Share on Facebook

Main News Page

ਮੱਕੜ ਵੱਲੋ ਮਾਨ ਨੂੰ ਸਖਤ ਸ਼ਬਦਾਂ ਵਿੱਚ ਚੇਤਾਵਨੀ - ਹੱਦ ਵਿਚ ਰਹਿਣ ਦੀ ਦਿੱਤੀ ਸਲਾਹ

ਕਿਹਾ, ਜੇ ਕੋਈ ਗੜਬੜ ਹੋਈ ਤਾਂ ਜਿੰਮੇਵਾਰੀ ਮਾਨ ਦੀ

ਫ਼ਤਹਿਗੜ ਸਾਹਿਬ, 9 ਅਪ੍ਰੈਲ (ਗੁਰਪ੍ਰੀਤ ਮਹਿਕ ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਅੱਜ ਗਰਮ ਖਿਆਲੀ ਨੇਤਾ ਅਤੇ ਸ਼੍ਰੋਮਣੀ ਅਕਾਲੀ ਦੱਲ ਅਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ।

ਅੱਜ ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨਲ ਟਰੱਸਟ, ਫ਼ਤਹਿਗੜ ਸਾਹਿਬ ਦੇ ਮੀਟਿੰਗ ਦੀ ਪ੍ਰਧਾਨਗੀ ਕਰਨ ਤੋ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਥੇਦਾਰ ਮੱਕੜ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਵੈਸਾਖੀ ਮੌਕੇ ਤਲਵੰਡੀ ਸਾਬੌ ਵਿਖੇ ਕਾਨਫਰੰਸ ਕਰਨ ਲਈ ਨਾ ਹੀ ਮਾਨ ਅਤੇ ਕਿਸੇ ਹੋਰ ਸਿਆਸੀ ਪਾਰਟੀ ਨੂੰ ਸਿਆਸੀ ਕਾਨਫਰੰਸ ਕਰਨ ਵਾਸਤੇ ਜਗਾ ਦਿੱਤਾ ਹੈ। ਉਨਾਂ ਕਿਹਾ ਕਿ ਇਹ ਕੇਵਲ ਇਸ ਲਈ ਕੀਤਾ ਗਿਆ ਹੈ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਤਰਾਂ ਦੀ ਔਖ ਨਾ ਆਵੇ। ਇਸ ਦਾ ਕੋਈ ਸਿਆਸੀ ਕਾਰਨ ਨਹੀਂ।

ਅਖਬਾਰਾਂ ਵਿੱਚ ਸ: ਮਾਨ ਵੱਲੋ 14 ਅਪ੍ਰੈਲ ਨੂੰ ਵੈਸਾਖੀ ਮੌਕੇ ਸ਼੍ਰੋਮਣੀ ਕਮੇਟੀ ਦੀ ਸਟੇਜ ਦੇ ਕਬਜਾ ਕਰਨ ਬਾਰੇ ਛਪੀਆਂ ਖਬਰਾਂ ਬਾਰੇ ਜਥੇਦਾਰ ਮੱਕੜ ਨੇ ਕਿਹਾ ਕਿ ਜੇ ਉਥੇ ਕਾਨਫਰੰਸ ਸਮੇਂ ਕੋਈ ਵੀ ਗੜਬੜੀ ਹੁੰਦੀ ਹੈ ਤਾਂ ਉਸ ਲਈ ਸ: ਮਾਨ ਖੁਦ ਜਿੰਮੇਵਾਰ ਹੋਣਗੇ।

ਉਨ੍ਹਾਂ ਮਾਨ ਨੂੰ ਕਿਹਾ ਕਿ ਸਾਬਕਾ ਆਈ ਪੀ ਐਸ ਅਧਿਕਾਰੀ ਨੂੰ ਆਪਣੀ ਹੱਦ ਵਿੱਚ ਰਹਿਣਾ ਚਾਹੀਦਾ ਹੈ ਅਤੇ ਇਸ ਤਰਾਂ ਦਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਹੈ, ਜਿਸ ਕਾਰਨ ਸੰਗਤਾਂ ਨੂੰ ਕੋਈ ਪ੍ਰੇਸ਼ਾਨੀ ਹੋਵੇ।
ਜਥੇਦਾਰ ਮੱਕੜ ਨੇ ਸ: ਮਾਨ ਦੇ ਉਸ ਬਿਆਨ ਤੇ ਕੋਈ ਟਿੱਪਣੀ ਨਹੀਂ ਕੀਤੀ ਜਿਸ ਵਿੱਚ ਉਨਾਂ ਕਿਹਾ ਕਿ ਖਾਲਸਾ ਕਾਲਜ, ਅਮ੍ਰਿਤਸਰ ਨੂੰ ਸ਼੍ਰੋਮਣੀ ਕਮੇਟੀ ਨੂੰ ਆਪਣੇ ਅਧੀਨ ਲੈਣਾ ਚਾਹੀਦਾ ਹੈ, ਜਿਵੇਂ ਉਨਾਂ ਵਿਸ਼ਵ ਸਿੱਖ ਯੂਨੀਵਰਸਿਟੀ ਨੂੰ ਲਿਆ ਹੈ। ਉਨਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਵੀ ਉਸ ਬਿਆਨ ਤੇ ਕੋਈ ਟਿੱਪਣੀ ਨਹੀਂ ਕੀਤੀ ਜਿਸ ਵਿੱਚ ਉਨਾਂ ਕਿਹਾ ਸੀ ਕਿ ਜੇ ਮੌਜਦੂਾ ਅਕਾਲੀ ਭਾਜਪਾ ਸਰਕਾਰ ਨੇ ਖਾਲਸਾ ਕਾਲਜ ਨੂੰ ਯੂਨੀਵਰਸਿਟੀ ਬਣਾਉਣ ਦਾ ਦਰਜਾ ਦਿੱਤਾ ਤਾਂ ਕਾਂਗਰਸ ਸਰਕਾਰ ਆਉਣ ਤੇ ਇਸ ਨੂੰ ਵਾਪਸ ਲਿਆ ਜਾਵੇਗਾ।

ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਕੁਲਦੀਪ ਸਿੰਘ ਵੱਲੋ ਸ਼੍ਰੋਮਣ ਕਮੇਟੀ ਪ੍ਰਬੰਧ ਦੀ ਖੁਲੇਆਮ ਕੀਤੀ ਨੁਕਤਾਚੀਨੀ ਬਾਰੇ ਪੁੱਛੇ ਜਾਣ ਤੇ ਸ: ਮੱਕੜ ਸਿੱਧੀ ਟਿੱਪਣੀ ਕਰਨ ਤੋ ਬੱਚਦੇ ਰਹੇ। ਉਨਾਂ ਕਿਹਾ ਕਿ ਜਸਟਿਸ ਕੁਲਦੀਪ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਹੋਰ ਚੰਗਾ ਬਣਾਉਣ ਲਈ ਚੰਗੇ ਸੁਝਾਅ ਦੇ ਸਕਦੇ ਹਨ। ਉਨਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਦੇ ਕੰਮ ਵਿੱਚ ਵੱਧ ਚੜ ਕੇ ਯੋਗਦਾਨ ਪਾ ਰਹੀ ਹੈ। ਆਪਣੀਆਂ ਵਿਦਿਅਕ ਸੰਸਥਾਵਾਂ ਵਿੱਚ ਸਿੱਖਿਆਂ ਦਾ ਪੱਧਰ ਉਚਾ ਚੱਕਣ ਲਈ ਪੂਰਾ ਯੋਗਦਾਨ ਪਾ ਰਹੀਆਂ ਹਨ।

ਉਨਾ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਕੈਂਸਰ ਤੋ ਪੀੜਤ ਰੋਗੀਆਂ ਲਈ ਇਕ ਫੰਡ ਸਥਾਪਤ ਕੀਤਾ ਹੈ। ਕਮੇਟੀ ਵੱਲੋ ਇਸ ਮੰਤਵ ਲਈ 11 ਲੱਖ ਰੁਪਏ ਦਾਨ ਦਿੱਤੇ ਗਏ ਹਨ। ਉਨਾਂ ਸੰਗਤਾਂ ਨੂੰ ਇਸ ਮੰਤਵ ਵਾਸਤੇ ਵੱਧ ਤੋ ਵੱਧ ਦਾਨ ਦੇਣ ਲਈ ਅਪੀਲ ਕੀਤੀ।

ਉਨਾ ਭ੍ਰਿਸਟਾਚਾਰ ਵਿਰੁੱਧ ਅੰਨਾ ਹਜਾਰ ਵੱਲੋ ਛੇੜੀ ਮੁਹਿੰਮ ਦੀ ਵੀ ਹਮਾਇਤ ਕੀਤੀ। ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਭ੍ਰਿਸਟਾਚਾਰ ਦੇ ਖਿਲਾਫ ਹੈ। ਉਨਾ ਕਿਹਾ ਕਿ ਕੇਂਦਰ ਸਰਕਾਰ ਜਾਣ ਬੁਝ ਕੇ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਦੇਰ ਕਰ ਰਹੀ ਹੈ। ਉਨਾਂ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਪੰਜਾਬ ਵਿੱਚ ਲਿੰਗ ਅਨੁਪਾਤ ਅਤੇ ਸਾਖਰਤਾ ਦੀ ਦਰ ਸੁਧਰਿਆ ਹੈ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਿੱਖਿਆ ਨਿਰਦੇਸ਼ਕ ਡਾ ਗੁਰਮੋਹਨ ਸਿੰਘ ਵਾਲੀਆ, ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ, ਹਰਮੇਲ ਸਿੰਘ ਟੌਹੜਾ, ਕਰਨੈਲ ਸਿੰਘ ਪੰਜੋਲੀ, ਸੁਰਜੀਤ ਸਿੰਘ ਰੱਖੜਾ, ਡਾ ਐਮ ਐਸ ਗਰੇਵਾਲ, ਅਮਰਿੰਦਰ ਸਿੰਘ ਲਿਬੜਾ ਆਦਿ ਹਾਜਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top