੱਖ-ਵੱਖ ਵਰਗਾਂ ਵਲੋਂ ਕੀਤੇ ਜਾਂਦੇ ਮੁਜ਼ਾਹਿਰਆਂ ਵੇਲੇ ਪੰਜਾਬ ਪੁਲਿਸ ਵਲੋਂ ਭੀੜ ਨੂੰ ਕਾਬੂ ਵਿਚ ਰੱਖਣ ਦੇ ਨਾਂ ’ਤੇ ਲਾਠੀਚਾਰਜ, ਹੰਝੂ ਗੈਸ ਦੀ ਵਰਤੋਂ, ਪਾਣੀ ਦੀ ਬੁਛਾੜ ਆਦਿ ਸਮੇਂ ਬੀਬੀਆਂ ਦੀ ਧੱਕਾ-ਮੁੱਕੀ ਅਤੇ ਦਸਤਾਰਾਂ ਦੀ ਬੇਰਹੁਮਤੀ ਜਾਣੇ ਅਣਜਾਣੇ ਹੁੰਦੀ ਰਹਿੰਦੀ ਹੈ। ਪਰ ਕੁਝ ਦਿਨ ਪਹਿਲਾਂ ਦੋ ਮਾਮਲੇ ਐਸੇ ਸਾਹਮਣੇ ਆਏ ਹਨ, ਜਿਨ੍ਹਾਂ ਨੇ ਪੰਜਾਬ ਵਿਚ ਹੀ ਦਸਤਾਰ ਦੇ ਆਦਰ ’ਤੇ ਪ੍ਰਸ਼ਨਚਿੰਨ੍ਹ ਲਾ ਦਿੱਤਾ ਹੈ। ਪਹਿਲਾ ਮਾਮਲਾ ਮੁਹਾਲੀ ਵਿਖੇ ਇਕ ਪੁਲਿਸ ਐਸ. ਪੀ. ਅਤੇ ਐਸ. ਐਚ. ਓ. ਵਲੋਂ ਇਕ ਸਿੱਖ ਨੌਜਵਾਨ ਦੀ ਜਾਣਬੂਝ ਕੇ ਸ਼ਰੇਆਮ ਪੱਗ ਲਾਹੁਣ ਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਮੰਦ ਕਰਤੂਤ ਵਿਚ ਸ਼ਾਮਿਲ ਐਸ. ਪੀ. ਆਪ ਵੀ ਪਗੜੀਧਾਰੀ ਸੀ। ਇਸ ਦੁਰਘਟਨਾ ਦੀ ਵੀਡੀਉ ਫੁਟੇਜ ਇੰਟਰਨੈਟ ਰਾਹੀਂ ਥੋੜੇ ਹੀ ਸਮੇਂ ਵਿਚ ਦੇਸ਼ਾਂ-ਵਿਦੇਸ਼ਾਂ ਵਿਚ ਪਹੁੰਚ ਗਈ। ਇਸ ਨੇ ਪੰਜਾਬ ਪੁਲਿਸ ਦੇ ਪਹਿਲਾਂ ਤੋਂ ਹੀ ਖਰਾਬ ਅਕਸ ਨੂੰ ਹੋਰ ਵਿਗਾੜ ਦਿਤਾ ਹੈ। ਜਿਸ ਢੰਗ ਨਾਲ ਉਸ ਪੁਲਿਸ ਅਧਿਕਾਰੀ ਵਲੋਂ ਇਸ ਨੌਜਵਾਨ ਦੀ ਪੱਗ ਉਤਾਰੀ ਗਈ, ਉਹ ਤਾਕਤ ਦੇ ਨਸ਼ੇ ਵਿਚ ਵਰਦੀ ਦੀ ਦੁਰਵਰਤੋਂ ਅਤੇ ਨਫਰਤ ਦਾ ਨੰਗਾ ਨਾਚ ਸੀ।

