Share on Facebook

Main News Page

ਬਾਦਲ ਸਾਹਿਬ! ਤੁਹਾਡੇ ਆਪਣੇ ਵਾਰੇ ਤੁਹਾਡਾ ਕੀ ਖ਼ਿਆਲ ਹੈ?: ਭਾਈ ਸਿਰਸਾ

* ਸ: ਬਾਦਲ ਦੇ ਬਿਆਨ ਤੋਂ ਲਗਦਾ ਹੈ ਕਿ ਉਹ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਵਾਅਦਾ ਮੁਆਫ਼ ਗਵਾਹ ਬਣਨ ਜਾ ਰਹੇ ਹੋਣ
* ਬਾਦਲ ਦਲ ਵਲੋਂ ਪੰਜਾਬ ਦੀਆਂ ਬਾਕੀ ਸੀਟਾਂ ’ਤੇ ਖਰਚੇ ਗਏ ਕਾਲੇ ਧਨ ਨੂੰ ਜੇ ਇੱਕ ਪਾਸੇ ਰੱਖ ਕੇ, ਇਕੱਲੇ ਉਨ੍ਹਾਂ ਦੇ ਨਿਜੀ ਚੋਣ ਹਲਕੇ ਲੰਬੀ ਦੀ ਹੀ ਗੱਲ ਕਰ ਲਈਏ, ਤਾਂ ਉਹ ਆਪਣੇ ਹਲਕੇ ਦੇ ਲੋਕਾਂ ਦੇ ਇਕੱਠ ਵਿਚ ਵਰਤੇ ਗਏ ਧਨ ਦਾ ਵੇਰਵਾ ਹੀ ਦੇ ਦੇਣ, ਤਾਂ ਸਭ ਕੁਝ ਲੋਕਾਂ ਦੇ ਸਾਹਮਣੇ ਆ ਜਾਵੇਗਾ

ਬਠਿੰਡਾ, 11 ਅਪ੍ਰੈਲ (ਕਿਰਪਾਲ ਸਿੰਘ): ਬਾਦਲ ਸਾਹਿਬ! ਤੁਹਾਡੇ ਆਪਣੇ ਵਾਰੇ ਤੁਹਾਡਾ ਕੀ ਖ਼ਿਆਲ ਹੈ? ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ’ਤੇ ਪ੍ਰਤੀਕਰਮ ਕਰਦੇ ਹੋਏ ਕਹੇ। ਇਹ ਦੱਸਣਯੋਗ ਹੈ ਕਿ ਅੱਜ ਦੇ ਅਖ਼ਬਾਰਾਂ ਵਿੱਚ ਸ: ਬਾਦਲ ਦਾ ਭ੍ਰਿਸ਼ਟਾਚਾਰ ’ਤੇ ਟਿੱਪਣੀ ਕਰਦਾ ਬਿਆਨ ਛਪਿਆ ਸੀ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਭ੍ਰਿਸ਼ਟਾਚਾਰ ਦੇ ਕੋਹੜ ਨੂ ਠੱਲਣ ਲਈ ਭ੍ਰਿਸ਼ਟ ਕਿਰਦਾਰ ਵਾਲੇ ਲੋਕਾਂ ਦੇ ਨਾਂ ਜਨਤਕ ਕਰਕੇ ਉਨ੍ਹਾਂ ਨੂੰ ਮੌਤ ਦੀ ਸਜਾ ਦਿੱਤੀ ਜਾਣੀ ਚਾਹੀਦੀ ਹੈ। ਆਪਣੇ ਬਿਆਨ ਵਿੱਚ ਸ: ਬਾਦਲ ਨੇ ਦੋਸ਼ ਲਾਇਆ ਸੀ ਜਿੰਨਾ ਭਾਰਤ ਦਾ ਸਾਲਾਨਾ ਕੁਲ ਉਤਪਾਦਨ ਹੈ, ਓਨਾਂ ਹੀ ਕਾਲਾ ਧਨ ਦੇਸ਼ ਦੇ 3% ਲੋਕਾਂ ਕੋਲ ਵਿਦੇਸ਼ੀ ਬੈਂਕਾਂ ਵਿੱਚ ਪਿਆ ਹੈ। 80% ਲੋਕ 20 ਰੁਪਏ ਪ੍ਰਤੀ ਦਿਨ ਦੇ ਹਿਸਾਬ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਜੇਕਰ ਵਿਦੇਸ਼ੀ ਬੈਂਕਾਂ ਵਿੱਚ ਪਿਆ ਕਾਲਾ ਧਨ ਸਰਕਾਰ ਵਾਪਸ ਲੈ ਆਵੇ ਤਾਂ ਦੇਸ਼ ਵਿੱਚੋਂ ਗਰੀਬੀ ਖਤਮ ਕੀਤੀ ਜਾ ਸਕਦੀ ਹੈ। ਸ: ਬਾਦਲ ਨੇ ਇਹ ਵੀ ਕਿਹਾ ਸੀ ਕਿ ਸਾਰੇ ਸਿਆਸੀ ਆਗੂ ਚੋਣ ਫੰਡ ਲੈਂਦੇ ਹਨ, ਚੋਣਾਂ ਵਿੱਚ ਕਾਲਾ ਧਨ ਵਰਤਦੇ ਹਨ ਤੇ ਚੋਣਾਂ ਵਿੱਚ ਪੈਸੇ ਦਾ ਲੈਣ ਦੇਣ ਅੰਦਰਖਾਤੇ ਕੀਤਾ ਜਾਂਦਾ ਹੈ।