ਦਸਤਾਰ ਦੀ ਬੇਅਦਬੀ ਦੀ ਪੰਜਾਬ ਵਿਚੋਂ ਹੀ ਇਕ ਹੋਰ ਖਬਰ ਸਾਹਮਣੇ ਆਈ। ਇਸ ਖਬਰ ਅਨੁਸਾਰ ਇਕ ਨੌਜਵਾਨ ਨੂੰ ਡਰਾਇਵਿੰਗ ਲਾਇਸੰਸ ਬਣਾਉਣ ਵੇਲੇ ਪੱਗ ਉਤਾਰ ਕੇ ਤਸਵੀਰ ਖਿਚਵਾਉਣ ਲਈ ਮਜਬੂਰ ਕੀਤਾ ਗਿਆ। ਇਸ ਘਟਨਾ ਪਿਛੇ ਵੀ ਲੋਕ ਸੇਵਾ ਤੋਂ ਭਟਕ ਚੁੱਕੀ ਨੌਕਰਸ਼ਾਹੀ ਦਾ ਗਲਤ ਰਵੱਈਆ ਅਤੇ ਨਿੱਜੀ ਨਫਰਤ ਸਾਹਮਣੇ ਆਉਂਦੀ ਹੈ। ਇਨ੍ਹਾਂ ਦੋਹਾਂ ਘਟਨਾਵਾਂ ਦਾ ਮੂਲ ਕਾਰਨ ਬ੍ਰਾਹਮਣੀ ਸੋਚ ਵਾਲੇ ਲੋਕਾਂ ਵਿਚ ਸਿੱਖਾਂ ਪ੍ਰਤੀ ਮਨ ਵਿਚ ਭਰੀ ਨਫਰਤ ਹੀ ਹੈ। ‘ਅਹਿਸਾਨ ਫਰਾਮੋਸ਼ੀ’ ਭਰੀ ਨਫਰਤ ਦਾ ਇਹ ਮੁਜ਼ਾਹਿਰਾ ਹੁਣ ਤੋਂ ਹੀ ਨਹੀਂ, ਬਾਬਾ ਨਾਨਕ ਜੀ ਦੇ ਵੇਲੇ ਤੋਂ ਹੀ ਹੁੰਦਾ ਰਿਹਾ ਹੈ। ਇਤਿਹਾਸ ਵਿਚ ਵੀ ਇਸ ਨਫਰਤ ਦੀਆਂ ਮਿਸਾਲਾਂ ਸਮੇਂ-ਸਮੇਂ ਮਿਲਦੀਆਂ ਰਹੀਆਂ ਹਨ। 1984 ਵਿਚ ਨਿਰਦੋਸ਼ ਸਿੱਖਾਂ ਦਾ ਕਤਲੇਆਮ ਵੀ ਇਸ ਨਫਰਤ ਦਾ ਪ੍ਰਗਟਾਵਾ ਹੀ ਸੀ। ਮੌਜੂਦਾ ਘਟਨਾਵਾਂ ਪਿੱਛੇ ਵੀ ਇਹੀ ਨਫਰਤ ਕੰਮ ਕਰ ਰਹੀ ਹੈ। ਪਰ ਅਫਸੋਸ! ਇਸ ਵਾਰ ਇਹ ਦੁਰਘਟਨਾਵਾਂ ‘ਪੰਥਕ’ ਹੋਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਵੇਲੇ ਹੀ ਹੋਈਆਂ ਹਨ।

ਦੋਸ਼ੀਆਂ ਲਈ ਸਜ਼ਾ ਕੀ ਹੋਵੇ ?

ਐਸੇ ਨਾਜ਼ੁਕ ਮੌਕਿਆਂ ’ਤੇ ਪੰਥ ਦੇ ‘ਆਗੂ’ (ਕੁਝ ਸੁਹਿਰਦ ਵੀ ਹੋ ਸਕਦੇ ਹਨ) ਜੋਸ਼ ਵਿਚ ਆ ਕੇ ਭੜਕੀਲੇ ਬਿਆਨ ਦੇਣ ਲਗ ਜਾਂਦੇ ਹਨ। ‘ਜਬੈ ਬਾਣ ਲਾਗਿਉ, ਤਬੈ ਰੋਸ ਜਾਗਿਉ’ ਦੀ ਦਸਮ ਗ੍ਰੰਥੀ ਸੇਧ ਨੂੰ ਅਪਣਾਉਂਦੇ ਹੋਏ ‘ਬਦਲਾ ਲੈਣ’ ਵਰਗੇ ਜਜ਼ਬਾਤੀ ਬਿਆਨ ਬਿਨਾਂ ਵਿਚਾਰੇ ਦਾਗ ਦੇਂਦੇ ਹਨ। ਹੁਣ ਵੀ ਮੀਡੀਆ ਵਿਚ ਬਿਆਨ ਆ ਰਹੇ ਹਨ ਕਿ ਦੋਸ਼ੀਆਂ ਦੇ ਹੱਥ ਵੱਡ ਦੇਣੇ ਚਾਹੀਦੇ ਹਨ, ਮੁੰਹ ਕਾਲਾ ਕਰ ਕੇ ਗਲੀਆਂ ਵਿਚ ਘੁੰਮਾਉਣਾ ਚਾਹੀਦਾ ਹੈ ਆਦਿ। ਇਨ੍ਹਾਂ ਗੁਰਮੁਖਾਂ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਸਭਿਅਕ ਸਮਾਜ ਦੇ ਬਾਸ਼ਿੰਦੇ ਹਾਂ ਨਾ ਕਿ ਤਾਲਿਬਾਨੀ ਸਮਾਜ ਦੇ। ਹੋਸ਼ ਤੋਂ ਬਿਨਾ, ਜੋਸ਼ ਵਿਚ ਆ ਕੇ ਦਿੱਤੇ ਐਸੇ ਬਿਆਨ ਜਿੱਥੇ ਇਕ ਪਾਸੇ ਨਾਨਕ ਫਲਸਫੇ ਦੇ ਉਲਟ ਹੁੰਦੇ ਹਨ, ਦੂਜੀ ਤਰਫ ਭੜਕਾਹਟ ਵਿਚ ਆ ਕੇ ਕੁਝ ਨੌਜਵਾਨਾਂ ਨੂੰ ਗਲਤ ਰਾਹ ’ਤੇ ਤੁਰਨ ਲਈ ਵੀ ਉਕਸਾ ਸਕਦੇ ਹਨ। ਇਤਿਹਾਸ ਵਿਚ ਐਸੇ ਕਈਂ ਹਵਾਲੇ ਮਿਲਦੇ ਹਨ। ਮਿਸਾਲ ਵਜੋਂ ਅਕਾਲ ਤਖਤ ’ਤੇ ਕਾਬਿਜ਼ ਪੁਜਾਰੀਆਂ ਵਲੋਂ ਸੌਧਾ ਸਾਧ ਦੇ ਮਾਮਲੇ ਵਿਚ ਦਿੱਤੇ ਫਤਵੇ। ਦਸ਼ਮੇਸ਼ ਪਾਤਸ਼ਾਹ ਜੀ ਨੇ ਵੀ ਕਦੀ ਐਸੀ ਸੇਧ ਨਹੀਂ ਦਿੱਤੀ। ਉਨ੍ਹਾਂ ਵੀ ਹਥਿਆਰ ਚੁੱਕਣ ਦੀ ਸੇਧ ਜਾਂ ਤਾਂ ਮਜ਼ਲੂਮ ਦੀ ਰੱਖਿਆ ਖਾਤਿਰ ਦਿੱਤੀ ਜਾਂ ਅੱਤ ਦਾ ਅੰਤ ਕਰਨ ਲਈ ਆਖਿਰੀ ਹੀਲੇ ਵਜੋਂ। ਬਦਲਾ ਲੈਣ ਦੀ ਭਾਵਨਾ ਨਾਲ ਹਥਿਆਰ ਚੁੱਕਣ ਦੀ ਪ੍ਰੇਰਣਾ ਕਿਸੇ ਵੀ ਨਾਨਕ ਸਰੂਪ ਨੇ ਨਹੀਂ ਦਿਤੀ। ਸੋ ਸਾਨੂੰ ਐਸੇ ਮੌਕਿਆਂ ’ਤੇ ਬਹੁਤ ਸੁਚੇਤ ਹੋ ਕੇ ਕਦਮ ਪੁੱਟਣ ਦੀ ਲੋੜ ਹੈ।