ਭਾਈ ਸਿਰਸਾ ਨੇ ਸ: ਬਾਦਲ ਦੇ ਉਕਤ ਬਿਆਨ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਸ: ਬਾਦਲ ਦਾ ਬਿਆਨ 100% ਸਹੀ ਹੈ ਪਰ ਉਨ੍ਹਾਂ ਦੇ ਇਸ ਬਿਆਨ ਤੋਂ ਲਗਦਾ ਹੈ ਕਿ ਉਹ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਵਾਅਦਾ ਮੁਆਫ਼ ਗਵਾਹ ਬਣਨ ਜਾ ਰਹੇ ਹੋਣ। ਭਾਈ ਸਿਰਸਾ ਨੇ ਕਿਹਾ ਕਿ ਜਿਸ ਬਾਦਲ ਪ੍ਰਵਾਰ ਤੇ ਉਨ੍ਹਾਂ ਦੇ ਕੋੜਮੇ ਨੇ ਸਰਕਾਰੀ ਜਾਇਦਾਦਾਂ, ਗੁਰੂ ਦੀ ਗੋਲਕ, ਨਿਜੀ ਟ੍ਰਸਟਾਂ ਰਾਹੀਂ ਸ਼੍ਰੋਮਣੀ ਕਮੇਟੀ ਤੇ ਖ਼ਾਲਸਾ ਸਕੂਲਾਂ/ ਕਾਲਜਾਂ ਦੀਆਂ ਜਾਇਦਾਦਾਂ, ਟਰਾਂਸਪੋਰਟ ਤੋਂ ਲੈ ਕੇ ਢਾਬਿਆਂ ਤੱਕ ’ਤੇ ਕਬਜ਼ਾ ਕਰ ਲਿਆ ਹੈ ਉਸ ਨੂੰ ਪੰਜਾਬ ਵਿਚੋਂ ਆਪਣੇ ਨਾਲੋਂ ਹੋਰ ਕਿਹੜਾ ਵੱਡਾ ਭ੍ਰਿਸ਼ਟ ਨੇਤਾ ਦਿੱਸ ਰਿਹਾ ਹੈ। ਭਾਈ ਸਿਰਸਾ ਨੇ ਕਿਹਾ ਕਿ ਪੰਜਾਬ ਵਿੱਚ ਤਾਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸ: ਬਾਦਲ ਦਾ ਕੋਈ ਸਾਨੀ ਨਹੀਂ, ਪਰ ਜੇ ਉਸ ਨੂੰ ਸਾਬਕਾ ਕੇਂਦਰੀ ਮੰਤਰੀ ਏ ਰਾਜਾ ਦੇ ਮੁਕਾਬਲੇ ’ਤੇ ਘੱਟ ਭ੍ਰਿਸ਼ਟ ਹੋਣ ਦਾ ਝੋਰਾ ਹੈ ਤਾਂ ਗੱਲ ਵੱਖਰੀ ਹੈ। ਸਿਆਸੀ ਆਗੂਆਂ ਵਲੋਂ ਚੋਣ ਫੰਡ ਲੈਣ ਤੇ ਚੋਣਾਂ ਵਿੱਚ ਕਾਲਾ ਧਨ ਵਰਤਣ ਦੇ ਸ: ਬਾਦਲ ਦੇ ਦਿੱਤੇ ਬਿਆਨ ’ਤੇ ਟਿੱਪਣੀ ਕਰਦੇ ਹੋਏ ਭਾਈ ਸਿਰਸਾ ਨੇ ਕਿਹਾ ਕਿ ਬਾਦਲ ਦਲ ਵਲੋਂ ਪੰਜਾਬ ਦੀਆਂ ਬਾਕੀ ਸੀਟਾਂ ’ਤੇ ਖਰਚੇ ਗਏ ਕਾਲੇ ਧਨ ਨੂੰ ਜੇ ਇੱਕ ਪਾਸੇ ਰੱਖ ਕੇ ਇਕੱਲੇ ਉਨ੍ਹਾਂ ਦੇ ਨਿਜੀ ਚੋਣ ਹਲਕੇ ਲੰਬੀ ਦੀ ਹੀ ਗੱਲ ਕਰ ਲਈਏ ਤਾਂ ਉਹ ਆਪਣੇ ਹਲਕੇ ਦੇ ਲੋਕਾਂ ਦੇ ਇਕੱਠ ਵਿਚ, ਵਰਤੇ ਗਏ ਧਨ ਦਾ ਵੇਰਵਾ ਹੀ ਦੇ ਦੇਣ ਤਾਂ ਸਭ ਕੁਝ ਲੋਕਾਂ ਦੇ ਸਾਹਮਣੇ ਆ ਜਾਵੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top