ਘਟਨਾਵਾਂ ਅਤੇ ਸਮੇਂ ਦੀ ਨਾਜ਼ੁਕਤਾ ਸਮਝਦੇ ਹੋਏ, ਪੰਜਾਬ ਸਰਕਾਰ ਨੇ (ਭਾਵੇਂ ਦੇਰੀ ਨਾਲ ਹੀ ਸਹੀ) ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰਦੇ ਹੋਏ, ਉਨ੍ਹਾਂ ਖਿਲਾਫ ਕੇਸ ਦਰਜ ਕਰਨ ਦਾ ਆਦੇਸ਼ ਦੇ ਦਿਤਾ ਹੈ। ਪਰ ਹਰ ਸੁਚੇਤ ਮਨੁੱਖ ਜਾਣਦਾ ਹੈ ਕਿ ਸਰਕਾਰਾਂ ਦੇ ਐਸੇ ਕਦਮ ਸੁਹਿਰਦਤਾ ਦੀ ਥਾਂ ‘ਅੱਖਾਂ ਵਿਚ ਘੱਟਾ’ ਪਾਉਣ ਵਾਲੇ ਜ਼ਿਆਦਾ ਹੁੰਦੇ ਹਨ। ਇਸ ਦੁਰਘਟਨਾ ਸੰਬੰਧੀ ਪੰਜਾਬ ਪੁਲਿਸ ਦੇ ਮੁਖੀ ਦਾ ਬਿਆਨ ਤਾਂ ਬਹੁਤ ਨਿਰਾਸ਼ਜਨਕ ਹੈ। ਸੰਸਾਰ ਦੇ ਕੋਨੇ-ਕੋਨੇ ਵਿਚ ਪਹੁੰਚ ਚੁੱਕੀ ਘਟਨਾ ਦੀ ਵੀਡੀਉ ਫੁਟੇਜ ਨੂੰ ਅਣਗੌਲਿਆਂ ਕਰਕੇ ਉਹ ਬਿਆਨ ਦੇ ਰਹੇ ਹਨ ਕਿ ਮੁਹਾਲੀ ਵਿਚ ਦਸਤਾਰ ਜਾਣ-ਬੁਝ ਕੇ ਨਹੀਂ ਲਾਹੀ ਗਈ ਬਲਕਿ ਧੱਕਾ-ਮੁੱਕੀ ਵਿਚ ਲੱਥ ਗਈ ਹੈ। ਐਸੇ ਗੈਰ-ਜ਼ਿੰਮੇਵਰਾਨਾ ਬਿਆਨ ਉਨ੍ਹਾਂ ਦੇ ਅਹੁਦੇ ਦੀ ਸਾਖ ਅਤੇ ਇਕ ਸਿੱਖ ਵਜੋਂ ਉਨ੍ਹਾਂ ਦੀ ਸ਼ਖਸੀਅਤ ਨੂੰ ਧੱਕਾ ਪਹੁੰਚਾਉਂਦੇ ਹਨ।

ਦੋਸ਼ੀਆਂ ਦੇ ਮੁਅੱਤਲ, ਬਰਖਾਸਤ ਜਾਂ ਸਜ਼ਾਯਾਫਤਾ ਹੋ ਜਾਣ ਨਾਲ ਭੜਕੇ ਹਿਰਦਿਆਂ ਨੂੰ ਕੁਝ ‘ਠੰਡਕ’ ਜ਼ਰੂਰ ਮਿਲ ਸਕਦੀ ਹੈ, ਪਰ ਇਸ ਨਾਲ ਦੋਸ਼ੀਆਂ ਵਿਚ ਸੁਧਾਰ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਬਲਕਿ ਇਸ ਨਾਲ ਉਨ੍ਹਾਂ ਦੀ ਨਫਰਤ ਹੋਰ ਵੱਧ ਜਾਵੇਗੀ। ਸਾਡੀ ਸਮਝ ਅਨੁਸਾਰ ਕੁਝ ਸੁਚੇਤ ਪੰਥਦਰਦੀ, ਕੁਝ ਨਿਰਪੱਖ ਸਮਾਜ ਸੁਧਾਰਕ ਸ਼ਖਸੀਅਤਾਂ (ਜੋ ਦੂਜੇ ਮੱਤ ਨਾਲ ਸੰਬੰਧਿਤ ਹੋਣ) ਨੂੰ ਨਾਲ ਲੈ ਕੇ ਦੋਸ਼ੀਆਂ ਨੂੰ ਨਿੱਜੀ ਤੌਰ ’ਤੇ ਮਿਲਣ। ਉਨ੍ਹਾਂ ਨੂੰ ਠਰੰਮੇ ਨਾਲ ਦਲੀਲ ਦੇ ਕੇ ਸਮਝਾਇਆ ਜਾਵੇ ਕਿ ਉਨ੍ਹਾਂ ਦੀ ਇਹ ਹਰਕਤ ਮਨੁੱਖਤਾ ਅਤੇ ਆਪਸੀ ਭਾਈਚਾਰੇ ਦੇ ਵਿਰੁਧ ਹੈ। ਇਹ ਮੰਦ-ਹਰਕਤ ਪੰਜਾਬ ਵਿਚ ਨਫਰਤ ਅਤੇ ਹਿੰਸਾ ਦਾ ਦੌਰ ਭੜਕਾ ਸਕਦੀ ਹੈ। ਇਹ ਨਫਰਤ ਖੁੱਦ ਉਨ੍ਹਾਂ ਲਈ ਵੀ ਹਾਨੀਕਾਰਕ ਹੈ, ਕਿਉਂਕਿ ਇਹ ਉਨ੍ਹਾਂ ਦੇ ਸੱਭਿਅਕ ਮਨੁੱਖ ਹੋਣ ’ਤੇ ਹੀ ਪ੍ਰਸ਼ਨ-ਚਿੰਨ੍ਹ ਲਾਉਂਦੀ ਹੈ। ਸਾਡਾ ਵਿਸ਼ਵਾਸ ਹੈ ਕਿ ਜੇ ਤਰੀਕੇ ਨਾਲ ਸਮਝਾਇਆ ਜਾਵੇ ਤਾਂ ਉਨ੍ਹਾਂ ਨੂੰ ਗਲਤੀ ਦਾ ਅਹਿਸਾਸ ਹੋ ਜਾਵੇਗਾ। ਉਨ੍ਹਾਂ ਦੇ ਮਨ ਵਿਚਲੀ ਨਫਰਤ ਦੂਰ ਹੋ ਜਾਵੇਗੀ।

ਗਲਤੀ ਦਾ ਅਹਿਸਾਸ ਹੋਣ ਉਪਰੰਤ, ਉਹ ਮੀਡੀਆ ਸਾਹਮਣੇ ਅਪਣੀ ਗਲਤੀ ਕਬੂਲ ਕਰਦੇ ਹੋਏ, ਸਿੱਖ ਭਾਈਚਾਰੇ ਸਮੇਤ ਸਮੁੱਚੀ ਮਨੁੱਖਤਾ ਤੋਂ ਮਾਫੀ ਮੰਗਣ ਅਤੇ ਅੱਗੇ ਤੋਂ ਐਸੀ ਮੰਦ-ਹਰਕਤ ਨਾ ਦੋਹਰਾਨ ਦਾ ਪ੍ਰਣ ਲੈਣ। ਗਲਤੀ ਕਬੂਲਣ ਦੀ ਇਸ ਵੀਡੀਉ ਫੁਟੇਜ ਨੂੰ ਮੀਡੀਆ ਰਾਹੀ ਪ੍ਰਚਾਰਿਆ ਜਾਵੇ ਤਾਂ ਕਿ ਹੋਰਨਾਂ ਨੂੰ ਵੀ ਪ੍ਰੇਰਣਾ ਮਿਲ ਸਕੇ। ਇਸ ਤਰੀਕੇ ਨਾਲ ਹੀ ਅਸੀਂ ਬਾਬੇ ਨਾਨਕ ਜੀ ਦੀ ਉਸ ਸੁਧਾਰ ਲਹਿਰ ਦੇ ਸੱਚੇ ਪੈਰੋਕਾਰ ਬਣ ਸਕਾਂਗੇ, ਜਿਸ ਵਿਚ ਉਨ੍ਹਾਂ ਨੇ ਸੱਜਣ ਠੱਗ, ਕੌਡੇ ਭੀਲ ਸਮੇਤ ਅਨੇਕਾਂ ਨੂੰ ਸੁਧਾਰਿਆ।

ਪੰਜਾਬ ਸਰਕਾਰ ਦਾ ਵੀ ਫਰਜ਼ ਹੈ ਕਿ ਉਹ ਅਪਣੀ ਨੌਕਰਸ਼ਾਹੀ (ਖਾਸਕਰ ਪੰਜਾਬ ਪੁਲਿਸ) ਨੂੰ ਅਪਣਾ ਭ੍ਰਿਸ਼ਟ ਅਤੇ ਨਿਰੰਕੁਸ਼ ਰਵੱਈਆ ਤਿਆਗ ਕੇ ਸਮਾਜ ਸੇਵਕ ਦਾ ਰੋਲ ਨਿਭਾਉਣ ਲਈ ਸਖ਼ਤ ਹਿਦਾਇਤਾਂ ਜਾਰੀ ਕਰੇ ਤਾਂ ਕਿ ਐਸੀਆਂ ਦੁਰ-ਘਟਨਾਵਾਂ ਦਾ ਦੋਹਰਾਅ ਨਾ ਹੋਵੇ। ਪੰਜਾਬ ਪੁਲਿਸ ਮੁਖੀ ਦੇ ਗੈਰ-ਜ਼ਿੰਮੇਵਰਾਨਾ ਬਿਆਨ ਦਾ ਵੀ ਨੋਟਿਸ ਲਿਆ ਜਾਵੇ ਅਤੇ ਅੱਗੇ ਤੋਂ ਉਨ੍ਹਾਂ ਨੂੰ ਆਗਾਹ ਰਹਿਣ ਦੀ ਤਾਕੀਦ ਕੀਤੀ ਜਾਵੇ।

ਐਸੇ ਕੰਮਾਂ ਰਾਹੀਂ ਹੀ ਸੁਹਾਰਦ ਦਾ ਮਾਹੌਲ ਪੈਦਾ ਕਰਕੇ ਸਮਾਜ ਵਿਚ ਸ਼ਾਂਤੀ ਲਿਆਈ ਜਾ ਸਕਦੀ ਹੈ। ਵਰਨਾ ਅੱਜ ਪੰਜਾਬ ਸਮੇਤ ਸਾਰੇ ਭਾਰਤੀ ਸਮਾਜ ਵਿਚ ਆਪਸੀ ਨਫਰਤ ਭੜਕਾਉਣ ਲਈ ਕਈਂ ਸਮਾਜ ਵਿਰੋਧੀ ਅਨਸਰ ਮੌਕੇ ਦੀ ਤਲਾਸ਼ ਵਿਚ ਰਹਿੰਦੇ ਹਨ। ਖਾਸਕਰ ਸੌੜੇ ਰਾਜਨੀਤਕ ਮੁਫਾਦਾਂ ਲਈ। ਐਸੇ ਮਾਹੌਲ ਵਿਚ ਸਮਾਜ ਵਿਚਲੀਆਂ ਸੁਚੇਤ, ਨਿਰਪੱਖ ਅਤੇ ਇਮਾਨਦਾਰ ਸ਼ਖਸੀਅਤਾਂ ਨੂੰ ਅਪਣੇ ਆਪ ਲਾਮਬੰਦ ਹੋ ਕੇ, ਐਸੇ ਕਦਮ ਚੁੱਕਣ ਦੀ ਲੋੜ ਹੈ, ਜਿਨ੍ਹਾਂ ਰਾਹੀਂ ਆਉਂਦੇ ਸਮਿਆਂ ਵਿਚ ਇਸ ਕਿਸਮ ਦੀਆਂ ਮੰਦ ਭਾਵਨਾਵਾਂ ਤੋਂ ਪ੍ਰੇਰਿਤ ਘਟਨਾਵਾਂ (ਜੋ ਸਮਾਜ ਵਿਚ ਨਫਰਤ ਦਾ ਕਾਰਨ ਬਣਦੀਆਂ ਹਨ) ਨੂੰ ਮਜ਼ਬੂਤੀ ਨਾਲ ਰੋਕਿਆ ਜਾ ਸਕੇ।

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top